ਸਿੱਖਿਆ ਅਤੇ ਸਮਾਜਿਕ ਸੁਧਾਰਾਂ ਦਾ ਪ੍ਰਤੀਕ- ਭਾਰਤ ਰਤਨ ਡਾਕਟਰ ਅੰਬੇਡਕਰ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੂੰ ਸਤਿਕਾਰ ਵਜੋਂ ਬਾਬਾ ਸਾਹਿਬ ਅੰਬੇਡਕਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਭਾਰਤੀ ਸਮਾਜ ਦੇ ਇੱਕ ਅਜਿਹੇ ਸੁਧਾਰਕ ਸਨ, ਜਿਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਤਬਦੀਲੀ ਦਾ ਮੁੱਖ ਸਾਧਨ ਮੰਨਿਆ ਅਤੇ ਇਸ ਦੀ ਵਰਤੋਂ ਸਦੀਆਂ ਤੋਂ ਚੱਲੀ ਆ ਰਹੀ ਅਸਮਾਨਤਾ, ਜਾਤੀਵਾਦ ਅਤੇ ਅਮਾਨਵੀ ਸਮਾਜਿਕ ਵਿਵਸਥਾ ਨੂੰ ਖਤਮ ਕਰਨ ਲਈ ਕੀਤੀ। ਡਾਕਟਰ ਅੰਬੇਡਕਰ ਸਿੱਖਿਆ ਨੂੰ ਸਮਾਜਿਕ ਕ੍ਰਾਂਤੀ ਦਾ ਆਧਾਰ ਮੰਨਦੇ ਸਨ। ਉਨ੍ਹਾਂ ਦਾ ਵਿਚਾਰ ਸੀ, "ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਏਗਾ ਉਹ ਦਹਾੜੇਗਾ” ਉਹ ਖੁੱਲ੍ਹੇ ਵਿਚਾਰਾਂ ਵਾਲੇ ਤੇ ਲੋਕਤੰਤਰ ਪੱਖੀ ਸੋਚ ਵਾਲੇ ਅਜਿਹੇ ਇਨਸਾਨ ਸਨ ਜਿਸ ਨੇ ਡਿੱਗੇ ਪਏ ਲੋਕਾਂ ਨੂੰ ਨਿਆਂ, ਆਜ਼ਾਦੀ, ਬਰਾਬਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਾਸਤੇ ਲੜਾਈ ਲੜਨ ਲਈ ਹੱਲਾਸ਼ੇਰੀ ਦਿੱਤੀ। 
ਡਾਕਟਰ ਅੰਬੇਡਕਰ ਦੇ ਜਨਮ ਸਮੇਂ ਅਛੂਤਤਾ ਦਾ ਬੋਲਬਾਲਾ ਸੀ। ਅਛੂਤ ਦੀ ਆਵਾਜ਼, ਛੋਹ ਤੇ ਪਰਛਾਵਾਂ ਤੱਕ ਦੂਜਿਆਂ ਲਈ ਮਾੜੇ ਸਮਝੇ ਜਾਂਦੇ ਸਨ। ਉਨ੍ਹਾਂ ਦੇ ਸਿਰਫ਼ ਫ਼ਰਜ਼ ਹੀ ਸਨ ਹੱਕ ਨਹੀ। ਇਨਸਾਨ ਹੋ ਕੇ ਵੀ ਉਹ ਪਸ਼ੂਆਂ ਤੋਂ ਭੈੜਾ ਜੀਵਨ ਬਤੀਤ ਕਰਦੇ ਸਨ। ਅਜਿਹੇ ਸਮਾਜਿਕ ਮਾਹੌਲ ’ਚ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਕਸਬੇ ਦੀ ਮਿਲਟਰੀ ਛਾਉਣੀ ਵਿਖੇ ‘ਅੰਬੇਡਕਰ ਰੂਪੀ ਸੂਰਜ’ ਪ੍ਰਕਾਸ਼ਮਾਨ ਹੋਇਆ, ਜਿਸ ਨੇ ਹੋਲੀ-ਹੋਲੀ ਸਮਾਜ ਦੀਆਂ ਕੁਰੀਤਿਆਂ ਦੇ ਹਨੇਰਿਆਂ ਨੂੰ ਆਪਣੇ ਗਿਆਨ ਦੀ ਰੌਸ਼ਨੀ ਨਾਲ ਚੀਰਨਾ ਸ਼ੁਰੂ ਕਰ ਦਿੱਤਾ। ਡਾਕਟਰ ਅੰਬੇਡਕਰ ਦੇ ਮਾਤਾ ਭੀਮਾ ਬਾਈ ਸੰਸਕਾਰਸ਼ੀਲ, ਸਹਿਣਸ਼ੀਲ ਅਤੇ ਸਮਝਦਾਰ ਇਸਤਰੀ ਸੀ। ਭੀਮਰਾਓ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ‘ਬ੍ਰਿਟਿਸ਼ ਇੰਡੀਅਨ ਆਰਮੀ’ ’ਚ ਨੌਕਰੀ ਕਰਦੇ ਸਨ। ਭੀਮ ਰਾੳ ਅੰਬੇਡਕਰ ਦਾ ਉਪਨਾਮ ਸਕਪਾਲ ਸੀ ਪਰ ਉਨ੍ਹਾਂ ਦੇ ਪਿਤਾ ਜੀ ਨੇ ਸਕੂਲ ਦੇ ਰਜਿਸਟਰ ‘ਚ ‘ਅੰਬਾਵਡੇਕਰ’ ਦਰਜ ਕਰਵਾਇਆਂ। ਮਰਾਠੀ ਲੋਕ ਆਪਣਾ ਉਪਨਾਮ ਬਣਾਉਣ ਲਈ ਆਪਣੇ ਪਿੰਡ ਦੇ ਨਾਂ ਪਿੱਛੇ ‘ਕਰ’ ਸ਼ਬਦ ਲਾ ਲੈਂਦੇ ਸਨ ਕਿਉਂਕਿ ਭੀਮ ਦਾ ਜੱਦੀ ਪਿੰਡ ਅੰਬਾਵਡੇ ਸੀ, ਇਸ ਲਈ ਪਿੰਡ ਦੇ ਨਾਂ ਪਿੱਛੇ ‘ਕਰ’ ਸ਼ਬਦ ਲੱਗਣ ਨਾਲ ਭੀਮ ਦਾ ਉਪ-ਨਾਮ ਅੰਬਾਵਡੇਕਰ ਬਣ ਗਿਆ। ਬਾਅਦ ਵਿੱਚ ਉਨ੍ਹਾਂ ਦੇ ਇਕ ਬ੍ਰਹਾਮਣ ਅਧਿਆਪਕ ਨੇ ਅੰਬਾਵਡੇਕਰ ਤੋਂ ਬਦਲ ਕੇ ਅੰਬੇਡਕਰ ਕਰ ਦਿੱਤਾ ਤਾਂ ਕਿ ਨਾਮ ਦੇ ਉਚਾਰਨ ’ਚ ਸੌਖ ਰਹੇ । 
 ਅਛੂਤ ਹੋਣ ਕਰਕੇ ਭੀਮ ਰਾਓ ਅੰਬੇਡਕਰ ਨੂੰ ਬਾਕੀ ਵਿਦਿਆਰਥੀਆਂ ਤੋਂ ਅਲੱਗ ਬੈਠਣਾ ਪੈਂਦਾ ਸੀ।ਉਨ੍ਹਾਂ ਨੂੰ ਦੂਜੀ ਭਾਸ਼ਾ ਦੇ ਤੌਰ ’ਤੇ ਸੰਸਕ੍ਰਿਤ ਪੜ੍ਹਨ ਦੀ ਆਗਿਆ ਨਹੀਂ ਸੀ।ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਨੂੰ ਕ੍ਰਿਕਟ ਦਾ ਸ਼ੌਕ ਸੀ ਪਰ ਅਧਿਆਪਕ ਉਨ੍ਹਾਂ ਨੂੰ ਦੂਜੇ ਵਿਦਿਆਰਥੀਆਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਇਕ ਵਾਰ ਖੂਹ ਤੋਂ ਪਾਣੀ ਪੀ ਲੈਣ ਕਾਰਨ ਭੀਮ ਨੂੰ ਲੋਕਾਂ ਨੇ ਬੇ-ਰਹਿਮੀ ਨਾਲ ਕੁੱਟ-ਕੁੱਟ ਕੇ ਸਾਰੇ ਸਰੀਰ ’ਤੇ ਲਾਸਾਂ ਪਾ ਦਿੱਤਿਆਂ। ਭਾਵੇਂ ਭੀਮ ਰਾਓ ਨੂੰ ਅਲੱਗ-ਅਲੱਗ ਸਮੇਂ ਜ਼ਲੀਲ ਕੀਤਾ ਜਾਂਦਾ ਰਿਹਾ ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ ਸਗੋਂ ਆਪਣੇ ਚੰਗੇਰੇ ਭਵਿੱਖ ਲਈ ਗਿਆਨ ਭੰਡਾਰ ਇਕੱਠਾ ਕਰਦੇ ਰਹੇ। ਬਚਪਨ ਵਿਚ ਵਾਪਰੀਆਂ ਦੁੱਖਦਾਇਕ ਘਟਨਾਵਾਂ ਨੂੰ  ਯਾਦ ਕਰਦਿਆ ਡਾਕਟਰ ਅੰਬੇਕਰ ਨੇ ਆਪਣੀ ਕਿਤਾਬ ‘ਵੇਟਿੰਗ ਫ਼ਾਰ ਏ ਵੀਜ਼ਾ’ ਵਿਚ ਜ਼ਿਕਰ ਕਰਦਿਆਂ ਲਿਖਿਆ: “ਮੈਂ ਸਕੂਲ ਵਿੱਚ ਆਪਣੇ ਹਾਣੀਆਂ ਨਾਲ ਨਹੀਂ ਬੈਠ ਸਕਦਾ ਸੀ। ਮੈਨੂੰ ਇਕ ਕੋਨੇ ਵਿਚ ਇਕੱਲਾ ਬੈਠਣਾ ਪਿਆ। ਮੈਂ ਆਪਣੇ ਬੈਠਣ ਲਈ ਇੱਕ ਬੋਰੀ ਰੱਖੀ ਹੋਈ ਸੀ। ਮੇਰੇ ਅਛੂਤ ਹੋਣ ਕਰਕੇ ਸਕੂਲ ਦਾ ਸਫ਼ਾਈ ਸੇਵਕ ਉਸ ਬੋਰੀ ਨੂੰ ਹੱਥ ਨਹੀਂ ਸੀ। ਜਦੋਂ ਉੱਚ ਜਾਤੀ ਦੇ ਮੁੰਡਿਆਂ ਨੂੰ ਪਿਆਸ ਲੱਗਦੀ ਤਾਂ ਮਾਸਟਰ ਉਨ੍ਹਾਂ ਨੂੰ ਟੂਟੀ ਕੋਲ ਜਾ ਕੇ ਆਪਣੀ ਪਿਆਸ ਬੁਝਾਉਣ ਲਈ ਕਹਿ ਦਿੰਦੇ ਸਨ। ਪਰ ਮੇਰੀ ਗੱਲ ਵੱਖਰੀ ਸੀ। ਮੈਂ ਟੂਟੀ ਨੂੰ ਛੂਹ ਨਹੀਂ ਸਕਦਾ ਸੀ। ਇਸ ਲਈ ਜਦੋਂ ਮੈਂ ਪਾਣੀ ਪੀਣਾ ਹੁੰਦਾ ਤਾਂ ਮੈਨੂੰ  ਮਾਸਟਰ ਦੀ ਆਗਿਆ ਤੋਂ ਬਾਅਦ ਚਪੜਾਸੀ ਦੀ ਸਹਾਇਤਾ ਵੀ ਲੈਣੀ ਪੈਂਦੀ। ਚਪੜਾਸੀ ਨਾ ਹੁੰਦਾ ਤਾਂ ਉਸ ਦਿਨ ਮੈਨੂੰ ਪਿਆਸਾ ਹੀ ਰਹਿਣਾ ਪੈਂਦਾ ਸੀ। (ਚਪੜਾਸੀ ਨਹੀਂ ਤਾਂ ਪਾਣੀ ਨਹੀਂ ) ਮੇਰੀ ਭੈਣ ਹੀ ਘਰ ਕੱਪੜੇ ਧੋਂਦੀ ਸੀ। ਅਜਿਹਾ ਨਹੀਂ ਸੀ ਕਿ ਸਤਾਰਾ ਵਿੱਚ ਕੋਈ ਧੋਬੀ ਨਹੀਂ ਸੀ ਜਾਂ ਸਾਡੇ ਕੋਲ ਧੋਬੀ ਨੂੰ ਦੇਣ ਲਈ ਪੈਸੇ ਨਹੀਂ ਸਨ। ਸਾਡੀ ਭੈਣ ਨੂੰ ਕੱਪੜੇ ਤਾਂ ਧੋਣੇ ਪੈਂਦੇ ਸਨ ਕਿਉਂਕਿ ਕੋਈ ਵੀ ਧੋਬੀ ਸਾਡੇ ਅਛੂਤਾਂ ਦੇ ਕੱਪੜੇ ਧੋਣ ਨੂੰ “ਹਾਂ” ਨਹੀਂ ਸੀ ਕਰਦਾ। ਮੇਰੀ ਵੱਡੀ ਭੈਣ ਹੀ ਸਾਡੇ ਵਾਲ ਕੱਟਦੀ ਸੀ ਕਿਉਂਕਿ ਕੋਈ ਨਾਈ ਸਾਡੇ ਅਛੂਤਾਂ ਦੇ ਵਾਲ ਨਹੀਂ ਸੀ ਕੱਟਦਾ।” (ਨਾਈ ਆਪਣੇ ਉਸਤਰੇ ਨਾਲ ਜਾਨਵਰਾਂ ਦੇ ਵਾਲ ਤਾਂ ਮੁੰਨ ਦਿੰਦਾ ਪਰ ਇਨਸਾਨਾਂ ਦੇ ਵਾਲ ਕੱਟਣ ਨਾਲ ਉਸ ਦਾ ਉਸਤਰਾਂ ਭਿੱਟਿਆ ਜਾਂਦਾ!)
1907 ’ਚ ਕਿਸੇ ਅਛੂਤ ਵੱਲੋਂ ਮੈਟ੍ਰਿਕ ਪਾਸ ਕਰ ਲੈਣਾ ਕਿਸੇ ਅਜੂਬੇ ਤੋਂ ਘੱਟ ਨਹੀ ਸੀ। ਘਰ ਦੀ  ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਮੁੰਬਈ ਦੇ ਐਲਿਫ਼ਸਟੋਨ ਕਾਲਜ਼ ਤੋਂ ਬੀ. ਏ. ਪਾਸ ਕਰ ਲਈ। ਬੜੋਦਾ ਰਿਆਸਤ ਦੇ ਮਹਾਰਾਜਾ ਨੇ 1913 ’ਚ ਕੁੱਝ ਲੜਕਿਆਂ ਨੂੰ ੳੁੱਚ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਭੇਜਿਆ, ਜਿੰਨਾਂ ’ਚ ਭੀਮ ਰਾਓ ਅੰਬੇਡਕਰ ਵੀ ਸਨ। ਅਮਰੀਕਾ ਵਿਚਲੀ ਜ਼ਿੰਦਗੀ ਬਿਲਕੁਲ ਨਵੀਂ ਸੀ। ਹੋਰ ਵਿਦਿਆਰਥੀਆਂ ਅਤੇ ਸਹਿਪਾਠੀਆਂ ਨਾਲ ਉਹ ਆਜ਼ਾਦੀ ਨਾਲ ਤੁਰ-ਫਿਰ ਸਕਦਾ ਸੀ। ਉਹ ਪ੍ਹੜ ਸਕਦਾ, ਲਿਖ ਸਕਦਾ, ਨਹਾ ਸਕਦਾ ਅਤੇ ਬਰਾਬਰੀ ਦੀ ਭਾਵਨਾ ਨਾਲ ਆਰਾਮ ਕਰ ਸਕਦਾ ਸੀ। 1915 ’ਚ  ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਆਪ ਨੇ ਐਮ. ਏ. ਦੀ ਡਿਗਰੀ ਪ੍ਰਾਪਤ ਕਰ ਲਈ। ਅਮਰੀਕਾ ਦੇ ਆਜ਼ਾਦ, ਖੁਸ਼ਹਾਲ ਤੇ ਖੁੱਲ ਭਰੇ ਵਾਤਾਵਰਣ ਨੂੰ ਵੇਖ ਕੇ ਅੰਬੇਡਕਰ ਦਾ ਦਿਲ ਤੰਗੀਆਂ-ਤੁਰਸ਼ੀਆਂ ਸਹਿੰਦੇ, ਗੁਲਾਮੀਆਂ ਹੰਢਾਉਂਦੇ ਅਛੂਤ ਭਰਾਵਾਂ ਲਈ ਤੜਪ ਉੱਠਿਆ। ਮਈ 1916 ’ਚ ਕੋਲੰਬੀਆ ਯੂਨਿਵਰਸਿਟੀ ’ਚ ‘ਜਾਤ-ਪਾਤ ਦੀ ਉਤਪਤੀ, ਬਣਤਰ ਅਤੇ ਵਿਕਾਸ’ ਵਿਸ਼ੇ ’ਤੇ ਲੰਬਾ ਲੇਖ ਲਿਖਿਆ ਤਾਂ ਉਨ੍ਹਾਂ ਨੇ ‘ਨੇਸ਼ਨਲ ਡਿਵੀਡੈਂਡ ਆਫ਼ ਇੰਡੀਆ’ ਥੀਸਸ ਲਿਖਿਆ, ਜਿਸ ਨਾਲ ਉਨ੍ਹਾਂ ਨੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹ ਭੀਮ ਰਾਓ ਤੋਂ ਡਾਕਟਰ ਭੀਮ ਰਾਓ ਅੰਬੇਡਕਰ ਬਣ ਗਏ। ਹੋਰ ਪੜ੍ਹਾਈ ਕਰਨ ਲਈ ਉਹ ਇੰਗਲੈਂਡ ਜਾਣਾ ਚਾਹੁੰਦੇ ਸਨ ਇਸ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਦੇ ਮਕਸਦ ਵਜੋਂ ਉਨ੍ਹਾਂ ਨੇ ਬੰਬਈ ਦੇ ਇਕ ਕਾਲਜ ਅੰਦਰ ਪ੍ਰੋਫ਼ੈਸਰ ਵਜੋਂ  ਨੌਕਰੀ ਕਰ ਲਈ। ਇੱਥੇ ਕੁੱਝ ਗੁਜਰਾਤੀ ਪ੍ਰੋਫ਼ੈਸਰਾਂ ਨੇ ਡਾ. ਸ਼ਾਹਿਬ ਦੇ ਸਾਂਝੇ ਘੜੇ ਚੋਂ ਪਾਣੀ ਪੀਣ ਤੇ ਇਤਰਾਜ਼ ਕੀਤਾ। ਪੈਰ ਪੈਰ ’ਤੇ ਅਪਮਾਨ ਹੋਣ ਦੇ ਬਾਵਜ਼ੂਦ ਵੀ ਉਹ ਸਮਾਜਿਕ ਸੁਧਾਰਾਂ ਲਈ ਸਿਰ-ਤੋੜ ਯਤਨ ਕਰਦੇ ਰਹੇ। ਇਸ ਤੋਂ ਬਾਅਦ, ਸਤੰਬਰ 1920 ਵਿਚ, ਭੀਮ ਰਾਓ ਅੰਬੇਡਕਰ ਨੇ ‘ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ’ ਵਿਚ  ਅਰਥ ਸ਼ਾਸਤਰ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 'ਗ੍ਰੇਅਜ਼ ਇਨ' (ਘਰੳੇ'ਸ ੀਨਨ) ਵਿਖੇ ਕਾਨੂੰਨ ਦੀ ਪੜ੍ਹਾਈ ਵੀ ਅਰੰਭ ਕਰ ਦਿੱਤੀ। ਗ੍ਰੇਅਜ਼ ਇਨ ਉਸ ਸਮੇਂ ਦੇ ਪ੍ਰਸਿੱਧ ਕਾਨੂੰਨੀ ਅਦਾਰਿਆਂ ਵਿੱਚੋਂ ਇੱਕ ਸੀ।  ਉਨ੍ਹਾ ਦੇ ਥੀਸਸ ਦਾ ਨਾਂ ‘ਬਰਤਾਨਵੀ ਭਾਰਤ ਵਿਚ ਪ੍ਰਵਿੰਨਸ਼ਲ ਡੀਸੈਂਟਰੇਲਾਈਜੇਸ਼ਨ ਆਫ਼ ਇੰਪੀਰੀਅਲ ਫਾਈਨੈਂਸ’ ਸੀ। ਇਸ ਥੀਸਸ ਲਈ ਲੰਡਨ ਸਕੂਲ ਆਫ਼ ਇਕਨਾਮਿਕਸ ਨੇ ਡਾਕਟਰ ਅੰਬੇਡਕਰ ਨੂੰ ਜੂਨ, 1921 ਵਿਚ ‘ਮਾਸਟਰ ਆਫ਼ ਸਾਇੰਸ’ (ੰ.ਸ਼ਚ) ਦੀ ਡਿਗਰੀ ਪ੍ਰਦਾਨ ਕੀਤੀ ਗਈ। ਆਪਣਾ ਦੂਜਾ ਪ੍ਰਸਿੱਧ ਥੀਸਸ, ‘ਰੁਪਏ ਦੀ ਸਮੱਸਿਆ: ਇਸ ਦੀ ਉਤਪਤੀ ਤੇ ਇਸ ਦਾ ਹੱਲ’ ਉਨ੍ਹਾਂ ਨੇ 1923 ਵਿਚ ਪੂਰਾ ਕਰਕੇ ਲੰਡਨ ਯੂਨੀਵਰਸਿਟੀ ਵਿਚ ਦੇ ਦਿੱਤਾ। ਜੋ ਪ੍ਰੀਖਿਅਕਾਂ ਨੇ ਪ੍ਰਵਾਨ ਕਰ ਲਿਆ ਤੇ ਉਨ੍ਹਾਂ ਨੂੰ ‘ਡਾਕਟਰ ਆਫ਼ ਸਾਇੰਸ’ (ਧ.ਸ਼ਚ.) ਦੀ ਡਿਗਰੀ ਪ੍ਰਦਾਨ ਕੀਤੀ ਗਈ। ਡਾਕਟਰ ਅੰਬੇਡਕਰ ਦਾ ਇਹ ਥੀਸਸ  (ਠਹੲ ਫਰੋਬਲੲਮ ੋਡ ਟਹੲ ੍ਰੁਪੲੲ: ੀਟਸ ੌਰਗਿਨਿ ੳਨਦ ੀਟਸ ਸ਼ੋਲੁਟੋਿਨ) ਭਾਰਤ ਦੀ ਆਰਥਿਕ ਅਤੇ ਵਿੱਤ ਨੀਤੀ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ। ਉਨ੍ਹਾਂ ਦੇ ਮੁਦਰਾ ਸੰਬੰਧੀ ਵਿਸ਼ਲੇਸ਼ਣ ਨੇ ਭਵਿੱਖ ਵਿੱਚ ਭਾਰਤ ਦੀ ਆਰਥਿਕ ਨੀਤੀ ਅਤੇ ‘ਰਿਜ਼ਰਵ ਬੈਂਕ ਆਫ਼ ਇੰਡੀਆ’ ਦੀ ਸਥਾਪਨਾ ਲਈ ਮੂਲ ਅਧਾਰ ਪ੍ਰਦਾਨ ਕੀਤਾ।ਇਸ ਥੀਸਸ ਨੇ ਡਾਕਟਰ ਅੰਬੇਡਕਰ ਦਾ ਨਾਂ ਸਿਰਫ਼ ਭਾਰਤ ਦੇ ਵਿਦਵਾਨਾਂ ’ਚ ਹੀ ਨਹੀਂ ਸਗੋਂ ਦੁਨੀਆਂ ਦੇ ਵਿਦਵਾਨਾਂ ਵਿਚ ਸ਼ਾਮਲ ਕਰ ਦਿੱਤਾ। ਲੰਡਨ ’ਚ ਪੜ੍ਹਾਈ ਪੂਰੀ  ਕਰਨ ਮਗਰੋਂ  ਡਾਕਟਰ ਅੰਬੇਡਕਰ ਅਪ੍ਰੈਲ–ਮਈ 1922 ਵਿਚ ਜਰਮਨੀ ਦੀ ‘ਬਾਨ ਯੂਨੀਵਰਸਿਟੀ’ ਵਿਚ ਪੜ੍ਹਾਈ ਕਰਨ ਲਈ ਚਲੇ ਗਏ। ਅਜੇ ਉੱਥੇ ਤਿੰਨ ਕੁ ਮਹੀਨੇ ਹੀ ਹੋਏ ਸਨ ਯੂਨੀਵਰਸਿਟੀ ਤੋਂ ਬੁਲਾਵਾ ਆ ਗਿਆ।‘ਗ੍ਰੇਅਜ਼ ਇਨ’ ਵਿਖੇ 1923 ਵਿਚ  ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਡਾਕਟਰ ਅੰਬੇਡਕਰ ਨੂੰ ‘ਬਾਰ ਐਟ ਲਾਅ’ (ਭੳਰ-ੳਟ-ਲ਼ੳਾ) ਦੀ ਡਿਗਰੀ ਪ੍ਰਦਾਨ ਕੀਤੀ ਗਈ। (ਸਮਾਂ ਬੀਤਣ ਦੇ ਨਾਲ-ਨਾਲ ਡਾਕਟਰ ਅੰਬੇਡਕਰ ਨੂੰ ਉਨ੍ਹਾਂ ਦੇ ਸਮਾਜਿਕ, ਰਾਜਨੀਤਿਕ ਅਤੇ ਸੰਵਿਧਾਨਕ ਯੋਗਦਾਨ ਲਈ ਕਈ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੇ ਉਨ੍ਹਾਂ ਨੂੰ 1952 ਵਿਚ ‘ਡਾਕਟਰ ਆਫ਼ ਲਾਅਜ਼’ (ਲ਼ਲ਼.ਧ.) ਦੀ ਡਿਗਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਉਸਮਾਨੀਆ ਯੂਨੀਵਰਸਿਟੀ ਅਤੇ ਹੈਦਰਾਬਾਦ ਮਰਾਠਵਾੜਾ ਯੂਨੀਵਰਸਿਟੀ (ਹੁਣ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ), ਔਰੰਗਾਬਾਦ ਨੇ ਵੱਲੋਂ ‘ਡਾਕਟਰ ਆਫ਼ ਲਿਟਰੇਚਰ’ ਦੀ ਡਿਗਰੀ ਦਿੱਤੀ ਗਈ।)
ਹੁਣ ਭੀਮ ਰਾਓ ਅੰਬੇਡਕਰ ਇਕ ਬੈਰਿਸਟਰ ਸੀ ਜਿਸ ਕੋਲ ਲੰਡਨ ਵਾਲੀ ‘ਡਾਕਟਰ ਆਫ਼ ਸਾਇੰਸ’ ਦੀ ਡਿਗਰੀ, ਅਮਰੀਕਾ ਦੀ ‘ਡਾਕਟਰ ਆਫ਼ ਫ਼ਿਲਾਸਫ਼ੀ’ ਦੀ ਡਿਗਰੀ ਅਤੇ ਜਰਮਨੀ ਦੀ ਬੋਨ ਯੂਨੀਵਰਸਿਟੀ ਦੀ ਪੜ੍ਹਾਈ ਸੀ। ਇਸ ਤਰ੍ਹਾਂ ਇਕ ਵਕੀਲ ਦੇ ਨਾਂ ’ਤੇ ਹੁਣ ਉਸ ਪਾਸ ਬਹੁਤ ਕੁਝ ਸੀ ਜੋ ਵਿਗੜੀ ਹੋਈ ਭਾਰਤੀ ਸਮਾਜਿਕ ਵਿਵਸਥਾ ਨੂੰ ਸੁਧਾਰਨ ਲਈ ਕਾਫ਼ੀ ਸੀ। ਅੰਬੇਡਕਰ ਦਾ ਮੰਨਣਾ ਸੀ ਕਿ ਸਿੱਖਿਆ ਬਿਨਾਂ ਸਮਾਜ ਦੀਆਂ ਜੰਜੀਰਾਂ, ਜਿਵੇਂ ਜਾਤੀਵਾਦ, ਗ਼ਰੀਬੀ ਅਤੇ ਅੰਧਵਿਸ਼ਵਾਸ ਨੂੰ ਤੋੜਿਆ ਨਹੀਂ ਜਾ ਸਕਦਾ। ਇਸ ਵਿਚਾਰ ਨੂੰ ਅਮਲੀ ਰੂਪ ਦੇਣ ਲਈ, ਉਨ੍ਹਾਂ ਨੇ 1924 ਵਿੱਚ 'ਬਹਿਸਕ੍ਰਿਤ ਹਿਤਕਾਰਿਣੀ ਸਭਾ' ਦੀ ਸਥਾਪਨਾ ਕੀਤੀ, ਜਿਸ ਦਾ ਮੁੱਖ ਉਦੇਸ਼ ਦਲਿਤ ਅਤੇ ਪਛੜੇ ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਕਰਨਾ ਸੀ।ਉਨ੍ਹਾ ਨੇ ਆਪਣੀ ਸਿੱਖਿਆ ਨੂੰ ਸਮਾਜ ਨਾਲ ਜੋੜਿਆ। ਉਨ੍ਹਾਂ ਦਾ ਵਿਚਾਰ ਸੀ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਸਮਾਜਿਕ ਬਦਲਾਅ ਦਾ ਮਾਧਿਅਮ ਬਣਨਾ ਚਾਹੀਦਾ ਹੈ। ਮਹਾੜ ਸਤਿਆਗ੍ਰਹਿ (1927) ਇਸ ਦਾ ਸਭ ਤੋਂ ਪ੍ਰਮੁੱਖ ਉਦਾਹਰਣ ਹੈ, ਜਿੱਥੇ ਅੰਬੇਡਕਰ ਨੇ ਦਲਿਤਾਂ ਨੂੰ ਜਨਤਕ ਚੌਰਾਹੇ ਦੇ ਪਾਣੀ ਦੇ ਟੈਂਕ ਤੱਕ ਪਹੁੰਚ ਦਾ ਹੱਕ ਦਿਵਾਇਆ। ਇਹ ਸੰਘਰਸ਼ ਸਿਰਫ਼ ਪਾਣੀ ਦੀ ਪਹੁੰਚ ਲਈ ਨਹੀਂ ਸੀ, ਸਗੋਂ ਸਮਾਜਿਕ ਬਰਾਬਰੀ ਅਤੇ ਮਾਨਵੀ ਅਧਿਕਾਰਾਂ ਦੀ ਲੜਾਈ ਸੀ। ਇਸ ਵਿੱਚ ਉਨ੍ਹਾਂ ਦੀ ਸਿੱਖਿਆ ਨੇ ਉਨ੍ਹਾਂ ਨੂੰ ਤਰਕਸ਼ੀਲਤਾ, ਕਾਨੂੰਨੀ ਗਿਆਨ ਅਤੇ ਸੰਗਠਨਾਤਮਕ ਸਮਰੱਥਾ ਪ੍ਰਦਾਨ ਕੀਤੀ, ਜਿਸ ਨਾਲ ਉਹ ਰੂੜ੍ਹੀਵਾਦੀ ਸਮਾਜਿਕ ਢਾਂਚੇ ਨੂੰ ਚੁਣੌਤੀ ਦੇ ਸਕੇ। ਇਸ ਤੋਂ ਬਾਅਦ 1930 ਵਿੱਚ ਕਾਲਾਰਾਮ ਮੰਦਰ ਸਤਿਆਗ੍ਰਹਿ ਵਿੱਚ ਅੰਬੇਡਕਰ ਨੇ ਦਲਿਤਾਂ ਨੂੰ ਮੰਦਰ ਵਿੱਚ ਪ੍ਰਵੇਸ਼ ਦਾ ਹੱਕ ਦਿਵਾਉਣ ਲਈ ਸੰਘਰਸ਼ ਕੀਤਾ। ਇਸੇ ਤਰ੍ਹਾਂ  1930 ਤੋਂ 1932 ਤੱਕ ਵਿਚ  ਲੰਡਨ ਵਿਖੇ ਹੋਈਆਂ ਤਿੰਨ ਗੋਲਮੇਜ਼ ਕਾਨਫ਼ਰੰਸਾਂ ਵਿਚ ਡਾ. ਅੰਬੇਦਕਰ ਨੇ ਸਮਾਜਿਕ ਸੁਧਾਰਾਂ ਲਈ ਅਛੂਤਾਂ ਦੇ ਮਸਲੇ ਉਭਾਰ ਕੇ ਸੰਸਾਰ ਦੇ ਦੂਜੇ ਦੇਸਾਂ ਦਾ ਧਿਆਨ ਖਿੱਚਿਆ। 
ਡਾਕਟਰ ਅੰਬੇਡਕਰ ਦਾ ਪਰਿਵਾਰਕ ਜੀਵਨ ਹਮੇਸ਼ਾ ਹੀ ਦੁਖਦਾਈ ਰਿਹਾ। ਸਮਾਜਿਕ ਪ੍ਰੀਵਰਤਨ ਦੇ ਸਫ਼ਰ ਦੌਰਾਨ ਆਪ ਦੇ ਚਾਰ ਬੱਚੇ ਚਲਾਣਾ ਕਰ ਗਏ ਤੇ 27 ਮਈ 1935 ਨੂੰ ਆਪ ਦੀ ਧਰਮ ਪਤਨੀ ਵੀ ਵਿਛੋੜਾ ਦੇ ਗਈ। ਡਾਕਟਰ ਅੰਬੇਡਕਰ ਨੂੰ ਸੁਰਤ ਸੰਭਾਲਦਿਆਂ ਹੀ ਨਫ਼ਰਤ, ਘ੍ਰਿਣਾ, ਕੁਟਮਾਰ ਅਤੇ ਅਮਾਨਵੀ ਵਤੀਰੇ ਦਾ ਸਾਹਮਣਾ ਕਰਣਾ ਪਿਆ ਅੰਤ ਦੁੱਖੀ ਹੋ ਕੇ 13 ਅਕਤੂਬਰ 1935 ਨੂੰ ਯਿਓਲਾ ਵਿਖੇ ਕਾਨਫ਼ਰੰਸ ’ਚ ਡਾਕਟਰ ਅੰਬੇਡਕਰ ਨੇ ਡੇਢ ਘੰਟੇ ਦੇ ਭਾਵਨਾਵਾਂ ਭਰੇ ਭਾਸ਼ਣ ਦੌਰਾਨ ਇਹ ਐਲਾਨ ਕੀਤਾ ਸੀ, “ਮੈਂ ਹਿੰਦੂ ਧਰਮ ਵਿਚ ਜਨਮਿਆਂ ਹਾਂ, ਪਰ ਹਿੰਦੂ ਧਰਮ ਵਿਚ ਮਰਾਂਗਾ ਨਹੀਂ।” ਡਾਕਟਰ ਅੰਬੇਡਕਰ ਭਾਵੇਂ ਸਿੱਖ ਧਰਮ ਗ੍ਰਹਿਣ ਕਰਨਾ ਚਾਹੁੰਦੇ ਸਨ ਪਰ ਕੁੱਝ ਕਾਰਨਾ ਕਰਕੇ ਅਜਿਹਾ ਨਹੀਂ ਹੋ ਸਕਿਆ। ਬਾਅਦ ਵਿਚ ਉਨ੍ਹਾਂ ਨੇ ਆਪਣੇ ਲੱਖਾਂ ਪੈਰੋਕਾਰਾਂ ਸਮੇਤ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧਰਮ ਧਾਰਨ ਕੀਤਾ ਸੀ। 1956 ’ਚ ਡਾਕਟਰ ਅੰਬੇਦਕਰ ਸਾਹਿਬ ਨੇ ਬੀ.ਬੀ.ਸੀ. ਤੋਂ ਪ੍ਰਸਾਰਿਤ ਕੀਤੇ ਇਕ ਭਾਸ਼ਣ ’ਚ ਕਿਹਾ ਕਿ ਉਹ ਬੁੱਧ ਧਰਮ ਨੂੰ ਇਸ ਲਈ ਮੰਨਦੇ ਹਨ ਕਿਉਂਕਿ ਇਸ ’ਚ ਤਿੰਨੇ ਅਸੂਲ ਇਕ ਥਾਂ ਮਿਲਦੇ ਹਨ। ਬੁੱਧ ਧਰਮ ਵਹਿਮ-ਪ੍ਰਸਤੀ ਦੀ ਥਾਂ ਸੂਝ ਦੀ ਸਿੱਖਿਆ ਦਿੰਦਾ ਹੈ।ਇਹ ਵਿਚਾਰ ਤੇ ਬਰਾਬਰੀ ਸਿਖਾਉਂਦਾ ਹੈ।
ਡਾਕਟਰ ਅੰਬੇਡਕਰ ਸਾਹਿਬ ਦੀ ਸ਼ਖ਼ਸੀਅਤ ਇਕ ਦਰਿਆ ਵਰਗੀ ਸੀ। ਜਿਸ ’ਚ ਨਿੱਤ ਨਵਾਂ ਵਿਕਾਸ ਹੁੰਦਾ ਰਿਹਾ।ਉਨ੍ਹਾਂ ਦਾ ਵਿਚਾਰ ਸੀ ਕਿ ਗ਼ਲਾਮਾਂ ਨੂੰ ਦੱਸ ਦਿਓ ਕਿ ਉਹ ਗੁਲਾਮ ਹਨ, ਫਿਰ ਉਹ ਆਪ ਹੀ ਬਗਾਵਤ ਕਰ ਦੇਣਗੇ। ਡਾਕਟਰ ਸਾਹਿਬ ਆਪਣੇ ਭਾਸ਼ਣ ਵਿੱਚ ਬੜਾ ਜ਼ੋਰ ਦੇ ਕੇ ਇਹ ਗੱਲ ਕਿਹਾ ਕਰਦੇ ਸਨ ਕਿ ਅਜਿਹੇ ਲੋਕਾਂ ਨਾਲ ਸੰਗਤ ਨਾ ਕਰੋ ਜੋ ਇਹ ਕਹਿੰਦੇ ਹਨ ਕਿ ਪ੍ਰਮਾਤਮਾ ਸਰਬਵਿਆਪੀ ਹੈ ਪਰ ਆਪਣੇ ਹੀ ਸਹਿਯੋਗੀ ਪੁਰਸ਼ ਨੂੰ ਪਸ਼ੂ ਤੋਂ ਵੀ ਭੈੜਾ ਸਮਝਦੇ ਹਨ। ਅਜਿਹੇ ਲੋਕ ਪਖੰਡੀ ਹਨ। ਅਜਿਹੇ ਲੋਕਾਂ ਨਾਲ ਮਿਲਵਰਤਨ ਕਰਨ ਦਾ ਕੀ ਫ਼ਾਇਦਾ ਜੋ ਕੀੜੀਆਂ ਦੇ ਭੋਣ ’ਤੇ ਮਿੱਠਾ ਜਾਂ ਚੌਲ ਖਿਲਾਰਦੇ ਹਨ ਪਰ ਆਦਮੀ ਹੋ ਕੇ ਦਲਿਤ ਨੂੰ ਪਾਣੀ ਪੀਣ ਤੋਂ ਮਨ੍ਹਾ ਕਰਕੇ ਭੁੱਖਾ-ਪਿਆਸਾ ਮਾਰ ਦਿੰਦੇ ਹਨ।ਉਹ ਲੋਕਾਂ ਨੂੰ ਥਾਪੀ ਦੇ ਕੇ ਕਿਹਾ ਕਰਦੇ ਸਨ, “ਉੱਠੋ, ਤੁਸੀਂ ਤਾਂ ਸ਼ੇਰ ਹੋ, ਸ਼ੇਰ ਬਣ ਕੇ ਦਿਖਾਓ, ਬਲੀ ਸ਼ੇਰਾਂ ਦੀ ਨਹੀਂ, ਭੇਡਾਂ-ਬੱਕਰੀਆਂ ਦੀ ਦਿੱਤੀ ਜਾਂਦੀ ਹੈ। ਤੁਹਾਡੇ ਵਿੱਚ ਇੱਕ ਜੋਤ ਹੈ, ਜੋ ਬੁਝ ਚੁੱਕੀ ਹੈ। ਲੋੜ ਹੈ ਉਸ ਜੋਤ ਨੂੰ ਜਗਾਉਣ ਦੀ, ਆਪਣੀ ਰੋਸ਼ਨੀ ਆਪ ਬਣੋ। ਰੋਸ਼ਨੀ ਲੈਣ ਲਈ ਕਿਸੇ ਹੋਰ ਦੀ ਓਟ ਦੇ ਆਸਰੇ ਨਾ ਰਹੋ। ਸੱਚ ਦੀ ਸ਼ਰਨ ਲਵੋ, ਕਿਸੇ ਹੋਰ ਦੀ ਸ਼ਰਨ ਨਾ ਤੱਕੋ।” ਡਾਕਟਰ ਅੰਬੇਦਕਰ ਗਿਆਨ ਨੂੰ ਇਕ ਸ਼ਕਤੀ ਵਜੋਂ ਲੈਂਦੇ ਸਨ। ਉਹ ਕਿਹਾ ਕਰਦੇ ਸਨ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਉਨ੍ਹਾਂ ਚਿਰ ਆਪਣੀ ਸੁਤੰਤਰਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨ੍ਹਾਂ ਚਿਰ ਉਹ ਗਿਆਨ ਦੇ ਖ਼ੇਤਰ ’ਚ ਡੂੰਘਾ ਨਹੀਂ ਉਤਰਦੇ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ। ਪਰ ਬਾਬਾ ਸਾਹਿਬ ਦੀ ਇਸ  ਉਮੀਦ ਨੂੰ ਬੂਰ ਨਾ  ਪਿਆ ਅਤੇ  ਉਨ੍ਹਾਂ ਨੂੰ ਭਰੇ ਮਨ ਨਾਲ 18 ਮਾਰਚ 1956 ’ਚ ਆਗਰਾ ਵਿਖੇ ਕਿਹਾ, “ਮੈਨੂੰ ਮੇਰੇ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ।” ਉਨ੍ਹਾਂ ਦੇ ਦਿੱਤੇ ਪਹਿਲੇ ਆਦੇਸ਼ ‘ਸਿੱਖਿਅਤ ਬਣੋ’ ਦੇ ਅਨੁਸਾਰ ਕੁੱਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ ‘ਸੰਘਰਸ਼ ਕਰੋ’ ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ ‘ਸੰਗਠਿਤ ਹੋਵੋ’ ਦੇ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ ਲੱਗਦਾ।
 ਬਾਬਾ ਸਾਹਿਬ ਨੂੰ ਵਧੇਰੇ ਕਰਕੇ ਸੰਵਿਧਾਨ ਦੇ ਨਿਰਮਾਤਾ ਵੱਜੋਂ ਜਾਣਿਆ ਜਾਂਦਾ ਹੈ। ਜਦੋਂ ਪਹਿਲੇ ਕੇਂਦਰੀ ਮੰਡਲ ’ਚ ਆਪ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਤਾਂ ਅੰਬੇਡਕਰ ਸਾਹਿਬ ਨੇ ਔਰਤਾਂ ਦੀ ਉਨਤੀ ਤੇ ਮੁਕਤੀ ਵਾਸਤੇ ਪੂਰੀ ਵਾਹ ਲਾਈ ਤੇ ਔਰਤਾਂ ਦੇ ਰੁਤਬੇ ਨੂੰ ਵਧਾਉਣ ਲਈ ਸੰਵਿਧਾਨ ਸਭਾ ਵਿੱਚ ਹਿੰਦੂ ਕੋਡ ਬਿੱਲ ਪੇਸ਼ ਕੀਤਾ। ਆਪ ਭਾਵੇਂ ਕਿਸੇ ਵੀ ਅਹੁਦੇ ’ਤੇ ਰਹੇ ਆਪ ਦਾ ਪ੍ਰਮੁੱਖ ਉਦੇਸ਼ ਸਮਾਜ ਦੀ ਭਲਾਈ ਹੀ ਰਿਹਾ।ਬਾਬਾ ਸਾਹਿਬ ਨੇ 21 ਕਿਤਾਬਾਂ ਵੀ ਲਿਖੀਆਂ। ਗਰੀਬ ਲੋਕਾਂ ਦੇ ਹੱਕਾਂ ਲਈ ਲੜਦੀ ਇਹ ਸ਼ਖ਼ਸੀਅਤ 6 ਦਸੰਬਰ 1956 ਨੂੰ ਸਦਾ ਲਈ ਅਲੋਪ ਹੋ ਗਈ। ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਮਹਾਨ ਕਾਰਜਾਂ ਨੂੰ ਸਲਾਮ  ਕਰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1990 ਵਿੱਚ ਸਰਵੳੁੱਚ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜ਼ਿਆ। 
ਡਾਕਟਰ ਅੰਬੇਡਕਰ ਸਿੱਖਿਆ ਅਤੇ ਸਮਾਜ ਸੁਧਾਰ ਦੇ ਉਹ ਪ੍ਰਤੀਕ ਹਨ, ਜਿਨ੍ਹਾਂ ਨੇ ਸਾਬਤ ਕੀਤਾ ਕਿ ਗਿਆਨ, ਸੰਘਰਸ਼ ਅਤੇ ਸਮਾਜਿਕ ਜਾਗਰੂਕਤਾ ਦੇ ਸੁਮੇਲ ਨਾਲ ਸਦੀਆਂ ਤੋਂ ਚੱਲੀਆਂ ਆ ਰਹੀਆਂ ਅਸਮਾਨਤਾਵਾਂ ਤੇ ਕੁਰੀਤੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਤੇ ਇੱਕ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਹਰ ਸਾਲ 14 ਅਪ੍ਰੈਲ ਨੂੰ  ਬਾਬਾ ਸਾਹਿਬ ਡਾ. ਅੰਬੇਦਕਰ ਜੀ ਦੀ ਜਯੰਤੀ ਬਹੁਤ ਧੁਮ-ਧਾਮ ਨਾਲ ਮਨਾਈ ਜਾਂਦੀ ਹੈ। ਲੋਕ ਜਾਗ੍ਰਿਤ ਹੋ ਰਹੇ ਹਨ। ਹੋਲੀ-ਹੋਲੀ ਆਰਥਿਕ ਅਤੇ ਸਮਾਜਿਕ ਤਬਦੀਲੀ ਆ ਰਹੀ ਹੈ। ਜੋ ਮਾਨਵਤਾ ਲਈ ਇਕ ਸ਼ੁਭ ਸ਼ੰਕੇਤ ਹੈ।