ਅੰਤਰਰਾਸ਼ਟਰੀ ਬਾਲ ਕਵੀ-ਦਰਬਾਰ
(ਖ਼ਬਰਸਾਰ)
ਕੈਲਗਰੀ -- ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਉਂਦੇ ਰਹਿਣ ਵਾਲੀ ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ 19 ਅਪ੍ਰੈਲ 2025 ਨੂੰ ਇਸ ਵਾਰ ਅੰਤਰਰਾਸ਼ਟਰੀ ਬਾਲ- ਕਵੀ ਦਰਬਾਰ ਕਰਵਾ ਕੇ ਇਕ ਨਵੀਂ ਪਿਰਤ ਪਾਈ ਗਈ- ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੱਚੇ ਔਨਲਾਈਨ ਸ਼ਾਮਲ ਹੋਏ। ਭਾਵੇਂ ਇਹ ਕਵੀ-ਦਰਬਾਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ, ਪਰ ਬੱਚਿਆਂ ਨੂੰ ਕੋਈ ਵੀ ਧਾਰਮਿਕ ਕਵਿਤਾ ਸੁਣਾਉਣ ਦੀ ਖੁਲ੍ਹ ਦਿੱਤੀ ਗਈ ਸੀ । ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ ਸਭ ਨੂੰ 'ਜੀ ਆਇਆਂ' ਆਖਦੇ ਹੋਏ ਕਿਹਾ ਕਿ- "ਬੱਚੇ ਸਾਡੇ ਭਵਿੱਖ ਦੇ ਵਾਰਸ ਹਨ ਅਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਸਾਡਾ ਫਰਜ਼ ਵੀ ਹੈ ਅਤੇ ਸਮੇਂ ਦੀ ਲੋੜ ਵੀ!"
ਪ੍ਰੋਗਰਾਮ ਦਾ ਆਰੰਭ ਟੋਰੰਟੋ ਤੋਂ ਬੇਟੀ ਅਨੁਰੀਤ ਕੌਰ ਅਤੇ ਮਨਰੀਤ ਕੌਰ ਵਲੋਂ ਗਾਏ ਸ਼ਬਦ "ਠਾਕੁਰ ਤੁਮ ਸਰਣਾਈ ਆਇਆ" ਨਾਲ ਹੋਇਆ। ਇਨ੍ਹਾਂ ਬੱਚੀਆਂ ਨੇ ਸੰਗਤ ਨਾਲ ਇੱਕ ਧਾਰਮਿਕ ਕਵਿਤਾ ਵੀ ਸਾਂਝੀ ਕੀਤੀ। ਟੋਰਾਂਟੋ ਤੋਂ ਹੀ ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਜੀ ਨੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੀਤ "ਖਾਲਸੇ ਦਾ ਰੁਤਬਾ ਬੜਾ ਮਹਾਨ ਹੈ" ਸਾਜ਼ਾਂ ਨਾਲ ਗਾ ਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।
ਟੋਰਾਂਟੋ ਤੋਂ 8 ਸਾਲ ਦੀ ਬੱਚੀ ਰਹਿਤਪ੍ਰੀਤ ਕੌਰ ਨੇ ਪੂਰੇ ਸਵੈ ਵਿਸ਼ਵਾਸ ਨਾਲ ਕਵਿਤਾ "ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ" ਬੁਲੰਦ ਆਵਾਜ਼ ਵਿੱਚ ਸੁਣਾਈ। ਅੰਮ੍ਰਿਤਸਰ ਤੋਂ ਰਿਟਾਇਰਡ ਪ੍ਰਿੰਸੀਪਲ ਹਰਪ੍ਰੀਤ ਕੌਰ ਜੀਂ ਨੇ 5 ਬੱਚੇ ਪੇਸ਼ ਕੀਤੇ ਜਿਨ੍ਹਾਂ ਵਿਚ- 6 ਸਾਲ ਦੀ ਹਰਮਨਦੀਪ ਕੌਰ ਨੇ ਮੂਲ ਮੰਤਰ, ਚੌਥੀ ਚ ਪੜ੍ਹਦੀ ਹਰਸੀਰਤ ਕੌਰ ਨੇ ਸ਼ਬਦ "ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ", 10ਵੀਂ ਦੀ ਅਰਸ਼ਪ੍ਰੀਤ ਕੌਰ ਨੇ "ਛੇੜ ਮਰਦਾਨਿਆ ਰਬਾਬ ਬਾਣੀ ਆਈ ਏ", ਅਤੇ ਛੋਟੇ ਅਸੀਸ਼ਪਾਲ ਸਿੰਘ ਨੇ ਇਕ ਧਾਰਮਿਕ ਗ਼ਜ਼ਲ ਪੇਸ਼ ਕੀਤੀ ਜਦ ਕਿ ਸਬਰੀਨਾ ਕੌਰ ਨੇ ਗੀਤ "ਆ ਨੀ ਵਿਸਾਖੀਏ ਤੂੰ ਆ ਨੀ ਵਿਸਾਖੀਏ" ਤਰੰਨਮ ਵਿਚ ਗਾ ਕੇ ਸੁਣਾਇਆ। ਹਰਸੀਰਤ ਕੌਰ ਕੈਲਗਰੀ ਨੇ ਇੱਕ ਭਾਵਪੂਰਤ ਕਵਿਤਾ "ਗੁਲਾਬ ਦੀ ਫਸਲ" ਭਾਵਪੂਰਤ ਢੰਗ ਨਾਲ ਸੁਣਾਈ। ਨਵਨੀਤ ਕੌਰ ਮੋਰਿੰਡਾ ਨੇ "ਹੇ ਗੁਰੂ ਨਾਨਕ ਪਹੁੰਚ ਅਚਾਨਕ ਰਾਖਾ ਹੋ ਫੁਲਵਾੜੀ ਦਾ" ਕਵਿਤਾ ਰਾਹੀਂ ਸਿੱਖੀ ਦੀ ਅਜੋਕੀ ਦਸ਼ਾ ਦਾ ਬਿਆਨ ਕੀਤਾ। ਤਹਿਜ਼ੀਬ ਕੌਰ ਮਹਿਤਾਬ ਸਿੰਘ ਅਤੇ ਜਸਲੀਨ ਕੌਰ ਨੇ ਸਾਂਝੇ ਤੌਰ ਤੇ ਦੋ ਕਵਿਤਾਵਾਂ "ਮਾਤਾ ਭਾਗੋ ਬੜੀ ਮਹਾਨ" ਅਤੇ "ਧੰਨ ਧੰਨ ਗੁਜਰੀ ਪਿਆਰੀ ਮਾਂ" ਰਾਹੀਂ ਔਰਤ ਦੀ ਬਹਾਦਰੀ ਅਤੇ ਤਿਆਗ ਨੂੰ ਸਿਜਦਾ ਕੀਤਾ। ਕੈਲਗਰੀ ਤੋਂ 12 ਸਾਲ ਦੇ ਸਹਿਜ ਸਿੰਘ ਗਿੱਲ ਨੇ ਸਟੇਜੀ ਅੰਦਾਜ ਚ' "ਖਾਲਸੇ ਦਾ ਜਨਮ ਦਿਹਾੜਾ" ਕਵਿਤਾ ਚੜ੍ਹਦੀ ਕਲਾ ਵਿਚ ਪੇਸ਼ ਕੀਤੀ। ਕੈਲਗਰੀ ਤੋਂ ਹੀ ਜਾਪ ਸਿੰਘ ਗਿੱਲ (6ਸਾਲ) ਅਤੇ ਅੰਬਰ ਕੌਰ ਗਿੱਲ (8ਸਾਲ) ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਗੀਤ "ਅੱਜ ਦਿਨ ਵਡਭਾਗੀ ਆਇਆ" ਗਾ ਕੇ ਸੁਣਾਇਆ। ਗੁਰਸ਼ਾਨ ਸਿੰਘ ਚਾਹਲ ਨੇ ਬੀਰ ਰਸੀ ਕਵਿਤਾ "ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ, ਉਹ ਕਦੇ ਮੌਤ ਤੋੰ ਡਰਦੇ ਨਹੀਂ" ਵਿਲੱਖਣ ਅੰਦਾਜ 'ਚ ਪੇਸ਼ ਕੀਤੀ। ਮੋਹਕਮ ਸਿੰਘ ਚੌਹਾਨ ਨੇ ਢੱਡ ਨਾਲ "ਗੁਰੂ ਮੰਨ ਗੁਰਬਾਣੀ, ਪੜ੍ਹ ਸੁਣ ਗਾ" ਰਾਹੀਂ ਗੁਰਬਾਣੀ ਦੀ ਮਹੱਤਤਾ ਦਰਸਾਈ। ਇਟਲੀ ਤੋਂ ਬਲਕਾਰ ਸਿੰਘ ਬੱਲ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਇੱਕ ਗੀਤ "ਜੋਤ ਨੂਰਾਨੀ" ਬੁਲੰਦ ਆਵਾਜ਼ ਵਿਚ ਗਾ ਕੇ ਰੰਗ ਬੰਨ੍ਹਿਆ। ਜੈਪੁਰ ਤੋਂ ਬੀਬੀ ਬ੍ਰਿਜਮੰਦਰ ਕੌਰ ਨੇ "ਜ਼ਮੀਨ ਹਿੰਦ ਦੀ ਤੇ ਇੱਕ ਪੀਰ ਦੇਖਿਆ" ਕਵਿਤਾ ਸੁਣਾ ਕੇ ਪ੍ਰਸ਼ੰਸਾ ਖੱਟੀ। ਜਲੰਧਰ ਤੋਂ ਇੱਕ ਬੱਚੀ ਸੁਮੇਧਾ ਕੌਰ ਦੀ ਕਵਿਤਾ "ਸਤਿਗੁਰ ਦੇ ਦਰ ਤੇ" ਦੀ ਰਿਕਾਰਡ ਕੀਤੀ ਵੀਡੀਓ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਬਾਖੂਬੀ ਨਿਭਾਉਂਦੇ ਹੋਏ ਨਾਲ ਨਾਲ ਬੱਚਿਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਰਹੇ।
ਅਖੀਰ ਤੇ ਡਾ਼ ਸੁਰਜੀਤ ਸਿੰਘ ਭੱਟੀ ਜੀ ਨੇ ਸਮੂਹ ਬੱਚਿਆਂ ਦਾ, ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਇਹਨਾਂ ਭਵਿੱਖ ਦੇ ਵਾਰਸਾਂ ਨੂੰ ਹੋਰ ਵੀ ਮੌਕੇ ਦੇਣ ਦਾ ਸੋਸਾਇਟੀ ਵੱਲੋਂ ਭਰੋਸਾ ਦਿਵਾਇਆ।
ਜਸਵਿੰਦਰ ਸਿੰਘ ਰੁਪਾਲ