ਭੁਪਿੰਦਰ ਸੱਗੂ ਦੀ ਪੁਸਤਕ 'ਤ੍ਰੈਕਾਲ' ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਸਿਰਜਣਧਾਰਾ ਵੱਲੋਂ ਸੰਸਥਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਦੇਖਰੇਖ ਹੇਠ ਪੰਜਾਬੀ ਭਵਨ ਵਿਖੇ ਪੁਸਤਕ ਲੋਕ ਅਰਪਣ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਪਰਵਾਸੀ ਸ਼ਾਇਰ ਭੁਪਿੰਦਰ ਸਿੰਘ ਸੱਗੂ ਦੀ ਪੁਸਤਕ 'ਤ੍ਰੈਕਾਲ' ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ -ਪ੍ਰਧਾਨ ਡਾ. ਸਰਬਜੀਤ ਸਿੰਘ, ਅਕਾਦਮੀ ਦੇ ਸਾਬਕਾ ਜਨ. ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਸੋਮਾ ਸਬਲੋਕ ਤੇ ਮਨਦੀਪ ਕੌਰ ਭੰਮਰਾ ਵੀ ਸ਼ਾਮਲ ਹੋਏ।
ਪ੍ਰੋਗਰਾਮ ਦੇ ਸ਼ੁਰੂ 'ਚ ਪਹਿਲਗਾਮ ਵਿੱਚ -ਵਾਪਰੇ ਘਿਨਾਉਣੇ ਖੂਨੀ ਕਾਂਡ 'ਚ ਮਾਰੇ ਗਏ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਡਾ. ਸੋਮਾ ਸਬਲੋਕ ਤੇ ਮਨਦੀਪ ਕੌਰ ਭੰਮਰਾ ਨੇ ਪੁਸਤਕ ਤ੍ਰੈਕਾਲ 'ਤੇ ਪਰਚਾ ਪੜ੍ਹ ਕੇ ਸੱਗੂ ਦੀ ਲੇਖਣੀ ਉੱਪਰ ਭਰਪੂਰ ਚਾਨਣਾ ਪਾਇਆ। ਡਾ. ਸਰਬਜੀਤ ਸਿੰਘ ਤੇ ਡਾ. ਗੁਰਇਕਬਾਲ ਨੇ ਸਾਂਝੇ ਤੌਰ 'ਤੇ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਅਕਾਦਮੀ ਦੇ ਜਨ. ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਸੱਗੂ ਦੀ ਪੁਸਤਕ ਲੋਕ ਵੇਦਨਾ ਦੀ ਬਾਤ ਪਾਉਂਦੀ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਪ੍ਰਦੇਸੀਂ ਬੈਠੇ ਪੰਜਾਬੀ ਮਾਂ ਬੋਲੀ ਪਿਆਰਿਆਂ ਨੂੰ ਡਾਲਰਾਂ ਦੀ ਚਕਾਚੌਂਧ ਵੀ ਭਰਮਾ ਨਹੀਂ ਸਕੀ, ਉਸ ਦੀ ਮਿਸਾਲ ਇਹ ਪੁਸਤਕ 'ਤ੍ਰੈਕਾਲ' ਹੈ। ਡਾ. ਕੋਚਰ ਨੇ ਤ੍ਰੈਕਾਲ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੱਗੂ ਦੀ ਕਵਿਤਾ 'ਚ ਵੰਗਾਰ ਵੀ
ਹੈ ਤੇ ਲਲਕਾਰ ਵੀ, ਜੋ ਰੰਗਲੇ ਪੰਜਾਬ ਨੂੰ ਹੋਰ ਖੁਸ਼ਹਾਲ ਦੇਖਣਾ ਲੋਚਦੀ ਹੈ। ਡਾ. ਹਰੀ ਸਿੰਘ ਜਾਚਕ ਨੇ ਪੁਸਤਕ 'ਚੋਂ ਚੋਣਵੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ 'ਤੇ ਗਹਿਰੀ ਛਾਪ ਛੱਡੀ। ਇਸ ਸਮੇਂ ਬਾਪੂ ਬਲਕੌਰ ਸਿੰਘ, ਉੱਘੇ ਨਾਟਕਕਾਰ ਤਰਲੋਚਨ ਸਿੰਘ ਪਨੇਸਰ, ਇੰਦਰਜੀਤ ਕੌਰ ਕਹਾਣੀਕਾਰਾ, ਨਾਟਕਕਾਰ ਮੋਹੀ ਅਮਰਜੀਤ, ਚਰਨਜੀਤ ਸਿੰਘ ਤੇ ਗੁਰਮੇਜ ਭੱਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।