ਗੋਡਨੇ ਪਸਾਰ ਕਾਹੇ ਥਾਨ ਮੱਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ
'ਗੁਰੂ' ਬਾਝੋਂ, ਗ੍ਰੰਥ ਦੂਸਰਾ ਬੇਗਾਨਾ ਏ
ਸੱਚੜਾ ਸ਼ਬਦ ਗੁਰੂ ਦਾ ਨਿਧਾਨਾ ਏ
ਸ਼ਬਦ-ਗੁਰੂ 'ਚ ਲਾਇਕੇ ਧਿਆਨਾ ਏ
ਹਰੀ 'ਚ ਸਮਾਏ ਜਾਣ ਦਾ ਨਿਸ਼ਾਨਾ ਏ
ਸੱਚ ਦਾ ਵਪਾਰ ਕਰ ਖਾਂ ਤੂੰ ਝੱਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ
ਕਿਉਂ ਨਾ ਵਾਹਿਗੁਰੂ ਜੀ ਨੂੰ ਯਾਦ ਕਰਦਾ
ਜਪੁਜੀ 'ਚ ਕਿਉਂ ਨਹੀਂ ਧਿਆਨ ਧਰਦਾ
ਨਾਮ-ਬਾਣੀ ਤੋਂ ਬਗੈਰ ਕਿਵੇਂ ਸਰਦਾ
ਬਾਰ ਬਾਰ ਤੂੰ ਬੀਚਾਰ, ਜਾਏਂ ਤਰਦਾ
ਜਮਾਂ ਵੱਸ ਪੈਣਾ ਤੇਰਾ ਜਾਊ ਠੱਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ
ਰਹਿਰਾਸ ਦਾ ਵਿਧਾਨ ਅਪਨਾਈਦਾ
ਸੌਣ ਵੇਲੇ ਸੋਹਿਲਾ ਸਾਹਿਬ ਪਾਠ ਗਾਈਦਾ
ਸਾਧ ਸੰਗਤ 'ਚ ਵੀ ਜ਼ਰੂਰ ਜਾਈਦਾ
ਓਥੇ ਵਾਹਿਗੁਰੂ ਜੀ ਦਾ "ਪ੍ਰੇਮ" ਪਾਈਦਾ
ਜੇਹਾ ਬੀਜ ਬੀਜੇਂ ਫਲ ਤੇਹਾ ਫਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ
ਤਨ ਤੋਰਨੇ ਨੂੰ ਖਾਧੀ ਰੋਟੀ ਦਾਲ ਜੀ
ਆਤਮਾ ਨਾ ਰੱਜੇ ਭੋਲੇ ਇਹਦੇ ਨਾਲ ਜੀ
ਜੋ ਜੀਅ ਨਾਮ, ਸਤ, ਸੰਤੋਖ ਭਾਲਦੇ
ਗੁਰਾਂ ਨੇ ਪ੍ਰੋਸ ਰੱਖੇ ਵਿੱਚ ਥਾਲ ਦੇ
ਐਦੂੰ ਵੱਧ ਹੋਰ ਖਾਣਾ ਨਾ ਸਵੱਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ
ਨਾਨਕ ਦੇ ਘਰ ਕਦੇ ਪੈਂਦੀ ਥੋੜ ਨਾ
ਦੇਂਦਾ ਦੇਈ ਜਾਊ ਆਖਾ ਨਹੀ ਮੋੜਨਾ
ਧਨ ਤੇ ਪਦਾਰਥਾਂ ਦੀ ਰੱਖ ਲੋੜ ਨਾ
ਨਾਮ-ਧਨ ਦੀ ਪਿਆਰੇ ਪੂੰਜੀ ਜੋੜ ਖਾਂ
ਲੱਦ ਦੇਹ ਵਪਾਰੀਆਂ ਦਾ ਟਾਂਡਾ ਚੱਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ
ਗੁਰੂ ਦਾ ਸਰੂਪ ਜਾਨਣਾ ਤੂੰ ਵੱਖ ਨੀ
ਲੈ ਕੇ ਅੰਮ੍ਰਿਤ ਭਰ ਝੋਲੀ ਸੱਖਣੀ
ਪੰਜੇ ਹੀ ਕਕਾਰਾਂ ਵਾਲੀ ਰਹਿਤ ਰੱਖਣੀ
ਗੋਦੜੀ ਸਮਾਉਣ ਵਾਲੀ ਮੌਜ ਚੱਖਣੀ
ਆਵਾ ਗਉਣ ਵਾਲਾ ਗੇੜ ਜਾਊ ਟਲਿਆ
ਲਾਹਾ ਲੈਣ ਲਈ ਗਇਐਂ ਜਹਾਨੇ ਘੱਲਿਆ