ਮੈਂ ਜੰਗ ਜਿੱਤ ਲਈ ਯਾਰੋ
ਇਸ ਸੰਗਰਾਮ ’ਚ ਮੈਂ
ਇਕ ਬਹਾਦਰ ਯੋਧੇ ਵਾਕੁਰ
ਜੇਤੂ ਹੋ ਘਰ ਪਰਤਿਆ ਹਾਂ।
ਡਾਢਾ ਅਫ਼ਸੋਸ ਪਰ ਮੈਨੂੰ
ਕਿ ਇਸ ਭਿਅੰਕਰ ਜੰਗ ਅੰਦਰ
ਮੇਰੇ ਦੋਵੇਂ ਹੱਥ ਕਟ ਗਏ
ਤੇਮੈਂਅਪਾਹਜਹੋਗਿਆ।
ਅਨੇਕਾਂ ਸੂਰਬੀਰ
ਇਸ ਯੁੱਧ ’ਚ
ਵੀਰਗਤੀ ਪ੍ਰਾਪਤ ਕਰ ਗਏ
ਤੇ ਜਗਤ ਵਿਚ
ਆਪਣਾ ਨਾਂਅ
ਰੌਸ਼ਨ ਕਰ ਗਏ।
ਪਰ ਮੈਂ ਸਦਕੇ ਹਾਂ ਉਨ੍ਹਾਂ ਦੇ
ਜੋ ਕੁਰਬਾਨੀਆਂ ਦਿੰਦਿਆਂ
ਭੋਰਾ ਨੀਂ ਜਰਕੇ ਸੁਨਹਿਰੀ ਅੱਖਰਾਂ ’ਚ
ਜਿਨ੍ਹਾਂ ਲਿਖ ਧਰੇ ਇਤਿਹਾਸ ਦੇ ਵਰਕੇ।
ਜੋ ਇਸ ਜੰਗ ’ਚੋਂ ਬਚੇ
ਉਨ੍ਹਾਂ ਮੈਨੂੰ ਤਖ਼ਤ ਦੀ ਹੈ
ਪੇਸ਼ਕਸ ਕੀਤੀ
ਮੈਂ ਬੇਹੱਦ ਖੁਸ਼ ਹਾਂ
ਕਿ ਇਹ ਹੈ ਕਿ
ਤੰਦਰੁਸਤ ਰੀਤੀ।
ਮਨ ਬੜਾ ਪ੍ਰਸੰਨ ਹੈ ਯਾਰੋ
ਕਿ ਮੇਰੇ ਸਿਰ ਤੇ ਹੁਣ
ਸੁਨਹਿਰੀ ਤਾਜ਼ ਸਜਣਾ ਹੈ
ਅਹਿਲਕਾਰਾਂ ’ਚ ਹੁਣ
ਮੈਂ ਸਭ ਤੋਂ ਵੱਧ ਫਬਣਾ ਹੈ।
ਮੈਂ ਖੁਸ਼ ਹਾਂ
ਕਿ ਹਰ ਵਿਪਤਾ ਨੂੰ
ਮੈਂ ਸਰ ਕਰ ਲਿਆ ਹੈ
ਤੇ ਹਰ ਸੰਕਟ ਨੂੰ
ਖਿੜੇ ਮੱਥੇ ਜਰ ਲਿਆ ਹੈ।
ਅੱਜ ਮੈਂ ਆਪਣੀ ਜਿੱਤ ਦੇ
ਖ਼ੂਬ ਜਸ਼ਨ ਮਨਾਵਾਂਗਾ
ਆਪਣੇ ਭਵਨਾਂ ਤੇ
ਵਿਜੈ ਦਾ ਪਰਚਮ ਲਹਿਰਾਵਾਂਗਾ।
ਖੁਸ਼ੀ ਵਿਚ, ਖ਼ੂਬ ਨੱਚਾਂਗਾ ਤੇ ਗਾਵਾਂਗਾ।
ਡਾਢਾ ਅਫ਼ਸੋਸ ਪਰ ਮੈਨੂੰ
ਕਿ ਇਸ ਭਿਅੰਕਰ ਜੰਗ ਅੰਦਰ
ਖੂਹਣੀਆਂ ਦੀਆਂ ਖੂਹਣੀਆਂ ਖਪ ਗਈਆਂ
ਜੋ ਨਿਸ ਦਿਨ ਮੇਰੇ ਉਦੈ ਹੁੰਦੇ ਤੇਜ ਨੂੰ
ਨੇ ਲੁਕੋ ਰਹੀਆਂ।
ਅਨੇਕਾਂ ਬਦਕਿਸਮਤ ਹਨ ਉਹ ਮਾਵਾਂ
ਜਾਂ ਫਿਰ ਵਿਧਵਾਵਾਂ ਜੋ ਮੇਰੀ ਜਿੱਤ ਤੇ
ਭੋਰਾ ਵੀ ਖੁਸ਼ ਨੀਂ ਹੋਈਆਂ
ਸਗੋਂ ਨੇ ਕੀਰਨੇ ਪਾ ਰੋਈਆਂ।
ਖੁਸ਼ੀ ਤੇ ਸੋਗ ਦੇ ਦਿਨਾਂ ’ਚ
ਫਿਰ ਭਲਾ ਮੈਂ ਆਪਣੀ ਜਿੱਤ ਦੇ ਗੀਤ
ਕਿਸਨੂੰ ਸੁਣਾਵਾਂਗਾ ਅਹਿਲਕਾਰਾਂ ਦੇ ਮਸ਼ਵਰੇ ਤੇ
ਅਸ਼ਵਮੇਧਾ ਯੱਗ ਕਿੰਝ ਰਚਾਵਾਂਗਾ।
ਅਜਿਹੇ ਸਮਿਆਂ ’ਚ ਵੀ
ਮੈਂ ਅਸ਼ਵਮੇਧਾ ਯੱਗ ਰਚਾਵਾਂਗਾ
ਖੁਸ਼ੀ ਦੇ ਪਲਾਂ ਅੰਦਰ ਖ਼ੂਬ ਨੱਚਾਂਗਾ ਤੇ ਗਾਵਾਂਗਾ।
ਮੈਨੂੰ ਲਗਦੈ ਹੁਣ ਕੋਈ ਵੀ ਅਜਿਹਾ ਸੂਰਮਾ
ਬਾਕੀ ਨਹੀਂ ਬਚਿਆ, ਜੋ ਮੇਰੇ ਗਸ਼ਤੀ ਘੋੜੇ ਦੀ
ਲਗਾਮ ਫੜ੍ਹ ਸਕੇ ਤੇ ਮੈਨੂੰ ਅਹਿਮਕ ਹੀ ਦੱਸੇ।
ਮੇਰੀ ਗਸ਼ਤੀ ਘੋੜੇ ਨੇ
ਆਪਣੀਆਂ ਟਾਪਾਂ ਸੰਗ
ਹੁਣ ਪੂਰੀ ਧਰਤ ਗਾਹੁਣੀ ਹੈ
ਤੇ ਮੇਰੇ ਮਹਾਰਾਜਾ ਬਣਨ ਦੀ ਗਾਥਾ
ਪੂਰੀ ਰਾਈਆ ਨੂੰ ਸੁਣਾਉਣੀ ਹੈ।
ਸਦਕੇ ਜਾਈਏ ਮੇਰੇ ਘੋੜਾ ਆਪਣੀਆਂ ਟਾਪਾਂ ਸੰਗ
ਹੈ ਪੂਰੀ ਧਰਤ ਮਿਣ ਆਇਆ
ਚੁਫ਼ੇਰੇ ਸਰਹੱਦਾਂ ਤੇ ਮੇਰੀ ਧੌਸ ਦੀਆਂ
ਦੀਵਾਰਾਂ ਹੈ ਚਿਣ ਆਇਆ।
ਬੇਸ਼ਕ ਹੁਣ ਮੈਂ ਆਪਣੇ ਆਕਾ ਵਿਰੁੱਧ
ਸਾਜਿਸ਼ ਰਚਕੇ ਉਸਨੂੰ ਮਰਵਾਇਆ ਹੈ
ਤੇ ਉਸਦਾ ਪੂਰਾ ਰਾਜ ਹਥਿਆਇਆ ਹੈ
ਮਤਾਂ ਇੰਝ ਹੀ ਇਤਿਹਾਸ ਖ਼ੁਦ ਨੂੰ ਨਾ ਦੁਹਰਾਵੇ
ਤੇ ਮੇਰੀ ਮੌਤ ਦਾ ਨਾ ਕਾਰਨ ਬਣ ਜਾਵੇ।
ਇਹ ਵੀ ਕੈਸੀ ਜਿੱਤ ਹੈ ਯਾਰੋ
ਜੀਹਦੀ ਪਿੱਠ ਪਿੱਛੇ ਬਦਨੀਤੀ ਹੈ
ਜੋ ਮੈਂ ਖ਼ੁਦ ਹੀ ਮੁੱਲ ਲੀਤੀ ਹੈ।
ਠੀਕ ਹੈ ਮੈਂ ਜੰਗ ਜਿੱਤ ਲਈ ਯਾਰੋ
ਇਸ ਸੰਗਰਾਮ ’ਚ ਮੈਂ
ਇਕ ਬਹਾਦਰ ਯੋਧੇ ਵਾਕੁਰ
ਜੇਤੂ ਹੋ ਘਰ ਪਰਤਿਆ ਹਾਂ
ਪਰ ਹੁਣ ਮੈਨੂੰ ਇਕ ਹੋਰ ਸਾਜ਼ਿਸ ਪ੍ਰਤੀ
ਹੁਸ਼ਿਆਰ ਰਹਿਣਾ ਪਵੇਗਾ
ਤੇ ਆਪਣੀਆਂ ਟੁੰਡੀਆਂ ਬਾਹਵਾਂ ਨੂੰ
ਮੁੜ ਜੰਗ ਲਈ ਤਿਆਰ ਕਹਿਣਾ ਪਵੇਗਾ।