ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ (ਪਿਛਲ ਝਾਤ )

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਡਾਕਟਰ ਆਤਮ ਹਮਰਾਹੀ ਦੀ ਸਿਰਜਣਸ਼ੀਲਤਾ ਦਾ ਹੀ ਕ੍ਰਿਸ਼ਮਾ ਸੀ ਕਿ ਪ੍ਰਾਇਮਰੀ ਸਕੂਲ ਅਧਿਆਪਕ ਤੋਂ ਆਪਣਾ ਵਿੱਦਿਅਕ ਸਫ਼ਰ ਤੈਅ ਕਰਦਿਆਂ, ਉਹ ਬੀ.ਏ, ਬੀ. ਐੱਡ,ਐਮ. ਏ,ਪੀਐਚ.ਡੀ ਦੀਆਂ ਡਿਗਰੀਆਂ ਹਾਸਲ ਕਰਕੇ, ਪੋਸਟ ਗ੍ਰੈਜੂਏਸ਼ਨ ਦੇ ਵਿਦਵਾਨਾਂ ਵਾਲੇ ਅਧਿਐਨ- ਅਧਿਆਪਨ ਦੀ ਕਿਰਦਾਰੀ/ ਕਰਤਾਰੀ ਪ੍ਰਤਿਭਾ ਦਾ ਇਜ਼ਹਾਰ ਕਰਨ ਲੱਗਾ।---
       ਆਤਮਾ ਸਿੰਘ ਸਹਿੰਬੀ( 'ਹਮਰਾਹੀ' ਦਾ ਤਖ਼ੱਲਸ ਤਾਂ ਬਾਅਦ ਵਿੱਚ ਲੱਗਿਆ) ਦਾ ਜਨਮ ਮਿਤੀ 9 ਫ਼ਰਵਰੀ,1936 ਪਿਤਾ ਸ. ਉਜਾਗਰ ਸਿੰਘ ਅਤੇ ਮਾਤਾ ਰਾਮ ਕੌਰ ( ਛੋਟਾ ਨਾਂ ਰੱਖੋ) ਦੀ ਕੁੱਖੋਂ ਫ਼ਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਪਿੰਡ ਰਟੌਲ ਬੇਟ ਵਿਖੇ ਹੋਇਆ। ਮੁੱਢਲੀ ਸਕੂਲੀ ਵਿੱਦਿਆ ਉਹਨਾਂ ਮੋਗੇ ਦੇ ਹਾਈ ਸਕੂਲ ਵਿਖੇ ਗ੍ਰਹਿਣ ਕੀਤੀ। ਪੰਜਾਬੀ ਸੱਭਿਆਚਾਰ ਦੀ ਵਿਸ਼ਵਾਸੀ ਭਾਵਨਾ ਅਤੇ ਕਿਸੇ ਵੀ ਵਿਅਕਤੀ ਦੀਆਂ ਸਰਗਰਮੀਆਂ/ ਭਵਿੱਖਮੁਖੀ ਸੰਭਾਵਨਾਵਾਂ ਦੇ ਆਧਾਰ 'ਤੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਹੋਣਹਾਰ ਬਿਰਵਾਂ ਕੇ ਚਿਕਨੇ- ਚਿਕਨੇ ਪਾਤ - ਡਾਕਟਰ ਸਾਹਿਬ ਅਜੇ ਪੰਜਵੀਂ ਜਮਾਤ ਦੇ ਵਿਦਿਆਰਥੀ ਸੀ ਜਦੋਂ ਉਹਨਾਂ ਨੂੰ ਕਵਿਤਾ ਦੀ ਗੁੜ੍ਹਤੀ ਨਸੀਬ ਹੋ ਗਈ। ਉਹਨਾਂ ਦੀ ਪਲੇਠੀ ਕਵਿਤਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਚੋਜਾਂ ਬਾਰੇ ਸੀ। ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਉਪਰੰਤ, ਅਧਿਆਪਨ ਖ਼ੇਤਰ ਵਿਚ ਪ੍ਰਵੇਸ਼ ਕਰਨ ਲਈ ਉਹਨਾਂ ਜੇ. ਬੀ. ਟੀ ਦਾ ਕਿੱਤਾਮੁਖੀ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਉਹਨਾਂ ਆਪਣੇ ਜੀਵਨ- ਮਿਸ਼ਨ ਦੀ ਪੂਰਤੀ ਲਈ , ਉਪਰੋਕਤ ਜਿੰਨੀਆਂ ਵੀ ਡਿਗਰੀਆਂ ਹਾਸਲ ਕੀਤੀਆਂ ਉਹਨਾਂ ਨੂੰ ਆਪਣਾ ਜੀਵਨ- ਅੰਗ ਬਣਾਉਣ ਲਈ ਉਹ ਬਤੌਰ ਪ੍ਰਾਈਵੇਟ ਵਿਦਿਆਰਥੀ ਹੀ ਸੰਘਰਸ਼ਸ਼ੀਲ ਰਹੇ; ਉਹਨਾਂ ਦੀਆਂ ਸਮੂਹ ਜੀਵਨ ਗਤੀਵਿਧੀਆਂ ਦੀ ਇਹ ਪ੍ਰਮੁੱਖ/ ਜ਼ਿਕਰਯੋਗ ਵਿਲੱਖਣਤਾ ਸੀ। ਇਸੇ ਕਾਰਨ ਹੀ ਉਹ ਆਪਣੇ ਅਧਿਆਪਨ ਕਿੱਤੇ ਵਿੱਚ ਇੱਕ ਆਮ ਅਧਿਆਪਕ ਦੇ ਰੁਤਬੇ ਵਾਲੇ ਨਹੀਂ ਸਗੋਂ ਇੱਕ ਵਿਦਵਤਾ ਭਰਪੂਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ---
       ---- ਬਤੌਰ ਸ਼ਾਇਰ ਉਹਨਾਂ ਦੇ ਕਾਵਿ - ਜਗਤ ਦੀ ਲਗਾਤਾਰਤਾ/ ਵਡਿਆਈ ਇਹ ਹੈ ਕਿ ਉਹ ਸ਼ਾਇਰੀ ਦਾ ਅਜਿਹਾ ਵਹਿੰਦਾ ਦਰਿਆ ਸੀ ਜੋ ਬੇਰੋਕ/ ਤਾਅ ਉਮਰ ਆਪਣੀ ਚਾਲੇ ਚੱਲਦਾ ਰਿਹਾ; ਆਪਣੇ ਵਿਸ਼ਾਗਤ ਪਰਿਪੇਖ ਵਜੋਂ ਜਾਂ ਇੱਕ ਸੁਚੇਤ ਕਲਾਕਾਰ ਦੇ ਤੌਰ 'ਤੇ ਉਹ ਆਪਣੀਆਂ ਸਮਕਾਲੀ ਪ੍ਰਸਥਿਤੀਆਂ ਤੋਂ ਵੀ ਅਭਿੱਜ ਨਹੀਂ ਰਿਹਾ। ਬਾਕੀ ਸਾਹਿਤ ਵਿਧਾਵਾਂ ਤੋਂ ਇਲਾਵਾ ਉਸ ਦੇ 11 ਕਾਵਿ- ਸੰਗ੍ਰਹਿ ਇਸ ਦਾ ਪ੍ਰਤੱਖ ਸਬੂਤ ਹਨ; ਜਿਵੇਂ ਬਿਹਾਗ ( 1968), ਜ਼ਿਕਰ ( 1976), ਈਮਾਨ ( 1980), ਅੱਟਣਾਂ ਦੀ ਗਾਥਾ ( 1982), ਨਿਆਜ਼ ( 1987), ਸ਼ਿਦਤ, ਪ੍ਰੋਟੋਨ ( 1999),ਪ੍ਰੇਰਣਾ ( 2000), ਰਹਾਉ ( 2000), ਖ਼ਤਾ ( 2000), ਰਹਿਮਤ ( 2001) ਵਿੱਚ ਪ੍ਰਕਾਸ਼ਿਤ ਹੋਈਆਂ।--
          ---ਇਉਂ ਸਮੇਂ ਦੀ ਚਾਲ ਅਨੁਸਾਰ ਉਸ ਦੀ ਖ਼ੋਜੀ ਬਿਰਤੀ ਵਾਲੀ ਸਿਰਜਣਸ਼ੀਲਤਾ/ ਕਿਰਿਆਸ਼ੀਲਤਾ ਇਉਂ ਮਕਬੂਲੀਅਤ ਹਾਸਲ ਕਰ ਗਈ ਜਿਵੇਂ ਉਸ ਦੀ ਜ਼ਬਾਨ 'ਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਸਾਖਿਆਤ ਵਾਸਾ ਹੋ ਗਿਆ ਹੋਵੇ। ਇਹ ਉਸ ਦੀ ਲਗਨ, ਮਿਹਨਤ, ਦੀਰਘ ਦ੍ਰਿਸ਼ਟੀ ਦਾ ਹੀ ਨਤੀਜਾ ਸੀ ਕਿ ਉਹ ਆਪਣੇ ਵਿਦਿਆਰਥੀਆਂ ਦਾ ਵਿਸ਼ੇਸ਼ ਰੋਲ ਮਾਡਲ ਬਣ ਗਿਆ।ਉਸ ਦੀ ਇਹ ਪਾਰਖੂ ਦ੍ਰਿਸ਼ਟੀ ਕੇਵਲ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਸੀ ਉਹ ਵਿਦਿਆਰਥੀਆਂ ਪ੍ਰਤਿ ਵੀ ਐਨਾ ਲਗਾਓ ਰੱਖਦਾ ਸੀ ਕਿ ਚੱਲਦੇ- ਚੱਲਦੇ ਕਲਾਸਾਂ ਵਿੱਚ ਵੀ ਆਪਣੇ ਨਿੱਜੀ ਅਨੁਭਵ ਸਾਂਝੇ ਕਰ ਲੈਂਦਾ ਸੀ। ਮੈਨੂੰ ਯਾਦ ਆਇਆ, ਪਤਾ ਨਹੀਂ ਕਿਉਂ? ਉਹਨਾਂ ਦੇ ਮਨ ਵਿੱਚ ਇਹ ਖ਼ਿਆਲ ਬਣਿਆ। ਸਾਡੀ ਐਮ. ਏ ਦੀ ਕਲਾਸ ਲੱਗੀ ਹੋਈ ਸੀ, ਮੈਨੂੰ ਕਹਿਣ ਲੱਗੇ," ਕ੍ਰਿਸ਼ਨ ਸਿੰਘ ਯੂ ਵਿਲ ਬੀ ਰਿਟਾਇਰਡ ਐਜ ਡੀ ਪੀ ਆਈ ਕਾਲਜਿਜ਼ ਪੰਜਾਬ।" ਖ਼ੈਰ, ਮੈਨੂੰ ਉਹਨਾਂ ਦੇ ਪਿਆਰ ਭਰੇ ਲਫ਼ਜ਼ਾਂ ਤੋਂ ਬੜੀ ਹੱਲਾਸ਼ੇਰੀ ਮਿਲੀ, ਦੱਸ ਦੇਵਾਂ -  ਮੈਂ ਗੁਰੂ ਕ੍ਰਿਪਾ ਸਦਕਾ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਤੋਂ ਬਤੌਰ ਪ੍ਰਿੰਸੀਪਲ ਸੇਵਾ- ਮੁਕਤ ਹੋਇਆ। ਉਹਨਾਂ ਦਾ ਉਸਤਾਦੀ ਸ਼ਾਗਿਰਦੀ ਦਾ ਇਹ ਮਸਲਾ ਆਸ਼ੀਰਵਾਦੀ ਤਾਸੀਰ- ਤਕਦੀਰ ਵਾਲਾ ਸੀ ਜੋ ਉਹਨਾਂ ਦੇ ਜਿਉਂਦੇ ਜੀ ਬੜੇ ਸੁਖਾਵੇਂ ਮਾਹੌਲ ਵਿੱਚ ਨਿਭਿਆ।---
       ---- ਡਾਕਟਰ ਸਾਹਿਬ ਦੀ ਰਚਨਾਤਮਿਕ ਪ੍ਰਤਿਭਾ ਦੀ ਇਹ ਖ਼ਾਸੀਅਤ ਸੀ ਕਿ ਅਨੁਪਾਤਿਕ ਰੂਪ ਵਿੱਚ ਉਹਨਾਂ ਦਾ ਜਿੰਨਾ ਝੁਕਾਅ ਸਿਰਜਣਸ਼ੀਲ ਸਾਹਿਤ ਨਾਲ ਸੀ, ਇੱਕ ਚਮਤਕਾਰੀ- ਪ੍ਰਤਿਭਾ ਵਜੋਂ ਅਮੂਮਨ - ਓਨਾ ਹੀ ਉਹਨਾਂ ਨੂੰ ਆਲੋਚਨਾਤਮਿਕ/ ਖੋਜ ਖ਼ੇਤਰ ਵਿੱਚ ਆਬੂਰ ਹਾਸਲ ਸੀ। ਸ਼ਾਇਦ ਇਸੇ ਕਾਰਨ ਹੀ ਪੰਜਾਬੀ ਆਲੋਚਨਾ ਪ੍ਰਣਾਲੀਆਂ ਦੇ ਧੁਰੰਦਰ ਵਿਦਵਾਨ ਡਾਕਟਰ ਹਰਿਭਜਨ ਸਿੰਘ ਕਿਹਾ ਕਰਦੇ ਸਨ ਕਿ ਸਿੱਧੇ- ਅਸਿੱਧੇ ਰੂਪ ਵਿੱਚ ਆਲੋਚਨਾਤਮਿਕ ਸਾਹਿਤ ਵੀ ਸਿਰਜਣਸ਼ੀਲ ਤੱਤਾਂ ਤੋਂ ਬਿਰਵਾ ਨਹੀਂ ਹੁੰਦਾ ਕਿਉਂਕਿ ਨਿਸੰਦੇਹ ਆਲੋਚਨਾ ਦਾ ਗੰਭੀਰ ਕਾਰਜ ਵੀ ਸਾਹਿਤਕਾਰੀ ਦੇ ਨਵੀਨ-  ਮੁਲਾਂ ਦੀ ਸਿਰਜਣ ਪ੍ਰਕਿਰਿਆ ਵੱਲ ਅਗਰਸਰ ਹੁੰਦਾ ਹੈ। ਇਹ ਸੁਭਾਵਿਕ ਵੀ ਹੈ ਕਿਉਂਕਿ ਆਲੋਚਨਾ ਦੇ ਸੁਤੰਤਰ ਮਾਪਦੰਡਾਂ/ ਸੁਭਾਅ ਸਰੂਪ ਵਜੋਂ ਇਸ ਨੂੰ ਉਸਾਰੂ ਪ੍ਰਕਿਰਿਆ ਦਾ ਅਗਲੇਰਾ ਪੜਾਅ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਡਾਕਟਰ ਹਮਰਾਹੀ ਆਪਣੇ ਕਾਵਿ- ਅਨੁਭਵ ਦੇ ਮੂਲ ਵਜੋਂ ਸਮਕਾਲੀ ਪ੍ਰਸਥਿਤੀਆਂ ਦੀ ਮੁਲਾਂਕਣੀ/ ਵਿਸ਼ਲੇਸ਼ਣਮਈ ਚਿੰਤਨ ਦੀ ਪੇਸ਼ਕਾਰੀ ਦੇ ਰੂਬਰੂ ਤਾਂ ਹੋਏ ਪਰੰਤੂ ਆਧੁਨਿਕ ਸਾਹਿਤ ਦੇ ਮੁੱਢਲੇ ਪ੍ਰੰਪਰਾਗਤ ਦੌਰ ਦੀ ਸਾਹਿਤਕਾਰੀ ਨੂੰ ਉਹਨਾਂ ਆਪਣੇ ਅਧਿਐਨ/ ਵਿਸ਼ਲੇਸ਼ਣ ਲਈ ਵਿਸ਼ੇਸ਼ ਥਾਂ ਦਿੱਤੀ। ਅਜਿਹੀ ਪਿਰਤ ਪਾ ਕੇ ਉਹਨਾਂ ਪੰਜਾਬੀ ਦੇ ਅਣਗੌਲੇ ਤੇ ਵੱਡਮੁੱਲੇ ਸਾਹਿਤ ਨੂੰ ਸਾਂਭਣ ਦਾ ਹੀ ਅਣਥੱਕ ਉਪਰਾਲਾ ਨਹੀਂ ਕੀਤਾ ਸਗੋਂ ਉਸ ਦੇ ਮਹੱਤਵ ਨੂੰ ਪੀੜ੍ਹੀ- ਦਰ- ਪੀੜ੍ਹੀ ਅੱਗੇ ਤੋਰਨ ਦੀ ਵੀ ਪਹਿਲਕਦਮੀ ਕੀਤੀ। ਕਿਸੇ ਵੀ ਸਾਹਿਤ ਦੀ ਇਤਿਹਾਸਕਾਰੀ ਵਿਚ ਇਨ੍ਹਾਂ ਸਾਹਿਤਕ ਕ੍ਰਿਤਾਂ ਦਾ ਜਦੋਂ ਸਮਕਾਲੀ ਸੰਦਰਭ ਵਿੱਚ ਪੁਨਰ ਮੁਲਾਂਕਣ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਦੀ ਅਜੋਕੀ ਪ੍ਰਾਸੰਗਿਕਤਾ ਦੇ ਆਧਾਰ 'ਤੇ ਉਨ੍ਹਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਜਾਂਦਾ ਹੈ ਤਾਂ ਅਕਾਦਮਿਕ ਖ਼ੇਤਰ ਦੀ ਇਹ ਹੋਰ ਵੀ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਪ੍ਰਮਾਣਿਕਤਾ ਵਜੋਂ ਉਹਨਾਂ ਦੀਆਂ 12 ਖੋਜ ਪੁਸਤਕਾਂ ਨੂੰ ਭਲੀਭਾਂਤ ਦੇਖਿਆ ਜਾ ਸਕਦਾ ਹੈ ਜੋ ਪੰਜਾਬੀ ਸਾਹਿਤ ਦੇ ਗੰਭੀਰ ਖੋਜੀ ਬਿਰਤੀ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀਆਂ ਹਨ; ਜਿਵੇਂ ਸਾਧੂ ਦਯਾ ਸਿੰਘ ਆਰਿਫ਼, ਲੋਕਯਾਨਿਕ ਵਿਅੰਗਕਾਰੀ, ਮਾਲਵਾ ਦਾ ਕਿੱਸਾ ਕਾਵਿ, ਬਾਬੂ ਰਜਬ ਅਲੀ ਦੀ ਚੋਣਵੀਂ ਕਵਿਤਾ, ਅਨੋਖਾ ਰਜਬ ਅਲੀ, ਅਨੂਠਾ ਰਜਬ ਅਲੀ, ਬਹੱਤਰ ਕਲਾ, ਕਲਾ ਦਰਪਣ, ਪ੍ਰਤਿਭਾ ਦੇ ਪੁੰਜ,ਨਿਆਇ ਮਾਰਤੰਡ ਪੰਡਿਤ ਭਾਨ ਸਿੰਘ, ਹੁਬ-ਅਲ- ਪੰਜਾਬੀਅਤ, ਸੰਸਾਰ ਦੇ ਨੋਬਲ ਸਾਹਿਤਕਾਰ ਆਦਿ ਪੁਸਤਕਾਂ ਆਪਣੇ ਇਤਿਹਾਸਕ ਪਰਿਪੇਖ ਵਜੋਂ ਪੰਜਾਬੀ ਮਾਂ- ਬੋਲੀ ਦੇ ਸੂਝਵਾਨ ਪਾਠਕਾਂ ਲਈ ਹਮੇਸ਼ਾਂ ਰਾਹ ਦਿਸੇਰਾ ਸਾਬਤ ਹੋਣਗੀਆਂ, ਇਸ ਵਿੱਚ ਕੋਈ ਦੋ ਰਾਵਾਂ ਨਹੀਂ।
       ‌ ਡਾਕਟਰ ਹਮਰਾਹੀ ਹੁਰਾਂ ਦੀ ਸਾਹਿਤਕ ਵਡਿਆਈ ਇਹ ਵੀ ਹੈ ਕਿ ਉਹਨਾਂ ਦੀ ਸਾਹਿਤਕ - ਪ੍ਰਤਿਭਾ, ਖੋਜ ਕਾਰਜ ਦੀ ਸਿਧਾਂਤਕ ਸਮਝ/ਵਿਸ਼ਲੇਸ਼ਣੀ ਸ਼ੈਲੀ/ ਚੋਣ ਪ੍ਰਕਿਰਿਆ ਦੀ ਸਮਦ੍ਰਿਸ਼ਟੀ ਦੇ ਵਿਸ਼ੇਸ਼ ਗੁਣਾਂ ਦੀ ਧਾਰਨੀ ਹੈ ਅਤੇ ਆਪਣੀਆਂ ਲਿਖਤਾਂ ਦੇ ਸਾਂਭ- ਸੰਭਾਲ ਦੇ ਨਾਲ- ਨਾਲ ਸੰਪਾਦਕੀ ਦੇ ਗੰਭੀਰ ਕਾਰਜ ਦੀ ਸਮਰੱਥਾ ਵੀ ਰੱਖਦੀ ਹੈ। ਅਜਿਹੀ ਸਾਹਿਤ ਲਗਨ ਜੇਕਰ ਯੋਜਨਾਬੱਧ ਜੁਗਤਾਂ ਰਾਹੀਂ ਭਵਿੱਖਮੁਖੀ ਸੰਭਾਵਨਾਵਾਂ ਦੇ ਕ੍ਰਾਂਤੀਕਾਰੀ ਨਤੀਜਿਆਂ 'ਤੇ ਕੇਂਦ੍ਰਿਤ ਹੋਵੇ ਤਾਂ ਸਾਹਿਤਕਾਰੀ ਦੇ ਇਤਿਹਾਸ ਵਿੱਚ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਬਸ਼ਰਤੇ ਕਿ ਉਸ ਵਿੱਚ ਅੰਕਿਤ ਜਾਂ ਸੰਪਾਦਿਤ ਕੀਤੀ ਸਾਮੱਗ੍ਰੀ ਮੂਲ਼ੋਂ ਹੀ ਪ੍ਰਸ਼ੰਸਾਜਨਕ ਨਾ ਹੋਵੇ ਜਿਵੇਂ ਕਿ ਅਭਿਨੰਦਨ ਗ੍ਰੰਥਾਂ ਵਿੱਚ ਅਕਸਰ ਅਜਿਹਾ ਹੀ ਹੁੰਦਾ ਹੈ।ਇਸ ਤਰ੍ਹਾਂ ਕੇਵਲ ਸਵਾਰਥੀ ਹਿੱਤਾਂ ਦੇ ਮੱਦੇਨਜ਼ਰ ਲਿਖਣ ਲਈ ਹੀ ਇਹ ਕਾਰਜ ਨਾ ਕੀਤਾ ਜਾਵੇ ਸਗੋਂ ਸੰਬੰਧਿਤ ਨੁਮਾਇੰਦਿਆਂ/ ਸਾਹਿਤਕਾਰਾਂ ਦੇ ਯੋਗਦਾਨ ਨੂੰ ਮਿਆਰੀ ਗੁਣਾਂ ਦੇ ਮਾਪਦੰਡਾਂ ਅਨੁਸਾਰ ਜ਼ਰੂਰ ਪਰਖ਼ ਲਿਆ ਜਾਵੇ। ਡਾਕਟਰ ਹਮਰਾਹੀ ਦੀਆਂ ਸੰਪਾਦਿਤ ਪੁਸਤਕਾਂ ਦੇ ਬਾਹਰੀ ਸਿਰਲੇਖਾਂ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੇ ਇਤਿਹਾਸਕ ਅਤੇ ਸਾਹਿਤਕ ਪਰਿਪੇਖ ਵਜੋਂ ਮਿਆਰੀ ਗੁਣਾਂ 'ਤੇ ਕੇਂਦ੍ਰਿਤ ਹੋਣ ਤੋਂ ਇਲਾਵਾ ਪਾਠਕਾਂ ਦੀਆਂ ਸਾਹਿਤਕ ਰੁਚੀਆਂ ਅਨੁਸਾਰ ਆਪਣੇ ਸਰਬਪ੍ਰਵਾਨਿਤ ਹੋਣ ਦਾ ਪ੍ਰਮਾਣ ਵੀ ਹਨ ਕਿਉਂਕਿ ਉਸ ਵਲੋਂ ਹੋਈ ਨਾਮਵਰ ਵਿਅਕਤੀਆਂ/ ਵਿਦਵਾਨਾਂ/ ਬੁੱਧੀਜੀਵੀਆਂ ਦੀ ਚੋਣ ਸਾਹਿਤਕ ਅਤੇ ਇਤਿਹਾਸਕ ਰੁਤਬੇ ਵਾਲੀ ਹੈ। ਸੰਪਾਦਕੀ ਦੇ ਖ਼ੇਤਰ ਵਿੱਚ ਉਸ ਦਾ ਇਹ ਵੱਡਮੁੱਲਾ ਖੋਜ- ਕਾਰਜ/ ਪ੍ਰਾਪਤੀਆਂ ਵਿਸ਼ੇਸ਼ ਤੌਰ 'ਤੇ ਗੌਲਣਯੋਗ ਹੈ; ਜਿਵੇਂ ਬਹੁਪੱਖੀ ਪ੍ਰਤਿਭਾ ਡਾਕਟਰ ਮਹਿੰਦਰ ਕੌਰ ਗਿੱਲ, ਅਮਿੱਟ ਵਿਰਾਸਤ ਪ੍ਰਿੰਸੀਪਲ ਇਕਬਾਲ ਸਿੰਘ ਬੋਪਾਰਾਏ, ਆਰਿਫ਼ ਰਚਨਾਵਲੀ ( ਸੁਰਜੀਤ ਚੰਦਰ ਸ਼ਰਮਾ ਦੇ ਨਾਲ਼), ਅਭਿਨੰਦਨ ਗ੍ਰੰਥ - ਡਾਕਟਰ ਆਤਮ ਹਮਰਾਹੀ ਇੱਕ ਪਹਿਚਾਣ, ਬਾਵਨੀ ਚਰਚਾ,ਆਤਮਤਾ ਆਦਿ।
                                   ( ਚੱਲਦਾ ---)