ਪਹਾੜ ਵਿੱਚੋਂ ਸਾਡੀ ਆਵਾਜ਼ ਹੀ ਵਾਪਸ ਆਉਂਦੀ ਏ
(ਲੇਖ )
ਕਹਿੰਦੇ ਨੇ ਇੱਕ ਵਾਰ ਇੱਕ ਵਿਅਕਤੀ ਆਪਣੇ ਪੁੱਤਰ ਨਾਲ ਕਿਸੇ ਪਹਾੜੀ ਰਸਤੇ ਵਿੱਚੋਂ ਲੰਘ ਰਿਹਾ ਸੀ ਕਿ ਅਚਾਨਕ ਉੱਚੀ-ਨੀਵੀਂ ਥਾਂ ਤੋਂ ਪੁੱਤਰ ਦਾ ਪੈਰ ਮੁੜ ਗਿਆ ਅਤੇ ਉਹ ਡਿੱਗ ਪਿਆ ਤਾਂ ਉਹ ਦਰਦ ਨਾ ਚੀਕ ਉਠਿਆ… ਹਾਇ…! ਅਚਾਨਕ ਪਹਾੜ ਤੋਂ ਵੀ ਅਵਾਜ਼ ਆਈ… ਉਸ ਬੱਚੇ ਨੇ ਉਤਸੁਕਤਾ ਨਾਲ ਪੁੱਛਿਆ… ਕੌਣ ਹੈ? ਤਾਂ ਅਗੋਂ ਫਿਰ ਆਵਜ਼ ਆਈ… ਕੌਣ ਹੈ? ਉਸ ਬੱਚੇ ਨੂੰ ਗੁੱਸਾ ਆ ਗਿਆ ਅਤੇ ਆਖਣ ਲੱਗਾ… ਤੂੰ ਮੂਰਖ ਹੈਂ! ਤਾਂ ਪਹਾੜ ਨੇ ਵੀ ਜਵਾਬ ਦਿੱਤਾ.. ਤੂੰ ਮੂਰਖ ਹੈਂ!
ਉਸ ਬੱਚੇ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ, ‘ਇਹ ਕੀ ਹੋ ਰਿਹਾ ਹੈ? ਇਹ ਕੌਣ ਹੈ? ਇਹ ਕਿਸਦੀ ਅਵਾਜ਼ ਹੈ?’ ਤਾਂ ਪਿਤਾ ਜੀ ਆਖਣ ਲੱਗੇ, ‘ਪੁੱਤਰ! ਧਿਆਨ ਨਾਲ ਸੁਣ ਅਤੇ ਫਿਰ ਉਸ ਵਿਅਕਤੀ ਨੇ ਉੱਚੀ ਸਾਰੀ ਚੀਖ ਕੇ ਕਿਹਾ, ‘ਤੂੰ ਬਹੁਤ ਚੰਗਾ ਹੈਂ ਤਾਂ ਅਗੋਂ ਆਈ ਅਵਾਜ਼ ਨੇ ਵੀ ਇਹੀ ਕਿਹਾ, ‘ਤੂੰ ਬਹੁਤ ਚੰਗਾ ਹੈਂ!’ ਤਾਂ ਪਿਤਾ ਨੇ ਆਖਿਆ, ਤੇਰਾ ਧੰਨਵਾਦ! ਤਾਂ ਪਹਾੜ ਤੋਂ ਵੀ ਅਵਾਜ਼ ਆਈ, ‘ਤੇਰਾ ਧੰਨਵਾਦ!’
ਪਿਤਾ ਨੇ ਪੁੱਤਰ ਨੂੰ ਸਮਝਾਇਆ, ‘ਪੁੱਤਰ! ਇਸ ਨੂੰ ਪ੍ਰਤੀਧੁਨ ਕਹਿੰਦੇ ਹਨ, ਪਰ ਇਹ ਜੀਵਨ ਦਾ ਵੀ ਸੱਚ ਹੈ। ਜੀਵਨ ਵੀ ਸਾਡੇ ਕਰਮਾਂ ਦਾ ਪ੍ਰਤੀਬਿੰਬ ਹੈ। ਜੋ ਦੂਸਰਿਆਂ ਨੂੰ ਦੇਵਾਂਗਾ, ਬਦਲੇ ਵਿੱਚ ਸਾਨੂੰ ਵੀ ਉਹਨਾਂ ਕੋਲੋਂ ਉਹੀ ਮਿਲੇਗਾ।
ਠੀਕ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਸਾਡਾ ਦੂਜਿਆਂ ਪ੍ਰਤੀ ਵਰਤਾਉ ਹੀ ਸਾਡੇ ਸਾਹਮਣੇ ਆਉਂਦਾ ਹੈ, ਜਿਵੇਂ ਸਿਆਣੇ ਕਹਿੰਦੇ ਨੇ, ‘ਜੋ ਬੀਜੋਗੋ, ਉਹੀ ਵੱਢੋਗੇ’ ਜਾਂ ‘ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ’ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ, ਜਿਹੋ ਜਿਹਾ ਵਿਉਹਾਰ ਤੁਸੀਂ ਦੂਜਿਆਂ ਤੋਂ ਆਪਣੇ ਲਈ ਚਾਹੁੰਦੇ ਹੋ, ਉਹੋ ਜਿਹਾ ਕਰਨ ਦੀ ਵੀ ਆਦਤ ਅਪਣਾਉ’।
ਸਾਡਾ ਬੋਲ-ਬਾਣੀ ਹੋਵੇ ਜਾਂ ਸਾਡਾ ਵਰਤੋਂ-ਵਿਹਾਰ, ਦੂਜਿਆਂ ਪ੍ਰਤੀ ਤੁਹਾਡਾ ਦ੍ਰਿਸ਼ਟੀਕੋਣ ਹੀ ਤੈਅ ਕਰਦਾ ਹੈ ਕਿ ਵਾਪਸ ਸਾਨੂੰ ਕੀ ਮਿਲਣਾ ਹੈ। ਕੁੱਝ ਲੋਕ ਹਮੇਸ਼ਾਂ ਸ਼ਿਕਾਇਤ ਕਰਦੇ ਰਹਿੰਦੇ ਹਨ ਕਿ ਲੋਕ ਚੰਗੇ ਨਹੀਂ, ਜਦਕਿ ਇਸ ਦੇ ਉਲਟ ਉਸੇ ਸਮਾਜ ਵਿੱਚ ਰਹਿਣ ਵਾਲੇ ਹੋਰ ਲੋਕ ਆਖਦੇ ਹਨ ਕਿ ਦੁਨੀਆਂ ਬਹੁਤ ਚੰਗੀ ਹੈ, ਬਹੁਤ ਸੁਹਣੀ ਹੈ। ਹਰ ਬੰਦਾ ਚੰਗਾ ਹੈ, ਰੱਬ ਦਾ ਰੂਪ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜਿਹੋ ਜਿਹਾ ਕੋਈ ਆਪ ਹੁੰਦਾ ਹੈ, ਉਹੋ ਜਿਹੇ ਉਸਨੂੰ ਸਭ ਨਜ਼ਰ ਆਉਂਦੇ ਹਨ। ਕਿਸੇ ਨੇ ਬੜਾ ਖ਼ੂਬ ਕਿਹਾ ਹੈ ਕਿ, ਇਹ ਦੁਨੀਆਂ ਰੰਗ ਬਰੰਗੀ, ਨਾ ਇਹ ਭੈੜੀ ਨਾ ਇਹ ਚੰਗੀ।
ਬੇਸ਼ਕ ਦੁਨੀਆਂ ਤੇ ਵੱਸਦੇ ਰੰਗੀ-ਰੰਗੇ ਲੋਕ ਦਾ ਸੁਭਾਅ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਵੱਖ-ਵੱਖ ਇਲਾਕਿਆਂ, ਵਿਚਾਰਧਾਰਾਵਾਂ ਅਤੇ ਸਭਿਆਚਾਰਾਂ ਨਾਲ ਸਬੰਧਿਤ ਲੋਕ ਸਾਡੇ ਆਲੇ ਦੁਆਲੇ ਵੱਸਦੇ ਹਨ, ਪਰ ਮਨੁੱਖ ਦੀ ਦੋ ਭਾਸ਼ਾਵਾਂ ਸਾਂਝੀਆਂ ਹੁੰਦੀਆਂ ਹਨ ਇੱਕ ਸੰਗੀਤ ਦੀ ਭਾਸ਼ਾ ਅਤੇ ਇੱਕ ਮਨੁੱਖੀ ਪਿਆਰ ਦੀ ਭਾਸ਼ਾ… ਜਿਸ ਮਨੁੱਖ ਨੇ ਇਹ ਦੋ ਭਾਸ਼ਾਵਾਂ ਨੂੰ ਸਮਝ ਲਿਆ, ਉਸ ਲਈ ਫਿਰ ਇਹ ਅਵਸਥਾ ਬਣ ਜਾਂਦੀ ਹੈ ਕਿ, ਹਮ ਨਹੀ ਚੰਗੇ ਬੁਰਾ ਨਹੀਂ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ ਜਾਂ ਫਿਰ ਭਗਤ ਕਬੀਰ ਜੀ ਦੇ ਪਾਵਨ ਬਚਨ ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥
ਸਭ ਪਾਸੇ ਹਰਿ ਜੋਤ ਨਜ਼ਰ ਆਉਂਦੀ ਹੈ ਅਤੇ ਜਦੋਂ ਇਸ ਤਰ੍ਹਾਂ ਹੋ ਜਾਵੇ ਤਾਂ ਸਾਡਾ ਵਿਹਾਰ ਵੀ ਬਦਲ ਜਾਵੇਗਾ ਅਤੇ ਫਿਰ ਪਹਾੜ ਤੋਂ ਉਵੇਂ ਹੀ ਪਿਆਰ ਭਰੀ ਮਿੱਠੀ ਦੀ ਅਵਾਜ਼ ਆਵੇਗੀ, ਜਿਵੇਂ ਦੀ ਅਸੀਂ ਉਸ ਵੱਲ ਭੇਜਾਂਗੇ।