ਕਈ ਸਾਲਾਂ ਬਾਅਦ ਇੱਕ ਦਿਨ ਮੈਨੂੰ ਆਪਣੇ ਪੁਰਾਣੇ ਕਾਲਜ ਜਾਣ ਦਾ ਸਬਬ ਬਣਿਆ। ਦੋਸਤਾਂ ਦੀਆਂ ਸ਼ਰਾਰਤਾਂ ਦੀਆਂ ਯਾਦਾਂ ਸੱਜਰੀਆਂ ਹੋ ਗਈਆਂ। ਸ਼ਰਤਾਂ ਲਾ ਕੇ ਸਭ ਤੋਂ ਵਧ ਕੇਲੇ ਜਾਂ ਸਮੋਸੇ ਖਾਣ ਦੇ ਮੁਕਾਬਲੇ – ਲਗਿਆ ਕਲ ਦੀ ਗਲ ਹੈ। ਪ੍ਰੋਫੈਸਰ - ਜਿਨ੍ਹਾਂ ਨੂੰ ਮੁੰਡਿਆਂ ਨੇ, ਆਪਸੀ ਗਲਬਾਤ ਲਈ, ਆਲਫ਼ਾ, ਬੀਟਾ, ਗਾਮਾ, ਥੀਟਾ ਦੇ ਨਾਂ ਦਿੱਤੇ ਹੋਏ ਸੀ। ਅਚਾਨਕ ਅੱਖਾਂ ਅੱਗੇ ਉਸ ਬਜ਼ੁਰਗ ਸੇਵਾਦਾਰ ਦਾ ਚਿਹਰਾ ਆ ਗਿਆ ਜਿਸ ਨੂੰ ਕਾਲਜ ਵਿਚ ਹਰ ਕੋਈ “ਰੱਬ ਜੀ” ਕਹਿ ਕੇ ਬੁਲਾੳਂਦਾ ਹੁੰਦਾ ਸੀ। ਉਸ ਦੀ ਡਿਊਟੀ ਹਰ 45 ਮਿਨਟਾਂ ਬਾਅਦ ਤਿੰਨ ਵਾਰ “ਟੰਨ-ਟੰਨ” ਦੀ ਘੰਟੀ ਵਜਾਉਣ ਦੀ ਸੀ ਜਿਸ ਨਾਲ ਇੱਕ ਪੀਰਿਅਡ ਖਤਮ ਹੋ ਕੇ ਦੂਜਾ ਸ਼ੁਰੂ ਹੋ ਜਾਂਦਾ ਸੀ। ਕਦੀ ਕਦੀ “ਰੱਬ ਜੀ” ਕਿਸੇ ਕੰਮ ਗਏ ਹੋਣੇ ਤਾਂ ਕਿਸੇ ਮੁੰਡੇ ਨੇ ਜਾ ਕੇ 15-20 ਮਿਨਟਾਂ ਬਾਅਦ ਹੀ ਘੰਟੀ ਵਜਾ ਕੇ ਭੱਜ ਜਾਣਾ।
“ਰੱਬ ਜੀ” ਬਜ਼ੁਰਗ ਸਨ ਪਰ ਕਦੀ ਬੈਠੇ ਨਹੀਂ ਸੀ ਦਿਸਦੇ, ਫਿਰਦੇ-ਤੁਰਦੇ ਰਹਿੰਦੇ। ਸਵੇਰੇ ਬਰਾਂਡਿਆਂ ਵਿਚ ਮਸ਼ਕ ਨਾਲ ਪਾਣੀ ਦਾ ਛਿੜਕਾ ਕਰਦੇ, ਫਿਰ ਨੌਂ ਵਜੇ ਇੱਕ ਲੰਮੀ ਘੰਟੀ ਖੜਕਾ ਕੇ ਪੜ੍ਹਾਈ ਸ਼ੁਰੂ ਕਰਨ ਦਾ ਐਲਾਨ ਕਰ ਦਿੰਦੇ। ਇੱਟਾਂ ਦੇ ਫਰਸ਼ ਤੋਂ ਤਾਜ਼ਗੀ ਦੀ ਵੱਖਰੀ ਮਹਿਕ ਮਹਿਸੂਸ ਹੋਣੀ। ਕੋਲੋਂ ਲੰਘਦਿਆਂ ਹਰੇਕ ਨੇ ਉਨ੍ਹਾਂ ਨੂੰ ਫਤਿਹ ਬੁਲਾਉਂਣੀ ਅਤੇ ਹਾਲ-ਚਾਲ ਪੁਛਣਾ। ਮੁਸਕਰਾਂਦਾ ਜਵਾਬ ਮਿਲਣਾ – “ਸ਼ੁਕਰ ਹੈ”। ਸ਼ਾਮੀ ਚਾਰ ਵਜੇ ਸਵੇਰ ਵਰਗੀ ਲੰਮੀ ਘੰਟੀ ਵਜਾ ਦਿੰਦੇ।ਪਿੱਤਲ ਦੇ ਇੱਕ ਗੋਲ ਤਵੇ ਜਿਹੇ ਉਤੇ ਲੱਕੜ ਦੇ ਹਥੌੜੇ ਨਾਲ ਸੱਟ ਮਾਰਨ ਦਾ ਉਨ੍ਹਾਂ ਦਾ ਵੱਖਰਾ ਅੰਦਾਜ਼ ਸੀ।
ਉਹ ਕਾਲਜ ਦੀਆਂ ਗਰਾਂਊਂਡਾਂ ਦੇ ਲਾਗੇ ਇੱਕ ਕੋਠੜੀ ਵਿਚ ਇਕੱਲੇ ਰਹਿੰਦੇ ਸਨ ਜਿਥੇ ਲਾਗੇ ਇੱਕ ਟਿਊਬ-ਵੈਲੱ ਹੁੰਦਾ ਸੀ। ਕੋਠੜੀ ਵਿਚ ਇੱਕ ਟੀਨ ਦਾ ਪੁਰਾਣਾ ਟਰੰਕ ਪਿਆ ਦਿਸਦਾ ਸੀ ਜਿਸ ਵਿਚ ਉਹ ਦਸਦੇ ਸਨ ਕਿ ਬਦਲਣ ਲਈ ਸਿਰਫ ਇੱਕ ਜੋੜਾ ਕਪੜੇ ਤੇ ਇੱਕ ਚਿੱਟੀ ਦਸਤਾਰ ਸੀਂ। ਇੱਕ ਦਿਨ ਅਸੀਂ ਪੁਛਿਆ – ਬਾਬਾ ਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ? ਕਹਿੰਦੇ - ਇਹ ਕਾਲਜ ਮੇਰਾ ਪਰਵਾਰ ਹੈ, ਤੁਸੀਂ ਮੇਰੇ ਇਸ ਪਰਵਾਰ ਦੇ ਹੀ ਜੀਅ ਹੋ। ਵੰਡ ਵੇਲੇ ਮੇਰੀ ਮੰਗਣੀ ਹੋਈ ਸੀ। ਹੁਣ ਨਾ ਉਸ ਬੀਬੀ ਦਾ ਕੋਈ ਪਤਾ ਹੈ, ਨਾ ਮੇਰੇ ਮਾਂ-ਪਿਓ ਦਾ – ਕੀ ਜਾਣਾਂ ਜੀਂਦੇ ਵੀ ਹੈਣ ਕਿ ਨਹੀਂ। ਸ਼ਾਮ ਨੂੰ ਉਹ ਲੰਗਰ-ਹਾਲ ਵਿਚ ਸਾਨੂੰ ਦਾਲ, ਸਬਜ਼ੀ, ਪਰਸ਼ਾਦੇ ਵਰਤਾਉਣ ਦੀ ਸੇਵਾ ਕਰਨ ਲਗ ਪੈਂਦੇ। ਪ੍ਰਬੰਧਕਾਂ ਨੇ ਆਪ ਸਤਿਕਾਰ ਨਾਲ ਉਨ੍ਹਾਂ ਲਈ ਖਾਣਾ ਲਿਆ ਕੇ ਸਾਹਮਣੇ ਰੱਖਣਾ।
ਇੱਕ ਵਾਰ ਕੁਝ ਪ੍ਰੋਫੈਸਰਾਂ ਨੇ ਉਨ੍ਹਾਂ ਨੂੰ ਪੁਛਿਆ - ਬਾਬਾ ਜੀ ਤੁਹਾਡਾ ਨਾਂ ਤੇ ਬੋਹੜ ਸਿੰਘ ਹੈ ਪਰ ਤੁਹਾਨੂੰ ਲੋਕ “ਰੱਬ ਜੀ” ਕਿਉਂ ਕਹਿਣ ਲਗ ਪਏ। ਹੱਸ ਕੇ ਕਹਿਣ ਲਗੇ – ਮੈਨੂੰ ਸ਼ੁਰੂ ਵਿਚ ਲੋਕ “ਰਿਫੂਜੀ” ਕਹਿੰਦੇ ਹੁੰਦੇ ਸਨ। ਇਥੇ ਆਉਣ ਤੋਂ ਪਹਿਲੇ ਮੈਂ ਇੱਕ ਬਿਰਧ ਘਰ ਵਿਚ ਕੁਛ ਸਾਲ ਸੇਵਾ ਕਰਦਾ ਸੀ। ਉਥੇ ਹੀ ਇੱਕ ਬਹੁਤ ਬੀਮਾਰ ਤੇ ਕਮਜ਼ੋਰ ਬਜ਼ੁਰਗ ਨੇ ਕਿਤੇ ਕਹਿ ਦਿੱਤਾ – ਤੂੰ ਰਿਫੂਜੀ ਨਹੀਂ, ਤੈਨੂੰ ਤੇ ਰੱਬ ਜੀ ਨੇ ਪੁੱਤਾਂ ਤੋਂ ਵਧ ਸਾਡੀ ਦੇਖਭਾਲ ਕਰਨ ਲਈ ਹੀ ਸਾਡੇ ਕੋਲ ਭੇਜਿਆ ਲਗਦਾ ਹੈ। ਉਸ ਦਿਨ ਤੋਂ ਸਭ ਨੇ, ਮੇਰੇ ਰੋਕਣ ਦੇ ਬਾਵਜੂਦ, ਮੈਨੂੰ “ਰੱਬ ਜੀ” ਕਹਿਣਾ ਸ਼ੁਰੁ ਕਰ ਦਿੱਤਾ।
ਕਾਲਜ ਦੇ ਇੱਕ ਪੁਰਾਣੇ ਮੁਲਾਜ਼ਮ ਨੂੰ ਮੈਂ ਪੁਛਿਆ – ਉਹ ਬਾਬਾ ਜੀ ਕਿਥੇ ਨੇ ਜਿਨ੍ਹਾਂ ਨੂੰ ਲੋਕ “ਰੱਬ ਜੀ” ਕਿਹਾ ਕਰਦੇ ਸਨ। ਬੜੇ ਦੁਖ ਭਰੇ ਲਹਿਜ਼ੇ ਵਿਚ ਉਸ ਨੇ ਜਵਾਬ ਦਿੱਤਾ – ਜੀ, ਉਨ੍ਹਾਂ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਤਾਂ ਕਿਸੇ ਨੇ ਡਾਕਾ ਮਾਰ ਕੇ ਲੁੱਟ ਲਈ।। ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮੇਰੇ ਮੂਹੋਂ ਨਿਕਲ ਗਿਆ - ਭਾਈ ਉਹ ਤਾਂ ਕੋਈ ਸਤਜੁਗੀ ਜੀਵ ਸੀ, ਉਸ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ? ਭਰੀ ਅਵਾਜ਼ ਵਿਚ ਉਹ ਮੁਲਾਜ਼ਮ ਬੋਲਿਆ – ਸਤਜੁਗੀ ਜੀਵਾਂ ਨਾਲ ਕਲਜੁਗ ਵਿਚ ਇਹੋ ਹੋ ਰਿਹਾ ਹੈ। ਕਾਲਜ ਦੇ ਲਾਗੇ ਇੱਕ ਦਿਨ ਉਹ ਇੱਕ ਪੰਸਾਰੀ ਦੀ ਦੁਕਾਨ ਤੋਂ ਕੁਝ ਖਰੀਦਣ ਗਏ। ਦੁਕਾਨਦਾਰ ਨੇ ਗੱਲਾਂ ਕਰਦਿਆਂ ਐਵੇਂ ਪੁਛ ਲਿਆ – ਬਾਬਾ ਜੀ ਖਰਚਾ ਤਾਂ ਤੁਹਾਡਾ ਕੋਈ ਖਾਸ ਨਹੀਂ, ਫਿਰ ਤਨਖਾਹ ਦਾ ਕੀ ਕਰਦੇ ਹੋ। ਬਾਬਾ ਜੀ ਕਹਿਣ ਲਗੇ –, ਸੋਚਿਆ ਹੈ ਕਿਸੇ ਦਿਨ ਅਮ੍ਰਿਤਸਰ ਜਾ ਕੇ ਜੋ ਕੁਝ ਕੋਲ ਹੈ ਪਿੰਗਲਵਾੜੇ ਦੇ ਆਵਾਂਗਾ। ਮੈਂ ਪੈਸੇ ਕੀ ਕਰਨੇ?
ਲਾਗੇ ਇੱਕ ਅਜਨਬੀ ਜਿਹਾ ਬੰਦਾ ਖੜਾ ਸੀ। ਦੁਕਾਨਦਾਰ ਨੂੰ ਕਹਿਣ ਲਗਾ – ਮੈਂ ਇਥੇ ਨਵਾਂ ਆਇਆ ਹਾਂ, ਨੌਕਰੀ ਲੱਭ ਰਿਹਾ ਹਾਂ। ਬੱਚਿਆਂ ਲਈ ਕੁਝ ਜ਼ਰੂਰੀ ਸੌਦਾ ਲੈਣਾ ਹੈ, ਉਧਾਰ ਦੇ ਦਿਉਗੇ? ਮੈਂ ਜਲਦੀ ਤੋਂ ਜਲਦੀ ਤੁਹਾਡੇ ਪੈਸੇ ਦੇ ਦਿਆਂਗਾ। ਦੁਕਾਨਦਾਰ ਦੇ ਸਾਫ਼ ਇਨਕਾਰ ਕਰਨ ਤੇ ਉਹ ਮੁੜਨ ਹੀ ਲਗਾ ਤਾਂ ਬਾਬਾ ਜੀ ਦੁਕਾਨਦਾਰ ਨੂੰ ਬੋਲੇ – ਕੋਈ ਲੋੜਵੰਦ ਗਰੀਬ ਜਾਪਦਾ ਹੈ, ਚਲੋ ਦੇ ਦਿਓ। ਨਹੀਂ ਦਵੇਗਾ ਤਾਂ ਕੋਈ ਫਿਕਰ ਨਾ ਕਰਨਾ, ਮੈਥੋਂ ਲੈ ਲੈਣਾ। ਬਾਬਾ ਜੀ ਦੇ ਪੈਰੀਂ ਹਥ ਲਾ ਕੇ ਧੰਨਵਾਦ ਕਰਦਾ ਹੋਇਆ ਉਹ ਆਦਮੀ ਸਮਾਨ ਖਰੀਦ ਕੇ ਚਲਾ ਗਿਆ। ਉਸੇ ਦਿਨ ਸ਼ਾਮ ਨੂੰ ਜਦ ਬਾਬਾ ਜੀ ਆਪਣੀ ਕੋਠੜੀ ਵਿਚ ਪੁੱਜੇ ਤਾਂ ਵੇਖਿਆ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਗਰਾਂਉਂਡਾ ਨੂੰ ਪਾਣੀ ਲਾਉਣ ਗਏ ਮੁਲਾਜ਼ਮ ਨੇ ਆ ਕੇ ਦੱਸਿਆ ਕਿ ਬਾਬਾ ਜੀ ਦੀ ਕੋਠੜੀ ਵਿਚੋਂ ਕੋਈ ਉਨ੍ਹਾਂ ਦਾ ਸਾਰਾ ਪੈਸਾ ਲੈ ਗਿਆ ਹੈ। ਇੱਕ ਦਮ ਚਾਰ ਚੁਫੇਰੇ ਸੰਨਾਟਾ ਫੈਲ ਗਿਆ ਤੇ ਕਾਲਜ ਦਾ ਹਰ ਬੰਦਾ ਉਨ੍ਹਾਂ ਦੀ ਕੋਠੜੀ ਵਲ ਦੌੜ ਉਠਿਆ। ਪਤਾ ਲਗਿਆ ਕਿ ਬਾਬਾ ਜੀ ਦੀ ਤਨਖਾਹ ਦੇ ਸਾਰੇ ਜਮਾਂ ਕੀਤੇ ਪੈਸੇ ਕੋਈ ਦਿਨੇ-ਦਿਹਾੜੇ ਲੁੱਟ ਕੇ ਲੈ ਗਿਆ ਹੈ। ਲੋਕ ਕਹਿ ਰਹੇ ਸਨ ਕਿ 90 ਸਾਲ ਦੇ ਇੱਕ ਨੇਕ ਬੁੱਢੇ ਬਾਬੇ ਤੇ ਵੀ ਉਸ ਬੰਦੇ ਨੂੰ ਦਇਆ ਨਹੀਂ ਆਈ। ਪੁਲਸ ਦਾ ਕਹਿਣਾ ਸੀ ਇਹ ਡਾਕਾ ਉਸ ਅਜਨਬੀ ਆਦਮੀ ਦਾ ਕੰਮ ਸੀ ਜਿਸ ਦੀ ਇੱਕ ਦਿਨ ਪਹਿਲੇ ਬਾਬਾ ਜੀ ਨੇ ਮਦਦ ਕੀਤੀ ਸੀ। ਅਖੀਰ, ਪੁਲਸ ਵਲੋਂ ਫੜੇ ਕੁਝ ਸ਼ੱਕੀ ਨਸ਼ੇੜੀਆਂ ਵਿਚੋਂ ਉਸ ਅਜਨਬੀ ਦੀ ਦੁਕਾਨਦਾਰ ਦੀ ਮਦਦ ਨਾਲ ਪਛਾਣ ਹੋ ਹੀ ਗਈ। ਇੱਕ ਦਿਨ ਬਾਬਾ ਜੀ ਨੇ ਕਿਸੇ ਨਾਲ ਗੱਲਾਂ ਕਰਦਿਆਂ ਕਿਹਾ – ਮੈਨੂੰ ਪੈਸੇ ਜਾਣ ਦਾ ਦੁਖ ਨਹੀਂ, ਮੈਨੂੰ ਪੈਸੇ ਦੀ ਲੋੜ ਨਹੀਂ ਸੀ। ਦੁਖ ਸਿਰਫ ਇਸ ਗਲ ਦਾ ਹੈ ਕਿ ਮੈਂ ਆਪਣੀ ਬਚਤ ਉਨ੍ਹਾਂ ਲਾਵਾਰਿਸਾਂ ਤਕ ਨਹੀਂ ਪੁਜਾ ਸਕਿਆ ਜਿਨ੍ਹਾਂ ਨੂੰ ਅਸਲ ਵਿਚ ਇਸ ਦੀ ਜ਼ਰੂਰਤ ਸੀ। ਕੁਝ ਦਿਨਾਂ ਬਾਅਦ “ਰੱਬ ਜੀ” ਦੁਨੀਆਂ ਛਡ ਕੇ ਆਪਣੇ ਅਸਲੀ ਘਰ ਪੁਜ ਗਏ।
ਅਜ ਹੋਰਨਾ ਵਾਂਗ ਮੈਂ ਵੀ ਹੈਰਾਨ ਹਾਂ - ਕੀ ਸਚਮੁਚ “ਰੱਬ ਜੀ” ਦੇ ਘਰ ਵਿਚ ਵੀ ਚੋਰੀ ਹੋ ਸਕਦੀ ਹੈ?