ਜਿੰਦਗੀ ਦਾ ਮਸੀਹਾ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇਕਰ ਅੱਜ ਤੋਂ ਕੋਈ ਸਾਢੇ ਚਾਰ ਪੰਜ ਦਹਾਕੇ ਪਹਿਲਾਂ ਦੀ ਗੱਲ ਕਰੀਏ ਜਦੋਂ ਸਿਹਤ ਵਿਭਾਗ ਕਹਿ ਸਕਦੇ ਹਾਂ ਜਾਂ ਸਰਕਾਰੀ ਜਿਆਦਾ  ਹਸਪਤਾਲ ਨਹੀਂ ਸਨ ਜਾਂ ਕਹਿ ਲਈਏ ਕਿ ਬੀਮਾਰੀਆਂ ਨੂੰ ਜਿਆਦਾ ਗੰਭੀਰਤਾ ਨਾਲ ਨਹੀਂ ਸੀ ਲਿਆ ਜਾਂਦਾ ਇਸ ਲਈ ਲੋਕਾਂ ਦਾ ਮੁਹਾਨ ਜਿਆਦਾ ਵੱਡਿਆਂ ਹਸਪਤਾਲਾਂ ਵੱਲ ਨਹੀਂ ਸੀ, ਸਿਰਫ ਤੇ ਸਿਰਫ ਪਿੰਡਾਂ ਦੇ ਵਿੱਚ ਦੇਸੀ ਹਕੀਮ ਬਿਮਾਰੀਆਂ ਦਾ ਇਲਾਜ ਕਰਦੇ ਸਨ ਉਹਨਾਂ ਸਮਿਆਂ ਦੇ ਵਿੱਚ ਜਿਆਦੇ ਬਜ਼ੁਰਗ ਔਰਤਾਂ ਘਰਾਂ ਦੇ ਵਿੱਚ ਦਸ਼ਾਂਦਾ ਬਣਾ ਕੇ ਆਮ ਹੀ ਰੱਖਦੀਆਂ ਸਨ ਜਿਨਾਂ ਵਿੱਚ ਵੱਡੀ ਇਲਾਇਚੀ ਸੌਂਫ ਅਜਵੈਨ ਖਸ ਖਸ ਦਾਲਚੀਨੀ ਮਲੱਠੀ ਇਹੋ ਜਿਹੇ ਦੇਸੀ ਚੀਜ਼ਾਂ ਦਾ ਦਸ਼ਾਂਦਾ ਬਣਾ ਕੇ ਰੱਖਣਾ ਅਗਰ ਕਿਸੇ ਨੂੰ ਬੁਖਾਰ ਦੀ ਸ਼ਿਕਾਇਤ ਹੋਣੀ ਜਾਂ ਉਲਾਂ ਵੱਜਣੀਆਂ ਜਾਂ ਪੇਟ ਚ ਦਰਦ ਉਛਾਲੀ ਆਉਣੀ ਜਾਂ ਹੋਰ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਕੋਈ ਬਿਮਾਰੀਆਂ ਹੋਣੀਆਂ ਤਾਂ ਉਹਨਾਂ ਦਾ ਇਲਾਜ ਵੈਸੇ ਹੀ ਘਰਾਂ ਦੇ ਵਿੱਚ ਕੀਤਾ ਜਾਂਦਾ ਰਿਹਾ ਹੈ। ਇਹ ਦਸ਼ਾਂਦਾ ਦੇ ਦੇਣਾ ਮੋਟਾ ਖੇਸ ਦੇ ਕੇ ਉਸ ਬੱਚੇ ਨੂੰ ਜਾਂ ਉਸ ਬੀਬੀ ਨੂੰ ਜਾਂ ਉਸ ਬਾਈ ਨੂੰ ਕਹਿ ਦੇਣਾ ਕਿ ਪਸੀਨਾ ਲਓ ਮਤਲਬ ਸਰੀਰ ਨੂੰ ਮੁੜਕਾ ਦਵਾਓ ਤੇ ਸਰੀਰ ਖੁੱਲ ਜਾਊਗਾ। ਇਸ ਤੋਂ ਇਲਾਵਾ ਦੇਸੀ ਹਕੀਮ ਪਿੰਡਾਂ ਦੇ ਵਿੱਚ ਹੁੰਦੇ ਸਨ ਜੋ ਨਬਜ਼ ਵੇਖ ਕੇ ਬਿਮਾਰੀ ਦਾ ਪਤਾ ਕਰ ਲੈਂਦੇ ਔਰ ਉਸ ਹਿਸਾਬ ਨਾਲ ਪੁੜੀਆਂ ਦੇ ਦੇਣੀਆਂ ਕਿਉਂਕਿ ਉਹਨਾਂ ਕੋਲ ਦੇਸੀ ਨੁਸਖਿਆਂ ਦੀਆਂ ਬਣਾਈਆਂ ਹੋਈਆਂ ਦਵਾਈਆਂ ਹੁੰਦੀਆਂ ਸਨ ਉਹਨਾਂ ਦੀਆਂ ਪੁੜੀਆਂ ਬੰਨ ਕੇ ਕਹਿਣਾ ਕਿ ਦਹੀਂ ਨਾ ਲੈਣੀਆਂ ਜਾਂ ਕਾਢਨੀ ਦੇ ਦੁੱਧ ਨਾਲ ਉਹਨਾਂ ਨੇ ਕਹਿਣਾ ਲੈ ਲਓ ਜਾਂ ਕੋਸੇ ਪਾਣੀ ਦੇ ਨਾਲ ਲਓ। ਇਉਂ ਦਵਾਈ ਦੇਣੀ ਔਰ ਤੀਜੇ ਦਿਨ ਉਸ ਇਨਸਾਨ ਨੇ ਬੀਬੀ ਨੇ ਬੱਚੇ ਨੇ ਠੀਕ ਹੋ ਜਾਣਾ। ਉਹਨਾਂ ਸਮਿਆਂ ਦੇ ਵਿੱਚ ਤਾਂ ਇਹ ਵੀ ਗੱਲ ਬੜੀ ਪ੍ਰਚਲਤ ਸੀ ਔਰ ਸਾਡੇ ਨਾਲ ਖੁਦ ਵੀ ਬੀਤਦੀ ਰਹੀ ਹੈ ਕਿ ਜੇਕਰ ਕਿਸੇ ਨਿਕੇ ਨਿਆਣੇ ਨੂੰ ਜਿਆਦਾ ਬੁਖਾਰ ਹੋ ਜਾਣਾ ਤਾਂ ਉਹਨੂੰ ਮਾਤਾ ਪਿਤਾ ਨੇ ਕਹਿਣਾ ਕਿ ਜਾਓ ਮਿੱਟੀ ਚ ਲੇਟੋ  ਕਿਉਂਕਿ ਮੁੜ ਕੇ ਬੁਖਾਰ ਆਉਂਦਾ ਹੀ ਨਹੀਂ। ਇਹ ਸਮੇਂ ਵੀ ਰਹੇ ਆ ਔਰ ਅਸਲੀਅਤ ਗੱਲਾਂ ਸਾਡੇ ਸਾਹਮਣੇ ਹੁੰਦੀਆਂ ਰਹੀਆਂ ਹਨ। ਜੇ ਸਮੁੱਚੀ ਦੀ ਗੱਲ ਸੋਚੀਏ ਤਾਂ ਉਨਾਂ ਸਮਿਆਂ ਦੇ ਵਿੱਚ ਹਰ ਘਰ ਦੇ ਵਿੱਚ ਦੁੱਧ ਘਿਓ ਲਵੇਰਾ ਹੁੰਦਾ ਸੀ ਤੇ ਬਿਮਾਰੀ ਕੋਈ ਨੇੜੇ ਹੀ ਨਹੀਂ ਆਉਂਦੀ ਸੀ ਕਿਉਂਕਿ ਸਰੀਰਾਂ ਦੇ ਵਿੱਚ ਜਾਨ ਹੁੰਦੀ ਸੀ ਇਸ ਕਰਕੇ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਸੀ ਜੇ ਲੱਗਦੀਆਂ ਸੀ ਤੇ ਦੇਸੀ ਹਕੀਮ ਦੇ ਦਵਾਈ ਦੇਣ ਤੇ ਆਰਾਮ ਆ ਜਾਂਦਾ ਰਿਹਾ ਹੈ। 
            ਜੇਕਰ ਉਹਨਾਂ ਸਮਿਆਂ ਦੇ ਇਵਸ ਦੇ ਵਿੱਚ ਅਜੋਕੇ ਸਮਿਆਂ ਦੀ ਗੱਲ ਕਰੀਏ ਜਦੋਂ ਆਪਾਂ 21ਵੀਂ ਸਦੀ ਦੇ ਵਿੱਚ ਜੀ ਰਹੇ ਹਾਂ ਬਹੁਤ ਵੱਡੇ ਵੱਡੇ ਹਸਪਤਾਲ ਬਣ ਗਏ ਹਨ ਔਰ ਅੱਜ ਕੱਲ ਜੇ ਕਿਸੇ ਵੀ ਬੱਚੇ ਦੇ ਰਾਤ ਨੂੰ ਕੋਈ ਮੱਛਰ ਵੀ ਲੜ ਜੇ ਤਾਂ ਉਹਦੇ ਤੇ ਮਾੜਾ ਜਿਹਾ ਕੋਈ ਧਫੜ ਹੋ ਜੇ ਤਾਂ ਸਭ ਤੋਂ ਪਹਿਲਾਂ ਉਹਦਾ ਟੈਸਟ ਕਰਾਇਆ ਜਾਂਦਾ ਹੈ ਟੈਸਟਾਂ ਤੇ ਹਜ਼ਾਰਾਂ ਰੁਪਏ ਲੱਗਦੇ ਆ ਔਰ ਦਵਾਈ ਤਾਂ ਉਸ ਤੋਂ ਬਾਅਦ ਦੀਆਂ ਗੱਲਾਂ ਨੇ। ਛੋਟੀ ਜਿਹੀ ਗੱਲ ਤੇ ਆਪਰੇਸ਼ਨ ਕਰਵਾਉਣਾ ਭੱਜ ਕੇ ਜਾਣਾ ਇਹੋ ਜਿਹੀਆਂ ਗੱਲਾਂ ਅਜੋਕੇ ਸਮੇਂ ਦੇ ਵਿੱਚ ਆਮ ਹੋ ਗਈਆਂ ਹਨ। 
       ਉਂਝ ਤਾਂ ਲੁਕਮਾਨ ਵਰਗੇ ਵੀ ਪ੍ਰਸਿੱਧ ਹਕੀਮ ਇਥੇ ਹੋ ਗੁਜਰੇ ਹਨ ਜਿਨਾਂ ਨੂੰ ਦੁਨੀਆਂ ਪੂਜਦੀ ਹੈ। ਓਹ ਕਹਿੰਦੇ ਸਨ ਕਿ ਇੱਕ ਵਾਰ ਜਿਉਂਦੇ ਇਨਸਾਨ ਦੇ ਮੂੰਹ ਅੰਦਰ ਮੇਰੀ ਗੋਲੀ ਚਲੀ ਜਾਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਸ ਇਨਸਾਨ ਦੀ ਮੌਤ ਹੋ ਜਾਵੇ ਇਹੋ ਜਿਹੀਆਂ ਕਹਾਣੀਆਂ ਵੀ ਬਹੁਤ ਪ੍ਰਚਲਤ ਹਨ ਪਰ ਇਹ ਬਹੁਤ ਪੁਰਾਤਨ ਸਮੇਂ ਦੀਆਂ ਗੱਲਾਂ ਹਨ। ਜੋ ਚੀਜ਼ ਆਪਾਂ ਵੇਖੀ ਨੀ ਜਾਂ ਆਪਾਂ ਪਰਖੀ ਨਹੀਂ ਉਹਦੀ ਬਾਬਤ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਵੈਸੇ  ਹੋ ਸਕਦਾ ਹੈ ਸੱਚੀਆਂ ਹੋਣ।  
                   ਪੁਰਾਤਨ ਸਮਿਆਂ ਦੇ ਵਿੱਚ ਸਾਡੇ ਪਿੰਡ ਦੱਦਾਹੂਰ  ਦੇ ਨੇੜੇ ਪਿੰਡ ਕੋਰੇਵਾਲਾ ਹੈ ਉੱਥੇ ਇੱਕ ਸਾਧੂ ਰਾਮ ਤਾਲਬ ਨਾਂ ਦਾ ਵੈਦ ਹੁੰਦਾ ਸੀ ਉਹਦੇ ਕੋਲੇ ਬੜਾ ਰਸ਼ ਰਹਿਣਾ ਦੇਸੀ ਦਵਾਈਆਂ ਵਾਲਿਆਂ ਦਾ ਔਰ ਆਰਾਮ ਵੀ ਹਰ ਇੱਕ ਬੰਦੇ ਨੂੰ ਲਾਜਮੀ ਆ ਜਾਂਦਾ ਸੀ। ਲੋਕਾਂ ਨੂੰ ਉਸ ਉੱਪਰ ਪੂਰਾ ਯਕੀਨ ਸੀ। ਇਸੇ ਤਰ੍ਹਾਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਅੱਡੋ ਅੱਡੀ ਨੇੜੇ ਤੇੜੇ ਵੈਦ ਹਕੀਮਾਂ ਦੀ ਬਹੁਤਾਤ ਰਹੀ ਹੈ ਇਸੇ ਤਰ੍ਹਾਂ ਹੀ ਪਿੰਡ ਧੂੜਕੋਟ ਨੇੜੇ ਮੱਲਣ ਦੇ ਉੱਥੇ ਵੀ ਤਾਰਾ ਦਾਸ ਤੇ ਸਰਜੂ ਦਾਸ ਦੋ ਦੇਸੀ ਵੈਦ ਸਨ ਜੋ ਉੱਠ ਤੇ ਜਾ ਕੇ ਟੀਬੀ ਦਾ ਇਲਾਜ ਕਰਦੇ ਸਨ ਇਹ ਗੱਲਾਂ ਡਾਕਟਰ ਸਿਕੰਦਰ ਸਿੰਘ ਪ੍ਰੇਮੀ ਜੀ  ਧੂੜਕੋਟ ਵਾਲਿਆਂ ਨੇ ਦੱਸੀਆਂ ਨੇ ਅੱਗੇ ਸਿਕੰਦਰ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੇ ਡੇਰੇ ਤੇ ਘੱਟੋ ਘੱਟ ਡੇਢ ਸੌ ਮਰੀਜ਼ ਟੀਬੀ ਵਾਲਾ ਦਾਖਲ ਹੁੰਦਾ ਸੀ ਜਿਨਾਂ ਦਾ ਇਲਾਜ ਤੁੱਛ ਜਿਹੇ ਪੈਸਿਆਂ ਨਾਲ ਕਰਦੇ ਸਨ। ਇਹਨਾਂ ਤੋਂ ਬਾਅਦ ਇਹਨਾਂ ਤੋਂ ਬਿਨਾਂ ਵੀ ਸਿਕੰਦਰ ਸਿੰਘ ਜੀ ਦੱਸਦੇ ਹਨ ਕਿ ਰਿਖੀ ਦਾਸ ਅਤੇ ਇੰਦਰਮੁਨੀ ਜੀ ਸਾਡੇ ਧੂੜਕੋਟ ਪਿੰਡ ਦੇ ਬਹੁਤ ਚੰਗੇ ਵਧੀਆ ਦੇਸੀ ਹਕੀਮ ਰਹੇ ਹਨ। ਇਸੇ ਤਰ੍ਹਾਂ ਅਲੱਗ ਅਲੱਗ ਪਿੰਡਾਂ ਦੇ ਵਿੱਚ ਅਲੱਗ ਅਲੱਗ ਦੇਸੀ ਹਕੀਮ ਹੁੰਦੇ ਸਨ ਜਿਨਾਂ ਤੋਂ ਉਸ ਸਮੇਂ ਪੁਰਾਤਨ ਸਮਿਆਂ ਦੇ ਵਿੱਚ ਲੋਕ ਇਲਾਜ ਕਰਵਾਉਂਦੇ ਰਹੇ ਹਨ। ਇਸੇ ਤਰ੍ਹਾਂ ਪਿੰਡ ਲੰਗੇਆਣਾ ਵਿਖੇ ਵੀ ਦੇਸੀ ਵੈਦ ਕੰਸ ਰਾਮ ਜੀ ਹੁੰਦੇ ਸਨ ਜੋ ਦਾਸ ਦੇ ਚਾਚਾ ਜੀ ਸਨ ਓਹ ਜਿਥੇ ਦੇਸੀ ਨੁਸਖਿਆਂ ਨਾਲ ਹਰ ਬੀਮਾਰੀ ਦਾ ਇਲਾਜ ਕਰਨ ਦੇ ਮਾਹਰ ਸਨ ਓਥੇ ਸੱਪ ਦੇ ਕੱਟੇ ਦਾ ਇਲਾਜ ਵੀ ਓਹ ਸ਼ਰਤੀਆ ਕਰਦੇ ਸਨ। ਇੱਕ ਵਾਰ ਇਨਸਾਨ ਓਹਨਾਂ ਕੋਲ ਪਹੁੰਚ ਜਾਂਦਾ ਤਾਂ ਉਸ ਨੂੰ ਮੌਤ ਦੇ ਮੂੰਹ ਚੋਂ ਕੱਢ ਲੈਂਦੇ ਸਨ। ਉਹਨਾਂ ਦੇ ਪਦ ਚਿੰਨਾਂ ਤੇ ਚੱਲਦੇ ਹੋਏ ਇਸ ਸਮੇਂ ਵੀ ਸੱਪ ਦੇ ਕੱਟੇ ਦਾ ਔਰ ਦੇਸੀ ਨੁਸਖਿਆਂ ਦਾ ਇਲਾਜ ਉਹਨਾਂ ਦੇ ਬੇਟੇ ਡਾਕਟਰ ਸਾਧੂ ਰਾਮ ਲੰਗਿਆਣਾ ਜਿਉਂ ਦਾ ਤਿਉਂ ਕਰ ਰਹੇ ਹਨ ਅਤੇ ਅੱਜ ਵੀ ਬਹੁਤ ਇਲਾਕੇ ਦੀ ਸੰਗਤ ਉਹਨਾਂ ਕੋਲੋਂ ਦੇਸੀ ਦਵਾਈਆਂ ਬੂਟੀਆਂ ਲੈ ਕੇ ਫਾਇਦਾ ਖੱਟ ਰਹੇ ਹਨ ਪਿੰਡ ਲੰਗਿਆਣਾ ਵਿੱਚ ਅਤੇ ਬਾਘਾ ਪੁਰਾਣਾ ਵਿੱਚ ਉਹ ਦੇਸੀ ਇਲਾਜ ਕਰ ਰਹੇ ਹਨ।
         ਸੋ ਦੋਸਤੋ ਕਹਿਣ ਦਾ ਮਤਲਬ ਕਿ ਉਸ ਸਮੇਂ ਇਹ ਦੇਸੀ ਡਾਕਟਰ ਲੋਕਾਂ ਲਈ ਮਸੀਹੇ ਸਨ ਜਿਨਾਂ ਤੋਂ ਬਾਖੂਬ ਆਰਾਮ ਆ ਜਾਂਦਾ ਸੀ ਕਦੇ ਵੀ ਬਿਮਾਰੀ ਨੂੰ ਵਧਣ ਨਹੀਂ ਦਿੰਦੇ ਸਨ ਖਰਾਕਾਂ ਚੰਗੀਆਂ ਕਰਕੇ ਜਿਹੜੀ ਵੀ ਦਵਾਈ  ਉਹ ਇਨਸਾਨ ਨੂੰ ਦਿੰਦੇ ਸਰੀਰ ਦੇ ਵਿੱਚ ਕਾਟ ਕਰਦੀ ਸੀ ਤੇ ਇਸ ਦੇਸੀ ਨੁਸਖਿਆਂ ਦੀ ਦਵਾਈ ਨਾਲ ਪੂਰਾ ਆਰਾਮ ਆ ਜਾਂਦਾ ਰਿਹਾ ਹੈ। 
           ਤੇ ਇਹਦੇ ਇਵਸ ਦੇ ਵਿੱਚ ਜੋ ਅੱਜ ਹੋ ਰਿਹਾ ਉਹ ਵੀ ਆਪਾਂ ਤੋਂ ਕਿਸੇ ਤੋਂ ਕੋਈ ਗੱਲ ਗੁਝੀ ਨਹੀਂ ਕੋਈ। ਆਪਾਂ ਅਣਜਾਣ ਨਹੀਂ ਉਹਨਾਂ ਗੱਲਾਂ ਤੋਂ ਕਿਉਂਕਿ ਹਜ਼ਾਰਾਂ ਰੁਪਏ ਦੇ ਟੈਸਟ ਹੀ ਹੁੰਦੇ ਹਨ ਉਸ ਤੋਂ ਬਾਅਦ ਦਵਾਈ ਲੈਣੀ ਤੇ ਦਵਾਈਆਂ ਦੇ ਵਿੱਚ ਡਾਕਟਰਾਂ ਦਾ ਕਮਿਸ਼ਨ ਤੇ ਜਿਹੜੇ ਦਵਾਈਆਂ ਵੇਚਦੇ ਆ ਉਹਨਾਂ ਦਾ ਆਪਣਾ ਮੁਨਾਫਾ  ਵੀ ਮਰੀਜ਼ ਨੂੰ ਨਾ ਘਰ ਦਾ ਨਾ ਘਾਟ ਦਾ ਰਹਿਣ ਦਿੰਦਾ ਹੈ। ਬਹੁਤ ਮਹਿੰਗੇ ਇਲਾਜ ਹੋ ਗਏ ਹਨ ਪਰ ਕੋਈ ਸਮਾਂ ਪੰਜਾਬ ਦੇ ਵਿੱਚ ਇਹੋ ਜਿਹਾ ਸੀ ਜਿਹੜੇ ਬਿਲਕੁਲ ਥੋੜੇ ਪੈਸੇ ਦੇ ਕੇ ਮਰੀਜ਼ ਤੰਦਰੁਸਤ ਹੋ ਜਾਇਆ ਕਰਦੇ ਸਨ ਕਾਸ਼ ਉਹ ਸਮੇਂ ਅੱਜ ਵੀ ਵਾਪਸ ਆ ਜਾਣ ਤੇ ਲੋਕ ਉਹਨਾਂ ਗੱਲਾਂ ਤੇ ਇਤਬਾਰ ਕਰਨ ਔਰ ਦੇਸੀ ਇਲਾਜ ਆਯੁਰਵੈਦਿਕ ਦੇਸੀ ਜੜੀ ਬੂਟੀਆਂ ਦੇ ਇਲਾਜ ਤੇ ਸਬਰ ਕਰ ਸਕਣ। ਪਰ ਇਹ ਹੋਣਾ ਅਸੰਭਵ ਹੈ। ਇਹ ਤਾਂ ਲੇਖਕ ਦੇ ਆਪਣੇ ਮਨ ਦੇ ਵਲਵਲੇ ਹਨ।  ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਔਰ ਕਦੇ ਵੀ ਕਿਸੇ ਨੂੰ ਹਸਪਤਾਲ ਨਾ ਜਾਣਾ ਪਵੇ ਸਾਰੇ ਪਾਸੇ ਸੰਸਾਰ ਦੇ ਵਿੱਚ ਤੰਦਰੁਸਤੀ ਹੋਵੇ ਇਹੋ ਹੀ ਕਾਮਨਾ ਹੈ।