ਸ਼ਹੀਦੀ ਪੁਰਬ ਨੂੰ ਸਮਰਪਿਤ ਰਹੀ ਸਿਰਜਣਧਾਰਾ ਦੀ ਮੀਟਿੰਗ (ਖ਼ਬਰਸਾਰ)


ਲੁਧਿਆਣਾ --  ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਦੇ ਡਾ.ਪਰਮਿੰਦਰ ਸਿੰਘ ਹਾਲ ਵਿੱਚ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰੋ ਰਵਿੰਦਰ ਸਿੰਘ ਭੱਠਲ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਥਰਨਾਲਾ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਪ੍ਰਿੰ. ਸੁਰਿੰਦਰ ਸਿੰਘ ਭੱਠਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮੀਟਿੰਗ ਦੇ ਸ਼ੁਰੂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਾਰੇ ਹਾਜ਼ਰ ਸਾਹਿਤਕਾਰਾਂ ਅਤੇ ਕਵੀਆਂ ਨੇ ਉਨ੍ਹਾਂ ਨੂੰ ਨਮਨ ਕੀਤਾ। 


ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਸਿੰਘ ਭੱਠਲ ਅਤੇ ਡਾ ਗੁਰਚਰਨ ਕੌਰ ਕੋਚਰ ਨੇ ਪੰਚਮ ਪਾਤਸ਼ਾਹ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਅਮਰਜੀਤ ਸਿੰਘ ਸ਼ੇਰਪੁਰੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਨੇ ਸਾਨੂੰ ਹੱਕ, ਸੱਚ ਅਤੇ ਦ੍ਰਿੜਤਾ ਨਾਲ ਜੀਵਨ ਜਿਉਣ ਦੀ ਜਾਂਚ ਸਿਖਾਈ ਹੈ। ਉੱਘੀ ਕਹਾਣੀਕਾਰਾ ਇੰਦਰਜੀਤਪਾਲ ਕੌਰ ਨੇ ਕਿਹਾ ਕਿ ਮੁਗ਼ਲ ਸਲਤਨਤ ਵੱਲੋਂ ਗੁਰੂ ਸਾਹਿਬ ਉੱਤੇ ਕੀਤੇ ਕੋਝੇ ਅਤੇ ਦਿਲ ਕੰਬਾਊ ਜੁਲਮਾਂ ਦੀ ਮਿਸਾਲ ਦੁਨੀਆਂ 'ਚ ਕਿਧਰੇ ਵੀ ਨਹੀਂ ਮਿਲਦੀ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਲਾਹਨਤਾਂ ਪੈਂਦੀਆਂ ਰਹਿਣਗੀਆਂ।


ਇਸ ਸਮੇਂ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ ਅਤੇ ਬਾਪੂ ਬਲਕੌਰ ਸਿੰਘ ਨੇ ਵੀ ਆਪਣੇ ਸ਼ਬਦਾਂ ਰਾਹੀਂ ਗੁਰੂ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਉਪਰੰਤ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਮੰਚ ਸੰਚਾਲਨ ਜਨਰਲ ਸੈਕਟਰੀ ਅਮਰਜੀਤ ਸ਼ੇਰਪੁਰੀ ਨੇ ਕੀਤਾ। ਸ਼ੁਰੂ ਵਿੱਚ ਡਾ ਗੁਰਚਰਨ ਕੌਰ ਕੋਚਰ ਨੇ ਕਵਿਤਾ ‘ਭਾਵੇਂ ਜੁਲਮ ਦਾ ਕਿੰਨਾਂ ਤੂਫ਼ਾਨ ਆਵੇਂ, ਸੁਰਜੀਤ ਸਿੰਘ ਜੀਤ ਨੇ ਗੀਤ 'ਮੇਰਾ ਸਾਈ ਬੈਠਾ ਤਵੀ 'ਤੇ ਅਮਰਜੀਤ ਸ਼ੇਰਪੁਰੀ ਨੇ ਗੀਤ 'ਤਪੇ ਜੇਠ ਦਾ ਮਹੀਨਾ ਅੱਗ ਸੂਰਜ ਵਰ੍ਹਾਵੇ, ਬੈਠਾ ਪਾਤਸ਼ਾਹ ਤਵੀ ਦੇ ਉੱਤੇ ਠੰਡ ਵਰਤਾਵੇਂ', ਸੁਰਿੰਦਰ ਸਿੰਘ ਭੱਠਲ ਨੇ ਕਵਿਤਾ 'ਇਸ ਵਾਤਾਨਕੂਲ ਕਮਰੇ 'ਚੋਂ ਆਓ ਮੁਕਤ ਕਰੀਏ ਕਵਿਤਾ ਨੂੰ, ਸੰਪੂਰਨ ਸਨਮ ਸਾਹਨੇਵਾਲ ਨੇ ਗੀਤ 'ਕੀ ਆਖਾਂ ਮੈ ਤਵੀ ਤਪਦੀ ਨੂੰ, ਇੰਦਰਜੀਤ ਕੌਰ ਲੋਟੇ ਨੇ ਸਾਂਝੇ ਪੰਜਾਬ ਦੇ ਕਵੀ ਤਜੱਮੂਲ ਕਲੀਮ ਦੀ ਕਵਿਤਾ 'ਕੋਈ ਜਿਊਂਦਾ ਈ ਨੀ ਬਚਿਆ ਕਿਹੜਾ ਮੈਨੂੰ ਦੇਖੇ, ਮੈਂ ਵੇਹੜੇ ਨੂੰ ਦੇਖੀ ਜਾਵਾਂ ਵਿਹੜਾ ਮੈਨੂੰ ਦੇਖੇਂ, ਕੁਲਦੀਪ ਰਾਏ ਭਗਤ ਨੇ ਕਵਿਤਾ 'ਅੱਜ ਲਿਖਦਿਆਂ ਲਿਖਦਿਆਂ ਮੇਰੀ ਕਲਮ ਰੋਣ ਲੱਗ ਪਈਂ ਪੇਸ਼ ਕੀਤੀ। ਇਸ ਮੌਕੇ ਦਰਸ਼ਨ ਸਿੰਘ ਢੋਲਣ, ਡਾਕਟਰ ਜਸਪਾਲ ਸਿੰਘ ਸੈਣੀ, ਸਤਨਾਮ ਸਿੰਘ ਅਤੇ ਗੁਰਦੀਪ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।