ਦਿਲ ਆਪਣਾ ਪਰਚਾ ਰਹੇ ਹਾਂ।
ਢੋਲੇ ਦੀ ਲਾ ਗਾ ਰਹੇ ਹਾਂ।
ਹਿੰਮਤ ਦੇ ਨਾਲ ਰਾਹੇ-ਰਾਹੇ,
ਆ ਰਹੇ ਹਾਂ-ਜਾ ਰਹੇ ਹਾਂ।
ਆਪਣੇ ਹਿੱਸੇ ਦਾ ਗ਼ਮ ਪੀ ਕੇ,
ਹੱਸ ਰਹੇ-ਮੁਸਕਰਾ ਰਹੇ ਹਾਂ।
ਯਾਰਾਂ ਦੇ ਸੰਗ ਆੜੀ ਬਣਕੇ,
ਯਾਰੀ ਅਸੀਂ ਨਿਭਾ ਰਹੇ ਹਾਂ।
ਦੁੱਖਾਂ ਦੇ ਵਿੱਚ ਹੋਈਏ ਭਾਵੇਂ,
ਫਿਰ ਵੀ ਹੀਰਾਂ ਗਾ ਰਹੇ ਹਾਂ।
ਕਰਮਾਂ ਨੂੰ ਨਹੀਂ ਮਿਹਣਾ ਦਿੰਦੇ,
ਚੰਗੇ ਕਰਮ ਕਮਾ ਰਹੇ ਹਾਂ।
ਗ਼ਮ ਪੀ ਕੇ ਵੀ ਹੱਸ ਲੈਂਦੇ ਹਾਂ,
ਗ਼ਮ ਦੀ ਆਦਤ ਪਾ ਰਹੇ ਹਾਂ।
ਸੁੱਖਾਂ ਦੇ ਵਿੱਚ ਹੱਸੀਏ ਬੇਸ਼ੱਕ,
ਦੁੱਖ ’ਚ ਵੀ ਮੁਸਕਰਾ ਰਹੇ ਹਾਂ।
ਚਾਵਾਂ ਦੀ ਅਸੀਂ ਬਲੀ ਚੜ੍ਹਾ ਕੇ,
ਫਿਰ ਵੀ ਚਹਿਚਹਾ ਰਹੇ ਹਾਂ।
ਨਵੇਂ-ਨਵੇਂ ਕੁਝ ਲੋਕਾਂ ਦੇ ਨਾਲ,
ਹਰ ਦਿਨ ਹੱਥ ਮਿਲਾ ਰਹੇ ਹਾਂ।
ਅੱਧੇ-ਪੌਣੇ ਹੋਈਏ ਭਾਵੇਂ,
ਭਰੇ ਪੂਰੇ ਦਰਸਾ ਰਹੇ ਹਾਂ।
ਗ਼ਮ ਨਹੀਂ ਸਾਂਝੇ ਕਰ ਸਕਦੇ ਪਰ,
ਖੁਸ਼ੀਆਂ ਰਲ ਮਨਾ ਰਹੇ ਹਾਂ।
ਲਿਖਦੇ ਹਾਂ ਕਵਿਤਾਵਾਂ-ਗ਼ਜ਼ਲਾਂ,
ਗੀਤ ਵੀ ਸੁੱਚੇ ਗਾ ਰਹੇ ਹਾਂ।
ਆਪਣੇ ਛੋਹਦੇ ਮਨ ਨੂੰ ਆਪੇ,
ਗੱਲਾਂ ਸੰਗ ਪਰਚਾ ਰਹੇ ਹਾਂ।
ਅੰਦਰੋਂ-ਬਲ਼ੀਏ-ਤਪੀਏ ਭਾਵੇਂ,
ਚਿਹਰਿਓਂ ਫੁੱਲ ਖਿੜਾ ਰਹੇ ਹਾਂ।
ਨਹੀਂ ਕਿਸੇ ਦੀ ਧੌਂਸ ਸਹਾਰੀ,
ਨਾ ਹੀ ਰੋਹਬ ਦਿਖਾ ਰਹੇ ਹਾਂ।
ਗਰਜਾਂ ਮਾਰੇ ਬੇਸ਼ੱਕ ਹਾਂ ਪਰ,
ਹੱਥ ਨਹੀਂ ਫੈਲਾ ਰਹੇ ਹਾਂ।
ਆਪਣੀ ਚਾਦਰ ਦੇ ਵਿੱਚ ਆਪੇ,
ਆਪਣਾ ਤਨ ਛੁਪਾ ਰਹੇ ਹਾਂ।
ਲਿਖ ਲੈਂਦੇ ਹਾਂ ਦਿਲ ਦੀਆਂ ਗੱਲਾਂ,
ਲਿਖ-ਲਿਖ ਕੇ ਛਪਵਾ ਰਹੇ ਹਾਂ।
ਸੜਦੇ-ਬਲ਼ਦੇ ਕਈ ਰਹਿੰਦੇ ਨੇ,
ਉਹ ਵੀ ਦਿਲੇ ਵਸਾ ਰਹੇ ਹਾਂ।
ਮਰ ਤਾਂ ਆਖਰ ਜਾਣਾ ਹੀ ਹੈ,
ਆਪਣੀ ਅਉਧ ਹੰਢਾ ਰਹੇ ਹਾਂ।
ਜੀਣੇ ਦਾ ਵੱਲ ਸਿੱਖ ਲਿਆ ਹੈ,
ਜੀਣਾ ਅਸੀਂ ਸਿਖਾ ਰਹੇ ਹਾਂ।