ਹੱਡੀ ਹੁੰਦੀ ਨਹੀਂ ਜੀਭ ਦੇ ਵਿੱਚ ਕੋਈ,
ਪਰ ਇਹ ਹੱਡੀਆਂ ਜਰੂਰ ਤੁੜਵਾ ਦਿੰਦੀ।
ਰਾਜਾ ਬਣਾ ਦਿੰਦੀ ਹੈ ਇਹ ਮੰਗਤੇ ਨੂੰ,
ਵੀਰੋ ਜੀਭ ਰਾਜੇ ਤੋਂ ਭੀਖ ਮੰਗਵਾ ਦਿੰਦੀ।
ਸੱਚ ਬੋਲਦਾ ਹੈ ਜੋ ਜੀਭ ਦੇ ਨਾਲ ਬੰਦਾ,
ਉਹਦਾ ਵਿੱਚ ਮਹਿਫਲਾਂ ਮਾਣ ਵਧਾ ਦਿੰਦੀ।
ਗੰਦ ਬਕਦਾ ਹੈ ਜੋ ਇਸਦੇ ਨਾਲ ਕੋਈ,
ਓਹਦੇ ਵਿੱਚ ਸੱਥ ਦੇ ਛਿੱਤਰ ਪਵਾ ਦਿੰਦੀ।
ਚੁਗਲੀ ਕਰਦਾ ਜੇ ਜੀਭ ਦੇ ਨਾਲ ਕੋਈ ਵੀ,
ਉਹਦੀਆਂ ਲੱਤਾਂ ਬਾਹਾਂ ਇਹ ਤੁੜਵਾ ਦਿੰਦੀ।
ਨਿਰੰਕਾਰ ਨੂੰ ਜੋ ਜੀਭ ਨਾਲ ਯਾਦ ਕਰਦਾ,
ਰਸਤਾ ਗੁਰੂ ਦੇ ਘਰ ਵਾਲਾ ਵਿਖਾ ਦਿੰਦੀ।
ਤਲਖੀ ਆਵੇ ਨਾ ਜੇ ਕਦੇ ਜ਼ੁਬਾਨ ਅੰਦਰ,
ਤਾਂ ਪਿਆਰ ਵਿੱਚ ਪਰਿਵਾਰਾਂ ਵਧਾ ਦਿੰਦੀ।
ਕੜਵੇ ਸ਼ਬਦ ਬੋਲੇ ਜਾਣ ਜੇ ਜੁਬਾਨ ਵਿੱਚੋਂ,
ਪਰਿਵਾਰਾਂ ਨੂੰ ਖੇਰੂੰ ਖੇਰੂੰ ਇਹ ਕਰਵਾ ਦਿੰਦੀ।
ਦੱਦਾਹੂਰ ਜੇ ਜੁਬਾਨ ਤੋਂ ਮਿੱਠਾ ਬੋਲੀਏ ਸਦਾ ,
ਵਿਛੜਿਆਂ ਤਾਈਂ ਇਹ ਜਰੂਰ ਮਿਲਾ ਦਿੰਦੀ।