ਸਮਝੋਂ ਬਾਰ੍ਹ ਇਹ ਗੋਰਖ ਧੰਦਾ, ਬੰਦਾ ਇੱਥੋਂ ਤੁਰ ਜਾਂਦਾ ਕਿਉਂ।
ਪੱਥਰ ਵਰਗਾ ਲੱਗਦਾ ਸੀ ਜੋ, ਮਿੱਟੀ ਵਾਗੂੰ ਭੁਰ ਜਾਂਦਾ ਕਿਉਂ।
ਜਿਸ ਦੇ ਬੋਲਾਂ ਤੇ ਨੈਣਾਂ ਵਿਚ, ਬਿਜਲੀ ਵਰਗਾ ਸੀ ਚਮਕਾਰਾ,
ਕਿਸ ਸ਼ਕਤੀ ਨਾਲ ਉਹ ਚਮਕਾਰਾ, ਜੱਗ ਉੱਤੋਂ ਹੋ ਫੁਰ ਜਾਂਦਾ ਕਿਉਂ।
ਜੋ ਮਜਲੂਮਾਂ ਦਾ ਸਾਥੀ ਬਣ, ਖੜ ਜਾਂਦਾ ਸੀ ਛਾਤੀ ਤਣ ਕੇ,
ਉਹ ਮੁੱਠੀ ਭਰ ਲੱਕੜਾਂ ਦੀਆਂ, ਲਪਟਾਂ ਦੇ ਵਿਚ ਖੁਰ ਜਾਂਦਾ ਕਿਉਂ।
ਜਿਸ ਨੇ ਸਭ ਦੇ ਸਿਰ ਹੱਥ ਧਰ ਕੇ, ਜੀਵਨ ਯੋਗ ਬਣਾਇਆ ਹੁੰਦਾ,
ਉਸ ਦੀ ਦੇਹੀ ਕਿਉਂਟੋ ਛੇਤੀ, ਦਾ ਫੁਰਨਾ ਹੈ ਫੁਰ ਜਾਂਦਾ ਕਿਉਂ।
ਅੱਜ ਤਕ ਹੈ ਇਹ ਸਮਝੋ ਬਾਹਰ, ਕੱਠੇ ਹੋਏ ਸਭ ਜੀਆਂ ਦਾ।
ਲਹਿਜਾ ਸੋਚਣ ਤੇ ਬੋਲਣ ਦਾ, ਜਲਦੀ ਹੋ ਇਕ ਸੁਰ ਜਾਂਦਾ ਕਿਉ।
ਜਿਸ ਨੂੰ ਮਿਲਿਆਂ ਬਾਝੋਂ ਸਾਡਾ, ਇਕ ਪਲ ਵੀ ਤਾਂ ਸਰਦਾ ਨਹੀਂ ਸੀ,
ਸੁਪਨੇ ਦੇ ਵਾਂਗੂੰ ਉਹ ਸਿੱਧੂ, ਅੱਖੋਂ ਉਹਲੇ ਤੁਰ ਜਾਂਦਾ ਕਿਉਂ।