ਸਥਾਪਤੀ ਵਿਰੁੱਧ ਬੇਬਾਕ ਆਲੋਚਨਾ ਕਰਨ ਵਾਲੇ ਸੰਤ -ਭਗਤ ਕਬੀਰ ਜੀ (ਲੇਖ )

ਜਸਵਿੰਦਰ ਸਿੰਘ ਰੁਪਾਲ   

Email: rupaljs@gmail.com
Cell: +91 98147 15796
Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
ਲੁਧਿਆਣਾ India 141006
ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪ੍ਰਭੂ ਪ੍ਰੇਮ ਵਿੱਚ ਰੱਤੇ,  ਆਪਣੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਤੇ ਤਿੱਖੀ ਚੋਟ ਕਰਨ ਵਾਲੇ ,ਅਤੇ ਰੂੜ੍ਹੀਵਾਦੀ ਪਰੰਪਰਾਵਾਂ ਦਾ ਡਟ ਕੇ ਵਿਰੋਧ ਕਰਨ ਵਾਲੇ ਭਗਤ ਕਬੀਰ ਜੀ 14ਵੀ ਸਦੀ ਦੇ ਅਖੀਰ ਵਿੱਚ ਜਨਮੇ ਇਕ ਐਸੇ ਇਨਕਲਾਬੀ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦਾ ਜੀਵਨ ਅਤੇ ਬਾਣੀ ਸਦੀਆਂ ਤੱਕ ਸਮਾਜ ਨੂੰ ਸੇਧ ਦਿੰਦੀ ਰਹੇਗੀ।

                        ਭਗਤਾਂ ,ਸੰਤਾਂ ,ਗੁਰੂਆਂ ਆਦਿ ਦੇ ਜੀਵਨ ਬਿਰਤਾਂਤ ਸੰਬੰਧੀ ਭਰੋਸੇਯੋਗ ਸਰੋਤਾਂ ਦੇ ਘੱਟ ਹੋਣ ਕਾਰਨ ਉਨ੍ਹਾਂ ਦੇ ਜੀਵਨ ਬਾਰੇ ਕੁਝ ਭੁਲੇਖੇ ਅਕਸਰ ਹੀ ਮਿਲਦੇ ਹਨ । ਇਸੇ ਤਰਾਂ  ਕਬੀਰ ਜੀ ਦੇ ਜਨਮ ਸਥਾਨ, ਜਨਮ ਤਾਰੀਖ, ਜੀਵਨ ਆਦਿ ਬਾਰੇ ਸਾਰੇ ਵਿਦਵਾਨ ਅਤੇ ਲਿਖਾਰੀ ਇੱਕ ਮੱਤ ਨਹੀਂ ਹਨ।  ਉਨ੍ਹਾਂ ਦਾ ਜਨਮ ਇੱਕ ਮੁਸਲਮਾਨ ਜੁਲਾਹੇ ਦੇ ਘਰ ਹੋਇਆ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਕਿਸੇ ਬ੍ਰਾਹਮਣ ਪਰਿਵਾਰ ਚ ਜਨਮੇ ਸੀ, ਪਰ ਪਰਿਵਾਰ ਵਲੋਂ ਬਾਹਰ ਸੁੱਟ ਦਿੱਤੇ ਗਏ ਸੀ ਜਿਥੋਂ ਇਕ ਜੁਲਾਹੇ ਨੀਰੂ   ਨੇ ਚੁੱਕਿਆ ਅਤੇ ਆਪਣੀ ਪਤਨੀ ਨੀਮਾ ਸਮੇਤ ਪਾਲਿਆ । ਇਹਨਾਂ ਦਾ ਜਨਮ 1398 ਵਿੱਚ ਹੋਇਆ ਮੰਨਿਆ ਜਾਂਦਾ ਹੈ ।ਜੁਲਾਹਾ ਜਾਤ ਉਸ ਸਮੇਂ ਦੇ ਸਮਾਜ ਲਈ ਇੱਕ ਨੀਵੀਂ ਜਾਤ ਸੀ ਅਤੇ ਅਛੂਤ ਮੰਨੀ ਜਾਂਦੀ ਸੀ। ਜਿਸ ਕਾਰਨ ਸਮਾਜ ਦੇ ਕਥਿਤ ਉੱਚ ਵਰਗ ਵੱਲੋਂ ਛੂਤ ਛਾਤ ਦੇ ਵਿਤਕਰੇ ਦਾ ਸਾਹਮਣਾ ਕਬੀਰ ਜੀ ਨੂੰ ਕਰਨਾ ਪਿਆ। ਕਬੀਰ ਜੀ ਦੀ 30 ਸਾਲ ਦੀ ਉਮਰ ਵਿਚ ਲੋਈ ਨਾਲ ਸ਼ਾਦੀ ਹੋਈ ਪਰ ਇਸ ਸ਼ਾਦੀ ਬਾਰੇ ਵੀ ਅਸਚਰਜ ਸਾਖੀਆਂ ਜੁੜੀਆਂ ਹੋਈਆਂ ਹਨ ਕਿ ਕਿਵੇਂ ਲੋਈ ਵੀ ਇੱਕ ਸੰਤ ਨੇ ਨਦੀ ਵਿਚ ਰੂੜੀ ਜਾਂਦੀ ਨੂੰ ਬਚਾ ਕੇ ਪਾਲਿਆ ਸੀ ਅਤੇ ਕਬੀਰ ਨਾਲ ਮਿਲਾਪ ਸਮੇ ਵੀ ਕੁਝ ਕਰਾਮਾਤੀ ਘਟਨਾਵਾਂ ਦਾ ਵਰਨਣ ਮਿਲਦਾ ਹੈ। ਇਸੇ ਤਰਾਂ ਪੁੱਤਰ ਕਮਾਲ ਅਤੇ ਧੀ ਕਮਾਲੀ ਨਾਲ ਵੀ ਕਰਾਮਾਤੀ ਘਟਨਾਵਾਂ ਹਨ,  ਕਿਉਂਕਿ ਇਹ ਅਕਸਰ ਹੀ ਹੁੰਦਾ ਹੈ ਕਿ ਸੰਤ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਕੁਝ ਕਰਾਮਾਤੀ ਸਾਖੀਆਂ ਜੁੜ ਜਾਂਦੀਆਂ ਹਨ।

                         ਕਬੀਰ ਜੀ ਦਾ ਗੁਰੂ ਰਾਮਾਨੰਦ ਜੀ ਨੂੰ ਮੰਨਿਆ ਜਾਂਦਾ ਹੈ । ਕਬੀਰ ਜੀ ਸ਼ੂਦਰ ਜਾਤ ਨਾਲ ਸੰਬੰਧਿਤ ਸੀ ਅਤੇ ਉਸ ਸਮੇਂ ਦੀ ਸੋਚ ਅਨੁਸਾਰ ਇਸ ਜਾਤੀ ਦੇ ਲੋਕ ਧਰਮ ਸਿੱਖਣ ਲਈ ਕਿਸੇ ਕਥਿਤ ਉੱਚ ਜਾਤੀਏ ਨੂੰ ਗੁਰੂ ਨਹੀਂ ਸੀ ਧਾਰ ਸਕਦੇ। ਭਾਈ ਗੁਰਦਾਸ ਜੀ ਅਨੁਸਾਰ ਕਬੀਰ ਉਸ ਰਸਤੇ ਲੰਮਾ ਪੈ ਗਿਆ ਜਿਥੋਂ ਰਾਮਾਨੰਦ ਨਦੀ ਤੇ ਇਸ਼ਨਾਨ ਕਰਨ ਜਾਂਦੇ ਸਨ। ਕਬੀਰ ਦੇ ਠੁੱਡਾ ਲੱਗਣ ਤੇ ਰਾਮਾਨੰਦ ਨੇ ਕਿਹਾ ,"ਉੱਠ ਭਾਈ ਰਾਮ ਰਾਮ ਕਹੁ।" ਤੇ ਕਬੀਰ ਨੂੰ ਗੁਰਮੰਤਰ ਮਿਲ ਗਿਆ।

ਕਬੀਰ ਨਾਮ ਹੇਠ ਰਚਿਤ ਬਾਣੀ  :--ਡਾਕਟਰ ਹਜਾਰਾ ਪ੍ਰਸਾਦ ਦ੍ਰਿਵੇਦੀ  ਆਪਣੀ ਪੁਸਤਕ ਕਬੀਰ ਵਿਚ ਲਿਖਦੇ ਹਨ, "ਕਬੀਰ ਦਾਸ ਦੇ ਨਾਮ ਪੁਰ ਜੋ ਬਾਣੀਆਂ ਮਿਲਦੀਆਂ ਹਨ,ਉਨ੍ਹਾਂ ਦਾ ਕੋਈ ਹਿਸਾਬ ਨਹੀਂ ਹੈ ਕਬੀਰ ਪੰਥੀ ਲੋਕਾਂ ਦਾ ਵਿਸ਼ਵਾਸ਼ ਹੈ ਕਿ ਸਦਗੁਰੂ(ਕਬੀਰ) ਦੀ ਬਾਣੀ ਅਨੰਤ ਹੈ । ਇਹ ਸਾਰੇ ਮੰਨਦੇ ਹਨ ਕਿ ਕਬੀਰ ਜੀ ਨੇ ਕਦੇ ਕਾਗਜ਼ ਕਲਮ ਨੂੰ ਛੋਹਿਆ ਤੱਕ ਵੀ ਨਹੀਂ ਸੀ। ਸਪਸ਼ਟ ਹੈ ਕਿ ਉਨ੍ਹਾਂ ਦੇ ਮੌਖਿਕ ਉਪਦੇਸ਼ ਨੂੰ ਉਨ੍ਹਾਂ ਦੇ ਚੇਲਿਆਂ ਨੇ ਪਿੱਛੋਂ ਲਿਖਿਆ ਹੋਏਗਾ। ਕਬੀਰ ਦਾਸ ਦੇ ਨਾਮ ਹੇਠ 6 ਦਰਜਨ ਦੇ ਕਰੀਬ ਪੁਸਤਕਾਂ ਮਿਲਦੀਆਂ ਹਨ। ਇਹਨਾਂ ਵਿੱਚ ਰਮੈਨੀ,ਸ਼ਬਦ, ਗਿਆਨ ਚੌਤੀਸਾ, ਵਿਪ੍ਰਬਤੀਸੀ, ਕਹਰਾ ਵਸੰਤ, ਚਾਚਰ, ਬੇਲੀ,ਬਿਰਹੁਲੀ ਹਿੰਡੋਲਾ ਅਤੇ ਸਾਖੀ ਇਹ ਗਿਆਰਾਂ ਅੰਗ ਹਨ । ਇਹਨਾਂ ਵਿਚੋਂ ਇੱਕ ਇੱਕ ਵਿਭਾਗ ਨੂੰ ਅੱਡ ਅੱਡ ਕਰਕੇ ਕਈ ਵਾਰ ਸੁਤੰਤਰ ਪੋਥੀ ਬਣਾ ਦਿੱਤੀ ਜਾਂਦੀ ਹੈ। ਪ੍ਰੋ. ਰਾਮ ਕੁਮਾਰ ਵਰਮਾ ਅਤੇ ਹੋਰ ਵਿਦਵਾਨ ਖੋਜੀਆਂ ਨੇ ਕਬੀਰ ਸਾਹਿਬ ਦੇ ਜਿਊਂਦੇ ਹੁੰਦੇ ਵੀ ਉਨ੍ਹਾਂ ਦੀ ਬਾਣੀ ਵਿਚ ਰਲਾਅ ਦੀ ਗੱਲ ਵੀ ਆਖੀ ਹੈ। ਬਹੁਤੇ ਵਿਸਥਾਰ ਵਿਚ ਨਾ ਜਾਂਦੇ ਕਬੀਰ ਜੀ ਦੀਆਂ ਰਚੀਆਂ ਪ੍ਰਮੁੱਖ ਲਿਖਤਾਂ ਹੇਠ ਲਿਖੀਆਂ ਹਨ--

ਬੀਜਕ

ਕਬੀਰ ਗ੍ਰੰਥਾਵਲੀ

ਸਾਖੀ ਕਬੀਰ

ਕਬੀਰ ਸਾਗਰ

ਅਨੁਰਾਗ ਸਾਗਰ 

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ 

 ਇਹਨਾਂ ਸਾਰੇ ਗ੍ਰੰਥਾਂ ਦੇ ਰਚਨਹਾਰ ਬਾਬਤ ਵੱਖ ਵੱਖ ਵਿਚਾਰਧਾਰਾਵਾਂ ਪ੍ਰਚੱਲਿਤ ਹਨ। ਉਹ ਬਾਣੀ ਜੋ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਹੈ, ਬਾਰੇ ਸਾਰੇ ਵਿਦਵਾਨ ਅਤੇ ਲਿਖਾਰੀ ਇੱਕ ਮੱਤ ਹਨ ਕਿ ਇਹ ਪ੍ਰਮਾਣਿਤ ਬਾਣੀ ਹੈ ਅਤੇ ਕਬੀਰ ਸਾਹਿਬ ਜੀ ਦੀ ਆਪਣੀ ਲਿਖੀ ਹੋਈ ਬਾਣੀ ਹੈ। (ਗੁਰੂ ਨਾਨਕ ਜੀ ਨੇ ਇਸ ਸ਼ੁੱਧਤਾ ਦੀ ਚੋਣ ਕਿਵੇਂ ਕੀਤੀ ਹੋਏਗੀ, ਇਹ ਇੱਕ ਹੈਰਾਨੀ  ਅਤੇ ਖੁਸ਼ੀ ਭਰਿਆ ਸੱਚ ਹੈ।) ਇਸ ਲਈ ਅਸੀਂ ਇਸ ਕਬੀਰ ਬਾਣੀ ਨੂੰ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਆਧਾਰ ਬਣਾਂਵਾਂਗੇ ਅਤੇ ਇਸੇ ਤੋਂ ਹੀ ਕਬੀਰ ਜੀ ਦੀ ਇਨਕਲਾਬੀ ਸੋਚ ਨੂੰ ਲੱਭਣ ਦਾ ਯਤਨ ਕਰਾਂਗੇ ।

ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਬੀਰ ਬਾਣੀ :- ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਦੇ ਕੁੱਲ 225 ਸ਼ਬਦ ਦਰਜ ਹਨ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ 31 ਰਾਗਾਂ ਵਿਚੋਂ 15 ਰਾਗਾਂ ਵਿਚ ਲਿਖੇ ਗਏ ਹਨ। ਇਹਨਾਂ ਵਿਚੋਂ ਸਭ ਤੋਂ ਵੱਧ ਸ਼ਬਦ ਗਉੜੀ ਰਾਗ ਵਿਚ-74 ਸ਼ਬਦ, ਅਤੇ ਸਭ ਤੋਂ ਘੱਟ ਤਿਲੰਗ ਰਾਗ ਵਿੱਚ-ਕੇਵਲ ਇੱਕ ਸ਼ਬਦ, ਹਨ। ਬਾਵਨ ਅੱਖਰੀ ,ਥਿਤੀ ,ਵਾਰ ਸਤ ਵੀ ਗਉੜੀ ਰਾਗ ਵਿਚ ਹੀ ਹਨ ਅਤੇ 243 ਸਲੋਕ ਰਾਗ-ਰਹਿਤ ਹਨ। ਕਬੀਰ ਬਾਣੀ ਵਿਚ ਅਵਧੀ, ਭੋਜਪੁਰੀ, ਬ੍ਰਿਜ, ਮਾਰਵਾੜੀ, ਪੰਜਾਬੀ, ਅਰਬੀ,ਫ਼ਾਰਸੀ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਮਿਲਦੀ ਹੈ। 

ਕਬੀਰ ਸਾਹਿਬ ਜੀ ਦੀ ਵਿਚਾਰਧਾਰਾ :- 

1.ਜਾਤ ਪਾਤ ਦਾ ਖੰਡਨ :- ਕਬੀਰ  ਜੀ ਨੂੰ ਜਾਤ ਪਾਤੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਸਾਰੇ ਮਨੁੱਖ ਇੱਕੋ ਹੀ ਨੂਰ ਤੋਂ ਪੈਦਾ ਹੋਏ ਹਨ। ਕੋਈ ਉੱਚਾ ਨੀਵਾਂ ਕਿਵੇਂ ਹੋ ਸਕਦਾ ਹੈ। ਉਨ੍ਹਾਂ ਡੰਕੇ ਦੀ ਚੋਟ ਤੇ ਕਿਹਾ --

* ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ।।

ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ ।।.....(ਪੰਨਾ ੧੩੪੯, ਪ੍ਰਭਾਤੀ)

ਬ੍ਰਾਹਮਣਵਾਦ ਤੇ ਇਸ ਨਾਲੋਂ ਵਡੀ ਕਿਹੜੀ ਚੋਟ ਹੋ ਸਕਦੀ ਹੈ ??

* ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ।।

ਤਉ ਆਨ ਬਾਟ ਕਾਹੇ ਨਹੀ ਆਇਆ ।। .(ਪੰਨਾ ੩੨੪, ਗਉੜੀ ਕਬੀਰ ਜੀ)

2.ਧਾਰਮਿਕ ਰਸਮਾਂ ਅਤੇ ਕਰਮ ਕਾਂਡਾਂ ਦਾ ਵਿਰੋਧ :- ਕਬੀਰ ਸਾਹਿਬ ਦੇ ਸਮੇਂ ਹਿੰਦੂ ਵੀ ਅਤੇ ਮੁਸਲਮਾਨ ਵੀ ਆਪੋ ਆਪਣੇ ਮਤ ਅਨੁਸਾਰ ਕਾਫੀ ਧਾਰਮਿਕ ਰਸਮਾਂ ਅਤੇ ਕਰਮ ਕਾਂਡ ਕਰਦੇ ਸਨ, ਕਬੀਰ ਸਾਹਿਬ ਨੇ ਇਹਨਾਂ ਬਾਹਰੀ ਦਿਖਾਵੇ ਵਾਲ਼ੀਆਂ ਸਾਰੀਆਂ ਰਸਮਾਂ ਦਾ ਪੂਰੀ ਨਿਡਰਤਾ ਨਾਲ ਵਿਰੋਧ ਕੀਤਾ ।

 ਉਦਾਹਰਣ ਲਈ ਕੁਝ ਦਾ ਹੀ ਜ਼ਿਕਰ ਕਰਾਂਗੇ - ਪਹਿਲਾਂ ਸਨਾਤਨ ਮਤ ਅਤੇ ਜੋਗ ਵਾਲਿਆਂ ਤੇ ਸ਼ਬਦਾਂ ਦੇ ਹਮਲੇ --

* ਨਗਨ ਫਿਰਤ ਜੌ ਪਾਈਐ ਜੋਗੁ ।।

ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ।।..(ਨੰਗੇ ਭਗਤੀ ਕਰਨ ਦਾ ਵਿਰੋਧ ) (ਪੰਨਾ ੩੨੪, ਗਉੜੀ ਕਬੀਰ ਜੀ )

* ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ।।

ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ।।.....( ਠਾਕੁਰ ਪੂਜਾ ਦਾ ਵਿਰੋਧ) (ਪੰਨਾ ੧੩੭੧, ਸਲੋਕ ਭਗਤ ਕਬੀਰ ਜੀਉ ਕੇ)

* ਛੋਡਹਿ ਅੰਨੁ ਕਰਹਿ ਪਾਖੰਡ ।।

ਨਾ ਸੋਹਾਗਨਿ ਨਾ ਓਹਿ ਰੰਡ।। .(ਵਰਤ ਰੱਖਣ ਦਾ ਵਿਰੋਧ) (ਪੰਨਾ ੮੭੩, ਗੋਂਡ)

* ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠਿ ਨ ਜਾਨਾਂ ।।

ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ।।(ਤੀਰਥਾਂ ਦਾ ਵਿਰੋਧ) (ਪੰਨਾ ੪੮੪, ਆਸਾ)

* ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ।।

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ।।....(ਪਿਤਰ ਪੂਜਾ ਦਾ ਵਿਰੋਧ)

                                                                            (ਪੰਨਾ ੩੩੨, ਰਾਗੁ ਗਉੜੀ ਬੈਰਾਗਣਿ ਕਬੀਰ ਜੀ)

3.ਇਸਲਾਮੀ ਕਰਮ ਕਾਂਡਾਂ ਦਾ ਵਿਰੋਧ :- ਭਾਵੇਂ ਭਗਤ ਕਬੀਰ ਜੀ ਦਾ ਪਾਲਣ ਪੋਸ਼ਣ ਇੱਕ ਮੁਸਲਿਮ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਿਰਫ ਦਿਖਾਵੇ ਦੇ ਕਰਮ ਕਾਂਡਾਂ ਦੇ ਪੂਰਨ ਤੌਰ ਤੇ ਵਿਰੋਧੀ ਸਨ। ਉਨ੍ਹਾਂ ਦਾ ਵਿਸ਼ਵਾਸ਼ ਸੀ ਅਤੇ ਇਹੀ ਉਨ੍ਹਾਂ ਨੇ ਪ੍ਰਚਾਰਿਆ ਵੀ ਕਿ ਸਿਰਫ ਹਿਰਦੇ ਤੋਂ ਪ੍ਰਭੂ ਨਾਲ ਪ੍ਰੀਤ ਚਾਹੀਦੀ ਹੈ, ਉਸ ਤੋਂ ਬਿਨਾਂ ਬਾਕੀ ਸਭ ਕੂੜ ਹੈ, ਝੂਠ ਹੈ। ਇਸਲਾਮੀ ਸ਼ਰਾ ਦੇ ਪਾਬੰਦ ਹੋਣ ਨਾਲੋਂ ਹਿਰਦੇ ਤੋਂ ਪ੍ਰਭੂ ਪ੍ਰੇਮ ਕਰਨਾ ਵਧੇਰੇ ਲਾਹੇਵੰਦ ਹੈ।

* ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ।।

ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ।। . .(ਬਾਂਗ ਦੇਣ ਦਾ ਵਿਰੋਧ)(ਪੰਨਾ ੧੩੭੪, ਸਲੋਕ ਭਗਤ ਕਬੀਰ ਜੀਉ ਕੇ)

* ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ।।

ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ।।(ਹਜ ਦਾ ਵਿਰੋਧ)(ਪੰਨਾ ੧੩੭੫, ਸਲੋਕ ਭਗਤ ਕਬੀਰ ਜੀਉ ਕੇ)

ਇਸਲਾਮ ਦੀ ਸ਼ਰਹ ਅਨੁਸਾਰ ਔਰਤ ਨੂੰ ਮਰਦ ਵਾਂਗ ਧਾਰਮਿਕ ਕਾਰਜ ਕਰਨ ਦੀ ਇਜਾਜਤ ਨਹੀ ਹੈ। ਕਬੀਰ ਸਾਹਿਬ ਨੇ ਕਰੜੇ ਹੱਥੀਂ ਇਸ ਦੀ ਆਲੋਚਨਾ ਕੀਤੀ ਹੈ।

* ਸੁੰਨਤ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ।।

ਅਰਧ ਸਰੀਰੀ ਨਾਰਿ ਨਾ ਛੋਡੈ ਤਾਂ ਤੇ ਹਿੰਦੂ ਹੀ ਰਹੀਐ ।। (ਸੁੰਨਤ ਦਾ ਵਿਰੋਧ )(ਪੰਨਾ ੪੭੭, ਆਸਾ)

4.ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣ ਦੇ ਚਾਹਵਾਨ :- ਕਬੀਰ ਜੀ ਕਿਰਤੀ ਅਤੇ ਮਿਹਨਤੀ ਦੇ ਨਾਲ ਖੜ੍ਹੇ ਹਨ ਅਤੇ ਆਖਦੇ ਹਨ ਕਿ ਜਿੰਨੀ ਦੇਰ ਮੇਰੀ ਕੁੱਲੀ ਗੁੱਲੀ ਜੁੱਲੀ ਦਾ ਠੀਕ ਪ੍ਰਬੰਧ ਨਹੀਂ ਹੈ, ਉਤਨੀ ਦੇਰ ਮੈ ਕਿਸੇ ਵੀ ਰੱਬ ਤੋਂ ਕਿ ਲੈਣਾ ਹੈ ??? ਉਹ ਅਜਿਹੀ ਭਗਤੀ ਤੋਂ ਤੌਬਾ ਕਰਦੇ ਹਨ -

* ਭੂਖੇ ਭਗਤਿ ਨ ਕੀਜੈ।।

ਯਹ ਮਾਲਾ ਅਪਨੀ ਲੀਜੈ ।। ..(ਪਹਿਲਾਂ ਮੁਢਲੀਆਂ ਲੋੜਾਂ ਪੂਰੀਆਂ ਹੋਣ ) (ਪੰਨਾ ੬੫੬, ਰਾਗੁ ਸੋਰਠਿ )

5.ਬ੍ਰਾਹਮਣਾਂ ਦੁਆਰਾ ਨਿੰਦਾ :-ਬ੍ਰਾਹਮਣਾਂ ਨੇ ਆਪ ਜੀ ਦੀ ਬਹੁਤ ਜਿਆਦਾ ਨਿੰਦਾ ਕੀਤੀ ਪਰ ਭਗਤ ਜੀ ਉਸ ਤੇ ਸਗੋਂ ਖੁਸ਼ ਹੀ ਹੋਏ।  ਉਨ੍ਹਾਂ ਦਾ ਵਿਚਾਰ ਸੀ ਕਿ ਨਿੰਦਾ ਤਾਂ ਸਗੋਂ ਵਿਅਕਤੀ ਦਾ ਸੁਧਾਰ ਕਰਦੀ ਹੈ।ਅਤੇ ਨਿੰਦਾ ਕਰਨ ਵਾਲਾ ਇਸ ਸੰਸਾਰ ਵਿਚ ਵੀ ਅਤੇ ਅੱਗੇ ਵੀ ਬਹੁਤ ਕਸ਼ਟ ਝੱਲਦਾ ਹੈ ।

* ਨਿੰਦਉ ਨਿੰਦਉ ਮੋਕਉ ਲੋਗੁ ਨਿੰਦਉ ।।

ਨਿੰਦਾ ਜਨ ਕਉ ਖਰੀ ਪਿਆਰੀ ।।

ਨਿੰਦਾ ਬਾਪੁ ਨਿੰਦਾ ਮਹਤਾਰੀ ।।

ਰਿਦੈ ਸੁਧ ਜਉ ਨਿੰਦਾ ਹੋਇ ।।

ਹਮਰੇ ਕਪਰੇ ਨਿੰਦਕ ਧੋਇ ।। .(ਪੰਨਾ ੩੩੯, ਗਉੜੀ)

6..ਜੁਲਮ ਦੇ ਸ਼ਿਕਾਰ :- ਕਬੀਰ ਜੀ ਤੇ ਵਕਤ ਦੇ ਹਾਕਮਾਂ ਨੇ ਜੁਲਮ ਵੀ ਕੀਤਾ ਹੈ। ਉਸ ਸਮੇ ਸਿਕੰਦਰ ਖਾਂ ਲੋਧੀ ਰਾਜ ਕਰਦਾ ਸੀ। ਉਨ੍ਹਾਂ ਦੀਆਂ ਬੇਬਾਕੀ ਅਤੇ ਨਿਰਭੈਤਾ ਨਾਲ ਕੀਤੀਆਂ ਸਖ਼ਤ ਟਿੱਪਣੀਆਂ ਦੀ ਸ਼ਿਕਾਇਤ ਰਾਜੇ ਕੋਲ ਕੀਤੀ ਗਈ ।  ਉਨ੍ਹਾਂ ਨੂੰ ਪਾਣੀ ਵਿਚ ਡੁਬੋਇਆ ਗਿਆ, ਫੇਰ ਹਾਥੀ ਅੱਗੇ ਵੀ ਸੁੱਟਿਆ ਗਿਆ । ਪਰ ਸਮੇਂ ਦੇ ਹਾਕਮ ਸੱਚ ਦੀ ਆਵਾਜ਼ ਨੂੰ ਨਹੀਂ ਰੋਕ ਸਕੇ। ਉਹ ਆਪਣੀ ਬਾਣੀ ਵਿਚ ਜਿਕਰ ਕਰਦੇ ਹਨ 

* ਗੰਗ ਗੁਸਾਇਨਿ ਗਹਿਰ ਗੰਭੀਰ ।।

ਜੰਜੀਰ ਬਾਂਧਿ ਕਰ ਖਰੇ ਕਬੀਰ ।।

..

ਗੰਗਾ ਕੀ ਲਹਿਰ ਮੇਰੀ ਟੁਟੀ ਜੰਜੀਰ ।।

ਮ੍ਰਿਗਸ਼ਾਲਾ ਪਰ ਬੈਠੇ ਕਬੀਰ ।।. .(ਪੰਨਾ ੧੧੬੨, ਭੈਰਉ ਬਾਣੀ ਭਗਤਾ ਕੀ ਕਬੀਰ ਜੀਉ)

ਇਸੇ ਤਰਾਂ ਹਾਥੀ ਅੱਗੇ ਸੁੱਟੇ ਜਾਣ ਦਾ ਜਿਕਰ ਕਰਦੇ ਉਹ ਲਿਖਦੇ ਹਨ -- 

* ਕਿਆ ਅਪਰਾਧੁ ਸੰਤ ਹੈ ਕੀਨਾ ।।

ਬਾਂਧਿ ਪੋਟ ਕੁੰਚਰ ਕਉ ਦੀਨਾ ।।

ਕੁੰਚਰ ਪੋਟ ਲੈ ਲੈ ਨਮਸਕਾਰੈ ।।

ਬੂਝੀ ਨਹੀਂ ਕਾਜੀ ਅੰਧਿਆਰੈ ।।. .(ਪੰਨਾ ੮੭੦, ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨)

7.ਹਿੰਦੂ ਮੁਸਲਮਾਨ ਦੋਹਾਂ ਤੋਂ ਉੱਪਰ :- ਕਬੀਰ ਜੀ ਕਿਸੇ ਵੀ ਪ੍ਰਚਲਿਤ ਮਜ਼ਹਬ ਦੀ ਪ੍ਰਸੰਸਾ ਨਹੀਂ ਕਰਦੇ। ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦੇ ਧਰਮਾਂ ਦੀਆਂ ਕੁਰੀਤੀਆਂ ,ਕਰਮ ਕਾਂਡਾਂ ਅਤੇ ਦਿਖਾਵਿਆਂ ਤੇ ਭਰਵੇਂ ਵਾਰ ਕੀਤੇ ਹਨ। ਉਹ ਹੋਰ ਬਾਣੀਕਾਰਾਂ ਵਾਂਗ ਹੀ ਅਕਾਲ ਪੁਰਖ ਨੂੰ ਸਾਰੇ ਮਜ਼ਹਬਾਂ ਤੋਂ ਉੱਪਰ ਮੰਨਦੇ ਹਨ। ਉਹ ਸਾਫ ਕਹਿੰਦੇ ਹਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਪ੍ਰਭੂ ਇੱਕ ਹੀ ਹੈ।

* ਹਿੰਦੂ ਤੁਰਕ ਕਾ ਸਾਹਿਬੁ ਏਕ।।

ਕਹ ਕਰੈ ਮੁਲਾ ਕਹ ਕਰੈ ਸੇਖ ।। .(ਪੰਨਾ ੧੧੫੮,ਭੈਰਉ ਬਾਣੀ ਕਬੀਰ ਜੀ ਘਰੁ ੧)

ਅਤੇ ਉਹਨਾਂ ਨੇ ਇਹਨਾਂ ਵਿਚੋਲਿਆਂ ਨੂੰ ਪੂਰਨ ਤੌਰ ਤੇ ਹੀ ਛੱਡ ਦਿੱਤਾ ਹੈ..

* ਹਮਰਾ ਝਗਰਾ ਰਹਾ ਨ ਕੋਊ ।। ਪੰਡਿਤ ਮੁਲਾਂ ਛਾਡੇ ਦੋਊ ।।

ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। .(ਪੰਨਾ ੧੧੫੮,ਭੈਰਉ ਬਾਣੀ ਕਬੀਰ ਜੀ ਘਰੁ ੧)

8.ਅੰਤਿਮ ਸਮੇ ਮਗਹਰ ਵਿਚ :-   ਬ੍ਰਾਹਮਣਾਂ ਵਲੋਂ  ਉਸ ਸਮੇ ਲੋਕਾਂ ਵਿਚ ਇਹ ਧਾਰਨਾ ਪ੍ਰਚਲਿਤ ਕੀਤੀ ਹੋਈ ਸੀ ਕਿ ਜੋ ਕਾਸੀ ਵਿਖੇ ਮਰੇਗਾ, ਉਹ ਮੁਕਤੀ ਪ੍ਰਾਪਤ ਕਰੇਗਾ ਅਤੇ ਜੋ ਮਗਹਰ ਵਿਖੇ ਮਰੇਗਾ, ਉਹ ਮਰਨ ਉਪਰੰਤ ਭਟਕੇਗਾ। ਭਗਤ ਕਬੀਰ ਜੀ ਜਾਣ ਬੁੱਝ ਕੇ ਆਪਣੇ ਅੰਤਿਮ ਸਮੇਂ ਮਗਹਰ ਵਿਚ ਗਏ ਅਤੇ ਉੱਥੇ ਜਾ ਕੇ ਪ੍ਰਾਣ ਤਿਆਗੇ। ਉਹਨਾਂ ਨੇ ਇਸ ਗੱਲ ਦਾ ਜਿਕਰ ਵੀ ਆਪਣੀ ਬਾਣੀ ਵਿਚ ਕੀਤਾ ਹੈ।

* ਸਗਲ ਜਨਮੁ ਸਿਵਪੂਰੀ ਗਵਾਇਆ ।।

ਮਰਤੀ ਬਾਰ ਮਗਹਰਿ ਉਠਿ ਆਇਆ ।।. (ਪੰਨਾ ੩੨੬, ਗਉੜੀ ਕਬੀਰ ਜੀ ਪੰਚਪਦੇ )

                         ਇਸ ਤਰਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਜੀਵਨ ਵਿੱਚ ਵੀ ਅਤੇ ਉਨ੍ਹਾਂ ਦੀ ਬਾਣੀ ਵਿਚ ਵੀ ਸਥਾਪਿਤ ਨਿਜ਼ਾਮ ਵਿਰੁੱਧ ਭਾਰੀ ਰੋਹ ਦੀ ਅਵਾਜ ਹੈ ਭਾਵੇ ਉਹ ਧਾਰਮਿਕ ਅਖਵਾਉਂਦੇ ਪੰਡਿਤ, ਬ੍ਰਾਹਮਣ, ਕਾਜੀ, ਮੌਲਵੀ ਆਦਿ ਜੋ ਵੀ ਸਤਿਕਾਰਯੋਗ ਹਸਤੀਆਂ ਹੋਣ। ਪ੍ਰਭੂ ਦੇ ਪ੍ਰੇਮ ਵਿਚ ਰੰਗੇ ਹੋਣ ਕਰਕੇ ਅਤੇ ਉਸ ਦੀ ਬ੍ਰਹਿਮੰਡੀ ਸੋਚ ਨੂੰ ਪੂਰਨ ਸਮਝਣ ਕਾਰਨ ਹੀ ਕਿਸੇ ਦੇ ਅੰਦਰ ਸਥਾਪਿਤ ਤਾਕਤਾਂ ਨੂੰ ਲਲਕਾਰਨ ਦਾ ਹੌਂਸਲਾ ਆਉਂਦਾ ਹੈ। 

ਉਨ੍ਹਾਂ ਦੇ ਦਿਹਾਂਤ ਬਾਰੇ ਵੀ ਸਾਰੇ ਵਿਦਵਾਨ ਇੱਕਸੁਰ ਨਹੀਂ ਹਨ। ਪਰ ਕਬੀਰ ਪੰਥੀਆਂ ਅਨੁਸਾਰ ਉਨ੍ਹਾਂ ਦੀ ਉਮਰ 120 ਸਾਲ ਸੀ ਅਤੇ ਇਸ ਤਰਾਂ ਉਹ 1518 ਈਸਵੀ ਨੂੰ ਮਗਹਰ ਵਿਖੇ ਆਪਣਾ ਸਰੀਰ ਤਿਆਗ ਗਏ। ਉਹਨਾਂ ਦੀ ਬਾਣੀ ਅੱਜ ਵੀ ਮਨੁੱਖਤਾ ਨੂੰ ਵਿਤਕਰੇ ਭੁਲਾ ਕੇ ਇੱਕ ਪ੍ਰਭੂ ਨਾਲ ਪ੍ਰੀਤ ਕਰਦੇ ਹੋਏ ਆਪਸੀ ਪਿਆਰ ਸਤਿਕਾਰ ਵਧਾਉਣ ਦੀ ਪ੍ਰੇਰਨਾ ਦਿੰਦੀ ਹੈ।