ਤੱਤੀ ਤਵੀ ਉੱਤੇ ਬੈਠਾ ਅਰਸ਼ਾਂ ਦਾ ਨੂਰ ਏ (ਖ਼ਬਰਸਾਰ)


ਕੈਲਗਰੀ :--  ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ  ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਤੇ ਤੀਜੇ ਘੱਲੂਘਾਰੇ ਨੂੰ ਸਮਰਪਿਤ , ਇੱਕ ਅੰਤਰਰਾਸ਼ਟਰੀ ਮਹਾਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਪੰਥਕ ਕਵੀ  ਸਾਹਿਬਾਨ ਔਨਲਾਈਨ ਸ਼ਾਮਲ ਹੋਏ। 

ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। 

                        ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ  ਸਭ ਨੂੰ 'ਜੀ ਆਇਆਂ' ਆਖਦੇ ਹੋਏ, ਕੋਵਿਡ ਦੌਰਾਨ ਹੋਂਦ ਵਿੱਚ ਆਈ ਈ ਦੀਵਾਨ ਸੋਸਾਇਟੀ ਦੀ ਕਾਰਗੁਜ਼ਾਰੀ ਤੇ ਚਾਨਣਾ ਪਾਇਆ। ਹਮੇਸ਼ਾ ਦੀ ਤਰ੍ਹਾਂ, ਟੋਰੰਟੋ ਤੋਂ ਆਈਆਂ ਬੱਚੀਆਂ ਅਮਿਤੋਜ਼ ਕੌਰ ਅਤੇ ਅਨੁਰੀਤ ਕੌਰ ਨੇ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਨ ਕਰਕੇ, ਸਮਾਗਮ ਦੀ ਆਰੰਭਤਾ ਕੀਤੀ। ਉਸ ਤੋਂ ਬਾਅਦ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ, ਗੁਰਦੀਸ਼ ਕੌਰ ਗਰੇਵਾਲ ਅਤੇ ਸੁਜਾਨ ਸਿੰਘ ਸੁਜਾਨ ਜੀ ਨੇ ਸਮੂਹ ਕਵੀ/ਕਵਿੱਤਰੀਆਂ ਦੀ ਜਾਣ ਪਛਾਣ ਕਰਵਾਉਂਦੇ ਹੋਏ, ਸਭ ਨੂੰ ਵਾਰੀ ਵਾਰੀ ਮੰਚ ਤੇ ਆਉਣ ਦਾ ਸੱਦਾ ਦਿੱਤਾ। 

     ਕਵੀ ਦਰਬਾਰ ਦਾ ਆਰੰਭ, ਸ੍ਰੀ ਤਰਨਤਾਰਨ ਸਾਹਿਬ ਤੋਂ ਆਈ ਨਾਮਵਰ ਸ਼ਾਇਰਾ ਰਿਤੂ ਵਾਸੂਦੇਵ ਜੀ ਨੇ, ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਆਪਣੀ ਇਕ ਬਹੁਤ ਹੀ ਭਾਵਪੂਰਤ ਕਵਿਤਾ 'ਪਹਿਲੀ ਸ਼ਹਾਦਤ'   ਸੁਣਾ ਕੇ ਕੀਤਾ। ਲੁਧਿਆਣਾ ਤੋਂ ਆਏ ਗੀਤਕਾਰ ਜ਼ੋਰਾਵਰ ਸਿੰਘ ਪੰਛੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ 'ਅਰਜਨ ਸਾਹਿਬ ਗੁਰੂ ' ਤੇ, ਚੰਦੂ ਪਾਪੀ ਪਿਆ ਜ਼ੁਲਮ ਕਰੇ' ਨਾਲ ਸਾਂਝ ਪਾਈ। ਟੋਰੰਟੋ ਤੋਂ ਨਾਮਧਾਰੀ ਕਵੀ ਹਰਦਿਆਲ ਸਿੰਘ ਝੀਤਾ ਜੀ ਨੇ 'ਪੰਜਵੇਂ ਗੁਰਾਂ ਦਾ ਜਦੋਂ ਧਿਆਨ ਕਰੀਏ' ਕਵਿਤਾ ਸੁਣਾ ਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਥੋਂ ਹੀ ਆਏ ਕੀਰਤਨ ਦੇ ਰਸੀਏ ਪਰਮਜੀਤ ਸਿੰਘ ਟੋਰੰਟੋ ਜੀ ਨੇ ਆਪਣੀਆਂ ਬੇਟੀਆਂ ਪਰਨੀਤ ਕੌਰ ਤੇ ਸਿਮਰਲੀਨ ਕੌਰ ਨਾਲ ਮਿਲ ਕੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ 'ਤੱਤੀ ਤਵੀ ਉੱਤੇ ਬੈਠਾ ਅਰਸ਼ਾਂ ਦਾ ਨੂਰ ਏ' ਸਾਜ਼ਾਂ ਨਾਲ ਗਾ ਕੇ ਮਾਹੌਲ ਸੁਰਮਈ ਬਣਾ ਦਿੱਤਾ। ਅੰਮ੍ਰਿਤਸਰ ਸਾਹਿਬ ਤੋਂ ਆਈ ਪੰਥਕ ਕਵਿੱਤਰੀ ਰਾਜਬੀਰ ਕੌਰ ਬੀਰ ਗਰੇਵਾਲ ਨੇ ਆਪਣੀ ਕਵਿਤਾ 'ਧੰਨ ਗੁਰੂ ਅਰਜਨ ਦੇਵ ਪਾਤਸ਼ਾਹ' ਸੁਣਾ ਕੇ ਦਾਦ ਖੱਟੀ। ਜਲੰਧਰ ਤੋਂ ਆਏ ਨਾਮਵਰ ਸ਼ਾਇਰ ਹਰਵਿੰਦਰ ਸਿੰਘ ਵੀਰ ਨੇ ਆਪਣੀ ਰਚਨਾ 'ਪੰਜਵੇਂ ਗੁਰਾਂ ਦੀ ਕਿਰਪਾ ਸਦਕਾ, ਘਰ ਘਰ ਚੱਲੀ ਪਿਆਰ ਦੀ ਗੱਲ' ਸੁਣਾ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ। ਮੁਕਤਸਰ ਸਾਹਿਬ ਤੋਂ ਆਏ ਜਾਣੇ ਪਛਾਣੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਜੀ ਨੇ ਆਪਣੇ ਗੀਤ 'ਤੱਤੀ ਤਵੀ ਦੇ ਉਤੇ ਸਤਿਗੁਰ, ਮਾਰ ਚੌਂਕੜਾ ਬਹਿ ਗਏ' ਰਾਹੀਂ ਪੰਜਵੇਂ ਪਾਤਸ਼ਾਹ ਨੂੰ ਸਿਜਦਾ ਕੀਤਾ। ਸਿਆਟਲ ਤੋਂ ਆਏ ਗੀਤਕਾਰ ਅਵਤਾਰ ਸਿੰਘ ਆਦਮਪੁਰੀ ਜੀ ਨੇ ਤੀਜੇ ਘੱਲੂਘਾਰੇ ਨੂੰ ਯਾਦ ਕਰਦਿਆਂ, ਆਪਣੇ ਗੀਤ ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸ਼ਹੀਦ ਹੋਈ ਸੰਗਤ ਨੂੰ ਯਾਦ  ਕਰਕੇ, ਮਹੌਲ ਕਰੁਣਾਮਈ ਬਣਾ ਦਿੱਤਾ। ਕੈਲਗਰੀ ਤੋਂ ਆਏ ਸ਼ਾਇਰ ਸੁਖਮੰਦਰ ਸਿੰਘ ਗਿੱਲ ਨੇ ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਤੇ ਲਿਖਿਆ ਗੀਤ 'ਸੱਚੇ ਆਸ਼ਕ ਮੁਨਾਫ਼ਾ ਕਦੇ ਤੱਕਦੇ ਨ੍ਹੀਂ ਹੁੰਦੇ' ਬੁਲੰਦ ਆਵਾਜ਼ ਵਿੱਚ ਸੁਣਾ ਕੇ ਵਾਹਵਾ ਖੱਟੀ। ਗੁਰੂ ਰਾਮਦਾਸ ਦਰਬਾਰ ਕੈਲਗਰੀ ਦੇ ਜਨਰਲ ਸਕੱਤਰ ਭੋਲਾ ਸਿੰਘ ਚੌਹਾਨ ਜੀ ਨੇ ਆਪਣੇ ਗੀਤ 'ਖੰਡਰ ਬਣਾਏ ਤਖ਼ਤ ਨੂੰ ਕਿੱਦਾਂ ਭੁਲਾਵਾਂ' ਨੂੰ ਤਰੰਨਮ 'ਚ ਸੁਣਾ ਕੇ ਕਵੀ ਦਰਬਾਰ ਨੂੰ ਸਿਖ਼ਰ ਤੇ ਪੁਚਾ ਦਿੱਤਾ।

ਸੰਗਤ ਦੀ ਮੰਗ ਤੇ ਮੇਜ਼ਬਾਨ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਨੇ ਵੀ ਆਪਣੀ ਰਚਨਾ 'ਮੀਆਂ ਮੀਰ ਜੀ ਵਲੋਂ ਹਾਅ ਦਾ ਨਾਅਰਾ' ਅਤੇ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਜੀ ਟੋਰੰਟੋ ਵਾਲਿਆਂ ਨੇ ਆਪਣੇ ਕੁੱਝ ਪੁਖਤਾ ਸ਼ਿਅਰ ਜਿਵੇਂ 'ਸਿੰਘਾਂ ਸਦਾ ਤੋੜਿਆ ਹੈ, ਮਾਣ ਮਾਣ-ਮੱਤਿਆਂ ਦਾ' ਆਪਣੇ ਅੰਦਾਜ਼ ਵਿੱਚ ਸੁਣਾ ਕੇ ਜੈਕਾਰੇ ਖੱਟੇ। ਸੋ ਇਸ ਤਰ੍ਹਾਂ ਇਹ ਕਵੀ ਦਰਬਾਰ ਸੰਗਤ ਦੇ ਮਨਾਂ ਤੇ, ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। 

ਸੰਚਾਲਕਾਂ ਵਲੋਂ ਦੂਰੋਂ ਨੇੜਿਓਂ ਆਏ ਸਮੂਹ ਕਵੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਆਨੰਦ ਸਾਹਿਬ, ਅਰਦਾਸ ਅਤੇ ਹੁਕਮਨਾਮੇ  ਦੀ ਸੇਵਾ, ਡਾਕਟਰ ਬਲਰਾਜ ਸਿੰਘ ਅਤੇ ਜਗਬੀਰ ਸਿੰਘ ਜੀ ਨੇ ਨਿਭਾਈ। 


ਗੁਰਦੀਸ਼ ਕੌਰ ਗਰੇਵਾਲ