ਚੱਕ ਲਉ, ਚੱਕ ਲਉ ਹੋਵੇਗੀ, ਉੱਡ ਭੌਰ ਵਯੂਦ ਚੋਂ ਔਹ ਜਾਣੈ
ਲਉ ਦਿਨ ਢਲਿਆ ਹੁਣ ਹੋਈ ਰਾਤ੍ਰੀ, ਸਦਾ ਲਈ ਮੈਂ ਸੌਂ ਜਾਣੈ
ਪਹਿਲਾਂ ਬਚਪਨ ਪਹਿਰ ਬੀਤਿਆ, ਸ਼ਿਖਰ ਦੁਪਹਿਰ ਜਵਾਨੀ ਗਈ
ਤੀਜੇ ਪਹਿਰ ਨੂੰ ਤਨ ਮਨ ਕਰਕੇ, ਨਿਰਬਲਤਾ ਐਲਾਨੀ ਗਈ
ਫਿਰ ਚਿੱਟੀ ਦਾੜ੍ਹੀ ਬੁੱਢੀ ਕਾਇਆਂ, ਅੰਤਿਮ ਥਾਂ ਸਨਮਾਨੀ ਗਈ
ਚੌਥੇ ਪਹਿਰ ਦੀ ਰਹਿੰਦ-ਖੂੰਹਦ ਵਿੱਚ, ਰਹਿੰਦੀ ਗਰਬ-ਗੁਮਾਨੀ ਗਈ
ਠਰਦੀ ਠਰਦੀ ਲੋਅ ਠਰਨੀ, ਮੁੱਕ ਤੇਲ ਦੀਵੇ ਦਾ ਜਿਉਂ ਜਾਣੈ
ਜਗ ਵੱਸਦਾ ਰਹੂ ਦੁਪਹਿਰੇ ਵਿੱਚ, ਮੇਰੀ ਰਾਤ ਪਈ ਮੈਂ ਸੌਂ ਜਾਣੈ
ਰੱਬ ਖੇਡ ਖੇਡਕੇ, ਖੇਡ ਸਮੇਟੇ, ਖੇਡਾਂ ਵਿੱਚ ਵੱਸਦੈ ਓਅੰਕਾਰਾ
ਜੀਆਂ ਅੰਦਰ ਪ੍ਰਿਆ ਜੀ ਖੇਲੇ, ਤੇ ਜੀਆਂ ਤੋਂ ਰਹੇ ਨਿਆਰਾ
ਬੰਨ੍ਹੀਆਂ ਡੋਰਾਂ ਪੁਤਲੀਗਰ ਨੇ, ਸਮਝੇ ਜੀਆ ਕਿਵੇਂ ਬੇਚਾਰਾ
ਸਰੀਰ ਅਵਸਥਾ ਰਹੇ ਬਦਲਦੀ, ਜੋ ਮੁੜਕੇ ਨਾ ਮਿਲੇ ਦੋਬਾਰਾ
ਜੋ ਜੀਅ ਸਮਝੇ, ਉਹ ਤੁਰ ਪੈਣੇ, ਮਾਲਿਕ ਦਾ ਜਿੱਧਰ ਰੌਂ ਜਾਣੈ
ਲਉ ਅੱਜ ਹੀ ਫਤਹਿ ਕਬੂਲ ਕਰੋ, ਮੈਂ ਸਦਾ ਸਦਾ ਲਈ ਸੌਂ ਜਾਣੈ
ਕੁੱਝ ਨਿਰਬੰਧਨ ਨਿਰਲੇਪ ਜਿਹੇ ਜੋ ਸਤਿਗੁਰਿ ਆਪ ਤਰਾਸ਼ੇ ਨੇ
ਜੋ ਸੀਮਤ ਸਨ ਮਰਿਯਾਦਾ ਤੱਕ, ਉਹ ਖੱਟਦੇ ਗਏ ਸ਼ਾਬਾਸ਼ੇ ਨੇ
ਪਰ ਰੰਗ-ਬਿਰੰਗੀ ਦੁਨੀਆਂ ਦੇ, ਭੀ ਰੰਗਲੇ ਗਜ਼ਬ-ਤਮਾਸ਼ੇ ਨੇ
ਜੱਗ ਮਿੱਠਾ ਕਰ ਕਰ ਭੋਗਣ, ਸਭਦੇ ਟਿਕੇ ਰਹਿਣ ਦੇ ਆਸ਼ੇ ਨੇ
ਧਰਤੀ ਧਰਮਸ਼ਾਲ ਚੋਂ ਉੱਠਕੇ, ਸਭਦਾ ਮੂੰਹ ਪ੍ਰਲੋਕੀਂ ਭਉਂ ਜਾਣੈ
ਕੱਲ੍ਹ ਭਾਣੇ ਅੰਦਰ ਆਏ ਜਿਉਂ, ਅੱਜ ਭਾਣੇ ਅੰਦਰ ਤਿਉਂ ਜਾਣੈ
ਮੈਂ ਸੱਚਾ ਸੌਦਾ ਵਣਜਦਿਆਂ, ਕੁੱਝ ਖੱਟਿਆ ਵੀ ਕੁੱਝ ਖਾਇਆ ਭੀ
ਕਿਤੇ ਸਮਝ ਕੁਚੱਜੀ ਵੱਸ਼ ਆਕੇ, ਕੁੱਝ ਭੁਇਂ ਦੇ ਭਾਅ ਗੁਆਇਆ ਭੀ
ਹਰਿ ਜਸ ਦਾਤੇ ਝੋਲੀ ਪਾਇਆ, ਤੇ ਸਾਚਾ ਸੋਹਿਲਾ ਗਾਇਆ ਭੀ
ਮੈਂ ਜੱਗ ਨੂੰ ਗਾਵ-ਸੁਣਾਵਦਿਆਂ, ਕੀ ਕਿਣਕਾ ਰਿਧੇ ਵਸਾਇਆ ਭੀ
ਕੀ ਦਰਘਰ ਢਾਡੀ ਬਣ ਪਾਇਆ, ਇਹ ਤਾਂ ਹੁਣ ਮੇਰਾ ਸ਼ਹੁ ਜਾਣੈ
ਲਉ ਅੱਜ ਹੀ ਫਤਹਿ ਕਬੂਲ ਕਰੋ, ਮੈਂ ਸਦਾ ਸਦਾ ਲਈ ਸੌਂ ਜਾਣੈ
ਸਾਹ ਗਿਣਤੀ ਮਿਣਤੀ ਦੇ ਲੈਣੇ, ਤੇ ਖਾਣ ਪਾਣ ਮੁੱਕ ਜਾਵੇਗਾ
ਪੰਜ ਤੱਤ ਚੋਂ ਨਿੱਕਲਿਆ ਪੁਤਲਾ, ਮੁੜ ਤੱਤਾਂ ਵਿੱਚ ਆਵੇਗਾ
ਮਾਨਸ ਚੋਲਾ ਛਿੱਜਨ ਮਗਰੋਂ, ਰੱਬ ਕੀ ਕੱਪੜਾ ਪਹਿਨਾਵੇਗਾ
ਕੀ ਸੁੰਨ-ਸਮਾਧੀ ਬਖ਼ਸ਼ੇਗਾ ? ਜਾਂ ਥਾਂ ਥਾਂ ਤੇ ਭਟਕਾਵੇਗਾ
ਕੌਣ ਪਛਾਣ ਸਿਆਣੂੰਗਾ, ਜਦ ਨਿੱਕ੍ਹਲ ਸਰੀਰ ‘ਚੋਂ ਹਉਂ ਜਾਣੈ
ਲਉ ਦਿਨ ਢਲਿਆ ਹੁਣ ਹੋਈ ਰਾਤ੍ਰੀ, ਸਦਾ ਲਈ ਮੈਂ ਸੌਂ ਜਾਣੈ
ਮੇਰਾ ਗੁਰੂ ਹੈ ਬੜਾ ਨਿਧੜਕ ਜਿਹਾ ਗੱਲ ਸੱਚੋ ਸੱਚੀ ਦੱਸਦਾ ਹੈ
ਜੰਮਦੇ ਹਾਂ ਮਰਨ ਲਿਖਾ ਕੇ ਸਭ, ਕੋਈ ਰੋ ਜਾਂਦਾ ਕੋਈ ਹੱਸਦਾ ਹੈ
ਸਭ ਮੌਤ ਲਿਖਾ ਕੇ ਜੰਮੇ ਸੀ, ਕਿਸੇ ਅੱਜ, ਕਿਸੇ ਕੱਲ੍ਹ ਜਾਣਾ ਹੈ
ਮਿੱਟੀਉਂ ਜੰਮੇ, ਮਿੱਟੀਂਏ ਮਿਲਨਾ, ਕਿਸੇ ਕੀਕੂੰ ਥਾਂ ਮੱਲ ਜਾਣਾ ਹੈ
ਹੱਥ ਝਾੜਨੇ “ਪ੍ਰੇਮ ਸਿੰਘਾ”, ਭੀ ਸਿਰਿ ਕੁਰਲਾਉਂਦਾ ਕਉਂ ਆਣੈ
ਲਉ ਅੱਜ ਹੀ ਫਤਹਿ ਕਬੂਲ ਕਰੋ, ਮੈਨੂੰ ਕੰਧੀਂ ਚੁੱਕ ਲੈ ਚਹੁੰ ਜਾਣੈ
ਲਉ ਅੱਜ ਹੀ ਫਤਹਿ ਕਬੂਲ ਕਰੋ, ਮੈਨੂੰ ਕੰਧੀਂ ਚੁੱਕ ਲੈ ਚਹੁੰ ਜਾਣੈ