ਮੈਂ ਅੱਜ ਹੀ ਖ਼ਤ ਲਿਖਿਆ ਹੈ
(ਕਵਿਤਾ)
ਮੈਂ ਅੱਜ ਹੀ ਖ਼ਤ ਲਿਖਿਆ ਹੈ
ਪਿੰਡ ਦੀ ਸ਼ਮਸ਼ਾਨ ਨੂੰ
ਦੋ ਗਜ਼ ਜਿਮੀ ਦੇ ਦੇਵੇ
ਜੇ ਮੈਨੂੰ ਦਫ਼ਨਾਣ ਨੂੰ
ਮੈਂ ਅੱਜ ਹੀ ਖ਼ਤ ਲਿਖਿਆ ਹੈ
ਮੇਰੇ ਜਾਏ
ਮੇਰੇ ਹਮਸਾਏ
ਬਣ ਗਏ ਨੇ ਲਹੂ ਦੇ ਤਿਹਾਏ
ਤੰਗ ਹਨ ਵਿਚਾਰੇ
ਛੋਟੇ ਘਰਾਂ ਵਿਚ
ਵੱਡੇ ਘਰਾਂ ਦੇ ਹਨ ਸੁਪਨੇ ਸਜਾਏ
ਇਸ ਲਈ
ਉਹ ਵੇਚਣ ਲਈ ਤਿਆਰ ਹਨ
ਮੇਰੇ ਪਿੰਡ ਦੇ ਮਕਾਨ ਨੂੰ
ਤਾਂਹੀਓੰ
ਮੈਂ ਅੱਜ ਹੀ ਖ਼ਤ ਲਿਖਿਆ ਹੈ
ਪਿੰਡ ਦੀ ਸ਼ਮਸ਼ਾਨ ਨੂੰ
ਹੁਣ ਉਹਨਾਂ ਨੂੰ
ਮਾਂ , ਪਿਓ , ਭੈਣ ਭਰਾ
ਤੇ ਹਮਸਾਇਆਂ ਦਾ ਕੋਈ ਫ਼ਿਕਰ ਨਹੀੰ
ਬੱਸ ਉਹਨਾਂ ਦੇ ਖਵਾਬਾਂ ਵਿੱਚ ਤਾਂ
ਪਿੰਡ ਦੀ ਨਿਆਈਂ ਵਾਲੀ ਪੈਲ਼ੀ
ਤੇ ਮੈਰੇ ਵਾਲੀ ਜ਼ਮੀਨ
ਵੇਚਣ ਦਾ ਫ਼ਿਕਰ ਹੈ
ਸ਼ਾਇਦ ਉਹਨਾਂ ਨੂੰ ਪਤਾ ਨਹੀ
ਕਿ ਉਹ ਸਸਤੇ ਭਾਅ
ਵੇਚ ਰਹੇ ਹਨ ਈਮਾਨ ਨੂੰ
ਤਾਹੀਓੰ ਮੈਂ ਅੱਜ ਹੀ ਖ਼ਤ ਲਿਖਿਆ ਹੈ
ਪਿੰਡ ਦੀ ਸ਼ਮਸ਼ਾਨ ਨੂੰ
ਉਹ ਮੈਨੂੰ ਪਾਗਲ ਸਮਝਦੇ ਹਨ
ਕਿ ਮੈਂ ਐਵੇਂ ਸਾਂਭੀ ਫਿਰਦਾ ਹਾਂ ਖਿਆਲ
ਤੇ ਆਪਣੇ ਅਤੀਤ ਦੇ ਪਰਛਾਂਵੇਂ
ਕਿ ਧਰਤੀ ਤਾਂ ਮਾਂ ਹੁੰਦੀ ਹੈ
ਪਰ ਹੁਣ ਉਹ ਵੇਚ ਰਹੇ ਹਨ
ਮੇਰੇ ਪੁਰਖੇ , ਮੇਰਾ ਬਚਪਨ ਤੋਂ
ਮੇਰੇ ਸਵੈਮਾਨ ਨੂੰ
ਤਾਹੀਓੰ
ਮੈਂ ਅੱਜ ਹੀ ਖ਼ਤ ਲਿਖਿਆ ਹੈ
ਆਪਣੇ ਪਿੰਡ ਦੀ ਸ਼ਮਸ਼ਾਨ ਨੂੰ
ਕਿ ਜੇ
ਦੋ ਗਜ ਜਿਮੀ ਦੇ ਦੇਵੇ
ਮੈਨੂ ਦਫ਼ਨਾਣ ਨੂੰ
ਮੈਂ ਅੱਜ ਹੀ ਖ਼ਤ ਲਿਖਿਆ ਹੈ
ਮੈਂ ਅੱਜ ਹੀ ਖ਼ਤ ਲਿਖਿਆ ਹੈ ।