20ਵੀ ਸਦੀ ਦੇ ਸ਼ੁਰੂਆਤ ਦੌਰ ਤੋਂ ਕੈਨੇਡੀਅਨ ਪੰਜਾਬੀ ਕਵਿਤਾ ਨੇ ਕਈ ਰੰਗ ਵੇਖੇ ਹਨ। ਗਦਰੀ ਯੋਧਿਆਂ ਦਾ ਸੰਘਰਸ਼ ਦੇਸ ਦੀ ਆਜ਼ਾਦੀ ਲਈ ਤਾਂਘ, ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ, ਕਰੜੀ ਮਿਹਨਤ ਕਰਨ ਦੇ ਬਾਵਜੂਦ ਵੀ ਘਟ ਤਨਖਾਹਾਂ ਵਰਗੇ ਅਨੈਤਿਕ ਵਤੀਰੇ, ਔਰਤ ਦਾ ਆਪਣਾ ਵੱਖਰਾ ਸੰਘਰਸ਼, ਇਕੱਠੇ ਹੋ ਕੇ ਰਹਿਣ ਦਾ ਸਬੱਬ, ਅੰਗਰੇਜ਼ੀ ਨਾ ਬੋਲ ਸਕਣ ਦਾ ਤੌਖਲਾ, ਬੱਚਿਆਂ ਨੂੰ ਸਕੂਲ ਭੇਜਣ ਦਾ ਡਰ ਵਰਗੇ ਕਈ ਤਰਾਂ ਦੇ ਸੰਘਰਸ਼ ਵਿੱਚੋਂ ਲੰਘ ਕੇ ਪੰਜਾਬੀ ਸਫਲ ਅਤੇ ਪਰਫੁੱਲਤ ਹੋਏ। ਇਸ ਦੇ ਨਾਲ ਹੀ ਪੰਜਾਬੀ ਕਵਿਤਾ ਦਾ ਵੀ ਵਿਕਾਸ ਹੋਇਆ। ਬਹੁਤ ਸਾਰੇ ਕਵੀ ਜੋ ਸੱਤਰਵਿਆਂ ਤੇ ਅੱਸੀਵਿਆਂ ਦੇ ਸਮੇਂ ਤੋਂ ਲਿਖਦੇ ਆ ਰਹੇ ਹਨ ਉਹ ਹੁਣ ਵੀ ਰਚਨਾ ਕਾਰੀ ਵਿੱਚ ਰੁੱਝੇ ਹੋਏ ਹਨ। ਪੰਜਾਬੀ ਕਵੀਆਂ ਦੀਆਂ ਆਪਣੀਆਂ ਸੀਮਾਵਾਂ ਤੇ ਮਾਨਤਾਵਾਂ ਹਨ। ਇਹਨਾਂ ਵਿਚਾਰਧਾਰਕ ਮਾਨਤਾਵਾਂ ਵਿੱਚੋਂ ਵਿਭਿੰਨ ਕਾਵਿ ਰੂਪ ਨਿਕਲ ਕੇ ਸਾਹਮਣੇ ਆਏ ਹਨ ਜਿਵੇਂ ਗੀਤ, ਗ਼ਜ਼ਲ, ਨਜ਼ਮ, ਖੁੱਲੀ ਕਵਿਤਾ। ਕਿਤਾਬ ਦਾ ਵੱਡਾ ਛੋਟਾ ਆਕਾਰ ਅਤੇ ਉਸ ਵਿੱਚ ਕਵਿਤਾਵਾਂ ਜਾਂ ਗ਼ਜ਼ਲਾਂ ਦੀ ਗਿਣਤੀ ਹਰ ਕਵੀ ਨੇ ਆਪਣੀ ਸੋਚ ਅਤੇ ਸਮਰੱਥਾ ਅਨੁਸਾਰ ਚੁਣੀ ਹੈ। ਕੁਝ ਸੰਪਾਦਿਤ ਕਾਵਿ ਸੰਗ੍ਰਿਹ ਵੀ ਮਿਲਦੇ ਹਨ।
ਅੱਜ ਕੱਲ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ ਉਸ ਵਿੱਚ ਭਾਸ਼ਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਕਿਉਂਕਿ ਲਗਭਗ ਹਰ ਕਿਤਾਬ ਹੀ ਸ਼ਾਹਮੁਖੀ, ਹਿੰਦੀ ਤੇ ਅੰਗਰੇਜੀ ਵਿੱਚ ਛੱਪਣ ਲਗੀ ਹੈ। ਅੱਜ ਦੇ ਬਹੁਤੇ ਸ਼ਾਇਰਾਂ ਕੋਲ ਪੈਸਾ ਹੈ ਤਾਂ ਕਿਉਂ ਨਾ ਇਸ ਅਨੁਵਾਦ ਵਿਧੀ ਦਾ ਫਾਇਦਾ ਚੁੱਕਿਆ ਜਾਵੇ। ਗੁਣਾਤਮਕ ਪੱਖੋਂ ਵੀ ਪੰਜਾਬੀ ਦੀ ਕਵਿਤਾ ਵੱਧ ਛੱਪ ਰਹੀ ਹੈ। ਇਕ ਪ੍ਰਸਿੱਧ ਪਬਲਿਸ਼ਰ ਅਨੁਸਾਰ ਕਹਾਣੀ ਅਤੇ ਨਾਵਲ ਦੇ ਮੁਕਾਬਲੇ ਕਵਿਤਾ ਘੱਟ ਪੜ੍ਹੀ ਜਾ ਰਹੀ ਹੈ। ਇਸ ਲਈ ਬਹੁਤ ਘੱਟ ਕਵੀਆਂ ਦੀਆਂ ਕਿਤਾਬਾਂ ਦੇ ਇਕ ਤੋਂ ਵੱਧ ਐਡੀਸ਼ਨ ਛਪਦੇ ਹਨ। ਪੰਜਾਬੀ ਸ਼ਾਇਰਾਂ ਨੂੰ ਆਪਣੀ ਕਵਿਤਾ ਦਾ ਮਿਆਰ ਉਪਰ ਚੁੱਕਣਾ ਪਵੇਗਾ ਤਾਂ ਕਿ ਕਵਿਤਾ ਵੱਧ ਪੜ੍ਹੀ ਜਾਵੇ। ਬਾਕੀ ਕੈਨੇਡਾ ਅਤੇ ਬਾਹਰਲੇ ਮੁਲਕਾਂ ਵਿੱਚ ਸਹੀ ਅਲੋਚਕਾਂ ਦੀ ਘਾਟ ਹੈ ਜੋ ਕਿਤਾਬ ਦਾ ਸਹੀ ਲੇਖਾ ਜੋਖਾ ਕਰ ਸਕਣ। ਜੋ ਥੋੜੇ ਬਹੁਤ ਕਰਦੇ ਹਨ, ਉਹਨਾਂ ਵਿਚੋਂ ਬਹੁਤਿਆਂ ਨੇ ਕਿਤਾਬ ਪੜ੍ਹੀ ਨਹੀ ਹੁੰਦੀ ਤੇ ਕੁਝ ਕੁ ਬਸ ਤਰੀਫ਼ਾਂ ਕਰਦੇ ਹਨ ਜਾਂ ਸ਼ਬਦ ਜੋੜਾਂ ਦੀ ਗਲਤੀਆਂ ਕੱਢਦੇ ਹਨ ਜਾਂ ਫਿਰ ਬਾਹਲੀ ਲਾਅ-ਪਾਅ ਕਰ ਦਿੰਦੇ ਹਨ। ਜਿਸ ਕਾਰਣ ਅਕਸਰ ਲੇਖਕ ਦੇ ਮਨ ਵਿਚ ਨਫ਼ਰਤ ਪੈਦਾ ਹੋ ਜਾਂਦੀ ਹੈ। ਇਸ ਲਈ ਕਵਿਤਾ ਵਿੱਚ ਜੇ ਸੀਮਾ ਤੋਂ ਪਾਰ ਜਾ ਕੇ ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਹਨ ਤੇ ਸਹੀ ਅਲੋਚਕਾਂ ਦਾ ਹੋਣਾ ਬਹੁਤ ਜਰੂਰੀ ਹੈ।
ਸਮਕਾਲੀ ਕੈਨੇਡੀਅਨ ਪੰਜਾਬੀ ਕਵਿਤਾ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਦੇ ਸਮਰੱਥ ਹੋ ਰਹੀ ਹੈ। ਬਹੁਤ ਸਾਰੇ ਕਵੀ ਬਹੁਤ ਉੱਚੇ ਪੱਧਰ ਦੀ ਰਚਨਾ ਕਰ ਰਹੇ ਹਨ ਤੇ ਉਹਨਾਂ ਦੀ ਸ਼ਾਇਰੀ ਮੇਨ ਸਟਰੀਮ ਤੋਂ ਵੀ ਅੱਗੇ ਜਾ ਰਹੀ ਹੈ। ਇਸ ਤੋਂ ਆਸ ਬੱਝਦੀ ਹੈ ਕਿ ਅਗਾਉਂ ਆਉਣ ਵਾਲੇ ਸ਼ਾਇਰ ਪੰਜਾਬੀ ਕਵਿਤਾ ਨੂੰ ਕੈਨੇਡੀਅਨ ਤਰਜ਼ ਦੀ ਜ਼ਿੰਦਗੀ ਤੋਂ ਹੋਰ ਵੀ ਅੱਗੇ ਲੈ ਜਾਣਗੇ ।
ਗੁਰਦੇਵ ਚੋਹਾਨ ਦੀ ਕਵਿਤਾ ਜਿਥੇ ਕਾਵਿਕ ਉਚਾਈਆਂ ਦਾ ਸਿਖਰ ਹੈ ਉਥੇ ਯਥਾਰਥ ਤੇ ਸੱਚ ਦੀ ਤਸਵੀਰਕਾਰੀ ਵੀ ਕਰਦੀ ਹੈ। ਉਸ ਦੀ ਸ਼ਾਬਦਿਕ ਬੁਣਤੀ ਕਮਾਲ ਦੀ ਹੁੰਦੀ ਹੈ। ਇਕ ਵਾਰ ਪੜ੍ਹਨ ਦੀ ਚੇਟਕ ਲੱਗ ਜਾਵੇ ਤੁਸੀਂ ਕਿਤਾਬ ਬੰਦ ਨਹੀਂ ਕਰ ਸਕਦੇ। ਉਸਦੀ ਕਵਿਤਾ ਇਕੋ ਵੇਲੇ ਕਈ ਕਿਰਦਾਰ ਸਿਰਜਦੀ ਹੈ ਜਿਵੇਂ ਕਵੀ, ਪਾਠਕ, ਅਲੋਚਕ, ਅਧਿਆਪਕ, ਪਰਸੰਸਕ ਆਦਿ।
ਕਵਿਤਾ ਕੀ ਹੁੰਦੀ ਹੈ ਨਾਮਕ ਕਵਿਤਾ ਦੇ ਅੰਤ ਵਿਚ ਲਿਖਦਾ ਹੈ:
ਕਵੀ ਤਾਂ ਹਮੇਸ਼ਾ ਆਪਣੇ ਅੰਦਰ ਬੈਠੇ
ਪਾਠਕ ਨੂੰ ਲਿਖਦਾ ਹੈ
ਉਸੇ ਤੋਂ ਕਵਿਤਾ ਸਿੱਖਦਾ ਹੈ
ਕਵਿਤਾ ਹਮੇਸ਼ਾ ਅਧੂਰੀ ਹੁੰਦੀ ਹੈ
ਕਵਿਤਾ ਆਪਣੇ ਅਧੂਰੇਪਨ ਵਿੱਚ
ਹੀ ਪੂਰੀ ਹੁੰਦੀ ਹੈ। (ਪੰਨਾ 73 ਅਕਸਮਾਤ)
ਸੁਖਿੰਦਰ ਲਗਾਤਾਰ ਲਿਖਣ ਵਾਲਾ ਸ਼ਾਇਰ ਹੈ ਤੇ ਚਲੰਤ ਮੁੱਦਿਆਂ ਤੇ ਉਸ ਦੀ ਡੂੰਘੀ ਪਕੜ ਹੈ। ਉਹ ਕਈ ਵਾਰ ਉਹ ਗੱਲਾਂ ਕਰ ਜਾਂਦਾ ਹੈ ਜਿਸ ਨੂੰ ਅਕਸਰ ਹੀ ਆਮ ਬੰਦਾ ਅੱਖੋਂ ਪਰੋਖੇ ਕਰ ਜਾਂਦਾ ਹੈ। ਉਸ ਦੀ ਕਵਿਤਾ ਅਕਸਰ ਸੀਮਾ ਤੋਂ ਪਾਰ ਜਾ ਕੇ ਬੋਲਦੀ ਹੈ ਤੇ ਨਵੀਆਂ ਸੰਭਾਵਨਾਵਾਂ ਸਿਰਜਣ ਦੀ ਸਮਰੱਥ ਹੈ।
ਨਵੇਂ ਸਮਿਆਂ ਵਿੱਚ ਯੁੱਧ ਲੜਨ ਦੇ ਤੌਰ ਤਰੀਕੇ ਵੀ ਬਦਲ ਗਏ ਹਨ
ਹੁਣ, ਤਾਂ ਲੋਕ ਚੁੱਪ-ਚੁਪੀਤੇ, ਇਕ ਕੀਟਾਣੂ ਹਵਾ ਵਿੱਚ ਛੱਡ ਦਿੰਦੇ ਹਨ
ਦੇਖਦੇ ਹੀ ਦੇਖਦੇ ਹਰ ਪਿੰਡ ਹਰ ਸ਼ਹਿਰ, ਹਰ ਦੇਸ਼ ਵਿਚ
ਹਫੜਾ ਦਫੜੀ ਮੱਚ ਜਾਂਦੀ ਹੈ- (ਪੰਨਾ 68 ਜੰਗਬਾਜ਼ਾਂ ਦੇ ਖ਼ਿਲਾਫ਼)
ਕਵਿੰਦਰ ਚਾਂਦ ਦੀ ਸ਼ਾਇਰੀ ਇਕੋ ਵੇਲੇ ਪੁਰਾਤਨ, ਬੋਦੀ, ਪਰੰਪਰਾਵਾਦੀ, ਸਮਾਜਿਕ ਅਤੇ ਰਾਜਨੀਤਕ ਸਥਾਪਤ ਮਾਪ ਦੰਡਾਂ ਨੂੰ ਝੰਜੋੜਦੀ ਅਤੇ ਤੋੜਦੀ ਨਜ਼ਰ ਆਉਂਦੀ ਹੈ ਤਾਂ ਉਸ ਦੀ ਥਾਂ ਨਵਾਂ ਵੀ ਸਿਰਜਦੀ ਹੈ। ਅਕਸਰ ਪੁਰਾਣਾ ਖਤਮ ਕਰਨ ਦੀ ਭਾਵੁਕਤਾ ਵਿੱਚ ਸ਼ਾਇਰ ਅਲੋਚਨਾਤਮਕ ਰੁਦਨ ਵਿੱਚ ਲੱਗ ਜਾਂਦੇ ਹਨ ਅਤੇ ਨਵਾਂ ਕੀ ਹੋਣਾ ਚਾਹੀਦਾ ਹੈ ਉਸ ਬਾਰੇ ਭੁੱਲ ਜਾਂਦੇ ਹਨ। ਪਰ ਕਵਿੰਦਰ ਚਾਂਦ ਦੇ ਕਾਵਿਕ ਬਿੰਬ ਭਾਵੀ ਸੰਭਾਵਨਾਵਾਂ ਨਾਲ ਭਰਪੂਰ ਹਨ।
ਮੈਂ ਉੱਡ ਕੇ ਪਹੁੰਚ ਜਾਵਾਂਗਾ ਤੂੰ ਘਰ ਰੱਖੀਂ ਘਰਾਂ ਵਰਗਾ
ਮੈਂ ਬਾਂਹਵਾਂ ਨੂੰ ਬਣਾ ਸਕਦਾ ਹਾਂ ਪੰਛੀ ਦੇ ਪਰਾਂ ਵਰਗਾ।
ਚਿਰਾਗਾਂ ਮੋਮਬੱਤੀਆਂ ਨੂੰ ਹਵਾ ਨੇ ਖਾ ਹੀ ਜਾਣਾ ਹੈ
ਅਸਾਂ ਲੋਕਾਂ ਦੇ ਅੰਦਰ ਬਾਲਣੈਂ ਕੁਝ ਸੂਰਜਾਂ ਵਰਗਾ। (ਪੰਨਾ 30 ਕਣ ਕਣ)
ਜਸਬੀਰ ਕਾਲਰਵੀ ਪੰਜਾਬੀ ਤੇ ਹਿੰਦੀ ਵਿੱਚ ਗ਼ਜ਼ਲ ਨਜ਼ਮ ਅਤੇ ਨਾਵਲ ਵੀ ਲਿਖਦਾ ਹੈ। ਉਸਦੀ ਸ਼ਾਇਰੀ ਮਨ ਦੇ ਦਵੰਦ, ਮੁਹੱਬਤ, ਅਨਿਸ਼ਚਿਤ ਮਨੋ ਸਥਿਤੀ ਹੋਣ ਦੇ ਨਾਲ ਵੀ ਸਕਾਰਾਤਮਕ ਸੋਚ ਦੀ ਧਾਰਨੀ ਹੈ। ਉਹ ਦਿਸਦੇ ਤੋਂ ਅਗਾਂਹ ਜਾ ਕੇ ਲਿਖਦਾ ਹੈ। ਉਸ ਦਾ ਮੰਨਣਾ ਹੈ ਮਨ ਦੀ ਹਰ ਸੋਚ ਕੋਈ ਬੋਲ ਕੇ ਜਾਂ ਲਿਖ ਨਹੀਂ ਪ੍ਰਗਟਾ ਸਕਦਾ, ਬਹੁਤ ਕੁਝ ਹੈ ਜੋ ਅਣ ਕਿਹਾ ਰਹਿ ਜਾਂਦਾ ਹੈ। ਇਸ ਲਈ ਉਸ ਦੀ ਸ਼ਾਇਰੀ ਸੰਭਾਵਨਾਵਾਂ ਨਾਲ ਓਤ-ਪਰੋਤ ਹੈ।
ਕਿਵੇਂ ਕਵਿਤਾ ਕਹਾਂ ਜੇ ਸੋਚ ਕਾਗਜ ਤੋਂ ਪਰਾਂ ਦੇਖੇ
ਤੇ ਜਜ਼ਬਾਤਾਂ ਤੋਂ ‘ਸ਼ਬਦਾਂ ਨੂੰ ਜੇ ਰਾਹਦਾਰੀ ਹੀ ਆਏ ਨਾ (ਪੰਨਾ 17 ਗੁੰਬਦ)
ਕੁਝ ਲੋਕ, ਬਰਫ ਹੇਠਾਂ ਦੱਬੇ ਹੇ ਡਾਲਰ ਕ੍ਢ ਰਹੇ ਹਨ
ਕੁਝ ਡਾਲਰ ਲੋਕਾਂ ਨੂੰ ਦੱਭ ਹੁੰਦਿਆਂ ਦੇਖ ਰਹੇ ਹਨ
ਫਿਰ ਵੀ ਸਭ ਖ਼ੁਸ਼ ਲ਼ਗਦੇ ਹਨ (ਪੰਨਾ 65 ਗੁੰਬਦ)
ਬਚਪਨ ਤੋਂ ਟੋਰੋਂਟੋ ਵਸਦੀ ਉਜਮਾ ਮਹਿਮੂਦ ਉਰਦੂ ਤੇ ਪੰਜਾਬੀ ਦੀ ਸ਼ਾਇਰਾ ਹੈ। ਉਸ ਦੀ ਇਕ ਕਿਤਾਬ ਰੂਹ ਕਾ ਰੇਸ਼ਮ 2024 ਵਿੱਚ ਹਿੰਦੀ ਵਿੱਚ ਅਨੁਵਾਦ ਹੋਈ । ਦਿਲਚਸਪ ਗੱਲ ਇਹ ਹੈ ਕਿ ਉਸਨੇ ਪੰਜਾਬੀ ਵਿੱਚ ਲਿਖਣਾ ਟੋਰਾਂਟੋ ਦੇ ਆਸਪਾਸ ਵਸਦੇ ਦੋਹਾਂ ਪੰਜਾਬਾਂ ਦੇ ਲੇਖਕਾਂ ਦੇ ਮੇਲ ਮਿਲਾਪ ਵਿੱਚੋਂ ਸਿੱਖੀ। ਉਹ ਪੰਜਾਬੀ ਅਦਬੀ ਸੰਗਤ ਦੀ ਪ੍ਰਧਾਨ ਵੀ ਹੈ। ਉਹ ਬਹੁਤ ਹਿੰਮਤੀ, ਬੇਬਾਕ ਤੇ ਨਿਡਰ ਔਰਤ ਹੈ ਆਪਣੇ ਵਿਚਾਰਾਂ ਪ੍ਰਤੀ ਬੜੀ ਇਮਾਨਦਾਰੀ ਤੇ ਸਪੱਸ਼ਟ ਹੈ। ਉਸ ਕਵਿਤਾ ਸੀਮਾਵਾਂ ਨੂੰ ਲੰਘ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ :
ਪਰਖ ਲਿਆ ਕੇ ਤੇਰਾ ਕੋਈ ਇਤਬਾਰ ਨਹੀਂ
ਤੇ ਫੇਰ ਮੈਂ ਤੇਰੇ ਇਤਬਾਰ ਚੋਂ ਨਿਕਲ ਆਈ
ਮੈਂ ਉਹਦੇ ਦਿੱਤੇ ਹੋਏ ਗਹਿਣੇ ਮੋੜ ਕੇ ਉਜਮਾ
ਮੁਹੱਬਤਾਂ ਦੇ ਵਿਉਪਾਰ ਚੋਂ ਨਿਕਲ ਆਈ --- ਉਜਮਾ ਮਹਿਮੂਦ
ਫੇਰ ਇਕ ਦਿਨ ਆਪਣੇ ਅੰਦਰ ਆਪ ਡੁੱਬ ਕੇ
ਮੈਂ ਨਾਪੀ ਆਪਣੀ ਗਹਿਰਾਈ ਵੀ ਆਪੇ।
ਕਿਤਾਬਾਂ ਬਹੁਤ ਸਮਝਾਇਆ ਸੀ ਮੈਨੂੰ
ਜੇ ਆਈ ਤੇ ਸਮਝ ਆਈ ਵੀ ਆਪੇ --- ਉਜਮਾ ਮਹਿਮੂਦ
ਡਾ. ਜਤਿੰਦਰ ਰੰਧਾਵਾ ਪੰਜਾਬੀ ਵਿੱਚ ਕਵਿਤਾ ਤੇ ਕਹਾਣੀ ਲਿਖਦੀ ਹੈ । ਉਸਨੇ ਆਪਣਾ ਪੀਐਚ .ਡੀ. ਦਾ ਥੀਸਸ ‘ਪੰਜਾਬੀ ਲੋਕ ਗੀਤਾਂ ਵਿਚ ਨਾਰੀ ਸਰੋਕਾਰ’ ਵੀ ਛਪਵਾਇਆ ਹੈ। ਉਸਦੀ ਕਵਿਤਾ ਔਰਤ ਨੂੰ ਦੀ ਸੋਚ ਨੂੰ ਇਕ ਨਵੀ ਦਿਸ਼ਾ ਦਿੰਦੀ ਹੈ। ਉਹ ਪਰੰਪਰਾ ਤੋਂ ਹੱਟ ਇਹ ਆਖਦੀ ਹੈ ਕਿ ਮਰਦ ਨੂੰ ਵੀ ਮਾਣ ਹੋਣਾ ਚਾਹੀਦਾ ਹੈ ਕਿ ਉਸਨੂੰ ਔਰਤ ਵਲੋ ਸਤਿਕਾਰ ਉਸਨੂੰ ਵਡਿਆਉਣ ਦਿੱਤਾ ਜਾ ਰਿਹਾ ਹੈ । ਔਰਤ ਨਾ ਗੁਲਾਮ ਹੈ ਤੇ ਨਾ ਹੀ ਮਜਬੂਰ ।
ਮੈਂ ਵੇਲ ਹਾਂ,
ਲਿਪਟੀ ਹਾਂ ਤੇਰੇ ਆਸਰੇ, ਜ਼
ਪਰ ਕਮਜ਼ੋਰ ਨਹੀਂ ਹਾਂ।
ਇਹ ਤਾਂ ਮੇਰੀ ਫਿਤਰਤ ਹੈ,
ਤੈਨੂੰ ਵਡਿਆਉਣ ਦੀ,
ਤੈਨੂੰ ਉਚਿਆਉਣ ਦੀ,
ਤੂੰ ਮੈਨੂੰ ਕਮਜ਼ੋਰ ਸਮਝਣ ਦੀ,
ਭੁੱਲ ਨਾ ਕਰੀਂ ।
ਸ਼ਮੀਲ ਜਸਵੀਰ ਪੱਤਰਕਾਰੀ ਅਤੇ ਰੇਡੀਓ ਮਾਧਿਅਮ ਦੇ ਖੇਤਰ ਵਿੱਚ ਇਕ ਵੱਡਾ ਨਾਮ ਹੈ। ਹੁਣੇ ਹੀ ਉਹਨਾਂ ਦੀ ਨਵੀਂ ਕਾਵਿ ਪੁਸਤਕ “ਤੇਗ” ਛਪੀ ਹੈ। ਜਿਸ ਵਿੱਚ ਉਸਨੇ ਬਹੁਤ ਸਾਰੇ ਮਿਥੇ ਹੋਏ ਧਾਰਮਿਕ ਤੇ ਸਮਾਜਿਕ ਸੋਚ ਵਾਲੇ ਸੁਣੇ ਸੁਣਾਏ ਪਰੰਪਰਾਗਤ ਅਤੇ ਤਥਾਗਤ ਵਿਚਾਰ ਤੋੜ ਕੇ, ਇਕ ਡੂੰਘੇ ਅਧਿਐਨ ਤੋਂ ਬਾਅਦ, ਪਰਮਾਣਾਂ ਸਹਿਤ ਕੁਝ ਨਵਾਂ ਸਿਰਜਣ ਦੀ ਸੁਚੇਤ ਕੋਸ਼ਿਸ਼ ਕੀਤੀ ਹੈ। ਉਸ ਤੋਂ ਪਹਿਲਾਂ ਵੀ ਉਸਦੀਆਂ ਕਈ ਕਾਵਿ ਪੁਸਤਕਾਂ ਕੈਨੇਡਾ ਦੇ ਜੀਵਨ ਬਾਰੇ ਛੱਪ ਚੁਕੀਆਂ ਹਨ। ਆਪਣੀ ਸ਼ਾਇਰੀ ਰਾਹੀਂ ਉਸਨੇ ਇਥੇ ਦੇ ਜਨ ਜੀਵਨ ਨਾਲ ਸਾਂਝ ਪਵਾਈ ਹੈ। ‘ਸੱਭ ਅੰਦਰ’ ਕਵਿਤਾ ਵਿੱਚ ਲਿਖਦੇ ਹਨ :
ਕੋਈ ਵੀ ਅਜਿਹਾ ਨਹੀਂ
ਜਿਸ ਅੰਦਰ ਸੱਚ ਮੌਜੂਦ ਨਾ ਹੋਵੇ
ਸਿਰਫ ਹਿੰਮਤ ਨਹੀਂ ਹੈ
ਦੇਖ ਸਕਣ ਦੀ
ਫੜ ਸਕਣ ਦੀ,
ਜਿਊ ਸਕਣ ਦੀ।
ਸੱਚ ਹੋਣ ਤੇ ਸੱਚ ਜਿਊ ਸਕਣ ਵਿਚਕਾਰ
ਇੱਕ ਡੂੰਘੀ ਖਾਈ ਹੈ
ਜਿਵੇਂ ਵਫ਼ਾ ਤੇ ਬੇਵਫ਼ਾਈ ਵਿਚਕਾਰ ਹੁੰਦੀ ਹੈ।
ਸੁਰਜੀਤ ਟੋਰੋਂਟੋ ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਪਰਨਾਈ ਹੋਈ ਲੇਖਿਕਾ ਹੈ । ਬਹੁਤ ਸਾਰੇ ਦੇਸ਼ਾਂ ਵਿੱਚ ਰਹਿ ਕੇ ਆਈ ਹੋਣ ਕਰਕੇ ਉਸਦੇ ਅਨੁਭਵ ਦਾ ਘੇਰਾ ਬਹੁਤ ਵਿਸ਼ਾਲ ਹੈ। ਉਸਨੇ ਕਵਿਤਾ, ਕਹਾਣੀ, ਲੇਖ, ਅਲੋਚਨਾ ਅਤੇ ਸੰਪਾਦਨ ਦੇ ਖੇਤਰ ਵਿੱਚ ਬਾਰਾਂ ਕਿਤਾਬਾਂ ਲਿਖੀਆਂ ਹਨ। ਉਹ ਖੁੱਲੀ ਨਜ਼ਮ ਬਾਕਮਾਲ ਲਿਖਦੀ ਹੈ। ਕਾਲਜ ਦੇ ਦਿਨਾਂ ਤੋਂ ਹੀ ਉਸਨੂੰ ਇਸ ਸਿਨਫ਼ ਵਿੱਚ ਮੁਹਾਰਤ ਹਾਸਲ ਹੈ। ਉਸਦੀਆਂ ਲਿਖਤਾਂ ਗਲੋਬਲੀ ਸੰਦਰਭ ਵਿੱਚ ਪਹਿਚਾਨੀਆਂ ਜਾਂਦੀਆਂ ਹਨ। ਉਹ ਅੰਤਰ ਮੁੱਖੀ ਹੋਣ ਦੇ ਨਾਲ ਨਾਲ ਬਾਹਰ ਦੇ ਹਾਲਾਤ ਵੀ ਸੁਹਣੀ ਤਰਾਂ ਅੰਕਿਤ ਕਰਦੀ ਹੈ। ਉਹ ਕਵਿਤਾ ਲਿਖਦੀ ਇਕ ਨਵੀਂ ਭਾਸ਼ਾ ਵੀ ਸਿਰਜਦੀ ਹੈ। ਉਹ ਵੱਡੇ ਕਲੇਵਰ ਦੀ ਸ਼ਾਇਰ ਹੈ। ਪੈਗੰਬਰ ਕਵਿਤਾ ਉਹ ਇਸ ਤਰਾਂ ਲਿਖਦੀ ਹੈ:
... ਝੁਕੇ ਹੋਏ ਸਿਰਾਂ ਦੇ ਕਾਫਲੇ ਨੂੰ
ਮੁਖਾਤਬ ਹੋ ਉਹ ਬੋਲਿਆ-
ਅੱਗੇ ਵੱਧੋ...
ਮੇਰੇ ਬਰਾਬਰ ਆਉ,
ਪੈਰਾਂ ਨੂੰ ਧਰਤੀ ‘ ਟਿਕਾਉ
ਇੰਞ ਮਹਿਸੂਸ ਕਰੋ ਕਿ
ਤੁਹਾਡਾ ਸਿਰ ਅਸਮਾਨ ਨੂੰ
ਛੁਹ ਰਿਹੈ ਤੇ ਬਾਂਹਾਂ ਨੂੰ ਇੰਞ ਫੈਲਾਉ
ਕਿ ਚਾਰੇ ਦਿਸ਼ਾਵਾਂ ਨਾਲ
ਤੁਹਾਡਾ ਕਲਾਵਾ ਭਰ ਗਿਐ !
ਕੈਲਗਰੀ ਵਸਦੀ ਸੁਰਿੰਦਰ ਗੀਤ ਇਕ ਬਹੁਤ ਅਨੁਭਵੀ ਲੇਖਿਕਾ ਹੈ। ਉਹ ਗ਼ਜ਼ਲ ਤੇ ਕਹਾਣੀ ਲਿਖਦੀ ਹੈ। “ਕਵਿਤਾ” ਦੇ ਨਾਂ ਹੇਠ ਅਜ਼ਾਦੀ ਭਰੇ ਇਹ ਸ਼ਬਦ ਅੰਕਿਤ ਕਰਦੀ ਹੈ।
ਸੋਚ ਮੇਰੀ ਫਿਰ
ਸ਼ਬਦਾਂ ਦੇ ਖੰਭਾਂ ਤੇ ਚਾੜ੍ਹ ਕੇ
ਬ੍ਰਹਿਮੰਡ ਦੀ ਉਹ ਸੈਰ ਤੇ ਜਾਵੇ
ਮੈਨੂੰ ਮੇਰਾ ਸਾਰਾ ਆਪਾ ਚੰਗਾ ਲਗਦਾ
ਤੇ ਇਹ ਸੂਰਜ ਸੋਮਾ ਚਾਨਣ ਤੇ ਜੱਗ ਸਾਰਾ
ਵਸਿਆ ਅਤੇ ਆਬਾਦ ਹੈ ਲਗਦਾ ।
ਸੰਨੀ ਧਾਲੀਵਾਲ ਚਲੰਤ ਵਿਸ਼ਿਆਂ ਤੇ ਕਵਿਤਾ ਲਿਖਦਾ ਅਕਸਰ ਬੜੀਆਂ ਚੋਭਵੀਂਆਂ ਚੋਟਾਂ ਕਰਦਾ ਹੈ। ਅਕਸਰ ਐਸੇ ਵਿਸ਼ਿਆਂ ਨੂੰ ਪੇਸ਼ ਕਰਦਾ ਆਪਣੀ ਵਿਦੇਸ਼ੀ ਅਤੇ ਦੇਸੀ ਦੋਨੋਂ ਤਰਾਂ ਦੀ ਸਮਝ ਨੂੰ ਬਾਖੂਬੀ ਵਰਤਦਾ ਹੈ। ਉਸਦੇ ਬਿੰਬ ਤੇ ਪ੍ਰਤੀਕ ਨਵੀਨ ਤੇ ਨਿਵੇਕਲੇ ਹੁੰਦੇ ਹਨ। ਅੱਜਕੱਲ ਪੰਜਾਬੀ ਭਾਈਚਾਰੇ ਦੇ ਸਾਹਿਤਕ ਖੇਤਰਾਂ ਵਿੱਚ ਵਿਚਰਨ ਵਾਲੇ ਲੋਕਾਂ ਵਿੱਚ ਡਾਕਟਰ ਕਹਾਉਣ ਦਾ ਬੜਾ ਚਲਨ ਬਣ ਗਿਆ ਹੈ। ਜਿਸਦਾ ਬਾਬਾ ਕਿਸੇ ਹਕੀਮ ਕੋਲੋਂ ਦਵਾਈ ਖਾਂਦਾ ਰਿਹਾ। ਹਰ ਪੰਦਰਵੇਂ ਦਿਨ ਜਾਣ ਕਰਕੇ ਲੋਕਾਂ ਉਹਦੀ ਅੱਲ੍ਹ ਹਕੀਮ ਪਾ ਦਿੱਤੀ ਹੁਣ ਉਹੀ ਅੱਲ੍ਹ “ਡਾਕਟਰ” ਬਣ ਗਈ। ਬਜ਼ੁਰਗ ਦੇ ਪੋਤੇ ਅੱਜਕੱਲ ਆਪਣੇ ਨਾਂ ਨਾਲ ‘ਡਾਕਟਰ” ਲਗਾ ਕੇ ਥਾਂ ਥਾਂ ਸਾਹਿਤਕ ਮਹਿਫਲਾਂ ਦੇ ਸਿਰਕੱਢ, ਮੁੱਖੀ, ਪ੍ਰਧਾਨ ਤੇ ਹੋਰ ਬੜਾ ਕੁੱਝ ਬਣੇ ਬੈਠੇ ਹਨ। ਕਈ ਆਖਦੇ ਹਨ ਕਿ ਅਸੀਂ ਭਾਰਤ ਵਿੱਚ “ਤਿੰਨ ਵੀਕ “ ਲਾ ਕੇ ਆਏ ਹਾਂ ਜੀ, ਫਿਰ ਤਿੰਨ ਵੀਕ ਡਿਗਰੀ ਮਿਲਣ ਤੋਂ ਪਹਿਲਾਂ ਵੀ ਲਾਏ ਸਨ , ਬਾਕਾਇਦਾ ਹਾਜਰੀ ਲਗਦੀ ਸੀ। ਕਈਆਂ ਇਥੇ ਵਿਕਦੀਆਂ ਪੀਐੱਚ.ਡੀ ਦੀਆਂ ਆਨਰੇਰੀ ਡਿਗਰੀਆਂ ਲੈ ਕੇ ਦੁਨੀਆਂ ਭਰ ਵਿੱਚ ਬੱਲੇ ਬੱਲੇ ਕਰਵਾਈ ਪਈ ਹੈ। ਕੋਈ ਨਹੀਂ ਪੁੱਛਦਾ ਕਿ ਉਹਨਾਂ ਨੇ ਕਿਸ ਵਿਸ਼ੇ ਤੇ ਪੀਐਚ.ਡੀ ਕੀਤੀ ਹੈ। ਜੇ ਕੋਈ ਪੁੱਛੋ ਤਾਂ ਆਉਂ ਵਤਾਊਂ ਕਰਨ ਲੱਗ ਜਾਂਦੇ ਹਨ। ਸੰਨੀ ਧਾਲੀਵਾਲ ਨੇ ਇਸ ਗੰਭੀਰ ਬਿਮਾਰੀ ਤੇ ਇਕ ਲੰਮੀ ਕਵਿਤਾ ਲਿਖੀ ਹੈ:
ਮੈਂ ਕਹਿੰਦੀ ਤੂੰ ਵੀ ਪੰਜਾਬੀ ਦੀ
ਪੀਐੱਚ.ਡੀ. ਕਰ ਲੈ
ਆਪਣੇ ਨਾਂ ਅੱਗੇ ‘ਡਾਕਟਰ’ ਲਿਖਵਾ ਲੈ
ਮਿਸਟਰ ਤੋਂ ਡਾਕਟਰ ਸਾਹਿਬ ਬਣ ਜਾ
ਛੋਟੇ ਸਰਕਲ ਤੋਂ ਵੱਡੇ ਵਿੱਚ ਵੜ ਜਾ
ਕਿਸੇ ਸਾਹਿਤ ਸਭਾ ਦਾ ਪ੍ਰਧਾਨ ਬਣ ਜਾ ...
ਹਰਦਮ ਮਾਨ ਇਕ ਚੰਗਾ ਗ਼ਜ਼ਲਕਾਰ ਹੈ ਉਸਨੇ ਪੰਜਾਬੀ ਵਿੱਚ ਲੇਖਕਾਂ ਨੂੰ ਮਿਲਦੇ ਇਨਾਮਾਂ ਸਨਮਾਨਾਂ ਦੀ ਵੰਡ ਤੇ ਕਿੰਤੂ ਪ੍ਰੰਤੂ ਕੀਤੇ ਹਨ। ਭਾਵੇਂ ਸਾਰੇ ਇਨਾਮ ਗਲਤ ਨਹੀਂ ਮਿਲਦੇ। ਇਸ ਵਿਸ਼ੇ ਉਪਰ ਕਈ ਪੋਸਟਾਂ, ਲੈਕਚਰ, ਨਾਵਲ ਖਿੱਦੋ, ਹੋਰ ਕਹਾਣੀਆਂ ਤੇ ਕਵਿਤਾਵਾਂ ਵੀ ਲਿਖੀਆਂ ਮਿਲਦੀਆਂ ਹਨ । ਕਈ ਵਾਰ ਜਿੰਨਾਂ ਨੂੰ ਇਨਾਮ ਨਹੀਂ ਮਿਲਦਾ, ਉਹ ਬਹੁਤ ਵਿਰੋਧ ਕਰਦੇ ਨਜ਼ਰ ਆਉਂਦੇ ਹਨ। ਹਰ ਪੰਜਾਬੀ ਜਿਸ ਨੇ ਕੁਝ ਲਿਖ ਲਿਆ ਉਹ ਸਮਝਦਾ ਇਹ ਪੱਥਰ ਤੇ ਲਕੀਰ ਹੈ। ਉਹ ਹੀ ਵੱਡਾ ਹੈ। ਜੋ ਆਪਣੇ ਸਾਹਿਤ ਨੂੰ ਸੋਸ਼ਲ ਮੀਡੀਆ ਤੇ ਮੁਫਤ ਵਿੱਚ ਵੱਧ ਵੇਚ ਗਿਆ। ਉਹ ਸਮਝਦਾ ਹੈ ਹਰ ਇਨਾਮ ਦਾ ਹੱਕਦਾਰ ਉਹ ਆਪ ਹੀ ਹੈ। ਜੋ ਲੋਕ ਉਸਦੇ ਗਰੁਪ ਵਿੱਚ ਜਾਂ ਫੇਸ ਬੁੱਕ ਤੇ ਨਹੀਂ ਹਨ ਉਹਨਾਂ ਲਈ ਤਾਂ ਭਾਈ ਤੁਸੀਂ ਜੀਰੋ ਹੀ ਰਹਿਣਾ। ਇਨਾਮ ਕਿਵੇਂ ਮਿਲੂ ? ਅੱਜਕੱਲ ਇਕ ਹੋਰ ਵੇਖਣ ਵਿੱਚ ਕੁਝ ਲੋਕ ਆਪਣੇ ਝੋਲੇ ਵਿੱਚ ਕੁਝ ਚਾਦਰਾਂ , ਪਲੈਕਾਂ ਜਾਂ ਸਰਟੀਫ਼ੀਕੇਟ ਲੈ ਕੇ ਆਉਂਦੇ ਹਨ। ਫਿਰ ਕਿਸੇ ਨਾ ਕਿਸੇ ਨੂੰ ਸਨਮਾਨਤ ਕਰਨ ਦੇ ਬਹਾਨੇ ਸਟੇਜ ਚੜ੍ਹ ਜਾਂਦੇ ਹਨ। ਅਖ਼ਬਾਰਾਂ ਵਿੱਚ ਆਪਣੇ ਲਿਹਾਜ਼ੀ ਦੋਸਤਾਂ ਰਾਹੀਂ ਆਪਣੀਆਂ ਫ਼ੋਟੋਜ਼ ਲਗਵਾ ਕੇ, ਬੱਲੇ ਬੱਲੇ ਕਰਵਾਉਂਦੇ ਹਨ। ਖਰਚਾ ਕੋਈ ਹੋਰ ਕਰਦਾ ਹੈ ਪਰ ਲਗਦਾ ਇੰਝ ਹੈ ਕਿ ਜਿਵੇਂ ਸਾਰਾ ਪ੍ਰੋਗਰਾਮ ਉਹਨਾਂ ਹੀ ਕਰਵਾਇਆ ਹੋਵੇ। ਹੁਣ ਲੋਕ ਬੋਲਣ ਲੱਗੇ ਹਨ । ਮੀਡਿਆ ਵੀ ਇਸ ਸਮੱਸਿਆ ਦਾ ਹੱਲ ਕਰਨ ਵਿਚ ਮਦਦ ਕਰ ਸਕਦਾ ਹੈ। ਹਰਦਮ ਮਾਨ ਦੇ ਦੋ ਸ਼ਿਅਰ ਵੇਖੋ :
ਅਨਾੜੀ ਰਹੇ ਹਾਂ ਉਮਰ ਭਰ ਸਾਥੋਂ ਨਾ ਕਰ ਹੋਇਆ
ਬੜਾ ਸੁਣਿਆ ਕਿ ਸ਼ਬਦਾਂ ਦਾ ਵੀ ਕਾਰੋਬਾਰ ਹੁੰਦਾ ਹੈ।
ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ
ਚਾਂਦੀ ਤੇ ਪੰਨਿਆਂ ਤੇ ਵਿਦਵਾਨ ਵਿਕ ਰਹੇ ਨੇ।
ਸਰੀ ਵਸਦਾ ਬਹੁ ਵਿਧਾਵੀ ਅਤੇ ਬਹੁ ਭਾਸ਼ਾਈ ਸਾਹਿਤਕ ਕਿਰਤਾਂ ਦਾ ਰਚਾਇਤਾ ਅਜਮੇਰ ਰੋਡੇ ਸਾਇੰਸ ਦੇ ਨਾਲ ਆਪਣੀ ਪੰਜਾਬੀ ਰਹਿਤਲ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ। ਉਸਨੇ ਕਵਿਤਾ, ਨਾਟਕ, ਕਹਾਣੀ, ਲੇਖ ਅਨੁਵਾਦ ਤੇ ਹੋਰ ਬਹੁਤ ਕੁਝ ਲਿਖਿਆ ਹੈ। ਨਵਤੇਜ ਭਾਰਤੀ ਨਾਲ ਮਿਲ ਕੇ ਉਹਨਾਂ ਨੇ ‘ਲੀਲਾ’ ਨਾਮੀ ਕਾਵਿ ਪੁਸਤਕ ਦੀ ਰਚਨਾ ਕੀਤੀ, ਜਿਸਦਾ ਅਨੁਵਾਦ ਅੰਗਰੇਜੀ ਵਿੱਚ ਵੀ ਹੋਇਆ। ਸੁਰਜੀਤ ਕਲਸੀ ਵੀ ਬਹੁ ਵਿਧਾਵੀ ਲੇਖਕਾ ਹੈ। ਸੁਰਿੰਦਰ ਚਾਹਲ ਵੀ ਵਧੀਆ ਸ਼ਾਇਰਾ ਹੈ। ਅਜਮੇਰ ਰੋਡੇ ਦੀ ਕਵਿਤਾ ਮਾਨਵੀ ਸਰੋਕਾਰਾਂ ਨਾਲ ਜੁੜ ਕੇ ਮਨ ਦੀ ਪਰਤਾਂ ਨੂੰ ਬਾਖੂਬੀ ਖੋਹਲਦੀ ਹੈ:
ਮਨ ਬੰਦੇ ਦਾ ਬੜੀ ਸਾਧਾਰਨ ਸ਼ੈਅ ਬਣ ਬੈਠਾ
ਨਿਸ ਦਿਨ ਵੇਖੇ ਹੋ ਕੁਝ
ਉਸੇ ਦਾ ਆਦੀ ਹੋ ਰਹਿੰਦਾ
ਘਰ ਅੱਗੇ ਰੋਜ਼ ਦਿਹਾੜੀ
ਲਹੂ ਡੁੱਲਦਾ ਪਾਣੀ ਦਾ ਛਿੜਕਾ ਬਣ ਜਾਂਦਾ
ਭੈਅ ਵਿੱਚ ਉਠਣਾ ਭੈਅ ਵਿਚ ਸੌਣਾ
ਭੈਅ ਨੂੰ ਸਵੀਕਾਰ ਕਰ ਲੈਣਾ
ਬਹੁਤ ਗੰਭੀਰ ਅਵਸਥਾ ।
ਨਵਤੇਜ ਭਾਰਤੀ ਸਿੱਖ ਧਰਮ, ਸਮਾਜ, ਸਭਿਆਚਾਰ ਤੇ ਸਹਿਚਾਰ ਨਾਲ ਜੁੜਿਆ ਤੇ ਬਹੁਤ ਹੀ ਗੁੜ੍ਹਿਆਂ ਹੋਇਆ ਸ਼ਾਇਰ ਹੈ। ਉਹ ਬਹੁਤ ਸਟੀਕ ਵਿੱਚ ਆਪਣੀ ਗੱਲ ਰੱਖ ਸਕਣ ਦੇ ਸਮਰੱਥ ਹੈ। ਉਹਨਾਂ ਦੀ ਇਕ ਕਵਿਤਾ ਕੰਮ ਕਰਦੇ ਹੱਥ ਵਿੱਚੋਂ ਇਕ ਨਮੂਨਾ ਵੇਖੋ: ਕੰਮ ਕਰਦੇ ਹੱਥਾਂ ਵਿਚ
ਕਰਾਮਾਤ ਵਸਦੀ ਹੈ
ਦਰਿਆ ਵਗਦੇ ਹਨ
ਧਰਤੀ ਫੈਲਦੀ ਹੈ
ਅੰਬਰ ਸਿਮਟਦਾ ਹੇ
ਤੇ ਕਵਿਤਾ ਉਗਮਦੀ ਹੈ
ਸੁਰਜੀਤ ਕਲਸੀ ਨੇ ਸੰਸਾਰ ਭਰ ਵਿੱਚ ਹੋ ਰਹੀਆਂ ਜੰਗਾਂ ਕਰਕੇ ਧਰਤੀ ਦੇ ਦਰਦ ਨੂੰ ਮਹਿਸੂਸ ਕਰਦੀ ਇਕ ਨਜ਼ਮ ਇਸ ਤਰਾਂ ਲਿਖੀ ਹੈ: ਮੈਂ ਧਰਤੀ ਮਿਸਰ ਦੀ ਹੋਵਾਂ, ਸੀਰੀਆ ਦੀ
ਭਾਰਤ ਜਾਂ ਪਾਕਿਸਤਾਨ ਦੀ ਲਗਾਤਾਰ ਜਲ ਰਹੀ ਹਾਂ
ਬਹੁਤ ਖੂਨ ਮੇਰੇ ਸੀਨੇ ਤੈ ਡੁੱਲ ਚੁੱਕਾ ਹੈ !
ਮੇਰੇ ਹੰਝੂਆਂ ਨਾਲ ਨਹੀਂ ਧੋ ਹੋਣਾ
ਇਹ ਖੂਨ ਜੋ ਮੇਰੇ ਸੀਨੇ ਤੇ ਡੁੱਲ ਚੁੱਕਾ ਹੈ। (ਪੰਨਾ 120 ਕੂੰਜਾਂ)
ਅੱਜ ਕੱਲ ਸਰੀ ਵਸਦਾ ਜਸਵਿੰਦਰ ਕਮਾਲ ਦੀ ਗ਼ਜ਼ਲ ਕਹਿੰਦਾ ਹੈ। ਮਾਨਵ ਦੇ ਅੰਦਰ ਦਾ ਅਧੂਰਾਪਨ, ਵਿਰੋਧਾਭਾਸੀ ਸੁਭਾਅ, ਵਿਪਰੀਤ ਹਾਲਾਤ ਉਸਦੀ ਕਾਵਿਕ ਤੇ ਸੰਵੇਦਨਾਸ਼ੀਲ ਨਜ਼ਰ ਤੋਂ ਬੱਚ ਕੇ ਨਹੀਂ ਜਾ ਸਕਦਾ ਹੈ। ਇਸ ਸਾਲ ਤੋਂ ਹੁਣ ਤੱਕ ਕੈਨੇਡਾ ਅਮਰੀਕਾ ਵਿੱਚ ਚੋਣਾਂ ਹੋਣ ਤੋਂ ਪਹਿਲਾਂ ਤੇ ਬਾਅਦ ਵਿੱਚ ਜੋ ਹਾਲਾਤ ਬਣੇ ਹਨ ਉਹਨਾਂ ਕਈ ਰੰਗ ਹੇਠ ਦਿੱਤੇ ਸ਼ਿਅਰਾਂ ਵਿੱਚੋਂ ਦਿਸਦੇ ਹਨ। ਜੋ ਸਾਡਾ ਪ੍ਰਧਾਨ ਮੰਤਰੀ ਕਰਨਾ ਚਾਹੁੰਦਾ ਉਸ ਨੂੰ ਗਵਾਂਢੀ ਮੁਲਕ ਆਪਣੇ ਤਰੀਕੇ ਨਾਲ ਕਾਟ ਕਰ ਰਿਹਾ। ਰਾਜਨੀਤਕ ਅਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ।
ਹਮੇਸ਼ਾ ਆਦਮੀ ਸੱਚ ਦੇ ਸਮਾਨਅੰਤਰ ਨਹੀਂ ਰਹਿੰਦਾ
ਕਦੇ ਉਸਰ ਕੇ ਵੀ ਰੋਵੇ, ਕਦੇ ਹੋ ਕੇ ਤਬਾਹ ਹੱਸੇ।
ਮੈਂ ਸੋਚਾਂ ਇਸ ਡਾਲ ‘ਤੇ ਪੰਛੀ ਕਰਨ ਕਲੋਲ
ਤੂੰ ਸੋਚੇਂ ਇਸ ਡਾਲ ਦੀ ਬਣਨੀ ਖੂਬ ਗੁਲੇਲ
ਕੈਨੇਡਾ ਇਕ ਹਰਮਨ ਪਿਆਰਾ ਮੁਲਕ ਰਿਹਾ ਹੈ ਅਤੇ ਹੈ ਵੀ। ਦੁਨੀਆਂ ਭਰ ਵਿਚੋਂ ਲੋਕ ਇਥੇ ਆ ਕੇ ਵੱਸੇ ਇਸਨੂੰ ਆਪਣੇ ਸੁਪਨਿਆਂ ਦਾ ਘਰ ਬਣਾਇਆ। ਪਿਛਲੇ ਕੁਝ ਸਾਲਾਂ ਤੋਂ ਹੋਰ ਵੱਧ ਮੁਲਕਾਂ ਤੋਂ ਲੋਕਾਂ ਅਤੇ ਸ਼ਰਣਾਰਥੀਆਂ ਨੂੰ ਇਸ ਮੁਲਕ ਨੇ ਜੀ ਆਇਆਂ ਆਖਿਆ। ਪਰ ਜਿਵੇਂ ਪ੍ਰਾਹੁਣੇ ਵੱਧ ਆ ਜਾਣ ਤਾਂ ਕੁਝ ਦਿਨ ਤਾਂ ਰੌਣਕ ਲੱਗਦੀ ਫਿਰ ਸੰਭਾਲ ਕਰਨ ਵਿੱਚ ਔਕੜ ਆਉਣ ਲਗਦੀ ਹੈ। ਕਈ ਪ੍ਰਾਹੁਣੇ ਵੀ ਆਪਣਾ ਅਸਲੀ ਰੰਗ ਵਿਖਾਉਣ ਲਗਦੇ ਹਨ। ਕੁਝ ਇਹੋ ਜਿਹਾ ਹੋਇਆ । ਦੋਸਤਾਨਾ ਤੇ ਸਭਿਅਕ ਅਸੂਲਾਂ ਵਾਲੀਆਂ ਸਰਕਾਰੀ ਨੀਤੀਆਂ ਨੂੰ ਵੇਖ ਕੇ ਕੁਝ ਲੋਕਾਂ ਗਲਤ ਰਸਤੇ ਅਪਨਾ ਲਏ। ਚੋਰੀ, ਹਿੰਸਾ, ਮਾਰ ਕੁਟਾਈ, ਕਤਲ, ਮੇਲਿਆਂ ਤਿਉਹਾਰਾਂ ਤੇ ਹੁਲੜਬਾਜ਼ੀ ਆਦਿ ਕਰਕੇ ਦੇਸ਼ ਅਮਨ ਚੈਨ ਵਿੱਚ ਉਥਲ ਪੁਥਲ ਹੋ ਗਿਆ । ਹੁਣ ਸਭ ਇਕ ਵਿਚਾਰਨ ਤੇ ਇਕੱਠੇ ਹੋਣ ਦੀ ਵੱਧ ਲੋੜ ਹੈ ਤਾਂ ਕੇ ਮੁਲਕ ਦਾ ਮਾਣ ਉਪਰ ਚੁੱਕਿਆ ਜਾ ਸਕੇ। ਕੁੱਦੋਵਾਲ ਨੇ ਇਸ ਹਾਲਾਤ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ।
ਸੂਰਜ ਛਿਪ ਰਿਹਾ ਹੈ ਕਾਇਨਾਤ ਬਦਲ ਰਹੀ ਹੈ
ਹਨੇਰੇ ਦੀ ਛਹਿ ‘ਚ ਦਹਿਸ਼ਤ ਮਚਲ ਰਹੀ ਹੈ। (ਪੰਨਾ 27 ਸਮਿਆਂ ਤੋਂ ਪਾਰ ਵਿੱਚੋਂ)
ਜੰਗਲ ਜੰਗਲ ਬਸਤੀ ਬਸਤੀ ਗਾਹ ਗਈ ਦਹਿਸ਼ਤ
ਭਾਸ਼ਾ ਧਰਮ ਰੰਗ ਨਸਲ ਤੇ ਛਾ ਗਈ ਦਹਿਸ਼ਤ - ( 33 ਸਮਿਆਂ ਤੋਂ ਪਾਰ ਵਿੱਚੋਂ )
ਈਦ ਵਿਸਾਖੀ ਦੀਵਾਲੀ ਤੇ, ਕੱਠੇ ਹੋਈਏ ਕੁੱਦੋਵਾਲ
ਜੱਫੀ ਪਾਉਣ ਤੇ ਰਲ ਜਾਂਦੀ ਹੈ ਪਿਆਰ ਦੀ ਖ਼ੁਸ਼ਬੂ ਸਾਹਵਾਂ ਵਿੱਚ। --- ਯੁੱਧ ਤੋਂ ਬਾਅਦ
ਮੋਹਨ ਗਿੱਲ ਨੇ ਆਪਣੀ ਇਕ ਨਿੱਕੀ ਕਵਿਤਾ ਵਿੱਚ ਕੈਨੇਡਾ ਵਿੱਚ ਪ੍ਰਾਪਰਟੀਆਂ ਖਰੀਦਣ ਤੇ ਇਕ ਵਿਅੰਗਾਤਮਕ ਕਵਿਤਾ ਲਿਖੀ ਹੈ। ਇਕ ਪਾਸੇ ਤਾਂ ਲੋਕਾਂ ਨੂੰ ਰਹਿਣ ਲਈ ਬੇਸਮੈੰਟ ਵੀ ਕਰਾਏ ਅਤੇ ਲੈਣੀ ਮੁਸ਼ਕਲ ਹੋ ਗਈ ਹੈ। ਦੂਜੇ ਪਾਸੇ ਕਈ ਲੋਕ ਇਕ ਦੂਜੇ ਤੋਂ ਵੱਧ ਘਰ ਖਰੀਦਣ ਤੇ ਵੱਧ ਮੁਨਾਫ਼ਾ ਲੈਣ ਦੀ ਦੌੜ ਵਿੱਚ ਹਨ। ਅੱਜਕੱਲ ਕਈ ਲੋਕਾਂ ਵਾਸਤੇ ਇਕ ਦੋ ਵੱਧ ਖਰੀਦੇ ਹੋਏ ਘਰ ਮੁਸੀਬਤ ਬਣ ਗਏ ਹਨ । ਇਸ ਲਈ ਉਹ ਨਸੀਹਤ ਦਿੰਦਾ “ਮੁਆਫੀਨਾਮਾ” ਕਵਿਤਾ ਵਿੱਚ ਆਖਦਾ ਹੈ;
ਮੁਆਫ਼ ਕਰਨਾ ਦੋਸਤ
ਤੇਰੇ ਪੰਜਵੇਂ ਮਕਾਨ ਦੀ ਚੱਠ ‘ਤੇ
ਨਹੀਂ ਆ ਸਕਾਂਗਾ
ਘਰ ਬਣਾਏਂਗਾ, ਲਾਜ਼ਮੀ ਆਵਾਂਗਾ।
ਔਰਤ ਬਾਰੇ, ਭਰੂਣ ਹੱਤਿਆ ਬਾਰੇ ਬਹੁਤ ਕੁਝ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ ਹੈ। ਭੂਪਿੰਦਰ ਦੁਲੇ ਨੇ ਬੜੀ ਸੰਵੇਦਨਾਂ ਤੇ ਸਹਿਜ ਨਾਲ, ਬਿਨ੍ਹਾਂ ਕਿਸੇ ਨਾਅਰੇਬਾਜ਼ੀ ਦੇ ਇਸ ਵਿਸ਼ੇ ਤੇ ਚੋਟ ਕੀਤੀ ਹੈ। ਉਹ ਨਹੀਂ ਕਹਿੰਦਾ ਕਿ ਜ਼ੁਮੇਵਾਰ ਔਰਤ ਹੈ ਜਾਂ ਮਰਦ ਸਮਾਜ ਹੈ ਜਾਂ ਸਰਕਾਰ । ਇਕ ਵਰਤਾਰਾ ਹੈ ਜੋ ਚੁਪਚਾਪ ਵਰਤ ਰਿਹਾ ਹੈ, ਜਿਸ ਲਈ ਪੂਰਾ ਸਮਾਜ ਉੱਤਰਦਾਈ ਬਣਦਾ ਹੈ। ਉਸਦਾ ਕਾਵਿਕ ਸੰਵੇਦਨਾਂ ਦਾ ਕਮਾਲ ਵੇਖੋ;
ਕੁੱਖੋਂ ਹੀ ਡੋਲੀ ਤੋਰ ਕੇ ਮਮਤਾ ਦੀ ਬੇਬਸੀ
ਪੱਥਰ ਨੇ ਆਂਦਰਾਂ ਮਗਰ ਦਿਸਦੀ ਨਦੀ ਦੇ ਵਾਂਗ (ਪੰਨਾ 28 ਬੰਦ ਬੰਦ)
ਜਿਹਨਾਂ ਦੀ ਹੋਂਦ ਦਫ਼ਨਾਈ ਗਈ ਜੰਮਣ ਤੋਂ ਪਹਿਲਾਂ ਹੀ
ਕਦੇ ਕਲਮਾਂ ਚੋਂ ਉਪਜਣ ਫੇਰ ਕਵਿਤਾਵਾਂ ਨੂੰ ਖ਼ਤ ਲਿਖਣਾ (ਪੰਨਾ 97 ਬੰਦ ਬੰਦ)
ਡਾ. ਗੁਰਮਿੰਦਰ ਸਿੱਧੂ ਨੇ ਕਵਿਤਾ, ਗ਼ਜ਼ਲ ਅਤੇ ਗੀਤ ਬਾਕਮਾਲ ਲਿਖੇ ਹਨ। ਉਹਨਾਂ ਦੀ ਕਵਿਤਾ ਵਿੱਚ ਪਿਆਰ, ਮੋਹ, ਉਡੀਕ, ਦਰਦ, ਵਿਛੋੜਾ, ਧੀਆਂ, ਕੁੜੀਆਂ, ਬਾਰੇ ਨਵੇਂ ਕਾਵਿਕ ਬਿੰਬਾਂ ਤੇ ਪ੍ਰਤੀਕ ਆਏ ਹਨ। ਉਹ ਸ਼ਬਦਾਂ ਨੂੰ ਵਰਤਣ ਦੇ ਜਾਦੂਗਰ ਹਨ। ਇਸ ਕਰਕੇ ਉਹ ਲਗਾਤਾਰ ਨਵੇਂ ਦਿਸਹੱਦਿਆਂ ਵਲ ਵੱਧਦੇ ਨਜ਼ਰ ਪੈਂਦੇ ਹਨ:
ਤੈਨੂੰ ਲੱਗੇ ਸੇਕ ਮੈਂ ਸਾਰੀ ਦੀ ਸਾਰੀ ਪਿਘਲ ਜਾਂ,
ਇਸ ਤਰ੍ਹਾਂ ਨਿਭਣੀ ਮੁਹੱਬਤ, ਫੇਰਿਆਂ ਦੇ ਨਾਲ ਨਾਲ ।
ਗ਼ਜ਼ਲ ਲਿਖਣੀ ਇੰਜ ਹੈ, ਸੋਨੇ ‘ਚੋਂ ਘੜਨੀ ਟੂੰਬ ਜਿਉਂ,
ਮੱਚਣਾ ਪੈਂਦੇ ਹੈ ਮਘਦੇ ਅੱਖਰਾਂ ਦੇ ਨਾਲ ਨਾਲ । ( ਪੰਨਾ 109 ਹੁਣ ਅਲਵਿਦਾ ਹੁੰਦੇ ਨੇ ਖ਼ਤ)
ਕੁਲਵਿੰਦਰ ਖਹਿਰਾ ਕਾਫੀ ਸਾਲਾਂ ਪ੍ਰੋਗਰੈਸਿਵ ਕਵਿਤਾ ਲਿਖਦਾ ਆ ਰਿਹਾ ਹੈ। ਉਸ ਦਾ ਇਕ ਸ਼ਿਅਰ ਗ਼ਜ਼ਲ ਦੀ ਸਿਨਫ ਵਿੱਚ ਪਰੰਪਰਾਵਾਦੀ ਹੁਸਨ ਦੀ ਖੂਸ਼ਬੂ ਨੂੰ ਪ੍ਰਗਟ ਕਰਦਾ ਹੈ ਤੇ ਨਾਲ ਹੀ ਹਥਿਆਰਾਂ ਦੇ ਜੰਗਲ ਦੀ ਵੀ ਗੱਲ ਕਰਦਾ ਹੈ। ਸ਼ਾਇਰ ਤਾਂ ਸ਼ਾਂਤੀ ਦੇ ਖ਼ੁਸ਼ਗਵਾਰ ਮਾਹੌਲ ਵਿੱਚ ਜੀਉਣਾ ਚਾਹੁੰਦਾ ਹੈ ਪਰ ਇਹ ਜੰਗਾਂ ਤੇ ਗੈਂਗਸਟਰਾਂ ਨੇ ਆਮ ਆਦਮੀ ਦਾ ਜੀਵਨ ਔਖਾ ਕਰ ਦਿੱਤਾ ਹੈ।
ਸ਼ਬਦ ਸੱਚ ਸੰਗੀਤ ਸੁਰ ਦੇ ਸੋਜ਼ ਦੇ
ਹੁਸਨ ਦੀ ਮੁਹਤਾਜ ਹੈ ਮੇਰੀ ਗ਼ਜ਼ਲ। (ਪੰਨਾ 9 ਹਨੇਰੇ ਦੀ ਤਲੀ ਤੇ)
ਸਾਡੇ ਉੱਤੇ ਜਾ ਆਉਣਾ ਸੀ ਮੌਸਮ ਮਸਤ ਬਹਾਰਾਂ ਦਾ ।
ਵਿਹੜੇ ਵਿੱਚ ਉੱਗ ਆਇਆ ਤਦ ਜੰਗਲ ਇਕ ਹਥਿਆਰਾਂ ਦਾ। (ਪੰਨਾ 25 ਹਨੇਰੇ ਦੀ ਤਲੀ ਤੇ)
ਸਰੀ ਵੱਸਦਾ ਪ੍ਰੀਤ ਮਨਪ੍ਰੀਤ ਬਹੁਤ ਗਹਿਰੀਆਂ ਗੱਲਾਂ ਬੜੇ ਸਹਿਜ ਨਾਲ ਕਹਿ ਸਕਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਉਸ ਦੀ ਸ਼ਾਇਰੀ ਬਹੁ ਪਰਤੀ ਸੰਭਾਵਨਾਵਾਂ ਲੁਕਾਈ ਬੈਠੀ ਹੈ।
ਇਸ ਬਹਿਸ ਵਿੱਚ ਉਲਝੇ ਰਹੇ ਕੀ ਗਲਤ ਸੀ ਕੀ ਠੀਕ ਸੀ
ਉਹ ਨਾ ਦਿਸੀ, ਨਾ ਮਿਟੀ , ਰਿਸ਼ਤੇ ‘ਚ ਜਿਹੜੀ ਲੀਕ ਸੀ।
ਕੁਝ ਸੀ ਜੋ ਸਾਰੇ ਰਾਹ ‘ਚ ਹੀ ਤੁਰਦਾ ਸਮਾਨੰਤਰ ਰਿਹਾ
ਜੋ ਸੋਚ ਤੋਂ ਵੀ ਸੀ ਪਰੇ, ਜੋ ਵਾਲ ਤੋਂ ਬਾਰੀਕ ਸੀ । (ਪੰਨਾ 108 ਰੁੱਤਾਂ, ਦਿਲ ਤੇ ਸੁਫਨੇ)
ਕਵਿਤਾ ਆਪਣਾ ਕਾਵਿਕ ਰੂਪ ਆਪ ਲੈ ਕੇ ਆਉਂਦੀ ਹੈ। ਉਹ ਕਈ ਵਾਰ ਕਵੀ ਦੇ ਵੱਸ ਵਿੱਚ ਨਹੀਂ ਹੁੰਦਾ ਹੈ। ਐਸੀ ਕਿਰਤ ਲੋਕ ਦਿਲਾਂ ਨੂੰ ਟੁੰਬਦੀ ਹੈ ਜੋ ਕਵੀ ਕੋਲੋਂ ਆਪ ਲਿਖਵਾਉਂਦੀ ਹੈ। ਸਰੀ ਵਸਦੇ ਗੁਰਮੀਤ ਸਿੱਧੂ ਦੇ ਇਹਨਾਂ ਸ਼ਿਅਰਾਂ ਨੂੰ ਪ੍ਰਮਾਣ ਵਿੱਚ ਰੱਖਣਾ ਚਾਹਾਂਗਾ:
ਹੋ ਗਈ ਨਜ਼ਰੇ ਕਰਮ ਦੇਖਦੇ ਦੇਖਦੇ।
ਚਲ ਪਈ ਮੇਰੀ ਕਲਮ ਦੇਖਦੇ ਦੇਖਦੇ।
ਬੂੰਦ ਰਹਿਮਤ ਦੀ ਪਈ ਤਾਂ ਗ਼ਜ਼ਲ ਹੋ ਗਈ,
ਮੈਂ ਲਿਖੀ ਸੀ ਜੋ ਨਜ਼ਮ ਦੇਖਦੇ ਦੇਖਦੇ। ( ਪੰਨਾ 77 ਪਿੰਡ ਤੋਂ ਬ੍ਰਹਿਮੰਡ)
ਕੈਨੇਡੀਅਨ ਪੰਜਾਬੀ ਕਵਿਤਾ ਹੁਣ ਸੀਮਾਵਾਂ ਵਿੱਚ ਬੱਝੀ ਹੋਈ ਨਹੀਂ ਰਹੀ। ਭੂ- ਹੇਰਵੇ ਨੂੰ ਪਿਛੇ ਛੱਡ ਕੇ ਬਹੁਤ ਅੱਗੇ ਨਿਕਲ ਗਈ ਹੈ। ਹੁਣ ਬੜੇ ਮਾਣ ਨਾਲ ਕਿਹਾ ਜਾ ਸਕਦਾ ਕਿ ਸਮਕਾਲੀ ਕੈਨੇਡੀਅਨ ਪੰਜਾਬੀ ਕਵਿਤਾ ਮੁਖ ਧਾਰਾ ਦੇ ਪੰਜਾਬੀ ਕਵੀਆਂ ਨਾਲ ਬਰਾਬਰ ਤੋਲੀ ਜਾ ਸਕਦੀ ਹੈ।