ਆਪਣੇ ਮਨਭਾਉਂਦੇ ਅਧਿਆਪਨ ਦੇ ਕਿੱਤੇ ਅਤੇ ਪੰਜਾਬੀ ਕਾਵਿ- ਜਗਤ ਦੀ ਪ੍ਰਵੇਸ਼ਕਾਰੀ ਤੋਂ ਇਲਾਵਾ, ਨਾਮਵਰ ਲੇਖਕਾਂ/ ਮਕਬੂਲੀਅਤ ਹਾਸਲ ਕਰ ਚੁੱਕੇ ਵਿਅਕਤੀਆਂ ਨਾਲ ਜਦੋਂ ਉਸ ਦੀਆਂ ਸਹਿਜ ਸੁਭਾਵਿਕ ਮੁਲਾਕਾਤਾਂ/ ਮਿਲਣੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਪਹਿਲੀ ਸੱਟੇ ਉਹ ਮੁਲਾਕਾਤਾਂ ਭਾਵੇਂ ਉਸ ਦੀ ਪੱਤਰਕਾਰੀ ਚੇਤਨਾ ਦਾ ਝਾਉਲਾ ਪਾਉਂਦੀਆਂ ਪਰੰਤੂ ਉਸ ਦੀ ਅਜਿਹੀ ਬ੍ਰਿਤਾਂਤ- ਸਿਰਜਣ ਪ੍ਰਕਿਰਿਆ/ ਲਿਖਣ- ਸ਼ੈਲੀ ਜਦੋਂ ਅੱਖਰਾਂ ਜਾਂ ਸਾਹਿਤਕਾਰੀ ਦੇ ਮਾਧਿਅਮ ਰਾਹੀਂ ਪਾਠਕਾਂ ਦੇ ਰੂਬਰੂ ਹੁੰਦੀ ਤਾਂ ਉਹ ਕਾਵਿ ਨੂੰ ਅਜਿਹੇ ਵੱਡਮੁੱਲੇ/ ਵਸੀਹ ਅਰਥ ਪ੍ਰਦਾਨ ਕਰ ਦਿੰਦੀ ਕਿ ਸੰਬੰਧਿਤ ਵਿਅਕਤੀ ਦੀ ਜ਼ਿੰਦਗੀ ਫ਼ਰਸ਼ਾਂ ਤੋਂ ਅਰਸ਼ਾਂ ਤੱਕ ਦੀ ਰਸਾਈ ਕਰ ਲੈਂਦੀ,ਆਮ ਪਾਠਕਾਂ ਲਈ ਤਾਂ ਇਹ ਬੜਾ ਅਚੰਭਾ ਹੁੰਦਾ ਸੀ। ਕਾਵਿ - ਚਿਤ੍ਰਾਂ ਦੀ ਇਹ ਸਿਰਜਣ- ਪ੍ਰਕਿਰਿਆ ਨੇ ਉਸ ਨੂੰ ਸਹੀ ਮਾਅਨਿਆਂ ਵਿੱਚ ਆਤਮਾ ਸਿੰਘ ਤੋਂ ਆਤਮ ਹਮਰਾਹੀ ਦਾ ਰੁਤਬਾ ਪ੍ਰਦਾਨ ਕਰ ਦਿੱਤਾ। ਸਬੱਬ ਵਜੋਂ ' ਹਮਰਾਹੀ ' ਹੋਣ ਦਾ ਤਖ਼ੱਲਸ/ ਨਾਮਕਰਣ ਭਾਵੇਂ ਉਸਦੀ ਇੱਕ ਕਾਵਿ- ਪਛਾਣ ਜਾਂ ਮੁਹੱਬਤੀ- ਖਿੱਚ ਦੇ ਕਾਰਨ ਪਹਿਲਾਂ ਹੀ, ਉਸ ਦੇ ਡਾਕਟਰ ਜਗਤਾਰ ਵਰਗੇ ਸ਼ਾਇਰ - ਮਿੱਤਰਾਂ ਨੇ ਸਦੀਵੀ ਤੌਰ 'ਤੇ ਉਸ ਦੇ ਲੜ ਲਾ ਦਿੱਤਾ ਸੀ, ਜੋ ਉਸਦੀ ਨਿਵੇਕਲੀ ਘਾਲਣਾ ਅਤੇ ਕਰਮਸ਼ੀਲਤਾ ਵਜੋਂ ਆਖ਼ਰੀ ਸਾਹਾਂ ਤੱਕ ਉਸ ਦੇ ਨਾਲ ਨਿਭਿਆ।-----
---- ਪੜ੍ਹੇ ਲਿਖੇ ਬੁੱਧੀਜੀਵੀਆਂ ਦੀ ਸੰਗਤ ਵਿੱਚ ਉਹ ਮਹਿਫ਼ਲਾਂ ਦਾ ਬਾਦਸ਼ਾਹ ਬਣ ਜਾਂਦਾ, ਉਸ ਦੀ ਹਾਜ਼ਰ ਜਵਾਬੀ, ਢੁੱਕਵੇਂ ਥਾਵਾਂ ਦੀ ਢੁੱਕਵੀਂ ਸ਼ਬਦਾਵਲੀ, ਤਾਰਕਿਕ ਦ੍ਰਿਸ਼ਟੀ ਵਾਲੀ ਹੋਈ ਬ੍ਰਿਤਾਂਤਮਈ ਵਿਆਖਿਆ ਤੇ ਤਸਵੀਰਕਸ਼ੀ ਆਪਣੀ ਮਿਸਾਲ ਆਪ ਸੀ। ਕਈ ਵਾਰ ਉਸ ਨੂੰ ਇਉਂ ਵੀ ਕਹਿਣਾ ਪੈਂਦਾ, " ਡਾਕਟਰ ਸਾਹਿਬ! ਫਲਾਂ ਘਟਨਾ ਕੀ ਸੀ ?" ਜਦੋਂ ਕਿ ਉਸ ਘਟਨਾ ਬਾਰੇ ਪਹਿਲਾਂ ਵੀ ਊੜੇ ਤੋਂ ੜਾੜੇ ਤੱਕ ਦੀ ਜਾਣਕਾਰੀ ਹੁੰਦੀ ਸੀ। ਖ਼ੂਬਸੂਰਤ ਗੱਲ ਤਾਂ ਇਹ ਹੁੰਦੀ ਸੀ ਕਿ ਉਹਨਾਂ ਦਾ ਅੰਦਾਜ਼ੇ -ਬਿਆਂ ਕੇਵਲ ਗਿਣਤੀ- ਮਿਣਤੀ ਦੇ ਲੋੜੀਂਦੇ ਸ਼ਬਦਾਂ ਦਾ ਪ੍ਰਗਟਾਵਾ/ ਪ੍ਰਯੋਗ ਨਹੀਂ ਸੀ ਹੁੰਦਾ , ਇਉਂ ਜਾਪਦਾ ਸੀ ਜਿਵੇਂ ਉਨ੍ਹਾਂ ਸ਼ਬਦਾਂ ਵਿੱਚ ਪੰਜਾਬੀਅਤ ਦੀ ਮਿਸ਼ਰੀ ਘੋਲੀ ਹੋਵੇ। ---- ਗੱਲ ਕਰਦੇ - ਕਰਦੇ,ਉਹ ਆਪਣੀਆਂ ਮੁੱਛਾਂ 'ਤੇ ਆਪਣੇ ਸੱਜੇ ਹੱਥ ਦਾ ਅੰਗੂਠਾ ਰੱਖਦਿਆਂ ਅਤੇ ਉਸੇ ਹੱਥ ਦੀ ਵੱਡੀ ਉਂਗਲ ਦਾ ਸਹਾਰਾ ਲੈਂਦਿਆਂ ਕਹਿ ਦਿੰਦਾ," ਹਮਰਾਹੀ ਦੀ ਜ਼ਿੰਦਗੀ ਦੀਆਂ ਸੂਈਆਂ ਤਾਂ ਹਮੇਸ਼ਾਂ ਦਸ ਵਜ ਕੇ ਦਸ ਮਿੰਟ 'ਤੇ ਰਹਿਦੀਆਂ ਹਨ, ਇਹ ਕਦੇ ਵੀ ਚਾਰ ਵੱਜ ਕੇ ਚਾਲੀ ਮਿੰਟ ਨਹੀਂ ਵਜਾਉਂਦੀਆਂ -- ਇਹ ਮੈਨੂੰ ਕਦੇ ਵੀ ਨਿਰਾਸ਼ਾ ਦਾ ਅਹਿਸਾਸ ਨਹੀਂ ਕਰਵਾਉਂਦੀਆਂ -- ਆਪਾਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੀਦਾ; ਇਸੇ ਕਰਕੇ ਆਪਾਂ ਕਹਿੰਦਿਆਂ- ਕਹਾਉਂਦਿਆਂ ਦੇ ਗੋਡੇ ਵੀ ਲਵਾ ਦਈ ਦੇ ਆ --- ਕ੍ਰਿਸ਼ਨ ਸਿੰਘ! ਬੱਸ ਇਹ ਬਾਬੇ ਦੀ ਕ੍ਰਿਪਾ ਹੀ ਹੈ।" ਸਵੈ- ਮਰਦਾਨਗੀ / ਆਪਣਾ ਅਸਤਿੱਤਵ ਇਜ਼ਹਾਰ ਕਰਨ ਦਾ, ਇਹ ਵੀ ਉਸਦਾ ਆਪਣਾ ਹੀ ਤਕੀਆ ਕਲਾਮ ਹੁੰਦਾ ਸੀ ; ਇਕ ਤਰ੍ਹਾਂ ਦਾ ਸੁਹਜ- ਭਰਪੂਰ ਕਾਵਿਕ- ਅੰਦਾਜ਼। ਸਮਾਂ ਪੈਣ 'ਤੇ ਜੀਵਨ- ਸ਼ੈਲੀ ਦੇ ਅਜਿਹੇ ਗੁਣ ਕਿਸੇ ਵੀ ਵਿਅਕਤੀ ਦੇ ਪਛਾਣ- ਚਿੰਨ੍ਹ ਬਣ ਜਾਂਦੇ ਹਨ।
---- ਲੁਧਿਆਣੇ ਦਾ ਮੁਲਾਂਕਣ ਕੇਂਦਰ ਹੋਵੇ ਜਾਂ ਚੰਡੀਗੜ੍ਹ ਦਾ , ਪੰਜਾਬ ਯੂਨੀਵਰਸਿਟੀ ਪੇਪਰਾਂ ਦੇ ਮੁਲਾਂਕਣ ਦੌਰਾਨ ਜਦੋਂ ਕਿਸੇ ਵਕਤ ਵਿਹਲ ਮਿਲਦੀ ਤਾਂ ਡਾ. ਸੁਖਦੇਵ ਸਿੰਘ ਬਰਾੜ, ਡਾ. ਗੁਰਇਕਬਾਲ ਸਿੰਘ, ਡਾ. ਕਰਮ ਸਿੰਘ ਸੰਧੂ, ਪ੍ਰੋ. ਕਮਲਜੀਤ ਸਿੰਘ ਦਾਖਾ --- ਡਾਕਟਰ ਹਮਰਾਹੀ ਦੇ ਅਜਿਹੇ ਕਾਵਿ - ਟੋਟਕੇ ਸੁਣਨ ਲਈ ਹਮੇਸ਼ਾਂ ਉਤਾਵਲੇ ਰਹਿੰਦੇ। ਕਈ ਵਾਰ ਉਹਨਾਂ ਦੀ ਖੁੱਲ੍ਹਦਿਲੀ ਵਾਰਤਕ- ਸ਼ੈਲੀ ਜਦੋਂ ਲੋੜੋਂ ਵੱਧ ਹੱਦਬੰਦੀਆਂ ਤੈਅ ਕਰ ਲੈਂਦੀ ਜਾਂ ਪਾਰ ਕਰ ਜਾਂਦੀ ਤਾਂ ਉਹਨਾਂ ਦੇ ਆਸੇ ਪਾਸੇ ਖੜ੍ਹੀ ਪ੍ਰੋਫ਼ੈਸਰ ਲੋਕਾਂ ਦੀ ਢਾਣੀ, ਤਾੜੀਆਂ ਮਾਰ- ਮਾਰ ਕੇ --- ਸਾਹਮਣੇ ਬੈਠੇ ਲੇਡੀ ਸਟਾਫ਼ ਨੂੰ ਇਉਂ ਅਹਿਸਾਸ ਕਰਵਾਉਂਦੀ ਕਿ ਪਤਾ ਨ੍ਹੀਂ ਇਨ੍ਹਾਂ ਪ੍ਰੋਫ਼ੈਸਰਾਂ ਲੋਕਾਂ ਨੂੰ ਅੱਜ ਕੀ ਲੱਭ ਗਿਆ ? ਉਨ੍ਹਾਂ ਪੜ੍ਹੀਆਂ- ਲਿਖੀਆਂ ਪ੍ਰਾਧਿਆਪਕਾਵਾਂ ਬੀਬੀਆਂ ਨੂੰ ਅੰਦਰੋਂ- ਅੰਦਰ ਨਿੰਮ੍ਹੀ- ਨਿੰਮ੍ਹੀ ਈਰਖਾ਼ ਵੀ ਹੁੰਦੀ। ਅਜਿਹਾ ਹੋਣਾ ਹਮੇਸ਼ਾਂ ਸੁਭਾਵਿਕ ਹੀ ਹੋਇਆ ਕਰਦਾ।ਡਾਕਟਰ ਸਾਹਿਬ ਦੇ ਅਜਿਹੇ ਰੋਮਾਂਟਿਕ ਸੁਭਾਅ ਤੋਂ ਕਦੇ- ਕਦੇ ਇਉਂ ਪ੍ਰਤੀਤ ਨਹੀਂ ਸੀ ਹੁੰਦਾ ਕਿ ਉਹ ਸਾਧੂ ਦਯਾ ਸਿੰਘ ਆਰਿਫ਼ ਤੇ ਪੰਡਿਤ ਭਾਨ ਸਿੰਘ ਦੇ ਮੁਦੱਈ ਬਣ ਕੇ,ਆਪਣੇ ਅਕਾਦਮਿਕ ਖ਼ੇਤਰ ਦੇ ਐਨੇ ਧੁਰੰਦਰ ਵਿਦਵਾਨ ਵੀ ਹੋਣਗੇ। ------
------- ਉਹਨਾਂ ਦੇ ਉਪਰੋਕਤ ਰੋਮਾਂਟਿਕ ਸੁਭਾਅ ਦਾ,ਇਹ ਅਨੋਖਾ ਰੂਪ ਕਾਲਜ ਟਾਈਮ ਤੋਂ ਇਲਾਵਾ,ਮੈਂ ਇਕ ਵਾਰ ਇਲੈਕਸ਼ਨ ਡਿਊਟੀ ਦੌਰਾਨ ਹੈਬੋਵਾਲ ਕਲਾਂ ਵੀ ਮਾਣਿਆ ਸੀ, ਉਸ ਰਾਤ ਏ. ਐਸ. ਆਈ ਦਰਸ਼ਨ ਸਿੰਘ ਜੋ ਜੋਧਾਂ ਮਨਸੂਰਾਂ ਦੇ ਨੇੜਲੇ ਪਿੰਡ ਦੇ ਰਹਿਣ ਵਾਲਾ ਸੀ, ਉਹ ਵੀ ਸਾਡੇ ਨਾਲ ਆਪਣੀ ਡਿਊਟੀ 'ਤੇ ਤਾਇਨਾਤ ਸੀ। ਡਾਕਟਰ ਸਾਹਿਬ ਨੇ ਸੰਭਵ ਨਾ ਹੋਣ ਦੇ ਬਾਵਜੂਦ ਵੀ, ਦਰਸ਼ਨ ਸਿੰਘ ਹੁਰਾਂ ਨੂੰ ਕਹਿ ਕੇ -- ਖ਼ੁਦ ਆਪਣੀ ਜੇਬੋਂ ਪੈਸੇ ਖ਼ਰਚ ਕਰਕੇ,ਆਪਣੀ ਜੌਬਨਰੁਤੀ ਸ਼ਾਮ ਦਾ ਆਨੰਦ ਮਾਨਣ ਲਈ ਆਪਣਾ ਵਿਸ਼ੇਸ਼ ਪ੍ਰਬੰਧ ਕੀਤਾ। ਭਾਵੇਂ ਅੱਤਵਾਦ ਦਾ ਕਾਲਾ ਦੌਰ ਸੀ ਪਰੰਤੂ ਦਰਸ਼ਨ ਸਿੰਘ ਹੁਰਾਂ ਸਰਕਾਰੀ ਡਿਊਟੀ ਦੀ ਤਰ੍ਹਾਂ, ਡਾਕਟਰ ਸਾਹਿਬ ਦੀ ਇਹ ਡਿਊਟੀ ਵੀ ਜਿਵੇਂ- ਕਿਵੇਂ ਕਰਕੇ, ਬੜੇ ਚਾਅ ਨਾਲ ਨਿਭਾਈ,ਇਹ ਸੁਭਾਵਿਕ ਵੀ ਸੀ,ਜਦੋਂ ਪਿਆਲੇ ਦੀ ਸਾਂਝ ਬਣ ਜਾਵੇ ਤਾਂ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਂਦੇ ਹਨ। ---- ਸ਼ਾਮ ਦੀ ਰੋਟੀ ਵੀ ਡਾਕਟਰ ਸਾਹਿਬ ਦੀ ਇੱਕ ਵਾਕਿਫ਼ ਅਧਿਆਪਕਾ ਲੈ ਆਈ। ਉਸ ਦੇ ਨਾਲ ਉਸ ਦਾ ਇੱਕ ਦਸ ਕੁ ਸਾਲ ਬੇਟਾ ਸੀ। ਅਧਿਆਪਕਾ- ਮਾਂ ਨੇ ਆਪਣੇ ਲਾਡਲੇ ਪੁੱਤ ਨੂੰ,ਬੜੇ ਹੀ ਪਿਆਰ ਨਾਲ ਡਾਕਟਰ ਹਮਰਾਹੀ ਬਾਰੇ ਜਾਣੂੰ ਕਰਵਾਇਆ," ਬੇਟਾ ਇਹ ਤੇਰੇ ਅੰਕਲ ਨੇ , ਤੈਨੂੰ ਇਹ ਵੀ ਦੱਸ ਦੇਵਾਂ, " ਸੂਰਜਾ ਸੂਰਜਾ ਫ਼ੱਟੀ ਸੁਕਾ " ਵਾਲੀ ਕਵਿਤਾ ਇਹਨਾਂ ਨੇ ਲਿਖੀ ਆ , ਇਹਨਾਂ ਦੇ ਪੈਰੀਂ ਹੱਥ ਲਾ।" ਬੱਚਾ, ਜਦੋਂ ਉਹਨਾਂ ਦੇ ਪੈਰੀਂ ਹੱਥ ਲਾ ਰਿਹਾ ਸੀ ਅਤੇ ਬੜੀ ਹੈਰਾਨੀ ਨਾਲ ਡਾਕਟਰ ਸਾਹਿਬ ਵੱਲ ਦੇਖ ਰਿਹਾ ਸੀ; ਜਿਵੇਂ ਕਹਿ ਰਿਹਾ ਹੋਵੇ ਮੈਂ ਆਪਣੇ ਸਾਥੀਆਂ/ ਹਮਜਮਾਤੀਆਂ ਨੂੰ ਕੱਲ੍ਹ ਸਕੂਲ ਜਾ ਕੇ ਦੱਸੂ ਕਿ ਮੈਂ ਕੱਲ੍ਹ" ਸੂਰਜਾ ਸੂਰਜਾ ਫੱਟੀ ਸੁਕਾ " ਵਾਲੇ ਅੰਕਲ ਨੂੰ ਮਿਲ ਕੇ ਆਇਆਂ। ਇਸ ਤਰ੍ਹਾਂ ਕਹਿਣਾ ਬਣਦਾ ਹੈ ਕਿ ਉਹਨਾਂ ਦੀ ਸ਼ਖ਼ਸੀਅਤ ਦੀ ਮੂਲ਼ ਪਛਾਣ ਬਤੌਰ ਪ੍ਰਾਧਿਆਪਕ ਹੀ ਨਹੀਂ ਸਾਹਿਤਕਾਰੀ ਵਿੱਚ ਪਾਏ ਆਪਣੇ ਯੋਗਦਾਨ ਸਦਕਾ ਵੀ ਸੀ। ਇਉਂ ਵੀ ਕਹਿ ਲਈਏ ਅੱਜ ਉਹ ਭਾਵੇਂ ਦੁਨੀਆਂ ਤੋਂ ਰੁਖ਼ਸਤ ਹੋ ਗਏ ਪਰ ਉਹਨਾਂ ਦੀ ਸਾਹਿਤਕ ਘਾਲਣਾ ਦੇ ਮੁਹੱਬਤੀ- ਸ਼ਬਦ ਹਮੇਸ਼ਾਂ ਪੰਜਾਬੀ ਮਾਂ- ਬੋਲੀ/ ਪੰਜਾਬੀ ਸੱਭਿਆਚਾਰ ਦਾ ਅੰਗ ਬਣੇ ਰਹਿਣਗੇ। ----
------ ਹੈਬੋਵਾਲ ਕਲਾਂ ਦੀ ਉਸ ਰਾਤ ਸਾਡੀ ਤ੍ਰਿਕੜੀ ਦਾ ਜੋ ਆਪਸੀ ਵਿਚਾਰ- ਵਟਾਂਦਰਾ ਹੋਇਆ,ਉਹ ਸਾਰਾ ਕੁਝ ਕਥਨ ਤੋਂ ਬਾਹਰਾ ਵੀ ਹੈ ਅਤੇ ਦੱਸਣ ਤੋਂ ਬਾਹਰਾ ਵੀ; ਉਸ ਰਾਤ ਡਾਕਟਰ ਸਾਹਿਬ ਨੇ ਬੇਝਿਜਕ ਹੋ ਕੇ,ਆਪਣੇ ਦਿਲ ਦੀਆਂ ਜੋ ਨਿੱਜੀ ਤੇ ਸਾਹਿਤਕ ਗੱਲਾਂ ਸਾਂਝੀਆਂ ਕੀਤੀਆਂ -- ਉਹ ਮੇਰੀ ਅਭੁੱਲ ਯਾਦ ਬਣ ਗਈਆਂ ਕਿਉਂਕਿ ਇਕ ਤਰ੍ਹਾਂ ਨਾਲ ਉਹ ਯਾਦਾਂ ਮੇਰੇ ਲਈ ਪ੍ਰੇਰਨਾਸ੍ਰੋਤ ਵੀ ਸਨ।
ਮੈਂ ਨਿੱਜੀ ਤੌਰ 'ਤੇ ਉਹਨਾਂ ਦਾ ਵਿਦਿਆਰਥੀ ਵੀ ਰਿਹਾ ਅਤੇ ਉਹਨਾਂ ਦਾ ਸਹਿਕਰਮੀ/ ਸਹਿਯੋਗੀ ਹੋਣ ਦਾ ਵੀ ਮੈਨੂੰ ਮਾਣ ਹਾਸਲ ਹੋਇਆ, ਮੈਨੂੰ ਪਤਾ,ਜੀਵਨ ਦੀਆਂ ਔਖ- ਸੌਖ ਵਾਲੀਆਂ ਇਮਤਿਹਾਨੀ ਘੜੀਆਂ ਵਿੱਚ ਵੀ, ਉਹਨਾਂ ਨੂੰ ਕਦੇ ਸ਼ਬਦਾਂ ਦੀ ਘਾਟ ਨਹੀਂ ਸੀ ਮਹਿਸੂਸ ਹੋਈ ; ਉਹ ਇਕੋ ਸਾਹੇ ਵੱਡੇ ਤੋਂ ਵੱਡੇ ਬ੍ਰਿਤਾਂਤ ਸਿਰਜ ਜਾਂਦੇ। ਉਹਨਾਂ ਦੀ ਯਾਦਾਸ਼ਤ ਦੀ ਵੀ ਦਾਦ ਦੇਣੀ ਬਣਦੀ ਹੈ,ਉਹ ਅਕਸਰ ਕਹਿੰਦੇ ਕਿ ਜੇਕਰ ਆਪਣੀ ਮੌਲਿਕ ਕਵਿਤਾ ਵੀ ਕਾਪੀ ਦੇਖ ਕੇ ਪੜ੍ਹੀ ਤਾਂ ਤੁਸੀਂ ਕਾਹਦੇ ਕਵੀ? ਗੱਲਾਂ - ਗੱਲਾਂ ਵਿੱਚ ਉਹ ਕਵਿਤਾਵਾਂ ਦੀ ਝੜੀ ਲਾ ਦਿੰਦੇ- ਵਿਸ਼ੇਸ਼ ਕਰਕੇ 'ਅੱਟਣਾ ਦੀ ਗਾਥਾ ' ਨਜ਼ਮ ਵਿੱਚੋਂ ਹਵਾਲੇ ਦੇਣਾ ਤਾਂ ਉਹਨਾਂ ਦਾ ਨਿੱਤਨੇਮੀ ਸੁਭਾਅ ਬਣ ਗਿਆ ਸੀ। ਉਹ 'ਕਹਿ ਰਵਿਦਾਸ ਖਲਾਸ ਚਮਾਰਾ ' ਵਾਲੇ ਪਾਕਿ- ਪਵਿੱਤ੍ਰ ਫ਼ੁਰਮਾਨ ਦੀ ਤਰ੍ਹਾਂ ਆਪਣੇ ਆਪ ਨੂੰ 'ਕਰਤਾਰੇ ਲੁਹਾਰ ਦਾ ਭਤੀਜਾ' ਕਹਿ ਕੇ ਬੜਾ ਫ਼ਖ਼ਰ ਮਹਿਸੂਸ ਕਰਦੇ। ਇਹ ਅਕਾਰਨ ਨਹੀਂ ਸੀ, ਮਨੁੱਖੀ ਭੇਦ- ਭਾਵਾਂ ਦੇ ਸਮਾਜਿਕ ਵਰਤਾਰੇ/ ਵੱਖ਼ਰੇਵਿਆਂ ਪ੍ਰਤਿ ਉਹਨਾਂ ਦੀ ਇਹ ਅੰਤਰਮੁਖੀ ਆਵਾਜ਼ ਵੀ ਸੀ ਅਤੇ ਸਿੱਧੇ- ਅਸਿੱਧੇ ਰੂਪ ਵਿੱਚ ਆਪਣੀ ਹੋਂਦ ਦਾ ਪ੍ਰਗਟਾਵਾ ਵੀ। ਮੈਂ ਕਹਿ ਦੇਵਾਂ, ਉਹਨਾਂ ਦੀ ਇਹ ਕਵਿਤਾ ਅਜਿਹਾ ਦੁਰਲੱਭ/ ਮੌਲਿਕ ਕਾਵਿਕ ਹੀਰਾ ਬਣ ਗਿਆ, ਜਿਸ ਦਾ ਨਾ ਤਾਂ ਕੋਈ ਬਦਲ ਹੋ ਸਕਦਾ ਹੈ ਤੇ ਨਾ ਹੀ ਕੋਈ ਨਕਲ ਜਾਂ ਪੁਨਰ- ਘਾੜਤ। ਉਸ ਦੀ ਸੰਬੋਧਨੀ ਸ਼ੈਲੀ ਜਦੋਂ ਸਵੈ ਨੂੰ ਸੰਬੋਧਿਤ ਹੁੰਦੀ ਤਾਂ ਕਈ ਵਾਰ ਇਉਂ ਪ੍ਰਤੀਤ ਹੁੰਦਾ ਜਿਵੇਂ ਕੇਵਲ ਤੇ ਕੇਵਲ ਸ਼ਬਦ ਬੋਲਦੇ ਹੋਣ , ਡਾਕਟਰ ਆਤਮ ਹਮਰਾਹੀ ਵਿਚੋਂ ਮਨਫ਼ੀ ਹੋ ਗਿਆ ਹੋਵੇ। ਆਪਣੀ ਜੀਵਨ- ਸ਼ੈਲੀ ਨੂੰ ਸ਼ਬਦਾਂ ਵਿੱਚ ਇਉਂ ਆਤਮਸਾਤ ਕਰਨਾ ਕੋਈ ਸੌਖੀ ਖੇਡ ਨਹੀਂ,ਪੂਰੇ ਗੱਡੇ ਜਿੰਨੀਆਂ ਕਿਤਾਬਾਂ ਦਾ ਅਧਿਐਨ ਕਰਨਾ ਪੈਂਦਾ ; ਮੂਲ ਰੂਪ ਵਿੱਚ ਇਹ ਉਸਦੀ ਸਮੱਰਪਣ ਭਾਵਨਾ ਦਾ ਹੀ ਨਤੀਜਾ ਸੀ। ----
--- ਮੈਨੂੰ ਯਾਦ ਹੈ, ਮੈਂ ਇਸ ਬਾਰੇ ਦੋ ਦਹਾਕੇ ਪਹਿਲਾਂ ਇਕ ਲੇਖ ਵੀ ਲਿਖਿਆ ਸੀ, ਲੇਖ ਦਾ ਸਿਰਲੇਖ ਸੀ " ਉਹ ਮੇਜ਼ 'ਤੇ ਪੱਗ ਰੱਖ ਕੇ ਖ਼ੂਬ ਰੋਇਆ!" ਇਹ ਚਰਚਿਤ ਲੇਖ 'ਸੇਵਾ ਲਹਿਰ ' ਮੈਗਜ਼ੀਨ ਵਿੱਚ 'ਸਿਰਜਣਧਾਰਾ' ਸੰਸਥਾ ਦੇ ਤਤਕਾਲੀਨ ਪ੍ਰਧਾਨ ਸਤਿਕਾਰਤ ਸ. ਕਰਮਜੀਤ ਸਿੰਘ ਔਜਲਾ ਵਲੋਂ ਛਾਪਿਆ ਵੀ ਗਿਆ ਸੀ। ' ਸੇਵਾ ਲਹਿਰ ' ਪਾਠਕਾਂ/ਸਾਹਿਤ- ਪ੍ਰੇਮੀਆਂ ਦੇ ਮਿਲੇ ਸੰਦੇਸ਼ ਦਰਸਾ ਰਹੇ ਸਨ ਕਿ ਸਾਹਿਤ ਕੇਵਲ ਸ਼ਬਦਾਂ ਦਾ ਇਕੱਠ ਨਹੀਂ ਹੁੰਦਾ, ਮਨੁੱਖੀ ਭਾਵਨਾਵਾਂ ਦੀ ਤਰਜ਼ਮਾਨੀ ਵੀ ਹੁੰਦੀ ਹੈ- ਨਵੇਂ ਪੁੰਗਰਦੇ ਸਾਹਿਤਕਾਰਾਂ ਲਈ ਉਹ ਕਾਵਿ - ਚਿੱਤ੍ਰ ਤੇ ਲੇਖ ਆਪਣੇ ਮੁੱਢਲੇ ਰੂਪ ਵਿੱਚ ਇੱਕ ਸਬਕ ਵੀ ਸੀ ਅਤੇ ਪ੍ਰੇਰਨਾਸ੍ਰੋਤ ਵੀ। ਵੇਦਨਾ ਤੋਂ ਸੰਵੇਦਨਾ ਦਾ ਹੋਇਆ ਇਹ ਕਾਵਿ- ਸਫ਼ਰ, ਧਰਮ- ਚੇਤਨਾ ਸੰਗ ਲਬਰੇਜ਼ ਹੋ ਕੇ ਜ਼ਿੰਦਗੀ ਦੇ ਗੂੜ੍ਹ ਅਰਥਾਂ ਦਾ ਮੂਲਸ੍ਰੋਤ ਬਣ ਗਿਆ। ----
----- ਹੋਇਆ ਕੀ ? ਇੱਕ ਸਬੱਬ ਬਣ ਗਿਆ, ਡਾਕਟਰ ਹਮਰਾਹੀ ਨੇ ਸਰਕਾਰੀ ਕਾਲਜ ਲੁਧਿਆਣਾ ਵਿਖੇ,ਪੰਜਾਬੀ ਵਿਭਾਗ ਦੀ ਸੀਨੀਅਰ ਪ੍ਰੋਫ਼ੈਸਰ ਹਰਿਮੰਦਰ ਕੌਰ ਗਰੇਵਾਲ ਦਾ ' ਖੰਡੇਧਾਰ ' ਦੇ ਸਿਰਲੇਖ ਹੇਠ ਕਾਵਿ- ਚਿਤ੍ਰ ਲਿਖਿਆ। ਆਪਣੇ ਥੀਮਿਕ- ਪਾਸਾਰਾਂ ਦੇ ਅੰਤਰਗਤ,ਇਹ ਕਾਵਿ- ਚਿਤ੍ਰ ਵਿਅਕਤੀਗਤ ਨਾ ਹੋ ਕੇ ਤ੍ਰਾਸਦਿਕ ਹਾਲਾਤਾਂ/ ਸੰਵੇਦਨਾਵਾਂ ਦੇ ਆਧਾਰ 'ਤੇ ਸਿੱਖ ਕੌਮ ਦੀ ਇਤਿਹਾਸਕ- ਚੇਤਨਾ ਦਾ ਮੁਜੱਸਮਾ ਬਣ ਗਿਆ ; ਡਾਕਟਰ ਹਮਰਾਹੀ ਦਾ ਇਹ ਕਾਵਿ- ਕ੍ਰਿਸ਼ਮਾਂ ਹੀ ਸੀ ਕਿ ਉਸ ਨੇ ਪ੍ਰੋਫ਼ੈਸਰ ਹਰਿਮੰਦਰ ਕੌਰ ਦੀ ਮਾਣਮੱਤੀ ਸ਼ਖ਼ਸੀਅਤ ਨੂੰ ਆਪਣੀ ਢੁੱਕਵੇਂ ਕਾਵਿਕ ਆਦਾਜ਼ ਵਿੱਚ ਡੀਕੋਡ ਕੀਤਾ--- ਜਾਂ ਕਹਿ ਲਵੋ ,ਇਉਂ ਇਕ ਸਬੱਬ ਹੀ ਬਣ ਗਿਆ ---- ਉਹ ਵੀ ਉਸ ਦੁਖਾਂਤ ਸਮੇਂ, ਜਦੋਂ ਸਿੱਖ ਕੌਮ ਦੇ ਮੁਕੱਦਸ ਗੁਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਸਿੱਖ ਕੌਮ ਦੀ ਸੁਪਰੀਮ ਕੋਰਟ ਵਜੋਂ ਜਾਣੇ ਜਾਂਦੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਕੇਂਦਰ ਸਰਕਾਰ/ਮੌਕੇ ਦੀ ਹਕੂਮਤ ਵਲੋਂ ਸੰਨ 1984 ਵਿੱਚ ਹਮਲਾ ਹੋਇਆ --- ਇਹ ਕੋਈ ਆਮ ਘਟਨਾ ਨਹੀਂ ਸੀ ; ਜਾਣੋ, ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ। ਦੁਨੀਆਂ ਦੇ ਕੋਨੇ- ਕੋਨੇ ਵਿੱਚ ਰਹਿੰਦੇ ਗੁਰੂ ਨਾਨਕ ਨਾਮਲੇਵਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ 'ਤੇ ਬੜੀ ਭਾਰੀ ਸੱਟ ਵੱਜੀ; ਉਨ੍ਹਾਂ ਲਈ ਇਹ ਅਕਹਿ ਅਤੇ ਅਸਹਿ ਮਾਨਸਿਕ ਸੰਕਟ ਸੀ ਜਿਸ ਨੂੰ ਸਦੀਆਂ ਤੱਕ ਨਹੀਂ ਭੁਲਾਇਆ ਜਾ ਸਕਦਾ। ਬੀਤੇ ਹਿੰਦੁਸਤਾਨੀ ਇਤਿਹਾਸ ਵਿੱਚ ਭਾਵੇਂ ਮੁਗ਼ਲੀਆ ਸਲਤਨਤ ਸੀ ਜਾਂ ਬਰਤਾਨਵੀ ਸਾਮਰਾਜ ਉਨ੍ਹਾਂ ਵਿਦੇਸ਼ੀ ਹਮਲਾਵਰਾਂ ਨੇ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਹਮੇਸ਼ਾਂ ਢਾਹ ਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ, ਉਨ੍ਹਾਂ ਧਾੜਵੀਆਂ ਨੇ ਮੁੱਠੀ ਭਰ ਸਿੱਖਾਂ ਉੱਤੇ ਅਥਾਹ ਤਸ਼ੱਦਦ ਤੇ ਜ਼ੁਲਮ ਕੀਤੇ। ਉਨ੍ਹਾਂ ਬੇਗਾਨਿਆਂ 'ਤੇ ਸ਼ਾਇਦ ਐਨਾ ਗਿਲਾ ਨਹੀਂ ਸੀ ਕਿਉਂਕਿ ਉਹ ਤਾਂ ਰਾਜ ਭਾਗ ਦੇ ਹਾਬੜੇ ਲੋਕ ਸਨ,ਉਨ੍ਹਾਂ ਨੂੰ ਸਿੱਖੀ ਸਿਧਾਂਤਾਂ ਦੀ ਅੰਦਰੂਨੀ ਸਮਝ ਵੀ ਨਹੀਂ ਸੀ, ਸਿੱਟੇ ਵਜੋਂ ਸਿੱਖ ਕੌਮ ਦੇ ਮਰਜੀਵੜਿਆਂ ਨੇ ਪੂਰੀ ਸਮਰਪਣ ਭਾਵਨਾ ਨਾਲ , ਸ਼ਹੀਦੀਆਂ ਵੀ ਪਾਈਆਂ ਪਰੰਤੂ ਜਦੋਂ ਆਪਣੇ ਆਜ਼ਾਦ ਮੁਲਕ ਵਿੱਚ ਇਹ ਭਾਣਾ ਵਾਪਰਿਆ ਤਾਂ ਕੇਂਦਰ ਦੀਆਂ ਸਿੱਖ ਵਿਰੋਧੀ ਨੀਤੀਆਂ ਚਿੱਟੇ ਦਿਨ ਵਾਂਗ ਪ੍ਰਤੱਖ ਹੋ ਗਈਆਂ। ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਦੇ ਅਦਬ ਸਤਿਕਾਰ ਅਤੇ ਗੁਰਸਿੱਖੀ ਨਾਲ ਲਗਾਓ ਰੱਖਣ ਵਾਲੇ ਸੰਵੇਦਨਸ਼ੀਲ ਵਿਅਕਤੀ ਜਾਣੋ ਅੰਦਰੋਂ ਕੰਬ ਉੱਠੇ। ਲੇਖਕਾਂ/ ਬੁੱਧੀਜੀਵੀਆਂ/ ਵਿਦਵਾਨ - ਚਿੰਤਕਾਂ ਨੇ ਵੀ ਇਸ ਦੁੱਖਦਾਈ ਘਟਨਾ 'ਤੇ ਬੜਾ ਸੋਗ਼ ਪ੍ਰਗਟ ਕੀਤਾ।-----
----- ਸਰਕਾਰੀ ਕਾਲਜ ਲੁਧਿਆਣਾ ਦੇ ਪੰਜਾਬੀ ਵਿਭਾਗ ਵਿਖੇ ਗਾਹੇ- ਬਗਾਹੇ/ ਚੱਲਦੇ -ਫਿਰਦਿਆਂ ਜਦੋਂ ਵੀ ਕਿਸੇ ਵਕ਼ਤ, ਡਾਕਟਰ ਆਤਮ ਹਮਰਾਹੀ ਨੂੰ ਪ੍ਰੋ. ਹਰਿਮੰਦਰ ਗਰੇਵਾਲ ਨੇ ਮਿਲਣਾ ਤਾਂ ਇਹੋ ਕਹਿਣਾ," ਡਾਕਟਰ ਹਮਰਾਹੀ ! ਸਿੱਖ ਕੌਮ ਦੇ ਸਾਡੇ ਮੁਕੱਦਸ ਗੁਰ- ਅਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਐਡਾ ਵੱਡਾ ਹਾਦਸਾ ਵਾਪਰ ਗਿਆ, ਤੇਰੀ ਕਲਮ ਚੁੱਪ ਕਿਉਂ ਹੈ ? ਹੁਣ ਤੇਰੇ ਅੰਦਰਲੀ ਸ਼ਾਇਰੀ ਕਿੱਥੇ ਗਈ ? ਹਮਰਾਹੀ ! ਮੈਨੂੰ ਪੂਰੀ ਉਮੀਦ ਹੈ ਤੂੰ ਜ਼ਰੂਰ ਲਿਖੇਂਗਾ।" ਵਿਭਾਗੀ ਭਾਈਚਾਰਕ ਸਾਂਝ ਹੋਣ ਕਰਕੇ,ਇਹ ਉਨ੍ਹਾਂ ਦੋਹਾਂ ਦਾ ਅਪਣੱਤ ਦਾ ਮਸਲਾ ਵੀ ਸੀ ਅਤੇ ਸਿੱਧੇ- ਅਸਿੱਧੇ ਰੂਪ ਵਿੱਚ ਡਾਕਟਰ ਹਮਰਾਹੀ ਦੀ ਕਲਮਕਾਰੀ ਸ਼ਕਤੀ ਦਾ ਇਮਤਿਹਾਨ ਵੀ; ਇਸ ਤੋਂ ਇਲਾਵਾ ਮੈਡਮ ਗਰੇਵਾਲ ਦਾ ਗੁਰਸਿੱਖੀ ਵਾਲਾ ਪਿਛੋਕੜ ਵੀ ਉਸ ਨੂੰ ਵਾਰ- ਵਾਰ ਕਹਿਣ ਲਈ ਅੰਦਰੋਂ ਪ੍ਰੇਰਿਤ ਕਰ ਰਿਹਾ ਸੀ।ਸ਼ਾਇਦ ਅਜੇ ਜਜ਼ਬੇ ਦਾ ਹੜ੍ਹ ਨਹੀਂ ਸੀ ਆਇਆ ---- ਜਾਂ ਇਉਂ ਕਹਿ ਲਵੋ ਅਜੇ ਕਾਵਿ- ਆਵੇਸ਼ ਦੀ ਝੜੀ ਨਹੀਂ ਸੀ ਲੱਗੀ। -----ਡਾਕਟਰ ਹਮਰਾਹੀ, ਗਰੇਵਾਲ ਮੈਡਮ ਦੇ ਗਿਲੇ - ਸ਼ਿਕਵਿਆਂ ਦਾ ਕੋਈ ਸਪੱਸ਼ਟ ਜਵਾਬ ਦੇਣ ਦੀ ਬਜਾਏ ਖ਼ਾਮੋਸ਼ ਰਹਿੰਦੇ , ਘੜੀ ਦੀ ਘੜੀ ਚੁੱਪ ਵੱਟ ਲੈਂਦੇ ਪਰ ਅੰਦਰੋਂ ਉਹ ਵੀ ਮੋਮ ਦੀ ਤਰ੍ਹਾਂ ਪੰਘਰ ਚੁੱਕੇ ਸਨ ਉਹਨਾਂ ਦੀ ਵੀ ਕੋਈ ਵਾਹ ਨਹੀਂ ਸੀ ਚੱਲਦੀ।----
---- ਖ਼ੈਰ, ਸਮਾਂ ਬਣ ਗਿਆ ਉਹਨਾਂ ਦਾ ਜਿਵੇਂ ਕੜ ਫ਼ਟ ਗਿਆ ਹੋਵੇ। ਉਹਨਾਂ ਇਕ ਦਿਨ ਹਰਿਮੰਦਰ ਗਰੇਵਾਲ ਦਾ ਕਾਵਿ- ਚਿੱਤ੍ਰ ਲਿਖਿਆ।--- ਖ਼ਾਲੀ ਪੀਰੀਅਡਾਂ ਵਿੱਚ --- ਅਸੀਂ ਪੰਜਾਬੀ ਵਿਭਾਗ ਵਿੱਚ ਬੈਠੇ ਸਾਂ --- ਉਧਰੋਂ ਡਾਕਟਰ ਹਮਰਾਹੀ ਮੈਨੂੰ ਬੜੀ ਕਾਹਲ ਵਿੱਚ ਆਉਂਦੇ ਨਜ਼ਰੀਂ ਪਏ ---- ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਕੁਝ ਕਹਿਣਾ ਚਾਹੁੰਦੇ ਹੋਣ --- ਇਕਾਗ੍ਰਤਾ ਦੀ ਮੰਗ ਕਰਦਿਆਂ ਉਸ ਨੇ ਵਿਭਾਗੀ ਦਫ਼ਤਰ ਦਾ ਦਰਵਾਜ਼ਾ ਢੋਅ ਦਿੱਤਾ--- ਉਹ ਭਾਵੁਕ ਹੁੰਦਿਆਂ ਕਹਿਣ ਲੱਗਿਆ," ਮੈਡਮ ਗਰੇਵਾਲ! ਅੱਜ ਤਾਂ ਕਮਾਲ ਹੀ ਹੋ ਗਈ। " ਉਸ ਨੇ ਆਪਣਾ ਤਾਜ਼ਾ ਲਿਖਿਆ ਕਾਵਿ - ਚਿੱਤ੍ਰ ਪੜ੍ਹਨਾ ਸ਼ੁਰੂ ਕੀਤਾ --- ਪਹਿਲੇ ਕੁਝ ਪਹਿਰਿਆਂ ਵਿੱਚ ਤਾਂ ਉਸ ਨੇ ਲਿਖੇ ਜਾਣ ਵਾਲੇ, ਆਮ ਕਾਵਿ - ਚਿੱਤ੍ਰਾਂ ਦੀ ਤਰ੍ਹਾਂ ਬੱਝਵੀਂ ਕਾਵਿ- ਮਰਯਾਦਾ ਦੇ ਅੰਤਰਗਤ, ਮੈਡਮ ਗਰੇਵਾਲ ਦੀ ਨਿਵੇਕਲੀ ਸ਼ਖ਼ਸੀਅਤ ਬਾਰੇ ਰੌਸ਼ਨੀ ਪਾਈ ---- ਜਦੋਂ ਮਿਲਦੇ- ਜੁਲਦੇ ਨਾਮਕਰਨ ਦੀ ਸਾਂਝ ਅਨੁਸਾਰ, ਪੜ੍ਹਦੇ- ਪੜ੍ਹਦੇ ਉਸ ਨੇ ਹਰਿਮੰਦਰ ਸਾਹਿਬ ਉੱਤੇ ਫ਼ੌਜੀ ਦਸਤਿਆਂ ਵੱਲੋਂ ਹੋਏ ਹਮਲੇ ਦਾ ਵੇਰਵਾ ਦਿੱਤਾ ਤਾਂ ਡਾਕਟਰ ਹਮਰਾਹੀ ਨੇ, ਖ਼ੁਦ ਆਪਣੀ ਪੱਗ ਲਾਹ ਕੇ ਮੇਜ਼ ਉਪਰ ਰੱਖ ਦਿੱਤੀ ਤੇ ਧਾਹੀਂ ਰੋਣ ਲੱਗ ਪਿਆ, ਉਹ ਇੱਕੋ ਸਾਹੇ ਲਗਾਤਾਰ ਰੋਈ ਜਾ ਰਿਹਾ ਸੀ,ਉਸ ਨੂੰ ਚੁੱਪ ਕੌਣ ਕਰਾਵੇ ? ਅਸੀਂ ਵੀ ਸਾਰੇ ਖ਼ੁਦ ਅੰਦਰੋਂ ਰੋ ਰਹੇ ਸਾਂ।---
---- ਅਜਿਹਾ ਕਥਨੋਂ ਬਾਹਰਾ ਮੰਜ਼ਰ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਕਿ ਕੋਈ ਸ਼ਾਇਰ ਐਨਾ ਉਪਭਾਵੁਕ ਹੋ ਜਾਵੇ ਅਤੇ ਵੈਰਾਗਮਈ ਅਵਸਥਾ ਵਿੱਚ ਆ ਕੇ,ਆਪਣੀ ਹੀ ਕਵਿਤਾ ਨੂੰ ਪੜ੍ਹਦਾ- ਪੜ੍ਹਦਾ ਅੱਥਰੂ ਵਹਾਉਣ ਲੱਗ ਪਵੇ। ਇਹ ਕੋਈ ਸ਼ਬਦ ਆਡੰਬਰ ਜਾਂ ਦਿਖਾਵਾ ਨਹੀਂ ਸੀ , ਸ਼ਬਦ- ਸ਼ਕਤੀ ਦੀ ਅਕੀਦਤ ਦਾ ਅਲੌਕਿਕ ਨਜ਼ਾਰਾ ਸੀ। --- ਸਿੱਖ ਕੌਮ ਦੇ ਸਿਰਮੌਰ ਸਨਮਾਨ/ ਪਛਾਣ- ਚਿੰਨ੍ਹ ਪੱਗ ਦਾ ਲੱਥਣਾ ਤੇ ਪੱਗ ਦਾ ਲਾਹੁਣਾ ਇਨ੍ਹਾਂ ਦੋਹਾਂ ਦੀ ਕਿਰਿਆਸ਼ੀਲਤਾ ਦਰਮਿਆਨ ਬੜਾ ਵੱਡਾ ਖ਼ਲਾਅ ਸੀ --- ਇਹੋ ਕਾਰਨ ਸੀ ਅਣਖ਼ ਅਤੇ ਗ਼ੈਰਤ ਨੇ ਜਦੋਂ ਆਪਣਾ ਰੋਹ ਵਿਖਾਇਆ ਤਾਂ ਤਤਕਾਲੀਨ ਪ੍ਰਧਾਨ ਮੰਤਰੀ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਡਾਕਟਰ ਹਮਰਾਹੀ ਦਾ ਇਹ ਚਮਤਕਾਰੀ/ ਕਾਵਿ- ਕ੍ਰਿਸ਼ਮਾ ਹੁਣ ਵੀ ਜਦੋਂ ਮੇਰੇ ਜ਼ਿਹਨ ਵਿੱਚ ਆਉਂਦਾ ਤਾਂ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਨੂੰ ਆਪਣੀ ਸਿਮ੍ਰਤੀ ਦਾ ਅੰਗ ਬਣਾ ਕੇ ਮੈਂ ਧੁਰ ਅੰਦਰੋਂ ਕੰਬ ਉੱਠਦਾ ਹਾਂ --- ਉਸ ਦਿਨ ਦਾ ਉਹ ਕਾਵਿਕ ਮਾਹੌਲ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਬਣ ਗਿਆ।---- ਉਸ ਕਾਵਿ - ਚਿਤ੍ਰ ਦੇ ਕੁਝ ਬੋਲ ਮੈਂ ਇਥੇ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ :
ਉਹ ਨਿਰੀ ਖੰਡੇਧਾਰ ਹੈ,
ਪੀਹੜੇ 'ਤੇ ਬੈਠੀ ਜਠਾਣੀ।
ਗਹੌਰ ਦੇ ਰਤਨ ਸਿੰਹੋਂ ਚੁਹਾਨ ਦਾ ਛਿੱਦਾ ਪੁੱਤ ----
---- ਜਦੋਂ ਉਸ ਦੇ ਸਿਰਨਾਮੀਏਂ
' ਹਰਿਮੰਦਰ' 'ਤੇ ਭਾਣਾ ਵਰਤਿਆ
ਤਾਂ ਉਸ ਦੀਆਂ ਲੇਰਾਂ ਹੀ ਨਿਕਲ ਗਈਆਂ,
ਕੌਣ ਪੰਜਾਬਣ ਸੀ
ਜੋ ' ਬਾਬੁਲ ਅਕਾਲ- ਤਖ਼ਤ ' ਦੇ
ਚਲਾਣੇ 'ਤੇ ਵਿਲਕ ਨਾ ਪਈ ? ----
---- ਮੇਰੀ ਚੇਤਨਾ ਨੂੰ
ਨਿੱਤ ਕਟਹਿਰੇ 'ਚ ਖੜ੍ਹਾ ਕਰ ਲੈਂਦੀ। ----
--- ਤੇ ਫਿਰ ਜਦ ਦਿੱਲੀ 'ਚ
ਘਰ 'ਚ ਵਿਉਂਤਿਆ ਭਾਣਾ ਵਰਤਿਆ
ਨਿਰਦੋਸੀ਼ ਦਸਤਾਰ ਰੋਲ਼ੀ, ਕੋਹੀ ਤੇ ਸਾੜੀ ਗਈ।
ਤੇ ਮੈਂ ਧੁਰ ਆਤਮਾ ਤੱਕ
ਲੂਹਿਆ ਗਿਆ
ਤੇ ਮੈਂ ਉਹਨਾਂ ਬੇ- ਦੋਸ਼ੀਆਂ ਦਸਤਾਰਾਂ - ਚਾਂਗਾਂ
ਨੂੰ ਜ਼ਬਾਨ ਦਿੱਤੀ
ਤਾਂ ਹਰਮਿੰਦਰ ਸ਼ਹੀਦਾਂ ਦੀ ਮਾਂ ਵਾਂਗ ਖਿੜ ਗਈ।
ਉਸ ਨੂੰ ਜਾਪਿਆ --
ਜਿਵੇਂ ਹੁਣ ਉਹ ਖੇਡ- ਖਿਡਾਰਨ ਦੀ ਥਾਂ
ਸਿੱਖ - ਚੇਤਨਾ ਦੀ ਕੋਚ ਬਣ ਗਈ ਹੋਵੇ।
(ਬਾਵਨੀ - ਪੰਨਾ 152-53)
---- ਇਸ ਤਰ੍ਹਾਂ ਪੰਜਾਬੀ ਸਾਹਿਤਕਾਰੀ ਦੇ ਇਤਿਹਾਸ ਵਿੱਚ ਉਹ ਬਾਵਨੀ ਦੀ ਨਿਵੇਕਲੀ ਕਾਵਿ - ਵਿਧਾ ਦਾ ਨਿਵੇਕਲਾ ਹਸਤਾਖ਼ਰ ਬਣ ਗਿਆ। 'ਬਾਵਨੀ' ਸ਼ਬਦ ਗਿਣਨਾਤਮਿਕ ਪੱਖੋਂ ਬਵੰਜਾ ਭਾਵ ਬਾਵਨ ਦਾ ਇਸਤਰੀ ਲਿੰਗ ਦਾ ਵੀ ਪ੍ਰਤੀਕ ਹੈ। ਸ਼ਬਦ ਦੇ ਮੂਲ ਵਜੋਂ ਇਸ ਦੇ ਵਿਭਿੰਨ ਪਾਸਾਰ ਹਨ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਵਨ ( ਬਾਮਨ) ਦੋ ਰੂਪਾਂ ਵਿੱਚ ਪ੍ਰਯੋਗ ਹੋਇਆ ਹੈ; ਬਾਵਨ ਅਖਰੀ ਭਾਵ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਵਲੋਂ ਬਾਣੀ ਸਿਰਲੇਖ ਦੇ ਆਧਾਰ 'ਤੇ --- ਦੂਸਰਾ ਬਾਵਨ ਸ਼ਬਦ ਦੀ ਵਰਤੋਂ ਇੱਕ ਅਵਤਾਰ ਦੇ ਰੂਪ ਵਿੱਚ ( "ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ।।" ਪੰਨਾ 1389) ਵੀ ਹੋਈ ਹੈ। ਇਸੇ ਲੜੀ ਤਹਿਤ ਸਿੱਖ ਇਤਿਹਾਸ ਦੇ ਸੰਦਰਭ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਸਨ।ਇਸ ਤੋਂ ਇਲਾਵਾ ਜਿਵੇਂ ਫ਼ਾਰਸੀ ਭਾਸ਼ਾ ਵਿੱਚ ਤੀਹ ਅੱਖਰੀ ਸੀਹਰਫ਼ੀ, ਦੇਵਨਾਗਰੀ ਵਿੱਚ ਬਾਵਨ ("ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨਹੀ ਮਾਹਿ।।" ( ਪੰਨਾ 340)- ਕਬੀਰ ਸਾਹਿਬ) ਬਵੰਜਾ ਅੱਖਰ ਅਤੇ ਪੰਜਾਬੀ ਵਿੱਚ ਪੈਂਤੀ ਅੱਖਰੀ ਦਾ ਸੰਕਲਪ ਪ੍ਰਚਲਿਤ ਹੈ। ਡਾਕਟਰ ਹਮਰਾਹੀ ਨੇ ਪ੍ਰਤੀਤ ਹੁੰਦਾ ਹੈ ਕਿ ਉਪਰੋਕਤ ਵਿੱਚੋਂ ਕਿਸੇ ਇੱਕ ਪੈਟਰਨ ਨੂੰ ਆਪਣੀ ਇਸ ਕਾਵਿ- ਵਿਧਾ ਦਾ ਆਧਾਰ ਮਿਥਿਆ ਹੋਵੇਗਾ।' ਬਾਵਨੀ' ਦੇ ਮੂਲ ਪ੍ਰਯੋਜਨ ਬਾਰੇ ' ਮੁਖ਼ਾਤਿਬੀ- ਆਦਿਕਾ ' ਮੇਰਿਓ! ਦੇ ਸਿਰਲੇਖ ਹੇਠ ਕਾਵਿ- ਚਿੱਤ੍ਰਾਂ ਦਾ ਆਗ਼ਾਜ਼ ਕਰਦਿਆਂ, ਪੁਸਤਕ ਦੇ ਮੁੱਢਲੇ ਪੰਨਿਆਂ 'ਤੇ ਉਹ ਲਿਖਦਾ ਹੈ:
ਮੇਰਿਉ !
ਹੇ ਮੇਰੀਏ ਪ੍ਰਥਮ ਸਮਰੱਥ ਬਾਵਨੀਏਂ !---
ਤੁਸੀਂ ਇਸ ਸਰਬਕਾਲੀ ਪੰਜਾਬੀਅਤ ਦੇ ਬਲਿਹਾਰ ਆਸ਼ਕ ਹੋ।
ਤੂਰ ਤੇ ਬਿਖਰੇ ਹੋਏ ਨੂਰ ਦੇ ਜਲਵੇ ਹੋ।
ਤੁਹਾਡੇ ਰਾਹੀਂ ਹੀ ਮੇਰੇ ਵਿੱਚ
ਪੰਜਾਬੀ- ਪ੍ਰਤਿਭਾ ਦੀ ਸਾਹਿਤਕ ਸ਼ਾਹਕਾਰੀਅਤ ਪ੍ਰਵੇਸ਼ ਕਰੀ ਹੈ ।------
ਮੈਨੂੰ ਤੁਹਾਡੀ ਸਮਰੱਥਾ ਤੱਕ ਕੋਈ ਗ਼ਰਜ਼ ਨਹੀਂ।
ਜੇ ਕਦੇ ਹੱਥ ਅੱਡਾਂ
ਤਾਂ ਬਿਸ਼ੱਕ ਤਲ਼ੀ 'ਤੇ ਥੁੱਕ ਛੱਡਣਾ।
ਉਂਜ ਹੱਕ- ਸੱਚ ਤੇ ਹਕੀਕਤ ਦੇ ਸੰਗ ਨਿਭਣਾਂ
ਖੋਟ ਤੇ ਮੈਲ ਤੋਂ ਬਚਣਾ।
ਮੇਰੇ ਲਈ ਤਾਂ ਬਸ ਇਹੀ ਨਿਆਮਤ ਹੈ
ਕਿ ਮੈਂ ਤੁਹਾਡੀ ਅਜ਼ਮਤ ਦੇ ਸਨਮੁੱਖ ਹਾਂ --( ਪੰਨਾ ਘ)
ਡਾਕਟਰ ਪਰਮਿੰਦਰ ਸਿੰਘ ਨੇ ਪੁਸਤਕ "ਬਾਵਨੀ" ਦੀ ਭੂਮਿਕਾ ਵਜੋਂ ' ਸੋ ਇਹ ਬਾਵਨ ਬਰਨੀ ਬਨੀ' ( ਗੁਰ- ਪ੍ਰਤਾਪ ਸੂਰਜ) ਦੇ ਸਿਰਲੇਖ ਹੇਠ ਡਾਕਟਰ ਹਮਰਾਹੀ ਦੇ ਸਮੁੱਚੇ ਸਾਹਿਤ- ਸਫ਼ਰ ਬਾਰੇ ਚਰਚਾ ਕਰਦਿਆਂ ਬੜੇ ਹੀ ਭਾਵਪੂਰਤ ਸ਼ਬਦਾਂ ਦੀ ਵਰਤੋਂ ਕੀਤੀ ਹੈ," ਡਾਕਟਰ ਆਤਮ ਹਮਰਾਹੀ ਨੇ ਕਾਵਿ -ਚਿਤਰਾਂ ਦੇ ਰੂਪ ਵਿੱਚ ਚੁਣੌਤੀ ਵਜੋਂ ਸਵੀਕਾਰਦਿਆਂ, ਪੰਜਾਬੀ ਵਿੱਚ ਪਹਿਲੀ ਵਾਰ ਇਕੋ ਪੁਸਤਕ ਵਿੱਚ ਵਿਸਤ੍ਰਿਤ ਕਾਵਿ -ਰੇਖਾ- ਚਿਤਰ ਸੰਕਲਨ ਕਰਨ ਦੀ ਪਹਿਲ ਕਦਮੀ ਕੀਤੀ ਹੈ। ਭਾਵੇਂ ਪੰਜਾਬੀ ਵਿੱਚ ਪਿਛਲੇ ਕੁਝ ਸਮੇਂ ਤੋਂ ਵਾਰਤਕ ਅਤੇ ਕਵਿਤਾ ਵਿੱਚ ਪੰਜਾਬੀ ਲੇਖਕਾਂ ਨੇ ਆਪਣੇ ਸਮਕਾਲੀਆਂ ਅਤੇ ਪਰਿਚਤ ਸ਼੍ਰੇਣੀ ਪਾਤਰਾਂ ਬਾਰੇ, ਪ੍ਰਸ਼ੰਸਾਤਮਿਕ,ਉਪਹਾਸਤਾਮਿਕ, ਅਤੇ ਸੱਭਿਆਚਾਰਕ ਚਿਤਰ ਲਿਖੇ ਹਨ ਪਰ ਜੋ ਮੌਲਿਕਤਾ, ਸੁਹਿਰਦਤਾ, ਸਮੁੱਚਤਾ, ਵਿਲੱਖਣਤਾ, ਸਾਹਿੱਤਕਤਾ, ਬਹੁਪੱਖਤਾ, ਗੰਭੀਰਤਾ, ਡੂੰਘਾਈ ਅਤੇ ਤੁਲਨਾਤਮਿਕ ਅੰਤ੍ਰੀਵਤਾ ਦੇ ਨਾਲ- ਨਾਲ, ਵੀਹਵੀਂ ਸਦੀ ਦੇ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਵਰਤਾਰਿਆਂ ਵਿਚੋਂ ਨਿਰਮਿਤ ਬੁੱਧੀਜੀਵੀਆਂ ਦੇ ਚਿਤਰ ਡਾਕਟਰ ਹਮਰਾਹੀ ਨੇ ਪੇਸ਼ ਕੀਤੇ ਹਨ, ਉਨ੍ਹਾਂ ਨਾਲ ਸਾਡੇ ਸਾਹਿਤ ਵਿੱਚ ਇੱਕ ਨਵੀਂ ਤੇ ਵਿਲੱਖਣ ਧਾਰਾ ਦਾ ਨਿਰਮਾਣ ਪਰਪੱਕ ਹੋਇਆ ਹੈ।( ਪੰਨਾ ਸ)
ਇਹ ਪ੍ਰਥਮ "ਬਾਵਨੀ" ਪੁਸਤਕ ਮੈਨੂੰ ਉਸ ਨੇ ਲਾਗਤ ਮੁੱਲ ਦੀ ਨਕਦੀ ਰਾਸ਼ੀ ਲੈ ਕੇ ਭੇਂਟ ਵੀ ਕੀਤੀ। ਮੈਂ ਪੁਸਤਕ ਨੂੰ ਮੱਥੇ 'ਤੇ ਲਾਉਂਦਿਆਂ,ਨਿੱਜੀ ਤੌਰ 'ਤੇ ਆਪਣੇ ਗੁਰੂਦੇਵ ਦਾ ਧੰਨਵਾਦ ਕੀਤਾ।ਉਸ ਦੇ ਮੁੱਢਲੇ ਪੰਨੇ ਉੱਤੇ ਅੰਕਿਤ ਉਸ ਦੇ ਮੌਲਿਕ ਸੰਬੋਧਨੀ ਸ਼ਬਦ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ :
" ਆਪਣੇ ਅਜ਼ੀਜ਼ ਵਿਦਿਆਰਥੀ ਅਤੇ ਸਹਿਕਰਮੀ ਪ੍ਰੋ਼. ਕ੍ਰਿਸ਼ਨ ਸਿੰਘ ਹੁਰਾਂ ਨੂੰ ਉਜਲੇ ਭਵਿੱਖ ਦੀਆਂ ਸੱਚੀਆਂ ਤੇ ਸੁਨਹਿਰੀ ਭਾਵਨਾਵਾਂ ਨਾਲ -
(ਆਤਮ ਹਮਰਾਹੀ) 22-03-1990 "
ਇਸ ਪੁਸਤਕ ਦੇ ਅੰਤਲੇ ਭਾਵ ਜਿਲਦ ਵਾਲੇ ਪੰਨੇ 'ਤੇ, ਜਿਸ ਨੂੰ ਛਾਪਕਾਂ ਦੀ ਤਕਨੀਕੀ ਸ਼ਬਦਾਵਲੀ ਵਿੱਚ ਟੀ.ਫੋਰ ( ਸਿਰਲੇਖ ਪੰਨਾ ਚਾਰ) ਵੀ ਕਿਹਾ ਜਾਂਦਾ ਹੈ,ਉਸ ਉਪਰਲੀ ਇਬਾਰਤ ਜੋ ਮੰਨੀਆਂ- ਪ੍ਰਮੰਨੀਆਂ ਦੋ ਸ਼ਖ਼ਸੀਅਤਾਂ ਵਲੋਂ ਲਿਖੀ ਗਈ, ਉਹ ਵੀ ਗੌਲਣਯੋਗ ਹੈ :
---- ਓਇ ਆਤਮ ਹਮਰਾਹੀ!
ਤੇਰੇ ਆਤਮ ਤੇਰੇ ਰਾਹ ਦੀ / ਮੈਂ ਕੀ ਦਿਆਂ ਗਵਾਹੀ?
ਤੇਰੇ ਦਰ 'ਤੇ ਦਸਤਕ ਦੇਈਏ/ ਆਤਿਸ਼ ਬੂਹਾ ਖੋਹਲੇ,
ਅੱਗ ਦਾ ਟੁੱਕਰ ਚੁਲ੍ਹੇ ਪੱਕੇ,/ ਤੋੜਾਂ ਕਿਵੇਂ ਗਰਾਹੀ ?
ਚੁੱਪ ਰਹਿਣੀ ਸੰਗ ਇਸ਼ਕ ਰਚਾਕੇ/ ਉੱਚਾ- ਉੱਚਾ ਕੂਣਾ,
ਇਹ ਤਾਂ ਹਰ ਸ਼ਾਇਰ ਦੀ ਹੋਣੀ/ ਤੇਰੀ ਮੇਰੀ ਕਮਾਈ।
ਡਾਂਗਾਂ ਫੜ ਕੇ,ਪਰ੍ਹੇ 'ਚ ਖੜ੍ਹਕੇ/ ਸ਼ਿਅਰ ਕੂਕਰਾਂ ਮਾਰੇ,
ਲਫ਼ਜ਼ਾਂ ਦੇ ਸਿਰ ਅੱਗ ਦੀ ਕਲਗੀ/ ਬੰਨ੍ਹੇ ਕੌਣ ਸ਼ੁਦਾਈ?
ਨਾ ਹਰ ਹੂਕਰ ਕਵਿਤਾ ਹੋਵੇ/ ਤੇ ਨਾ ਹਰ ਖ਼ਾਮੋਸ਼ੀ,
ਕਿਹੜੇ ਸੁਰ ਸ਼ਾਇਰ ਦੀ ਮਿੱਟੀ/ ਬੋਲੇ ਬੋਲ ਇਲਾਹੀ।
ਯਾਦ ਕਰਨਗੇ ਇਕ ਦਿਨ ਤੈਨੂੰ/ ਲੋਕ ਪਾਉਣਗੇ ਬਾਤਾਂ,
ਇੱਕ ਬਿਰਛ ਤਪਦੇ ਮਾਰੂ 'ਚੋਂ/ ਲੰਘਿਆ ਵਾਹੋ ਦਾਹੀ।
ਉਇ ਆਤਮ ਹਮਰਾਹੀ।
( ਡਾ. ਹਰਿਭਜਨ ਸਿੰਘ, ਦਿੱਲੀ 29-06-1977)
----- ਹੇ ਆਤਮ ਹਮਰਾਹੀ!/ ਤੂੰ ਹੈਂ ਯੁੱਗਾਂ ਯੁੱਗਾਂ ਦਾ ਰਾਹੀ।
ਸਾਰਾ ਅੰਬਰ ਫਰੋਲ ਸੁੱਟਿਆ / ਸਾਰੀ ਧਰਤੀ ਗਾਹੀ।
ਤੇਰੇ ਸ਼ਿਅਰਾਂ ਵਿਚ ਮੈ-ਖ਼ਾਨੇ/ਗੀਤਾਂ ਵਿੱਚ ਸੁਰਾਹੀ।
ਕਵਿਤਾ ਦੇ ਵਿੱਚ ਮੀਰੀ ਬਣ ਕੇ/ ਦੇਂਦਾ ਨਾਹੀਂ ਡਾਹੀ।
ਮਾਖਿਓਂ ਮਿੱਠੀ ਰੱਖ ਹਲੀਮੀ/ ਹਰ ਆਕੜ ਤੈਂ ਢਾਹੀ।
ਤੂੰ ਧਰਤੀ ਦਾ ਸਰਵਣ ਪੁੱਤਰ/ ਤੂੰ ਅੰਬਰ ਦਾ ਮਾਹੀ।
ਆਸ਼ਕ ਦੇ ਹਉਂਕੇ ਦਾ ਗਾਇਕ/ ਦੇਵੇ ਹੁਸਨ ਗਵਾਹੀ।
ਖ਼ਿਆਲਾਂ ਦੇ ਵਿੱਚ ਪਰਬਤ ਉੱਚੇ,/ ਕਦਮਾਂ ਦੇ ਵਿੱਚ ਕਾਹੀ।
ਜੂਝ ਰਹੇ ਲੋਕਾਂ ਦਾ ਸ਼ਾਇਰ/ਤੇ ਸਾਡਾ ਹਮਰਾਹੀ।
ਹੇ ਆਤਮ ਹਮਰਾਹੀ।
(ਡਾ. ਹਰਿਭਜਨ ਸਿੰਘ ਦਿਓਲ,ਪਟਿਆਲਾ 4-10-1988)
ਇਸ ਤਰ੍ਹਾਂ ਉਸਨੇ ਆਪਣੀ ਮੌਲਿਕਤਾ ਦਾ ਇਜ਼ਹਾਰ ਕਰਦਿਆਂ ਉਪਰੋਕਤ ਪੁਸਤਕ ਦੇ ਸਿਰਲੇਖ ਪੰਨਾ 4 ਉੱਤੇ "ਇਕਰਾਰ" ਕਰਦਿਆਂ ਅਗਲੀ ਬਾਵਨੀ ਦੇ ਨਾਇਕ- ਨਾਇਕਾਵਾਂ ਬਾਰੇ ਅਗਾਂਊ ਹੀ ਨਿਸ਼ਾਨਦੇਹੀ ਕਰ ਦਿੱਤੀ ਸੀ।ਨਿਵੇਕਲੇ ਕਾਵਿ ਦੇ ਇਤਿਹਾਸਕ ਪ੍ਰਸੰਗ ਵਿੱਚ ਉਸ ਨੇ ਬਾਵਨੀ ਲਹਿਜ਼ੇ ਦੀ ਨਿਰੋਈ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਅਜਿਹੀਆਂ ਪੰਜ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ।
------ ਕਿਸੇ ਵੀ ਵਿਅਕਤੀ ਪ੍ਰਤਿ ਕੋਈ ਚੰਗੀ ਜਾਂ ਮਾੜੀ ਟਿੱਪਣੀ ਕਰਨ ਸਮੇਂ ਅਪਣੱਤ ਦੀ ਗੱਲ ਵੀ ਹੁੰਦੀ ਹੈ --- ਇੱਕ ਦਿਨ ਪੰਜਾਬੀ ਵਿਭਾਗ ਵਿਖੇ ਅਸੀਂ ਪੋਸਟ ਗ੍ਰੈਜੂਏਸ਼ਨ ਕਲਾਸਾਂ ਸੰਬੰਧੀ ਵੱਖ਼- ਵੱਖ਼ ਵਿਦਵਾਨਾਂ ਦੇ ਸੈਮੀਨਾਰ ਕਰਵਾਉਣ ਦੀ ਯੋਜਨਾ ਬਣਾ ਰਹੇ ਸਾਂ। --- ਸਿਆਲਾਂ ਦੇ ਦਿਨ ਸਨ,ਉਧਰੋਂ ਡਾਕਟਰ ਹਮਰਾਹੀ ਆਪਣੀ ਕਲਾਸ ਲਾ ਕੇ ਆਏ --- ਉਸ ਦਿਨ ਉਹਨਾਂ ਬਰਾਊਨਿਸ਼ ਜਿਹੀ ਸੇ਼ਡ ਵਾਲਾ ਕੋਟ ਪਾਇਆ ਹੋਇਆ ਸੀ।ਉਹ ਦੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਸੀ --- ਖ਼ੈਰ, ਨਵੀਂ ਚੀਜ਼ ਤਾਂ ਨਵੀਂ ਹੁੰਦੀ ਹੈ ਪਰੰਤੂ ਥੋੜ੍ਹਾ ਰੰਗ ਉਤਰਿਆ ਹੋਣ ਕਰਕੇ ਜਾਂ ਘਸਮੈਲਾ ਹੋਣ ਕਰਕੇ ਓਪਰਾ ਜ਼ਰੂਰ ਲੱਗਦਾ ਸੀ ਜਿਵੇਂ ਵਾਹਵਾ ਹੀ ਪੁਰਾਣਾ ਹੋਵੇ। ਖ਼ੈਰ, ਮੈਡਮ ਗਰੇਵਾਲ ਜੋ ਆਪਣੇ ਖੁੱਲ੍ਹੇ - ਡੁੱਲ੍ਹੇ ਸੁਭਾਅ ਵਜੋਂ ਸਾਰੇ ਸਟਾਫ਼ ਵਿੱਚ ਆਪਣੀ ਵੱਖਰੀ ਪਛਾਣ ਦਾ ਅਹਿਸਾਸ ਕਰਵਾਉਂਦੀ ਸੀ/ ਹੈ,ਉਹਨਾਂ (ਹਮਰਾਹੀ) ਨੂੰ ਦੇਖ ਕੇ ਕਹਿਣ ਲੱਗੀ ," ਹਮਰਾਹੀ ਮੈਨੂੰ ਭਲਾਂ ਇਹ ਦੱਸ, ਤੇਰਾ ਇਹ ਕੋਟ ਕਿੰਨਾਂ ਕੁ ਪੁਰਾਣਾ ? ਬਈ ਸੱਚੀ ਗੱਲ ਆ, ਮੈਨੂੰ ਤਾਂ ਇਹ ਭੋਰਾ ਵੀ ਸੋਹਣਾ ਨ੍ਹੀਂ ਲੱਗਦਾ। ---- ਇਹ ਐਨਾ ਵੱਡਾ ਕਾਲਜ, ਇਥੇ ਐਮ.ਏ ਦੀਆਂ ਕਲਾਸਾਂ --- ਇਉਂ ਕਰ, ਹੁਣ ਇਸ ਕੋਟ ਨੂੰ ਫ਼ਾਰਗ਼ ਕਰਦੇ , ਤੇਰੇ ਸਟੇਟਸ ਦੇ ਮੁਤਾਬਿਕ ਹੁਣ ਇਹ ਪਾਉਣ ਯੋਗ ਨਹੀਂ ਰਿਹਾ,ਮੁੜ ਮੈਨੂੰ ਇਹ ਕੋਟ ਤੇਰੇ ਪਾਇਆ ਨਾ ਦਿਸੇ।" ਵਕਤ ਦੇ ਮੰਨੇ - ਪ੍ਰਮੰਨੇ ਚੌਹਾਨ ਪਰਿਵਾਰ ਦੇ ਮਾਪਿਆਂ ਦੀ ਲਾਡਲੀ ਤੇ ਭਰਾਵਾਂ ਦੀ ਇਕਲੌਤੀ ਭੈਣ ਨੇ ਸਮਝੋ, ਆਪਣੇ ਸੰਸਕਾਰੀ- ਰੁਹਬ ਦੀ ਧਾਂਕ ਜਮਾਉਂਦਿਆਂ,ਹਮਰਾਹੀ 'ਤੇ ਇਕ ਵਾਰ ਤਾਂ ਜੱਟਾਂ ਵਾਲਾ ਹੁਕਮ ਚੜ੍ਹਾਤਾ। --- ਹਮਰਾਹੀ ਸਾਹਿਬ ਵਕਤੀ ਤੌਰ 'ਤੇ ਤਾਂ ਚੁੱਪ ਰਹੇ,ਪਰ ਅੰਦਰੋਂ- ਅੰਦਰੀ ਪੂਰੀ ਤਰ੍ਹਾਂ ਮੁਸਕਰਾ ਰਹੇ ਸਨ। ---- ਥੋੜ੍ਹੀ ਖ਼ਾਮੋਸ਼ੀ ਤੋਂ ਬਾਅਦ ਉਹ ਬੜੇ ਸਹਿਜ ਨਾਲ ਬੋਲੇ," ਗਰੇਵਾਲ! ਤੇਰਾ ਹੁਕਮ ਤਾਂ ਟਾਲਿਆ ਨਹੀਂ ਜਾ ਸਕਦਾ,ਮੈਨੂੰ ਇਉਂ ਦੱਸ ? ਕਲਾਸਾਂ ਵਿੱਚ ਲੈਕਚਰ ਕੋਟ ਨੇ ਦੇਣਾ ? ਉਥੇ ਤਾਂ ਆਖ਼ਰ ਹਮਰਾਹੀ ਨੇ ਹੀ ਬੋਲਣਾ --- ਮੇਰੇ ਪਹਿਨੇ ਹੋਏ ਕੋਟ ਨੇ ਨਹੀਂ ; ਗਰੇਵਾਲ! ਇਉਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਤਾਂ ਤੈਨੂੰ ਪਤਾ,ਮਸਤ ਮਲੰਗ ਬੰਦੇ ਆਂ " ਆਪਣੇ ਦਿਲ ਦੀ ਗੱਲ ਕਰਦਿਆਂ ਉਹ ਚੁੱਪ ਹੋ ਗਿਆ। ਹਮਰਾਹੀ ਸਾਹਿਬ ਦਾ ਢੁੱਕਵੀਂ ਥਾਂ 'ਤੇ ਢੁੱਕਵਾਂ ਜਵਾਬ ਸੁਣ ਕੇ,ਮੈਡਮ ਗਰੇਵਾਲ ਵੀ ਲਾਜਵਾਬ ਹੋ ਗਏ ਅਤੇ ਉਹ ਦੋਨੋਂ ਖਿੜ- ਖਿੜ ਕੇ ਹੱਸਣ ਲੱਗ ਪਏ। ਮੈਨੂੰ ਲੱਗਿਆ, ਉਹ ਦੋਨੋਂ ਆਪਣੀ- ਆਪਣੀ ਥਾਂ ਠੀਕ ਸਨ, ਪਰ ਹੋਰ ਕੁੱਝ ਨਹੀਂ ---- ਮਹਿਜ਼ ਆਪਣੇ- ਆਪਣੇ ਦਾਅਵੇ ਜਤਾ ਕੇ, ਉਹ ਦੋਵੇਂ --- ਜਿਵੇਂ ਆਪਣੇ ਅਪਣੱਤ ਭਰੇ ਬੋਲਾਂ ਦੀ ਸਾਂਝ ਪਾ ਰਹੇ ਹੋਣ। ਅਜਿਹੇ ਗਿਲੇ- ਸ਼ਿਕਵੇ/ ਤਾਹਨੇ- ਮਿਹਣੇ ਅਤੇ ਡੰਗ ਤੇ ਚੋਭਾਂ ਕਈ ਵਾਰ ਅਚਾਨਕ ਹੀ ਬੜੇ ਖ਼ੁਸ਼ਗਵਾਰ ਮਾਹੌਲ ਦੀ ਸਿਰਜਣਾ ਕਰ ਦਿੰਦੇ ਹਨ; ਮੈਂ ਇਸ ਨੂੰ ਕਿਸੇ ਵੀ ਵਿਭਾਗ/ ਸੰਸਥਾ/ ਪਰਿਵਾਰ ਦੀ ਖੁਸ਼ਨਸੀਬੀ ਸਮਝਦਾ ਹਾਂ