ਮੱਤਭੇਦ ਸੁਲਝਾਈਏ ਰਿਸ਼ਤੇ ਨਿਭਾਈਏ (ਲੇਖ )

ਹਰਦੀਪ ਕੌਰ ਨਾਜ਼   

Email: harknaaz@gmail.com
Address:
ਫਗਵਾੜਾ Punjab India
ਹਰਦੀਪ ਕੌਰ ਨਾਜ਼ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਵਨ ਨੂੰ ਬਾ-ਕਾਇਦਗੀ ਨਾਲ ਜਿਊਣ ਲਈ ਰਿਸ਼ਤੇ-ਨਾਤਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਹ ਰਿਸ਼ਤੇ ਸਾਨੂੰ ਪਿਆਰ, ਸਹਿਯੋਗ ਅਤੇ ਖ਼ੁਸ਼ੀ ਦਿੰਦੇ ਹਨ, ਪਰ ਇਹ ਬਹੁਤ ਨਾਜ਼ੁਕ ਵੀ ਹੁੰਦੇ ਹਨ। ਇਸ ਲਈ ਰਿਸ਼ਤਿਆਂ ਨੂੰ ਸਹੇਜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪੰਜਾਬੀ ਸੱਭਿਆਚਾਰ ਜਾਂ ਸਮਾਜ ਵਿੱਚ ਮੁੱਖ ਰੂਪ ਵਿੱਚ ਪੰਜ ਤਰ੍ਹਾਂ ਦੇ ਰਿਸ਼ਤੇ ਮੰਨੇ ਜਾਂਦੇ ਹਨ। ਜਿਵੇਂ, 1. ਜਨਮ ਦੇ ਰਿਸ਼ਤੇ 2. ਖ਼ੂਨ ਦੇ ਰਿਸ਼ਤੇ 3. ਪਰਿਵਾਰਕ ਰਿਸ਼ਤੇ 4. ਵਿਆਹ ਰਾਹੀਂ ਬਣੇ ਰਿਸ਼ਤੇ 5. ਭਾਵਨਾਤਮਕ ਰਿਸ਼ਤੇ ਆਦਿ।
ਜਨਮ ਦੇ ਰਿਸ਼ਤਿਆਂ ਵਿੱਚ ਮਾਂ-ਪੁੱਤ, ਮਾਂ-ਧੀ, ਪਿਓ-ਪੁੱਤਰ ਅਤੇ ਪਿਓ ਧੀ ਆਉਂਦੇ ਹਨ। ਖ਼ੂਨ ਦੇ ਰਿਸ਼ਤਿਆਂ ਵਿੱਚ ਭੈਣ-ਭਰਾ, ਭਰਾ-ਭਰਾ, ਭੈਣਾਂ-ਭੈਣਾਂ ਆਦਿ ਰਿਸ਼ਤੇ ਆਉਂਦੇ ਹਨ। ਪਰਿਵਾਰਕ ਰਿਸ਼ਤਿਆਂ ਵਿੱਚ ਹੋਰ ਵਾਧਾ ਹੁੰਦਾ ਹੈ ਅਤੇ ਦਾਦਾ-ਪੋਤਾ, ਦਾਦੀ ਪੋਤੀ, ਨਾਨਾ-ਦੋਹਤਾ, ਨਾਨੀ-ਦੋਹਤੀ, ਮਾਮਾ-ਭਾਣਜਾ/ਭਾਣਜੀ, ਭੂਆ-ਭਤੀਜਾ/ਭਤੀਜੀ, ਚਾਚਾ-ਚਾਚੀ, ਤਾਇਆ-ਤਾਈ, ਮਾਸੀ-ਮਾਸੜ ਆਦਿ ਰਿਸ਼ਤੇ ਮੰਨੇ ਜਾਂਦੇ ਹਨ। ਫਿਰ ਵਿਆਹ ਤੋਂ ਬਾਅਦ ਹੋਰ ਰਿਸ਼ਤੇ ਜੁੜਦੇ ਹਨ ਜਿਵੇਂ ਸਭ ਤੋਂ ਅਹਿਮ ਰਿਸ਼ਤਾ ਪਤੀ-ਪਤਨੀ ਅਤੇ ਹੋਰ ਸੱਸ-ਨੂੰਹ, ਨੂੰਹ-ਸਹੁਰਾ, ਸਹੁਰਾ-ਜਵਾਈ, ਸਾਲਾ-ਭਣਵਾਈਆ, ਸਾਲਾ-ਸਾਲੇਹਾਰ, ਨਨਾਣ-ਭਰਜਾਈ, ਸਾਲੀ-ਸਾਂਢੂ, ਦਿਉਰ-ਭਰਜਾਈ, ਜੇਠ-ਜਠਾਣੀ, ਦਿਉਰ-ਦਰਾਣੀ, ਕੁੜਮ-ਕੁੜਮਣੀ ਆਦਿ ਪ੍ਰਮੁੱਖ ਹਨ। ਫਿਰ ਜ਼ਿਕਰ ਕਰਦੇ ਹਾਂ ਭਾਵਨਾਤਮਕ ਰਿਸ਼ਤਿਆਂ ਦਾ, ਜਿਸ ਵਿੱਚ ਦੋਸਤ-ਮਿੱਤਰ, ਸਹੇਲੀਆਂ, ਅਧਿਆਪਕ, ਸਾਡੇ ਸਹਿ-ਕਰਮੀ, ਵਿਦਿਆਰਥੀ ਜਾਂ ਫਿਰ ਧਾਰਮਿਕ ਭਾਵਨਾਵਾਂ ਨਾਲ ਜੁੜੇ ਰਿਸ਼ਤੇ ਸਾਡੀਆਂ ਧਾਰਮਿਕ ਰਸਮਾਂ ਨਿਭਾਉਣ ਵਾਲੇ ਕੁਝ ਲੋਕ ਅਤੇ ਜਾਂ ਫਿਰ ਜਿਨ੍ਹਾਂ ਦੀ ਸਾਡੇ ਨਾਲ ਧਾਰਮਿਕ ਸਾਂਝ ਜੁੜਦੀ ਹੋਵੇ।
ਖ਼ੈਰ! ਇਹਨਾਂ ਵਿੱਚੋਂ ਜਨਮ, ਖ਼ੂਨ ਦੇ ਰਿਸ਼ਤੇ ਅਤੇ ਵਿਆਹ ਤੋਂ ਬਾਅਦ ਜੁੜਿਆ ਰਿਸ਼ਤਾ ਬਹੁਤ ਹੀ ਜ਼ਿਆਦਾ ਅਹਿਮ ਹੁੰਦਾ ਹੈ। ਕਿਉਂਕਿ ਇਨ੍ਹਾਂ ਰਿਸ਼ਤਿਆਂ ਨਾਲ ਜੁੜੇ ਵਿਅਕਤੀ ਜ਼ਿਆਦਾਤਰ ਇੱਕ ਦੂਜੇ ਦੇ ਸੰਪਰਕ ਵਿੱਚ ਜਾਂ ਕਹਿ ਲਉ ਕਿ ਆਮ ਤੌਰ ’ਤੇ ਇੱਕ ਛੱਤ ਹੇਠ ਰਹਿੰਦੇ ਹਨ। ਮਾਤਾ-ਪਿਤਾ, ਭੈਣ-ਭਰਾ ਅਤੇ ਪਤਨੀ ਆਮ ਤੌਰ ‘ਤੇ ਸਾਂਝੇ ਪਰਿਵਾਰਾਂ ਵਿੱਚ ਇੱਕ ਛੱਤ ਹੇਠ ਹੀ ਰਹਿੰਦੇ ਹਨ। ਪੰਜਾਬੀ ਦੀ ਇੱਕ ਕਹਾਵਤ ਹੈ ਕਿ, ‘ਜਿੱਥੇ ਚਾਰ ਭਾਂਡੇ ਹੋਣਗੇ, ਉਹ ਖੜਕਨਗੇ ਹੀ’ ਸੋ ਇਸ ਤਰ੍ਹਾਂ ਇਕੱਠੇ ਰਹਿੰਦਿਆਂ ਕਈ ਵਾਰ ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਬਹਿਸ ਦੀ ਵਜ੍ਹਾ ਨਾਲ ਰਿਸ਼ਤਿਆਂ ਵਿੱਚ ਦਰਾੜ ਪੈ ਜਾਂਦੀ ਹੈ ਅਤੇ ਕਈ ਵਾਰ ਉਹ ਰਿਸ਼ਤੇ ਟੁੱਟਣ ਦੀ ਹਾਲਾਤ ਵਿੱਚ ਪਹੁੰਚ ਜਾਂਦੇ ਹਨ। ਜੇਕਰ ਕਦੀ ਅਜਿਹਾ ਹੁੰਦਾ ਹੈ ਤਾਂ ਸਾਨੂੰ ਆਪਣੇ ਰਿਸ਼ਤਿਆਂ ਨੂੰ ਬਚਾਉਣ ਲਈ ਕੁੱਝ ਖ਼ਾਸ ਗੱਲਾਂ ਵੱਲ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ ਤਾਂ ਕਿ ਰਿਸ਼ਤਿਆਂ ਦਾ ਪਵਿੱਤਰ ਧਾਗਾ ਟੁੱਟਣ ਦੀ ਥਾਂ ਹੋਰ ਮਜ਼ਬੂਤ ਹੋ ਜਾਵੇ। ਪਤੀ-ਪਤਨੀ ਦੇ ਰਿਸ਼ਤਾ ਸਭ ਤੋਂ ਵੱਧ ਲੰਮੇਰਾ ਅਤੇ ਨੇੜੇ ਦਾ ਹੁੰਦਾ ਹੈ। ਨਵ-ਵਿਆਹਿਆਂ ਵਿੱਚ ਕਈ ਵਾਰ ਨਿੱਕੀ-ਨਿੱਕੀ ਗੱਲ ਤੋਂ ਨੋਕ-ਝੋਕ ਹੋ ਜਾਂਦੀ ਹੈ ਅਤੇ ਦੋਵੇਂ ਇੱਕ ਦੂਜੇ ਤੋਂ ਰੁੱਸ ਕੇ ਬਹਿ ਜਾਂਦੇ ਹਨ, ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਤਾਂ ਆਪਣੀ ਜ਼ਿੰਦਗੀ ਦਾ ਇੱਕ ਲੰਮੇਰਾ ਪੰਧ ਤੈਅ ਕਰਨਾ ਹੈ ਅਤੇ ਤਾ-ਉਮਰ ਇੱਕ ਦੂਜੇ ਦਾ ਸਾਥ ਦੇਣ ਲਈ ਅਸੀਂ ਧਾਰਮਿਕ ਰਸਮਾਂ ਨਿਭਾਉਂਦੇ ਹੋਏ, ਸਮਾਜ ਦੀ ਹਾਜ਼ਰੀ ਵਿੱਚ ਵਾਅਦਾ ਕੀਤਾ ਹੋਇਆ ਹੈ। ਇਸ ਲਈ ਆਓ! ਕੁਝ ਨੁਕਤੇ ਵਿਚਾਰਦੇ ਹਾਂ:
ਜ਼ਿੱਦ ਜਾਂ ਅੜੀ ਤੋਂ ਬਚੀਏ – ਰਿਸ਼ਤਿਆਂ ਵਿੱਚ ਆਪਣੀ ਗੱਲ ਮਨਵਾਉਣ ਦੀ ਜ਼ਿਦ ਜਾਂ ਅੜੀ ਹੀ ਕਈ ਵਾਰ ਝਗੜਿਆਂ ਨੂੰ ਖ਼ਤਮ ਨਹੀਂ ਹੋਣ ਦਿੰਦੀ ਅਤੇ ਸਾਡੀ ਅੜੀ ਕਾਰਨ ਕਈ ਵਾਰ ਗੱਲ ਵਿੱਚ ਹੋਰ ਵਿਗਾੜ ਵੱਧਦਾ ਜਾਂਦਾ ਹੈ। ਇਸ ਲਈ ਜੇਕਰ ਕੋਈ ਨਿੱਕੀ-ਮੋਟੀ ਨੋਕ-ਝੋਕ ਹੁੰਦੀ ਹੈ ਤਾਂ ਆਪਣੀ ਗੱਲ ਮੰਨਵਾਉਣ ਦੀ ਜ਼ਿੱਦ ਵਾਲੀ ਆਦਤ ਤੋਂ ਬੱਚਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਵਿਗੜੇ ਮਾਹੌਲ ਨੂੰ ਸ਼ਾਂਤੀ ਨਾਲ ਸੁਲਝਾਇਆ ਜਾ ਸਕੇ ਅਤੇ ਸ਼ਾਂਤੀ ਨਾਲ ਮਸਲਾ ਹੱਲ ਹੋ ਸਕੇ।
ਬਹਿਸ ਤੋਂ ਵੀ ਬਚੀਏ – ਸਿਆਣਿਆਂ ਦਾ ਕਥਨ ਹੈ ਆਪਣਿਆਂ ਲਈ ਹਾਰ ਜਾਣਾ ਗ਼ਲਤ ਨਹੀਂ ਹੁੰਦਾ ਸਗੋਂ ਤੁਹਾਨੂੰ ਇੱਕ ਅਜਬ ਮਾਨਸਿਕ ਸ਼ਾਂਤੀ ਅਤੇ ਬਲ ਦਿੰਦਾ ਹੈ, ਜਿਸ ਨਾਲ ਮਾਹੌਲ ਨੂੰ ਸੁਖਾਵਾਂ ਕਰਨ ਵਿੱਚ ਮੱਦਦ ਮਿਲਦੀ ਹੈ। ਇਸ ਲਈ ਬਹਿਸ ਵੱਧ ਰਹੀ ਹੋਵੇ ਅਤੇ ਤਲਖ਼ੀ ਦਾ ਰੂਪ ਧਾਰਨ ਕਰਦੀ ਦਿੱਸੇ ਤਾਂ ਕੁਝ ਚਿਰ ਲਈ ਸ਼ਾਂਤ ਹੋ ਜਾਣਾ ਦੋਵੇਂ ਧਿਰਾਂ ਲਈ ਲਾਹੇਵੰਦ ਹੋ ਜਾਂਦਾ ਹੈ। ਜਦ ਮਸਲਾ ਕੁਝ ਸ਼ਾਂਤ ਹੋ ਜਾਵੇ ਤਾਂ ਆਪਣੀ ਗੱਲ ਜਾਂ ਆਪਣਾ ਪੱਖ ਆਰਾਮ ਨਾਲ ਸਹਿਜ ਅਵਸਥਾ ਵਿੱਚ ਆਪਣੇ ਸਾਥੀ ਨਾਲ ਸਾਂਝਾ ਕੀਤਾ ਜਾਵੇ ਅਤੇ ਰਲ-ਮਿਲ ਕੇ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ।
ਕਾਰਨ ਉੱਤੇ ਚਰਚਾ ਕੀਤੀ ਜਾਵੇ -  ਰਿਸ਼ਤਿਆਂ ਵਿੱਚ ਨਿੱਕੇ-ਮੋਟੇ ਲੜਾਈ-ਝਗੜੇ ਤੋਂ ਬਾਅਦ ਆਪਸ ਵਿੱਚ ਕੁਝ ਸਮੇਂ ਲਈ ਤਾਂ ਠੀਕ ਹੈ, ਪਰ ਗੱਲ-ਬਾਤ ਬਿਲਕੁਲ ਬੰਦ ਨਾ ਕੀਤੀ ਜਾਵੇ। ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਹਿਜ ਨਾਲ ਸੁਣੋ ਅਤੇ ਸੰਵਾਦ ਕਰੋ, ਭਾਵ ਚਰਚਾ ਕਰੋ ਕਿ ਉਹ ਕਿਹੜਾ ਕਾਰਨ ਸੀ ਕਿ ਸਾਡੇ ਵਿੱਚ ਤਿੱਖੀ ਬਹਿਸ ਛਿੜ ਪਈ ਸੀ ਅਤੇ ਗੱਲ ਤੂੰ-ਤੂੰ, ਮੈਂ-ਮੈਂ ਤੱਕ ਪਹੁੰਚ ਗਈ ਸੀ।
ਮਾਫ਼ੀ ਮੰਗਣਾ ਜਾਂ ਮੁਆਫ਼ ਕਰਨਾ – ਇੱਕ ਦੂਜੇ ਨੂੰ ਇੱਕ ਦੂਜੇ ਦੀ ਥਾਂ ’ਤੇ ਰੱਖ ਕੇ ਸਾਰਾ ਮਸਲਾ ਵਿਚਾਰੋ। ਜੇਕਰ ਆਪਣੀ ਗ਼ਲਤੀ ਨਜ਼ਰ ਆਵੇ ਤਾਂ ਬਿਨਾਂ ਸ਼ਰਤ ਮੁਆਫ਼ੀ ਮੰਗੋ। ਜੇਕਰ ਆਪਣੀ ਗ਼ਲਤੀ ਮੰਨ ਕੇ ਅਗਲਾ ਤੁਹਾਡੇ ਕੋਲੋਂ ਮੁਆਫ਼ੀ ਮੰਗ ਰਿਹਾ ਹੈ ਤਾਂ ਤੁਰੰਤ ਮੁਆਫ਼ ਕਰਕੇ ਆਪਣਾ ਵਡੱਪਣ ਦਿਖਾਓ। ਜੇਕਰ ਅਗਲਾ ਮੁਆਫ਼ੀ ਨਾ ਵੀ ਮੰਗੇ ਤਾਂ ਵੀ ਤੁਸੀਂ ਥੋੜ੍ਹਾ ਜਿਹਾ ਝੁਕ ਕੇ, ਪਹਿਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਕਿਸੇ ਦੇ ਦਿਲ ਵਿੱਚ ਵੀ ਕੋਈ ਮਨ-ਮੁਟਾਵ ਨਹੀਂ ਰਹੇਗਾ।
ਕੋਸ਼ਿਸ਼ਾਂ ਕਰਦੇ ਰਹੀਏ - ਝਗੜੇ ਤੋਂ ਬਾਅਦ ਜੇਕਰ ਬੋਲ-ਚਾਲ ਬੰਦ ਹੋ ਗਈ ਤਾਂ ਮੁੜ ਕੋਸ਼ਿਸ਼ ਕਰੀਏ ਕਿ ਇੱਕ ਦੂਜੇ ਦੇ ਰਿਸ਼ਤੇ ਦਾ ਨਿੱਘ ਫਿਰ ਪਹਿਲਾਂ ਵਾਂਗ ਪ੍ਰਾਪਤ ਹੋ ਸਕੇ। ਇਸ ਲਈ ਜ਼ਰੂਰ ਕੋਸ਼ਿਸ਼ ਕਰੀਏ ਕਿ ਇੱਕ ਛੱਤ ਥੱਲੇ ਰਹਿੰਦੇ ਹੋਏ ਉਸਦੀ ਕਿਸੇ ਛੋਟੇ-ਮੋਟੇ ਕੰਮ ਵਿੱਚ ਮੱਦਦ ਕਰਕੇ ਹਿੱਸਾ ਪਾ ਸਕੀਏ ਜਾਂ ਗਾਹੇ-ਬਗਾਹੇ ਕਿਸੇ ਗੱਲੋਂ ਆਪ ਹੀ ਕੋਈ ਨਿੱਕਾ-ਮੋਟਾ ਸਵਾਲ ਪੁਛ ਲਈਏ। ਚਾਹ-ਪਾਣੀ ਪੀਣ ਲੱਗਿਆਂ ਜਾਂ ਬਾਹਰ ਕਿਤੇ ਜਾਣ ਲੱਗਿਆ ਨਾਲ ਸੁਲਾਹ ਮਾਰ ਲਈਏ। ਇਸ ਤਰ੍ਹਾਂ ਕੀਤਿਆਂ ਵੀ ਅਗਲੇ ਦਾ ਗੁੱਸਾ ਹੌਲੀ-ਹੌਲੀ ਖ਼ਤਮ ਹੋ ਜਾਵੇਗਾ।
ਇਹ ਤਾਂ ਕੁਝ ਨੁਕਤੇ ਨੇ ਅਤੇ ਸਮੇਂ ਦੀ ਨਜ਼ਾਕਤ ਅਨੁਸਾਰ ਆਪਣੀ ਸਮਝ ਅਨੁਸਾਰ ਜਾਂ ਮੌਕਾ ਮੇਲ ਅਨੁਸਾਰ ਹੋਰ ਤਰੀਕੇ ਵੀ ਅਪਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਜੇ ਇਹ ਕੋਸ਼ਿਸ਼ ਕਰੀਏ ਕਿ ਲੜਾਈ-ਝਗੜਾ ਹੋਵੇ ਹੀ ਨਾ, ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ ਤਾਂ ਆਓ! ਇਸ ਸੰਬੰਧੀ ਵੀ ਕੁਝ ਵਿਚਾਰ ਕਰਦੇ ਹਾਂ। ਜਿਵੇਂ ਕਿ:
ਇੱਕ ਦੂਜੇ ਨੂੰ ਸੁਣਿਆ ਜਾਵੇ – ਜਦੋਂ ਵੀ ਸਾਥੀ ਕੋਈ ਗੱਲ ਦੱਸ ਰਿਹਾ ਹੋਵੇ ਤਾਂ ਉਸਦੀ ਗੱਲ ਮੁਕੰਮਲ ਹੋਣ ਤੱਕ ਉਸਨੂੰ ਸੁਣਿਆ ਜਾਵੇ ਅਤੇ ਉਸਦੀ ਗੱਲ ਵਿੱਚੋਂ ਨਾ ਟੋਕੀ ਜਾਵੇ।  ਉਸਦੀ ਗੱਲ ਪੂਰੀ ਹੋਣ ਤੋਂ ਬਾਅਦ ਆਪਣਾ ਪੱਖ ਰੱਖਿਆ ਜਾਵੇ।
ਦੋਸ਼ ਦੇਣ ਤੋਂ ਬਚਿਆ ਜਾਵੇ – ਨਿੱਕੀ-ਨਿੱਕੀ ਗੱਲ ਤੋਂ ਸਾਥੀ ਨੂੰ ਦੋਸ਼ ਦੇਣ ਤੋਂ ਬਚਿਆ ਜਾਵੇ। ਜਿਵੇਂ ਕਿ ਤੁਸੀਂ ਆਹ ਨਹੀਂ ਕੀਤਾ, ਤੁਸੀਂ ਓਹ ਨਹੀਂ ਕੀਤਾ, ਤੁਸੀਂ ਹਮੇਸ਼ਾਂ ਇੰਝ ਕਰਦੇ ਹੋ, ਤੁਹਾਡੇ ਕਰਕੇ ਹੀ ਇੱਦਾਂ ਹੋਇਆ ਆਦਿ। ਇਸ ਦੀ ਥਾਂ ਇਹ ਕਹਿ ਸਕਦੇ ਹਾਂ ਕਿ ਮੇਰਾ ਖ਼ਿਆਲ ਹੈ ਜੇ ਤੁਸੀਂ ਇੰਜ ਕਰਦੇ, ਜਾਂ ਮੈਂ ਮਹਿਸੂਸ ਕਰਦਾ ਹਾਂ/ਕਰਦੀ ਹਾਂ ਕਿ ਇੰਜ ਹੋ ਜਾਂਦਾ ਤਾਂ ਵਧੀਆ ਹੁੰਦਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਵੀ ਦੂਸਰੇ ਨੂੰ ਤੁਹਾਡੀ ਸਥਿਤੀ ਅਤੇ ਗੱਲ ਸਮਝਣ ਵਿੱਚ ਵਧੇਰੇ ਮੱਦਦ ਮਿਲ ਸਕਦੀ ਹੈ।
ਜ਼ਰੂਰਤਾਂ ਦਾ ਸਨਮਾਨ – ਆਪਣੀਆ ਜ਼ਰੂਰਤਾਂ ਦੇ ਨਾਲ ਆਪਣੇ ਸਾਥੀ ਦੀਆਂ ਜ਼ਰੂਰਤਾਂ ਦਾ ਖ਼ਿਆਲ ਵੀ ਰੱਖਿਆ ਜਾਵੇ, ਬਲਕਿ ਉਸਦੀਆਂ ਕੁਝ ਆਦਤਾਂ ਦਾ ਵੀ ਸਨਮਾਨ ਕੀਤਾ ਜਾਵੇ। ਹਰ ਗੱਲ ਉਤੇ ਤਨਜ਼ ਨਾ ਕੱਸੀ ਜਾਵੇ।
ਵਿਸ਼ਵਾਸ ਅਤੇ ਪਾਰਦਰਸ਼ਤਾ – ਰਿਸ਼ਤਿਆਂ ਵਿੱਚ ਵਿਸ਼ਵਾਸ ਸਭ ਤੋਂ ਅਹਿਮ ਕੜੀ ਹੈ, ਜਿਸ ਦੇ ਸਿਰ ’ਤੇ ਰਿਸ਼ਤੇ ਨਿਭਦੇ ਹਨ। ਵਿਸ਼ਵਾਸ ਜਾਂ ਭਰੋਸਾ ਬਣਦਾ ਬਹੁਤ ਹੌਲੀ-ਹੌਲੀ ਹੈ, ਪਰ ਟੁੱਟਣ ਲੱਗਿਆ ਝੱਟ ਟੁੱਟ ਜਾਂਦਾ ਹੈ। ਕਿਸੇ ਤਰ੍ਹਾਂ ਦਾ ਕੋਈ ਸ਼ੱਕ-ਸੁਬਾ ਹੋਵੇ ਤਾਂ ਬਿਨਾਂ ਝਿਜਕ ਉਸ ਸੰਬੰਧੀ ਖੁਲ੍ਹੀ ਪਰ ਤੰਦਰੁਸਤ ਚਰਚਾ ਕੀਤੀ ਜਾਵੇ ਅਤੇ ਸੰਬੰਧਿਤ ਮਸਲੇ ਦਾ ਸਾਂਝਾ ਹੱਲ ਕਰ ਲਿਆ ਜਾਵੇ।
ਸਮਾਂ ਬਿਤਾਉਣਾ ਜ਼ਰੂਰੀ – ਇੱਕ ਦੂਜੇ ਨਾਲ ਸਮਾਂ ਜ਼ਰੂਰ ਬਿਤਾਇਆ ਜਾਵੇ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਦੋਵੇਂ  ਮੋਬਾਇਲ ਪੁਰ ਚਿਪਕੇ ਹੋਏ ਹਨ ਅਤੇ ਇੱਕ ਦੂਜੇ ਦੇ ਸਤਿਕਾਰ ਆਦਿ ਸੰਬੰਧੀ ਕੋਈ ਗਤੀਵਿਧੀ ਨਹੀਂ ਹੁੰਦੀ। ਜੇਕਰ ਦੋਵਾਂ ਨੇ ਮੋਬਾਇਲ ਹੀ ਦੇਖਣਾ ਹੈ ਤਾਂ ਦੋਵੇਂ ਇੱਕ ਦੂਜੇ ਦੇ ਨੇੜੇ ਬਹਿ ਕੇ ਇੱਕ ਮੋਬਾਇਲ ਨੂੰ ਹੀ ਸਕਰੋਲ ਕਰੀ ਜਾਣ। ਇੱਕ ਦੂਜੇ ਨਾਲ ਕੁੱਝ ਗੱਲਾਂ-ਬਾਤਾਂ ਸਾਂਝੀਆਂ ਕਰਨੀਆਂ ਅਤੇ ਕਦੇ-ਕਦੇ ਘਰੋਂ ਬਾਹਰ ਨਿਕਲ ਕੇ ਕਿਸੇ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਜਾਣਾ ਜਾਂ ਸ਼ਹਿਰ ਦੇ ਕਿਸੇ ਪਾਰਕ, ਮਾਲ ਆਦਿ ਵਿੱਚ ਜਾਂ ਸ਼ਾਪਿੰਗ ਕਰਨ ਇੱਕੀਠਆਂ ਜਾਇਆ ਜਾ ਸਕਦਾ ਹੈ।
ਇਹ ਕੁਝ ਢੰਗ-ਤਰੀਕੇ ਹਨ, ਜਿਸ ਨਾਲ ਸਾਡੇ ਰਿਸ਼ਤਿਆਂ ਵਿੱਚ ਅਪਣਾ-ਪਣ, ਮਿਠਾਸ, ਸ਼ਰਧਾ-ਸਤਿਕਾਰ ਆਦਿ ਬਣਿਆ ਰਹੇਗਾ।