ਕੁਲਬੀਰ ਬਡੇਸਰੋਂ ਦੀਆਂ ਇੱਕਤੀ ਕਹਾਣੀਆਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫਿਲਮੀ ਦੁਨੀਆਂ ਦੀ ਕਹਾਣੀਕਾਰਾ

ਕੁਲਬੀਰ ਬਡੇਸਰੋਂ ਦੀਆਂ ਇੱਕਤੀ ਕਹਾਣੀਆਂ

ਸੰਪਾਦਕ ----ਬਲਬੀਰ ਮਾਧੋਪੁਰੀ

ਪ੍ਰਕਾਸ਼ਕ ---ਨਵਯੁਗ ਪਬਲਿਸ਼ਰਜ਼ ਨਵੀ ਦਿੱਲੀ

ਪੰਨੇ ---308   ਮੁੱਲ -----500 ਰੁਪਏ

 
ਪੰਜਾਬ ਤੋਂ ਬਾਹਰ ਫਿਲਮ ਨਗਰੀ  ਮੁੰਬਈ ਵਿਚ ਰਹਿ ਰਹੀ ਪੰਜਾਬੀ  ਕਹਾਣੀਕਾਰਾ ਕੁਲਬੀਰ ਬਡੇਸਰੋਂ ਦੀਆਂ ਚਰਚਿਤ ਕਹਾਣੀਆਂ ਦੀ ਚੋਣ ਕਰਕੇ 31 ਕਹਾਣੀਆਂ ਨੂੰ  ਉਘੇ ਸਾਹਿਤਕਾਰ ਬਲਬੀਰ ਮਾਧੋਪੁਰੀ ਨੇ ਇਸ ਪੁਸਤਕ ਵਿਚ  ਸੰਪਾਦਿਤ ਕੀਤਾ ਹੈ ।  ਪੰਜਾਬੀ ਪਾਠਕ ਲੰਮੇ ਸਮੇਂ ਤੋਂ ਕੁਲਬੀਰ ਬਡੇਸਰੋਂ ਦੀ ਕਹਾਣੀ ਪੜ੍ਹਦੇ ਆ ਰਹੇ ਹਨ । ਕੁਲਬੀਰ ਬਡੇਸਰੋਂ ਦੀ ਪਹਿਲੀ ਕਿਤਾਬ ‘ਦਾਇਰੇ ‘1985 ਵਿਚ ਛਪੀ ਸੀ । ਭਾਸ਼ਾ ਵਿਭਾਗ  ਪੰਜਾਬ ਦੇ ਪ੍ਰਸਿਧ ਮੈਗਜ਼ੀਂਨ ਜਨ ਸਾਹਿਤ ਵਿਚ ਕਿਸੇ ਵੇਲੇ ਉਸਦੀ ਕਹਾਣੀ ਗੱਡੀ ਦੇ ਡਬੇ ਛਪੀ ਸੀ । ਨਾਵਲਕਾਰ ਜਸਵੰਤ ਸਿੰਘ ਕੰਵਲ ਨੇ  ਦਾਇਰੇ ਸੰਗ੍ਰਹਿ ਬਾਰੇ  ਲਿਖਿਆ  ਸੀ ---ਕੁਲਬੀਰ ਬਡੇਸਰੋਂ ਦੀ ਕਲਮ ਵਿਚ  ਮੌਲਿਕ  ਜਾਨ ਤੇ ਤਾਂਘ ਹੈ । ਉਸਦੀ ਲੇਖਣੀ ਵਿਚ ਪ੍ਰੋੜ੍ਹ ਨਾਵਲਕਾਰ ਵਾਲੇ ਸੰਕੇਤ ਮਿਲਦੇ  ਹਨ । ਫੇਰ ਉਸਦਾ ਕਹਾਣੀ ਸੰਗ੍ਰਹਿ ‘ਇਕ ਖਤ ਪਾਪਾ ਦੇ ਨਾਂਅ’ ਛਪ ਕੇ ਆਇਆ ਤਾਂ ਪੰਜਾਬੀ ਪਾਠਕਾਂ ਨੇ ਉਸਦੀ ਕਹਾਣੀ ਕਲਾ ਦਾ ਲੋਹਾ ਮੰਨ ਲਿਆ । ਉਹ ਸਥਾਂਪਿਤ ਕਹਾਣੀਕਾਰਾ ਹੋ ਗਈ । ਫੇਰ ਚੱਲ ਸੋ ਚੱਲ  । ਕਹਾਣੀ ਸੰਗ੍ਰਹਿ ਹਉਮੈ ਦੀ ਭਟਕਣ (1990) ਕਦੋਂ ਆਏਂਗੀ ?(2006) ਨਾਲ ਉਸਦਾ ਕਹਾਣੀ ਵਿਚ ਡੰਕਾ ਵੱਜਣ ਲਗਾ । ਕਹਾਣੀਕਾਰ ਤੇ ਨਾਵਲਕਾਰ ਰਾਮ ਸਰੂਪ ਅਣਖੀ ਨੇ ਉਸਦੀ ਕਹਾਣੀ  ਬਾਰੇ   ਮੁੱਲਵਾਨ ਟਿਪਣੀਆਂ ਕੀਤੀਆਂ ।  ਪਿਛੇ ਜਿਹੇ 2021 ਵਿਚ ਕਹਾਣੀ ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ ?’ਦਾ ਵਿਦਵਾਨ  ਆਲ਼ੋਚਕਾਂ   ਤੇ ਸੁਹਿਰਦ ਪਾਠਕਾਂ ਨੇ  ਵਿਸ਼ੇਸ਼  ਨੋਟਿਸ ਲਿਆ ਤੇ  ਇਸ ਕਿਤਾਬ ਦੀ ਭਰਵੀਂ ਚਰਚਾ ਹੋਈ ।

ਹਥਲੀ ਕਿਤਾਬ ਦਾ ਗਹਿਰਾ ਅਧਿਅਨ ਕਰਨ ਤੇ ਮਹਾਂਨਗਰ ਦੀ ਜ਼ਿੰਦਗੀ ਦੇ ਦੀਦਾਰ ਹੁੰਦੇ ਹਨ ॥। ਨਾਲ ਹੀ ਪੰਜਾਬੀਆਂ ਵਿਚ ਪਰਵਾਸ ਦੀ ਵਧੀ ਰੁਚੀ ਤੇ ਉਸ ਕਰਕੇ ਪੰਜਾਬੀ ਸਭਿਆਚਾਰ ਵਿਚ ਆਏ ਬਦਲਾਵ ਦੀ ਕਹਾਣੀਆਂ ਵਿਚ ਝ਼ਲਕ ਮਿਲਦੀ ਹੈ । ਮੁੰਬਈ  ਵਿਚ ਕੁਲਬੀਰ ਬਡੇਸਰੋਂ ਨੇ ਫਿਲਮਾਂ ਤੇ ਟੀ ਵੀ ਲੜੀਵਾਰਾਂ ਵਿਚ ਕੰਮ ਕੀਤਾ ਹੈ  । ਇਕ ਕਲਾਕਾਰ ਦੇ  ਅਨੁਭਵ ਕਹਾਣੀਆਂ ਵਿਚ ਸ਼ੁਮਾਰ ਹਨ। ਇਸ ਪ੍ਰਸੰਗ ਵਿਚ ਕਹਾਣੀ ਤੁਮ ਕਿਉਂ ਉਦਾਸ ਹੋ ਵੇਖ ਸਕਦੇ  ਹਾ। ਇਹ ਸਿਰਲੇਖ ਇਕ ਛਪ ਚੁਕੇ  ਕਹਾਣੀ ਸੰਗ੍ਰਹਿ ਦਾ ਵੀ ਹੈ ।ਚਰਚਿਤ ਕਹਾਣੀ ਵਿਚ  ਇਕ ਪਤੀਸਾ ਫੇਕਟਰੀ ਵਿਚ ਮਜ਼ਦੂਰ ਕੰਮ ਕਰਦੇ ਹਨ । ਇਕ ਫਿਲਮ ਦੀ ਸ਼ੂਟਿੰਗ ਵਾਸਤੇ  ਕਹਾਣੀ ਦੀ ਔਰਤ ਪਾਤਰ ( ਫਿਲਮ ਨਿਰਦੇਸ਼ਕ ) ਮਜ਼ਦੂਰ ਨਾਲ ਗੱਲਾਂ ਕਰਦੀ ਹੈ ਉਸ ਦੀ ਉਦਾਸੀ ਦਾ ਕਾਰਨ ਪੁਛਦੀ ਹੈ । ਉਸਨੂੰ ਪਿੰਡ ਦੀ ਯਾਂਦ ਆਉਂਦੀ ਹੈ । ਮਜ਼ਦੂਰ ਦੇ ਇਹ ਸੰਵਾਦ ਰਿਕਾਰਡ ਹੁੰਦੇ ਹਨ ।ਇਹ ਸਿਲਸਿਲਾ ਤਿੰਨ ਕੁ ਦਿਨ ਚਲਦਾ ਹੈ । ਮਜ਼ਦੂਰ ਦੇ ਸਾਥੀ ਮੁੰਡੇ ਨੂੰ ਮਖੌਲ ਕਰਦੇ ਹਨ । ਤੇ ਆਖਰੀ ਦਿਨ ਉਹ ਮੁੰਡਾ ਫਿਲਮ ਦੀ ਕਲਾਕਾਰ ਕੁੜੀ ਨੂੰ ਤੋਹਫੇ ਵਜੋਂ ਪਤੀਸਾ ਦੇਣ ਲਗਦਾ ਹੈ। ਉਸੇ ਵੇਲੇ ਫੈਕਟਰੀ ਦਾ ਮੈਨੇਜਰ ਦਬਕਾ ਮਾਰ ਕੇ ਮੁੰਡੇ ਨੂੰ ਨਰਾਸ਼ ਕਰ ਦਿੰਦਾ  ਹੈ । ਕਹਾਣੀ ਵਿਚ ਕਥਾ ਰਸ ਹੈ ।  

ਕੁਝ ਕਹਾਣੀਆਂ ਵਿਚ ਪਰਵਾਸੀ ਜੀਵਨ ਦੇ ਦੁਖਦਾਈ ਦ੍ਰਿਸ਼ ਹਨ । ਪਤੀ ਪਤਨੀ ਤਕਰਾਰ ਹੈ। ਦੋਨੋ ਦੇ  ਵਿਆਹ ਬਾਹਰੇ ਸੰਬੰਧਾਂ ਦਾ ਜ਼ਿਕਰ ਹੈ । ਕਹਾਣੀਆਂ ਵਿਚ ਪਾਤਰ ਆਪੋ ਆਪਣੇ ਭੇਦ ਲਕੋਂਦੇ ਹਨ ।ਜਿਸ ਨਾਲ ਕਹਾਣੀ ਵਿਚ ਸਸਪੇਂਸ ਬਣਦੀ ਹੈ । ਪਾਠਕ ਲਈ ਕਹਾਣੀ ਦੀ ਸਸਪੈਂਸ ਤੋਹਫਾ ਹੋ ਨਿਬੜਦੀ ਹੈ । ਪਾਤਰਾ ਦਾ ਮਨੋਵਿਸ਼ਲੇਸ਼ਣ, ਮਾਨਸਿਕ ਭਟਕਣ, ਔਰਤ ਦੇ ਦੁੱਖਾਂ ਦਾ ਸੰਤਾਪ ਕਹਾਣੀਆਂ ਦੀ ਰੂਹ ਹੈ ।  ਕਹਾਣੀਕਾਰਾ ਬਡੇਸਰੋਂ ਕੋਲ ਕਹਾਣੀ ਦੀਆਂ ਕਈ ਜੁਗਤਾਂ ਹਨ ।ਬਿਰਤਾਂਤ, ਸੰਵਾਦ ,ਦ੍ਰਿਸ਼ ਵਰਨਣ ਮੁਖ ਜੁਗਤਾਂ ਹਨ ।

ਸੰਗ੍ਰ੍ਹਿ ਦੀਆਂ ਕਹਾਣੀਆਂ ਵਿਚ ਸੂਹੀ ਸਵੇਰ ,ਮੁਹਬਤ ,ਵਿਚਾਰੀ ,ਰੱਬ ਝੂਠ ਨਾ ਬੁਲਾਏ , ਕਦੋਂ ਆਏਂਗੀ ? ਹੋਇਆ ਜਿਊੜਾਂ ਉਦਾਸ ,ਮਿਸਿਜ਼ ਮੈਨਾ  ,ਮਾਂ ,ਸਕੂਲ ਟਰਿਪ,  ਫੇਰ ,ਮਾਂ ਨੀ, ਨੂੰਹ ਸੱਸ ,ਤੂੰ ਵੀ ਖਾ ਲੈ ,  ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ । ਸੰਗ੍ਰਹਿ ਦੀ ਆਖਰੀ ਕਹਾਣੀ ਦੋ ਔਰਤਾਂ  ਵਿਚ ਔਰਤਾ ਪਾਤਰ ਸੁਖਬੀਰ ਤੇ ਹਰਲੀਨ  ਆਪੋ  ਆਪਣੇ ਘਰੇਲੂ ਦੁਖ ਦਰਦ ਸਾਂਝੇ  ਕਰਦੀਆ ਹਨ ।  ਦੋਨਾ ਦਾ ਦਿਲਚਸਪ ਸੰਵਾਦ ਪੜ੍ਹਦਾ ਪਾਠਕ ਆਪਣੀ ਮਾਨਸਿਕਤਾ ਨੂੰ ਪਾਤਰਾਂ ਦੀ  ਮਾਨਸਿਕਤਾ ਨਾਲ ਇਕ ਸੁਰ ਕਰਦਾ ਹੈ ।ਇਹੀ ਕਹਾਣੀਕਾਰਾ ਦੀ ਸਫ਼ਲਤਾ ਹੈ ।  ਇਕਤੀ ਕਹਾਣੀਆ ਦੀ ਚੋਣ ਨੂੰ ਸਪਸ਼ਟ ਕਰਨ ਲਈ  ਸੰਬੰਧਿਤ ਕਹਾਣੀ ਜਿਸ ਸੰਗ੍ਰ੍ਹਿ ਵਿਚੋਂ ਕਹਾਣੀ  ਲਈ ਹੈ , ਉਸ ਦਾ ਜੇਕਰ ਜ਼ਿਕਰ ਹੋ ਜਾਂਦਾ ਤਾਂ ਪਾਠਕ ਨੂੰ ਕਹਾਣੀਕਾਰਾ ਦੇ ਕਥਾਂ ਸਿਰਜਨਾ ਦੇ ਲੰਮੇ ਸਫਰ ਦੇ ਪੜਾਂਵਾਂ   ਦਾ ਵੀ ਪਤਾ ਲਗ ਜਾਣਾ ਸੀ ।  ਕਿਉਂ ਕਿ ਕੁਲਬੀਰ ਬਡੇਸਰੋਂ ਦਾ ਕਹਾਣੀ ਸਿਰਜਨਾ ਦਾ ਸਫਰ 1985 ਤੋ ਸ਼ੁਰੂ ਹੋ ਕੇ ਹੁਣ ਤਕ ਦਾ ਹੈ ।  ਕਿਤਾਬ ਦੀ ਵਧੀਆ ਦਿੱਖ ਹੈ ਤੇ ਕਹਾਣੀ ਦੇ ਸੁਹਿਰਦ ਪਾਠਕਾਂ ਲਈ ਅਜ਼ੀਮ  ਸੰਗ੍ਰਹਿ ਹੈ  ।  ਸੰਪਾਦਿਤ  ਸੰਗ੍ਰਹਿ ਦਾ ਭਰਪੂਰ ਸਵਾਗਤ ਹੈ ।  ਬਲਬੀਰ ਮਾਧੋਪੁਰੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ