ਬੀਤੇ ਤੇ ਪਛਤਾ ਨਾ ਯਾਰਾ,
ਝੋਰਾ ਦਿਲ ਨੂੰ ਲਾ ਨਾ ਯਾਰਾ।
ਮੰਜ਼ਿਲ ਇੱਕ ਦਿਨ ਮਿਲ਼ ਜਾਵੇਗੀ,
ਕਦਮ ਪੁੱਟ ਅਗਾਂਹ ਓ ਯਾਰਾ।
ਹਮਦਰਦੀ ਘੱਟ ਸਾੜਾ ਮਿਲੂਗਾ,
ਏਕਾ ਘੱਟ ਪਾੜਾ ਮਿਲੂਗਾ,
ਸਭ ਨੂੰ ਇੱਕ ਲੜੀ ਪ੍ਰੋ,
ਵੰਡੀ ਪਿਆਰ ਬਹਾਰ ਓ ਯਾਰਾ।
ਵੱਡੇ ਵੱਡੇ ਸੱਪ ਮਿਲਣਗੇ,
ਲਾਰੇ ਝੂਠ ਤੇ ਗੱਪ ਮਿਲਣਗੇ।
ਦਿੰਦਾ ਰਹੀਂ ਤੂੰ ਸੱਚ ਦਾ ਹੋਕਾ,
ਸੁੱਤੀ ਕੌਮ ਜਗਾ ਓ ਯਾਰਾ।
ਮੰਜ਼ਿਲ ਵੱਲ ਤੂੰ ਵਧਦਾ ਜਾਵੀਂ,
ਜ਼ਬਰ ਨਾਲ ਤੂੰ ਲੜਦਾ ਜਾਵੀਂ।
ਮਜ਼ਲੂਮਾਂ ਦਾ ਹੱਥ ਫੜੀਂ ਤੂੰ,
ਜ਼ਾਲਮਾਂ ਨੂੰ ਕੰਬਣ ਲਾ ਓ ਯਾਰਾ ।
ਪਿਆਰ ਦਾ ਹੋਕਾ ਦਿੰਦਾ ਜਾਵੀਂ,
ਗੀਤ ਮੁਹੱਬਤ ਦਾ ਤੂੰ ਗਾਵੀਂ।
ਮਾਨਸ ਕੀ ਜਾਤ ਸਬ ਏਕ ਦਿਸੇ,
ਜਾਤ ਪਾਤ ਦੇ ਸੰਗਲ ਲਾਹ ਓ ਯਾਰਾ।
ਹਰ ਸ਼ੈਅ ਦਾ ਬਦਲਦਾ ਰੂਪ ਰਹਿੰਦਾ,
ਸੂਰਜ ਚੰਦ ਚੜਦਾ ਤੇ ਲਹਿੰਦਾ।
ਕੀ ਹੋਇਆ ਜੇ ਉਹ ਬਦਲਗੇ,
ਤੂੰ ਵੀ ਚਾਲ ਵਧਾ ਓ ਯਾਰਾ।