ਹਉਮੈ ਅਪਣੇ ਮਨ ਦੀ ਮਾਰ ਨ ਮੈਥੋਂ ਹੋਵੇ।
ਮੈਂ ਮੈਂ ਕਰਦਾ ਬੰਦਾ ਮੈਂ ਨੂੰ ਮੈਥੋਂ ਖੋਵੇ।
ਮਨ ਅਪਣੇ ਦਾ ਬੂਟਾ ਹੋਰ ਜਗ੍ਹਾ 'ਤੇ ਲਾਇਆ,
ਦਿਲ ਮੇਰੇ ਦੇ ਵਿਹੜੇ ਕੋਈ ਹੱਸੇ ਕੋਈ ਰੋਵੇ।
ਝੱਖੜ ਝੁੱਲੇ ਨ੍ਹੇਰੀ ਆਈ, ਪੈਰ ਡਗਮਗਾਏ,
ਬਿਪਤਾ ਵੇਲੇ ਕੋਈ ਵਿਰਲਾ ਨਾਲ ਖਲੋਵੇ।
ਗਿੱਲੀ ਮਾਚਿਸ, ਦੱਸੋ ਤੀਲਾਂ ਕੌਣ ਜਲਾਏ,
ਕੱਚਾ ਕੋਠਾ ਮੀਂਹ ਪੈਂਦੇ ਵਿੱਚ ਤਿਪ-ਤਿਪ ਚੋਵੇ।
ਖਿਆਲਾਂ ਅੰਦਰ ਯਾਦ ਵਤਨ ਦੀ ਆਈ ਮੈਨੂੰ,
ਯਾਦ ਕਰਾਂ ਜਦ ਵਿੱਛੜੇ ਮਿੱਤਰ ਫਿਰ ਮਨ ਰੋਵੇ।
ਲੇਖਾ ਜੋਖਾ ਕਰ ਲੈ ਜੀਵਨ ਪੈੜਾਂ ਦਾ ਤੂੰ,
ਝੀਲ ਕਿਨਾਰੇ 'ਨਿਰਮਲ' ਮਨ ਦੀ ਮੈਲ਼ ਨੂੰ ਧੋਵੇ।