ਸਿਆਣੀ ਮਾਂ ਦਾ ਪੁੱਤ (ਬਾਲ ਕਹਾਣੀ) (ਕਹਾਣੀ)

ਮਹਿੰਦਰ ਸਿੰਘ ਪੰਜੂ   

Cell: +1 2267503183
Address: 126 Pondcliffe Cliffe Drive,
Kitchener Ontario Canada
ਮਹਿੰਦਰ ਸਿੰਘ ਪੰਜੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਪ੍ਰੈਲ ਤੋਂ ਨਵੀਆਂ ਜਮਾਤਾਂ ਸ਼ੁਰੂ  ਹੋ ਗਈਆਂ ਸਨ। ਨਵਾਂ ਮਾਸਟਰ ਆ ਗਿਆ ਸਿਤਾਰਾ ਰਾਮ। ਉਸਨੇ 7ਵੀਂ ਜਮਾਤ ਦੇ ਬੱਚਿਆਂ ਨੂੰ ਕਿਹਾ, " ਪੁੱਤਰੋ! ਅੰਗਰੇਜ਼ੀ ਪੜ੍ਹਾਈ ਬਹੁਤ ਔਖੀ ਦੱਸੀਦੀ ਹੈ। ਪਰ ਅਸੀਂ ਇਸਨੂੰ ਆਸਾਨ ਅਤੇ ਦਿਲਚਸਪ ਬਣਾ ਕੇ ਪੜ੍ਹਨਾ ਹੈ। ਤੁਸੀਂ ਮੇਰੇ ਕਹਿਣ ਅਨੁਸਾਰ ਕੰਮ ਕਰਦੇ ਰਹਿਣਾ ਪਵੇਗਾ।  
“ਠੀਕ ਹੈ ਜੀ” ਮੂਹਰੇ ਬੈਠੇ ਘੁਤਰ ਚੰਦ ਨੇ ਕਿਹਾ। ਉਸ ਨੇ ਪਿੱਛੇ ਦੇਖ ਕੇ ਹੋਰਾਂ ਦੀ ਸਹਿਮਤੀ ਵੀ ਲੈ ਈ ਸੀ। 

“ਮੈਂ ਅੱਜ ਤੁਹਾਨੂੰ ਪਾਠ ਪੁਸਤਕ ਦੇ ਪੰਜ ਕੁ ਸ਼ਬਦ ਯਾਦ ਕਰਣ ਲਈ ਦਿੰਦਾ ਹਾਂ। ਸਪੈਲਿੰਗ ਵੀ ਯਾਦ ਕਰਨੇ ਹਨ ਅਤੇ ਅਰਥ ਵੀ।  ਕਰਦੇ ਕਰਦੇ ਇਹ ਕੰਮ ਹੋਰ ਆਸਾਨ ਹੋ ਜਾਵੇਗਾ।

ਅਗਲੇ ਦਿਨ ਅਧਿਆਪਕ ਨੇ ਲਿਖ ਕੇ ਟੈਸਟ ਲਿਆ। ਕੁੱਲ 25 ਵਿਦਿਆਰਥੀਆਂ ਵਿੱਚੋਂ, 7 ਫੇਲ੍ਹ ਹੋ ਗਏ। ਚੰਗੀ ਕਾਰਗੁਜਾਰੀ  ਨਾ ਦਿਖਾਉਣ ਵਾਲੇ ਬੱਚੇ ਉਸ ਨੇ ਖੜ੍ਹੇ ਕਰ ਲਏ ਅਤੇ ਅੱਗੋਂ ਲਈ ਚੇਤਾਵਨੀ ਦੇ ਕੇ ਛੱਡ ਦਿੱਤਾ। 

ਅਗਲੇ ਦਿਨ ਫਿਰ ਹੋਰ ਨਵੇਂ ਸ਼ਬਦਾਂ ਦਾ ਟੈਸਟ ਲਿਆ ਗਿਆ। ਦੋ ਕੁ ਬੱਚਿਆਂ ਨੇ ਤਰੱਕੀ ਦਿਖਾਈ। ਪਰ ਪੰਜ ਫਿਰ ਨਿਕੰਮੇ ਰਹੇ।  ਅਧਿਆਪਕ ਜੀ ਨਰਾਜ ਹੋ ਕੇ, ਦੋਸੀਆਂ ਨੂੰ ਘੂਰਿਆ। ਕੋਲੋਂ ਲੰਘ ਰਹੇ ਦਿੱਖਦੀਪ ਸਿੰਘ ਨੇ ਕਿਹਾ, “ਮਹਿਕਮੇ “ਚ ਨਵਾਂ ਆਇਆ ਹੈ, ਅਜੇ ਚਾਅ ਹੈ ਸਾਲ ਕੁ ਸਭ ਕੁਝ ਸਮਝ ਆ ਜਾਵੇਗਾ। “ ਸੁਣ ਤਾਂ ਸਿਤਾਰਾ ਰਾਮ ਨੇ ਵੀ ਲਿਆ ਸੀ, ਪਰ ਉਸਨੇ ਬਹੁਤਾ ਧਿਆਨ ਨਹੀਂ ਦਿੱਤਾ।"
ਤੀਜੇ ਦਿਨ ਟੈਸਟ ਫਿਰ ਹੋਇਆ। ਸ਼ਬਦ ਹਰ ਰੋਜ ਬਦਲ ਕੇ ਦਿੱਤੇ ਜਾਂਦੇ ਸਨ। ਕਲ੍ਹ ਵਾਲੇ ਪੰਜਾਂ ਚੋਂ ਇਕ ਗੈਰ ਹਾਜਰ ਸੀ।   ਬਾਕੀ ਚਾਰਾਂ ਨਾਕ ਦੋ ਹੋਰ ਰਲ ਗਏ। 

ਸਿਤਾਰਾ ਰਾਮ ਨੇ ਕਿਹਾ “ਆਹ ਕਈ ਤਾਂ ਰੋਜ ਹੀ ਕੰਮ ਨਹੀਂ ਕਰਦੇ ਖਾਲੀ ਪਰਚਾ ਹੀ ਫੜਾ ਦਿੰਦੇ ਹਨ। ਲਿਆਉ ਅੱਜ ਇੰਨ੍ਹਾਂ ਦੀ ਸੇਵਾ ਕਰੀਏ। ਉਸ ਸਮੈਂ ਦੋਸੀਆਂ ਦੇ ਇੱਕ ਚਪੇੜ ਵੀ ਜੜ ਹੁੰਦੀ ਸੀ। ਡੰਡਾ ਦੀ ਵਜਦਾ ਸੀ। ਕਈਆਂ ਨੂੰ ਮੁਰਗਾ ਵੀ ਬਣਨਾ ਪੈ ਜਾਂਦਾ ਸੀ। ਬੱਚਿਆਂ ਦਾ ਅਵੇਸਲਾਪਣ ਜਾਂ ਸ਼ਰਾਰਤ ਰੋਕਣ ਲਈ ਅਜਿਹਾ ਵਰਤਾਰਾ ਜ਼ਰੂਰੀ ਸਮਝਿਆ ਜਾਂਦਾ ਸੀ।

ਸਿਤਾਰਾ ਰਾਮ ਨੇ ਬਘੇਲੇ ਤੋਂ ਡੰਡਾ ਮੰਗਾ ਲਿਆ। 
 “ਕੰਨ ਫੜ੍ਹ ਲਉ ਜਿਹੜੇ ਕੰਮਚੋਰ ਹਨ। "

ਉਨ੍ਹਾਂ ਵਿੱਚ ਦੋ ਚਚੇਰੇ ਭਰਾ ਵੀ ਸਨ। ਨਾਮ ਸਨ ਨਾਹਰ ਸਿੰਘ ਤੇ ਪਿਆਰ ਸਿੰਘ। 
ਜਦ ਸਿਤਾਰਾ ਰਾਮ ਦੋਸੀਆਂ ਨੂੰ ਖੜ੍ਹਾ ਕਰ ਕੇ ਸਜਾ ਦੇ ਰਿਹਾ ਸੀ ਤਾਂ ਪਿਆਰ ਸਿੰਘ ਦੇ ਹੱਕ ਵਿਚ ਨਾਹਰ ਸਿੰਘ ਬੋਲ ਪਿਆ।  “ਜੀ ਇਹਦੀ ਮਾਂ ਤਾਂ ਮਰੀ ਹੋਈ ਐ ਜੀ। “
ਪਿਆਰ ਸਿੰਘ ਵੀ ਕਿਹਣ ਲੱਗਾ ਹਾਂ ਜੀ ਮੇਰੀ ਮਾਂ ਮਰੀ ਹੋਈ ਹੈ।
“ ਚੱਲ ਤੂੰ ਇਕ ਪਾਸੇ ਹੋ ਜਾਹ। “
ਫਿਰ ਉਸ ਨੇ ਨਾਹਰ ਸਿੰਘ ਨੂੰ ਖੜ੍ਹਾ ਕਰ ਲਿਆ। 
“ ਹਾਂ ਦੱਸ ਤੇਰੀ ਮਾਂ ਨੇ ਅੰਗਰੇਜੀ ਦਾ ਕੰਮ ਕਿਉਂ ਨਹੀਂ ਕੀਤਾ? ਜੇ ਇਹ ਤੇਰਾ ਕੰਮ ਯਾਦ ਕਰ ਕੇ ਲਿਖ ਕੇ ਦਿੰਦੀ ਤਾਂ ਤੈਨੂੰ ਸਜਾ ਕਿਉਂ ਮਿਲਦੀ ?
“ ਕੰਮ ਤਾਂ ਅਸੀਂ ਆਪ ਹੀ ਕਰਨਾ ਸੀ। ਮਾਂ ਨੇ ਤਾਂ ਨਹੀਂ ਕਰਨਾ ਹੁੰਦਾ।“

“ਫਿਰ ਤੂੰ ਇਸਦੀ ਮਾਂ ਦੀ ਗੱਲ ਕਿਉਂ ਕੀਤੀ?”ਉਹ ਚੁੱਪ ਰਿਹਾ। 

ਫਿਰ ਮਾਸਟਰ ਜੀ ਨੇ ਅੰਗ੍ਰੇਜ਼ੀ ਦਾ ਕੁਝ ਪਾਠ ਪੜ੍ਹਾਇਆ। ਬੋਰਡ ਤੇ ਸ਼ਬਦਾਂ ਦੇ ਅਰਥ ਲਿਖੇ ਅਤੇ ਅਗਲੇ ਦਿਨ ਵਾਸਤੇ ਯਾਦ ਕਰ ਕੇ ਆਉਣ ਨੂੰ ਕਿਹਾ।
ਪੀਰੀਅਡ ਖਤਮ ਹੋਣ ਵਿਚ ਅਜੇ ਕੁਝ ਮਿੰਟ ਬਾਕੀ ਸਨ। ਉਸ ਨੂੰ ਹਾਸੀ ਆ ਗਈ, ਪਤਾ ਨਹੀਂ ਕੀ ਸੁਝਿਆ। 
“ ਬੱਚਿਉ ਕੋਈ ਮੁੰਡਾ ਪਿਆਰ ਸਿੰਘ ਦਾ ਪਿੰਡ ਦਾ ਹੈ ?”

“ ਹਾਂ ਜੀ ਆਹ ਨਾਹਰ ਸਿੰਘ ਇਸ ਦੇ ਚਾਚੇ ਦਾ ਮੁੰਡਾ ਹੀ ਹੈ। “

“ਅੱਛਾ ਨਾਹਰ ਸਿੰਹਾਂ ਇਹ ਦੱਸ ਬਈ ਇਸ ਪਿਆਰ ਸਿੰਘ ਨੂੰ ਜਮੀਨ ਕਿੰਨੀ ਕੁ ਆਉਂਦੀ ਹੈ? ਪਿੰਡਾਂ ਵਿਚ ਤਾਂ ਲੋਕਾਂ ਕੋਲੇ ਕਾਫੀ ਜਮੀਨ ਹੁੰਦੀ ਹੈ।  
“ਚਾਰ ਕਿੱਲੇ ਇਸ ਨੂੰ ਆਉਂਦੀ ਹੈ ਤੇ ਚਾਰ ਇਸ ਦੇ ਭਰਾ ਨੂੰ ਆਉਂਦੀ ਹੈ। “
“ ਫਿਰ ਘਰ ਦੇ ਇਹਦਾ ਵਿਆਹ ਕਿਉਂ ਨੀਂ ਕਰਦੇ?”
“ ਸਾਕਾਂ ਵਾਲੇ ਤਾਂ ਵਥੇਰੇ ਆਉਂਦੇ ਆ ਜੀ ਪਰ ਇਹਦੇ ਘਰ ਦੇ ਨਹੀਂ ਲੈਂਦੇ। ਕਹਿੰਦੇ ਅਜੇ ਇਹ ਨਿਆਣਾ ਹੈ। “

“ਚਲੋ ਇਹ ਤਾਂ ਮਾਪਿਆਂ ਦੀ ਮਰਜ਼ੀ ਹੈ। ਪਰ ਆਪਾਂ ਤਾਂ ਖੁਸੀਆਂ ਮਨਾ ਲਈਏ। “
“ਹਾਂ ਜੀ ਖੁਸੀਆਂ ਤਾਂ ਜਰੂਰ ਮਨਾਉ ਜੀ। “ ਘੁਚਰੂ ਨੇ ਕਿਹਾ। 
“ਮੰਨ ਲਉ ਬਈ ਆਪਾਂ ਇਹਦੀ ਬਰਾਤ ਚੱਲੇ ਹਾਂ। ਊਂ ਪਤਾ ਨੀਂ ਇਹ ਆਪਾਂ ਨੂੰ ਬਰਾਤ ਲੈ ਕੇ ਜਾਊ ਵੀ ਕਿ ਨਹੀਂ। ਆਪਾਂ ਆਪਣੇ ਮਨ ਚ ਮਿੱਤਰ ਦੀ ਸੀ ਦਾ ਖਿਆਲ ਰੱਖੀਏ। “
“ਨਹੀਂ ਜੀ ਥੋਨੂੰ ਤਾਂ ਜਰੂਰ ਲਿਜਾਊਂ। “ ਨਾਹਰ ਨੇ ਕਿਹਾ। 

“ ਫਿਰ ਤੈਨੂੰ ਸਾਬਾਸ਼ ਸਭ ਤੋਂ ਪਹਿਲਾਂ ਦਿੰਦੇ ਹਾਂ। ਅੱਗੇ ਹੋਰ ਸਫਰ ਵੀ ਕਰਨਾ ਹੈ।“

“ਅੱਗੇ ਚੱਲੋ ਜੀ।," ਪਿਛੇ ਬੈਠੇ ਹਮਦਰਦਾਂ ਤੋਂ ਹੁੰਗਾਰਾ ਮਿਲਿਆ। 

“ਇਸ ਦਾ ਵਿਆਹ ਹੋ ਗਿਆ। ਆਨੰਦ ਕਾਰਜ ਵੇਲੇ ਆਪਾਂ ਬਾਬਾ ਜੀ ਨੂੰ ਕਹਾਂਗੇ ਬਈ ਇਸ ਦੀ ਘਰ ਵਾਲੀ ਦਾ ਨਾਂ ਸੁਹਾਗ ਰਾਣੀ ਰੱਖੋ।“
ਇਸ ਦੀ ਪਤਨੀ (ਪਿੰਡਾਂ ਵਿਚ ਤਾਂ ਬਹੂ ਹੀ ਕਹਿੰਦੇ ਹਨ) ਸਾਰੇ ਪਿੰਡ ਚੋਂ ਹੀ ਬਹੁਤ ਸੁਹਣੀ ਹੈ। ਤੁਸੀਂ ਚੰਗੀ ਸ਼ਬਦਾਬਲੀ ਬੋਲਿਉ। 

“ਅਸੀਂ ਤਾਂ ਸਿਉਨੇ ਦੇ ਸ਼ਬਦ ਬੋਲਿਆ ਕਰਾਂਗੇ।" ਧਰਮੇ ਨੇ ਕਿਹਾ

ਫਿਰ ਉਸ ਨੇ ਕਹਿਣੈ ਜੀ, ਪਿਆਰ ਸਿਆਂ ਮੈਨੂੰ ਆਹ ਘਮੰਡੋ ਵਰਗੀ ਸੋਨੇ ਦੀ ਚੇਨੀ ਤਾਂ ਘੜਾ ਲਿਆ। “

“ਪਤਾ ਹੈ ? ਇਹ ਅੱਗੋਂ ਉਸਦਾ ਕੀ ਜਵਾਬ ਦੇਵੇਗਾ?”
“ ਤੁਸੀਂ ਹੀ ਬੁਝ ਕੇ ਦੱਸੋ ਜੀ। “
“ਨੀ ਬੇਅਕਲੇ, ਮੈਂ ਤੈਨੂੰ ਚੇਨੀ ਕਿਥੋਂ ਘੜਾ ਦਿਆਂ ਮੇਰੀ ਤਾਂ ਮਾਂ ਮਰੀ ਬੀ ਐ। “ 
ਸੁਣ ਕੇ ਸਾਰੇ ਹਸ ਪਏ। ਪਿਆਰ ਸਿੰਘ ਨੇ ਨੀਵੀਂ ਪਾ ਲਈ। 
“ਚਲੋ ਆਪਾਂ ਤਰੱਕੀ ਹੋਰ ਦੇਖੀਏ। "
ਅਗਲੇ ਸਾਲ ਸੁਹਾਗ ਰਾਣੀ ਨੇ ਪੁੱਤਰ ਨੂੰ ਜਨਮ ਦੇ ਦਿੱਤਾ ਹੈ। ਬੱਚਾ ਬਹੁਤ ਹੀਪਿਆਰਾ ਹੈ। ਉਸ ਦਾ ਨਾਂ ਰਖਿਆ ਫੌਜਾ ਸਿੰਘ। ਫੌਜਾਂ ਦਾ ਅਫਸਰ। 
ਉਹ ਕੁਝ ਵਡਾ ਹੋ ਕੇ ਕਹੇਗਾ “ ਬਾਪੂ ਆਹ ਤਿਲੰਗੇ ਕਿਆਂ ਨੇ ਨਵੀਂ ਜੀਪ ਲਿਆਂਦੀ ਤੂੰ ਵੀ ਲੈ ਲਾ। ਜਦੋਂ ਤੂੰ ਮੇਰੇ ਨਾਨਕੀਂ ਜੀਪ ਲਿਜਾਇਆ ਕਰੇਂਗਾ ਤਾਂ ਸਰਦਾਰ ਵੱਜੇਂਗਾ। ਇਹ ਅੱਗੋਂ ਕਹੂਗਾ ਮੈਂ ਤੈਨੂੰ ਜੀਪ ਕਿਥੋਂ ਲੈ ਦਿਆਂ ਮੇਰੀ ਤਾਂ ਮਾਂ ਮਰੀ ਬੀ ਆ।“
ਉਤਰ ਸੁਣ ਕੇ ਹਾਸੜ ਪੈ ਗਿਆ। 
ਉਹ ਪਿਛੋਂ ਉਠ ਕੇ ਆਇਆ ਅਤੇ ਮਾਸਟਰ ਜੀ ਮੂਹਰੇ ਹੱਥ ਫੈਲਾਕੇ ਕਹਿੰਦਾ,” ਲਉ ਜੀ ਡੰਡੇ ਹੀ ਮਾਰ ਲਵੋ ਮੇਰੇ ਵੀ।“
“ਕਿਉਂ?

“ਕਿਉਂਕਿ ਮੈਂ ਕੰਮ ਨਹੀਂ ਕੀਤਾ।“
“ ਤੇਰੇ ਨਾਲ ਦੇ ਨੇ ਤਾਂ ਐਂ ਰਾਇ ਪੇਸ਼ ਕਰ ਦਿੱਤੀ ਜਿਵੇਂ ਵਿਦਿਆਰਥੀ ਦੀ ਪੜ੍ਹਾਈ ਦਾ ਸਾਰਾ ਲਿਖਣ ਪੜ੍ਹਣ ਦਾ ਕੰਮ ਮਾਂ ਨੇ ਹੀ  ਕਰਨਾ ਹੁੰਦਾ ਹੈ, ਮਾਂ ਹੈਂ ਨੀਂ ਕੰਮ ਕਿਵੇਂ ਹੋਵੇ। ਆਪਾਂ ਨੂੰ ਇਸ ਦੀ ਮਾਂ ਦੇ ਨਾ ਹੋਣ ਦਾ ਤਾਂ ਅਫਸੋਸ ਹੈ ਪਰ ਆਪ ਕੰਮ ਕਰ ਕੇ ਤੁਸੀਂ ਉਸੇ ਮਰੀ ਮਾਂ ਦਾ ਨਾਂ ਚਮਕਾ ਸਕਦੇ ਹੋ। ਹੁਣ ਤੂੰ ਅੱਗੇ ਤੋਂ ਚੰਗਾ ਕੰਮ ਕਰ ਕੇ ਸਾਬਾਸ਼ ਲੈ। ਜਦੋਂਕਈ   ਤੈਨੂੰ ਪੁਛੇ ਕਿ ਤੇਰੇ ਐਨੇ ਨੰਬਰ ਕਿਵੇਂ ਆ ਗਏ ਤਾਂ ਕਹੀਂ ਮੈਂ ਸਿਅਣੀ ਮਾਂ ਦਾ ਦੁੱਧ ਚੁੰਘਿਆ ਹੈ। ਸਾਰੇ ਪਿੰਡ ਚ ਤੇਰੀ ਬੱਲੇ ਬੱਲੇ ਹੋ ਜਾਣੀ ਹੈ। “ 
“ ਹਾਂ ਜੀ। “ ਕਹਿ ਕੇ ਉਹ ਆਪਣੀ ਥਾਂ ਤੇ ਬੈਠ ਗਿਆ। 
ਅਗਲੇ ਸਾਲਾਂ ਵਿਚ ਉਸ ਨੇ ਅਣਖ ਦੀ ਵੰਗਾਰ ਜਾਣ ਕੇ ਬਹੁਤ ਮਿਹਨਤ ਕੀਤੀ। ਜਮਾਤ ਵਿਚ ਉਸ ਦੀਆਂ ਪ੍ਰਾਪਤੀਆਂ ਦੀ ਗੱਲ ਚੱਲਣ ਲੱਗੀ। ਹੁਣ ਉਸ ਨੂੰ ਮਰੀ ਹੋਈ ਮਾਂ ਦਿਖਾਈ ਨਹੀਂ ਦਿੰਦੀ ਸੀ, ਸਗੋਂ ਹਿੰਮਤ ਕਰਦੀ ਭੱਜ ਨਠ ਕਰਦੀ ਦਿਸਦੀ। ਉਸ ਨੂੰ ਕਈ ਵਾਰੀ ਝਉਲਾ ਜਿਹਾ ਪਿਆ ਜਿਵੇਂ ਉਹ ਵੀ ਉਸ ਨੂੰ ਸਿਆਣੀ ਮਾਂ ਦਾ ਪੁੱਤ ਕਹਿ ਕੇ ਸੰਬੋਧਨ ਕਰ ਰਹੀ ਹੋਵੇ।