ਦੇਸ਼ ਦੀ ਰਾਜਧਾਨੀ 'ਚ ਮਾਸੂਮ ਬਾਲੜੀ ਦੀ ਜਬਰਜਨਾਹ ਤੋਂ ਬਾਅਦ ਬੇ-ਕਿਰਕੀ ਨਾਲ ਕੀਤੀ ਹੱਤਿਆ ਦੇ ਰੋਹ 'ਚ ਅੱਜ ਸ਼ਹਿਰ ਬੰਦ ਦਾ ਸੱਦਾ ਸੀ। "ਅਜਿਹੇ ਦਰਿੰਦਿਆਂ ਨੂੰ ਜਲਦ ਤੋਂ ਜਲਦ ਫਾਹੇ ਟੰਗ ਦੇਣਾ ਚਾਹਿੰਦਾ, ਤਾਂ ਜੋ ਮੁੜ ਕੋਈ ਅਜਿਹੀ ਹਿਕਾਮਤ ਨਾ ਕਰੇ।" ਚੌਕ ਲਾਗੇ ਕੂੜੇ ਕਰਕਟ ਦੇ ਢੇਰ 'ਚੋਂ ਲਿਫਾਫੇ ਚੁਗਦੀ ਪੰਦਰਾਂ ਕੁ ਸਾਲਾਂ ਦੀ ਮੁਟਿਆਰ ਦੇ ਕੰਨੀ ਜਦ ਸਪੀਕਰ 'ਚ ਗੂੰਜਦੇ ਸ਼ਬਦ ਪਏ ਤਾਂ ਉਹ ਜੋਸ਼ ਨਾਲ ਭਰ ਗਈ ਤੇ ਪੀੜਤ ਬਾਲੜੀ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਭੀੜ ਨੂੰ ਚੀਰਦੀ ਸਟੇਜ ਕੋਲ ਜਾ ਅੱਪੜੀ। ਜਦ ਉਸ ਨੇ ਔਰਤਾਂ ਦੀ ਇੱਜਤ ਤੇ ਗਲ ਪਾੜ-ਪਾੜ ਭਾਸ਼ਨ ਦਿੰਦੇ ਸਖ਼ਸ਼ ਵੱਲ ਵੇਖਿਆ ਤਾਂ ਉਸਦਾ ਮੂੰਹ ਕੁਸੈਲਾ ਹੋ ਗਿਆ, ਤੇ ਮਾਸੂਮ ਚਿਹਰਾ ਯਕਦਮ ਗੁੱਸੇ 'ਚ ਲਾਲ ਸੁਰਖ, ਜਿਵੇਂ ਅੰਦਰੋਂ ਕੋਈ ਲਾਵਾ ਫੁੱਟ ਪਿਆ ਹੋਵੇ, ਆਪੇ ਤੋਂ ਬਾਹਰ ਹੋਈ ਉਹ ਪੂਰੇ ਜ਼ੋਰ ਨਾਲ ਚੀਕੀ, "ਸਮਾਜ ਦੀ ਬੁੱਕਲ 'ਚ ਲੁਕੇ ਤੇਰੇ ਵਰਗੇ ਅਖੌਤੀ ਸਫੈਦਪੋਸ਼ ਦਰਿੰਦਿਆਂ ਦੇ ਮੂੰਹ ਤੋਂ ਜੇ ਸਰਾਫਤ ਦਾ ਮਖੌਟਾ ਉਤਾਰ ਦਿੱਤਾ ਜਾਵੇ ਤਾਂ ਵਿਚਾਰੀਆਂ ਕਿੰਨੀਆਂ ਧੀਆਂ ਤਾਂ ਉਜ ਹੀ ਸੁਰੱਖਿਅਤ ਹੋ ਜਾਣ।" ਦੰਦ ਕਚੀਰਦੀ ਚੰਡੀ ਦਾ ਰੂਪ ਧਾਰੀ ਖੜੀ ਮੁਟਿਆਰ ਦੀਆਂ ਖਾ ਜਾਣ ਵਾਲੀਆਂ ਨਜ਼ਰਾਂ ਨੂੰ ਦੇਖ ਉਸ ਦਾ ਵਾਜੂਦ ਕੰਬ ਗਿਆ ਤੇ ਹੱਥੋਂ ਮਾਇਕ ਡਿੱਗ ਪਿਆ। ਸਪੀਕਰ ਚੁੱਪ, ਤੇ ਚਾਰੇ ਪਾਸੇ ਸੰਨਾਟਾ ਸੀ, ਪਰ ਮਾਸੂਮ ਬਾਲੜੀ ਦੇ ਹੱਕ ਵਿਚ ਰੱਖੀ ਰੋਸ ਰੈਲੀ ਸਾਰਥਕ ਹੋ ਨਿਬੜੀ।