ਤੇਰਵਾਂ ਸਮਾਗਮ -ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ
(ਖ਼ਬਰਸਾਰ)
ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਤੇਰਵਾਂ ਸਮਾਗਮ, 17 ਜੁਲਾਈ 2025 ਨੂੰ, ਸਕੂਲ ਆਫ ਐਮੀਨੈਂਸ ਬਾਘਾ ਪੁਰਾਣਾ ਵਿੱਚ ਕੀਤਾ ਗਿਆ। ਭਾਈਚਾਰਾ ਵੱਲੋਂ, ਇਸ ਸਕੂਲ ਦੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਖੇਤਰਾਂ ( ਜਿਵੇਂ ਢੋਲ, ਸੁੰਦਰ ਲਿਖਾਈ, ਆਰਟ, ਡਰਾਇੰਗ, ਭੰਗੜਾ, ਗਿੱਧਾ ਆਦਿ) ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸੱਤ ਵਿਦਿਆਰਥੀਆਂ (ਏਕਮਪ੍ਰੀਤ ਕੌਰ, ਲਵੀ ਕੁਮਾਰ, ਕਿਰਨਦੀਪ ਕੌਰ, ਮਨਿੰਦਰ ਸਿੰਘ, ਮਨਪ੍ਰੀਤ ਕੌਰ ਨੀਸ਼ਾ ਰਾਣੀ ਅਤੇ ਗੁਰਸਾਂਝ ਕਰੜਾ) ਨੂੰ, ਸਕੂਲ ਬੈਗਾਂ, ਮੈਡਲਾਂ, ਪ੍ਰਮਾਣ ਪੱਤਰਾਂ ਅਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਹੀ ਏਸ ਸਕੂਲ ਵਿੱਚੋਂ 25 ਸਾਲ ਪਹਿਲਾਂ ਤੱਪੜਾਂ ਤੇ ਪੜ੍ਹ ਕੇ ਗਏ ਸ੍ਰ. ਸਤਿੰਦਰਜੀਤ ਸਿੰਘ ਸਿੱਧੂ ਉਰਫ਼ ਸੱਤੀ (ਸਕੂਲ ਦਾ ਨਾਂ) ਨੂੰ ਵੀ ਮੁੱਖ ਮਹਿਮਾਨ ਵਜੋਂ ਬੁਲਾ ਕੇ ਸਨਮਾਨਿਤ ਕੀਤਾ ਗਿਆ।
ਸਤਿੰਦਰਜੀਤ ਸਿੰਘ ਸਿੱਧੂ ਏਸ ਸਮੇਂ ਯੂ.ਐਸ. ਏ. ਦੀ ਵਿਕਸਿਤ ਧਰਤੀ ‘ਤੇ ਪਰਿਵਾਰ ਸਮੇਤ ਰਹਿ ਰਿਹਾ ਹੈ ਤੇ ਉਹ ਐਮਾਜ਼ੋਨ ਵਰਗੀ ਦੁਨੀਆਂ ਦੀ ਵੱਡੀ ਸਾਫ਼ਟਵੇਅਰ ਕੰਪਨੀ ਵਿੱਚ ਬਤੌਰ ਸਾਫ਼ਟਵੇਅਰ ਪ੍ਰੋਗਰਾਮਿੰਗ ਆਫ਼ਿਸਰ, ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਯੂ ਐਸ ਏ ਵਰਗੇ ‘ਵਰਕ ਕਲਚਰ’ ਨਾਲ਼ ਲਬਰੇਜ਼ ਦੇਸ਼ ਵਿੱਚ ਜਾ ਕੇ ਵੀ ਉਹ ‘ਪੰਜਾਬੀ ਮਾਂ ਡਾਟ ਕਾਮ’ ਅਤੇ ‘ਬਾਘਾਪੁਰਾਣਾ ਡਾਟ ਕਾਮ’ ਵਰਗੀਆਂ ਆਨਲਾਈਨ ਸਾਈਟਾਂ ਚਲਾ ਰਹੇ ਹਨ। ਪੰਜਾਬੀ ਮਾਂ ਡਾਟ ਕਾਮ ਦੇ ਏਸ ਸਮੇਂ ਚਾਰ ਲੱਖ ਪਚਵੰਜਾ ਹਜ਼ਾਰ ਪਾਠਕ) ਹਨ। ਬੇਗਾਨੇ ਮੁਲਕ ਜਾ ਕੇ ਵੀ ਉਹ ਆਪਣੇ ਮੁਲਕ ਨੂੰ ਨਹੀਂ ਭੁੱਲੇ ਅਤੇ ਇਸੇ ਕਰ ਕੇ ਉਸ ਨੇ ਆਪਣੀਆਂ ਸਾਈਟਾਂ ਦੇ ਨਾਂ ਆਪਣੀ ਮਾਂ ਬੋਲੀ ਅਤੇ ਜਨਮ ਭੂਮੀ ਦੇ ਨਾਂ ਤੇ ਰੱਖੇ ਹਨ।
ਏਹ ਕਹਿੰਦੇ ਹੋਏ ਭਾਈਚਾਰੇ ਦੀ ਸਮਾਲਸਰ ਇਕਾਈ ਦੇ ਸੰਚਾਲਕ ਚਰਨਜੀਤ ਸਮਾਲਸਰ ਨੇ ਸਤਿੰਦਰਜੀਤ ਸਿੰਘ ਦੇ ਜੀਵਨ, ਪਿਤਾ ਸ੍ਰ.ਜਗਜੀਤ ਸਿੰਘ ਬਾਵਰਾ ਅਤੇ ਪਰਿਵਾਰ ਬਾਰੇ ਵਿਦਿਆਰਥੀਆਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।
ਨਾਵਲਕਾਰ ਅਤੇ ਕਾਨੂੰਨੀ ਸਲਾਹਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀਆਂ ਪ੍ਰਾਪਤੀਆਂ, ਸਨਮਾਨ ਦੇਣ ਦਾ ਮਨੋਰਥ, ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ ਸਤਿੰਦਰਜੀਤ ਸਿੰਘ ਸਿੱਧੂ ਨੂੰ ਵਿਦਿਆਰਥੀਆਂ ਦੇ ਰੂ ਬੂ ਰੂ ਕਰਵਾਉਣ ਦੇ ਉਦੇਸ਼ ਬਾਰੇ ਆਪਣੇ ਵਿਚਾਰ ਰੱਖੇ।
ਵਿਦਿਆਰਥੀਆ ਦੇ ਰੂ ਬੂ ਰੂ ਹੁੰਦਿਆਂ ਸਤਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿਵੇਂ ਉਹ ਪੇਂਡੂ ਪਰਿਵਾਰ, ਸਕੂਲ ਤੇ ਧਰਾਤਲ ਤੋਂ ਪੜ੍ਹ ਕੇ ਯੂ ਐਸ ਏ ਵਿੱਚ ਜਾ ਕੇ ਸਥਾਪਿਤ ਹੋਇਆ ਤੇ ਕਿਵੇਂ ਬੇਗਾਨੇ ਮੁਲਕ ਜਾ ਕੇ ਵੀ ਮਾਂ ਬੋਲੀ ਦੀ ਸੇਵਾ ਜਾਰੀ ਰੱਖੀ। ਉਹਨਾਂ ਮਿਹਨਤ ਕਰ ਕੇ ਸਫਲ ਹੋਣ ਦੇ ਹੋਰ ਅਨੇਕਾਂ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਨਮਾਨ ਉਪਰੰਤ ਉਸ ਨੇ ਸਕੂਲ ਆਫ਼ ਐਮੀਨੈਂਸ ਨੂੰ, ਸਾਹਿਤਕ ਗਤਵਿਧੀਆਂ ਕਰਵਾਓਣ ਅਤੇ ਮਾਂ ਬੋਲੀ ਦੇ ਚੰਗੇਰੇ ਭਵਿੱਖ ਲਈ ਯਤਨਸ਼ੀਲ ਰਹਿਣ ਲਈ 21000/-( ਇੱਕੀ ਹਜ਼ਾਰ) ਰੁਪਏ ਰਾਸ਼ੀ ਵੀ ਦਿੱਤੀ।
ਅੰਤ ਵਿੱਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ (ਪੀ ਈ ਐੱਸ -1) ਨੇ ‘ਸਤਿੰਦਰ’ ਨਾਂ ਦੀ ਸਾਂਝ ਸਤਿੰਦਰਜੀਤ ਸਿੰਘ ਸਿੱਧੂ ਅਤੇ ਸਤਿੰਦਰ ਸਰਤਾਜ ਨਾਲ਼ ਪੁਵਾਉਂਦੇ ਹੋਏ ਕਿਹਾ ਕਿ, “ਮੇਰੀ ਮਾਂ ਕਿਹਾ ਕਰਦੀ ਸੀ ਕਿ ਸਤਿੰਦਰ ਨਾਂ ਬੜਾ ‘ਸ਼ਾਇਨ’ ਹੈ ਤੇ ਇਸ ਨਾਂ ਦੇ ਵਿਦਿਆਰਥੀ ਬਹੁਤ ਤਰੱਕੀ ਕਰਦੇ ਹਨ।” ਉਹਨਾਂ ਮਾਂ ਬੋਲੀ ਦੀ ਮੁਹੱਤਤਾ ਬਾਰੇ ਕਿਹਾ ਕਿ ਜਦੋਂ ਤੱਕ ਸਾਹਿਤਕਾਰ ਲਿਖਦੇ-ਗਾਉਂਦੇ ਤੇ ਜਿਉਂਦੇ ਹਨ ਉਦੋਂ ਤੱਕ ਮਾਂ ਬੋਲੀ ਵੀ ਜਿਉਂਦੀ ਅਤੇ ਚੜ੍ਹਦੀ ਕਲਾ ਵਿੱਚ ਰਹੇਗੀ।
ਇਸ ਸਮਾਗਮ ਵਿੱਚ ਭਾਈਚਾਰੇ ਦੇ ਦੀਆਂ ਵੱਖ-ਵੱਖ ਇਕਾਈਆਂ ਦੇ ਸੰਚਾਲਕ, ਸੁਖਿੰਦਰ ਪਾਲ ਸਿੰਘ ਸਿੱਧੂ, ਦਵਿੰਦਰ ਸਿੰਘ ਸੇਖਾ, ਜਸਵਿੰਦਰ ਸਿੰਘ ਛਿੰਦਾ, ਡਾ. ਸਾਧੂ ਰਾਮ ਲੰਗੇਆਣਾ, ਚਮਕੌਰ ਬਾਘੇਵਾਲੀਆ, ਕੈਪਟਨ ਪੂਰਨ ਸਿੰਘ ਗਗੜਾ, ਅਤੇ ਮੈਂਬਰ ਤਰਸੇਮ ਲੰਡੇ, ਮਾਸਟਰ ਮਨਮੋਹਨ ਸਿੰਘ, ਕਰਮਪਾਲ ਸਿੰਗਲਾ, ਰਾਹੁਲ ਸੋਨੀ ਆਦਿ ਨੇ ਵੀ ਸਮਾਗਮ ਦੀ ਰੌਣਕ ਵਧਾਈ।
ਕੌਣ ਕਹਿਤਾ ਹੈ ਕਿ ਆਸਮਾਂ ਮੇਂ ਛੇਕ ਨਹੀਂ ਹੋਤਾ
ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ ।
ਅਮਰ ਘੋਲੀਆ ਜਦੋਂ ਏਹ ਸ਼ੇਅਰ ਪੜ੍ਹ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰ ਰਹੇ ਸਨ ਤਾਂ ਲੱਗ ਰਿਹਾ ਸੀ ਕਿ ਇਹ ਸ਼ੇਅਰ ਉਹ ਆਪਣੇ ਲਈ ਹੀ ਪੜ੍ਹ ਰਹੇ ਹਨ ਕਿਉਂਕਿ ਉਹ ਵੀ ਇਸੇ ਹੀ ਸਕੂਲ ਦੇ ਵਿਦਿਆਰਥੀ ਹਨ ਅਤੇ ਏਥੇ ਹੀ ਪੜ੍ਹਾ ਰਹੇ ਹਨ। ਉਹ ਤਬੀਅਤ ਨਾਲ਼ ਪੱਥਰ ਉਛਾਲ ਕੇ ਅਸਮਾਨ ਵਿਚ ਸੁਰਾਖ਼ ਵੀ ਕਰਨਾ ਜਾਣਦੇ ਹਨ।
ਸਟੇਜ ਦੀ ਜਿੰਮੇਵਾਰੀ ਉਸ ਕਲਾਕਾਰ ਅਮਰ ਘੋਲੀਆ ਨੇ ਨਿਭਾਈ ਜਿਸ ਨੇ ਛੋਟੀ ਉਮਰ ਵਿੱਚ ਹੀ 35 ਤੋਂ ਉੱਤੇ ਡਾਕੂਮੈਂਟਰੀਆਂ, ਸੈਂਕੜੇ ਇੰਟਰਵਿਊਜ਼, ਸ਼ਾਰਟ ਮੂਵੀਜ਼ ਅਤੇ ਅਣਗਿਣਤ ਸਾਹਿਤਕ ਗਤੀਵਿਧੀਆਂ ਵਿੱਚ ਆਪਣੀ ਸੁਰੀਲੀ ਆਵਾਜ਼ ਦੇ ਜਲਵੇ ਦਿਖਾ ਚੁੱਕੇ ਹਨ।