ਨਾਨਕ ਪਿਆਰੇ ਮੁੜ ਜੱਗ ਉੱਤੇ ਆ ।
ਜ਼ੁਲਮਾਂ ਨੇ ਅੱਤ ਚੁੱਕੀ ਠੱਲ੍ਹ ਜਿਹੀ ਪਾ ।
ਪੁੱਜ ਕੇ ਹੈ ਜ਼ੁਲਮਾਂ ਦੀ ਰਾਤ ਕਾਲੀ ਛਾਈ,
ਲੋਕਾਂ ਦੇ ਹੀ ਰਾਖੇ ਜਾਂਦੇ ਲੋਕਾਂ ਤਾਈਂ ਖਾਈ,
ਵੈਰੀ ਬਾਬਰਾਂ ਤੋਂ ਆ ਕੇ ਮਨੁੱਖਤਾ ਬਚਾਅ ।
ਦੁੱਖਾਂ ਮਾਰੇ ਲੋਕਾਂ ਤੇਰੀ ਖੁਸ਼ੀ ਮਾਨਣੀ,
'ਨ੍ਹੇਰਿਆਂ ਦਿਲਾਂ 'ਚ ਕਰ ਆ ਕੇ ਚਾਨਣੀ,
ਦੂਈ ਵਾਲੀ ਅੱਗ ਸਾਡੇ ਮਨਾਂ 'ਚੋਂ ਬੁਝਾਅ ।
ਪਿਆਰ ਤੇ ਮੁਹੱਬਤਾਂ ਦੀ ਗੱਲ ਨਹੀਂ ਕੋਈ,
ਗੋਲੀਆਂ ਬਾਰੂਦਾਂ ਨਾਲ ਲੋਕ ਜਾਂਦੇ ਮੋਈ,
ਚਾਰੇ ਪਾਸੇ ਰਹੀਆ ਮਾਵਾਂ ਭੈਣਾਂ ਕੁਰਲਾਅ ।
ਡਾਲੀ ਨਾਲੋਂ ਫੁੱਲ ਰਹੇ ਟੁੱਟ ਗੁਰੂ ਜੀ,
ਨਸ਼ਿਆਂ ਜਵਾਨੀ ਲਈ ਲੁੱਟ ਗੁਰੂ ਜੀ,
ਅਕਲਾਂ ਦੀ ਆਣ ਕੇ ਕੋਈ ਜੋਤ ਜਗਾਅ ।
ਦੇਸ ਦੇ ਹੀ ਰਾਖੇ ਬਣੇ ਫਿਰਦੇ ਸ਼ੈਤਾਨ,
ਨਸ਼ੇ ਵੰਡ ਕਰਦੇ ਜਵਾਨੀਆਂ ਦਾ ਘਾਣ,
ਜ਼ਾਲਮਾਂ ਦੇ ਪੰਜੇ 'ਚੋਂ ਜਵਾਨੀਆਂ ਬਚਾਅ ।
ਅਮਨ-ਅਮਾਨ ਇੱਥੇ ਰਿਹਾ ਕੋਈ ਨਾ,
ਵੱਢ ਟੁੱਕ ਹੋਈ ਜਾਂਦੀ ਹਰ ਇੱਕ ਥਾਂ,
ਅਕਲਾਂ ਦਾ ਘਾਟਾ ਕੋਈ ਅਕਲ ਸਿਖਾਅ ।
ਠੱਗਾਂ ਇੱਥੇ ਬਾਬਿਆਂ ਦਾ ਰੂਪ ਧਾਰਿਆ,
ਚਾਰੇ ਪਾਸੇ ਮੱਚੀ ਹੋਈ ਹਾਲ-ਪਾਰਿਆ,
ਆਣ ਕੇ ਤੂੰ ਜਾਬਰਾਂ ਤੋਂ ਧਰਤੀ ਬਚਾਅ ।