ਪਾਣੀ ਦੀਆਂ ਲਹਿਰਾਂ 'ਤੇ
(ਕਵਿਤਾ)
ਮਾਏ ਨੀ ਮੈਂ ਬੀਚ 'ਤੇ ਨੰਗੇ ਪੈਰੀਂ ਚੱਲਾਂ
ਚੁੰਮਣ ਮੇਰੇ ਪੈਰਾਂ ਨੂੰ ਪਾਣੀ ਦੀਆਂ ਛੱਲਾਂ
ਤੇਰੀ ਉਂਗਲ ਫੜ ਕੇ ਮੈਂ ਰੇਤੇ 'ਚ ਠੇਡੇ ਮਾਰਾਂ
ਦੇਖ ਕੇ ਮੈਨੂੰ ਕਿਵੇਂ ਕਰਦੀਆਂ ਜਾਣ ਗੱਲਾਂ।
ਧੁੱਪ ਵਿੱਚ ਪਾਣੀ ਲਿਸ਼ਕਾਂ ਮਾਰੇ
ਦੇਖ ਮੈਨੂੰ ਕਰਦਾ ਕਿਉਂ ਇਸ਼ਾਰੇ
ਪੈਰਾਂ ਨੂੰ ਛੋਹੇ ਕਦੇ ਗਿੱਟੇ ਗੋਡੇ ਪੈਂਦਾ
ਬੁੱਕਲ਼ ਜਿਹੀ ਮਾਰੇ ਕਦੇ ਉੱਸਲ ਵੱਟੇ ਲੈਂਦਾ।
ਪਾਣੀ ਦੀਆਂ ਲਹਿਰਾਂ 'ਤੇ ਧੁੱਪ ਲਿਸ਼ਕਾਂ ਮਾਰੇ
ਛੱਲ ਪੈਰਾਂ ਕੋਲ਼ੇ ਆ ਕੇ ਸਿੱਪੀਆਂ ਖਿਲਾਰੇ
ਲਹਿਰ ਉੱਤੇ ਲਹਿਰ ਆ ਕੇ ਚਲੀ ਜਾਵੇ
ਕਦੀ ਪੈਰੀਂ ਝਾਂਜਰ ਉਹ ਝੱਗ ਦੀ ਪਾਵੇ।
ਇੱਥੇ ਵੀ ਹਵਾ ਦੀ ਕੋਈ ਆਪਣੀ ਰੀਤ ਹੈ
ਪਾਣੀ ਨਾਲ ਰਲ਼ਕੇ ਗਾਉਂਦੀ ਸਿਲ੍ਹਾ ਜਿਹਾ ਗੀਤ
ਸਮੁੰਦਰ ਕਿਨਾਰੇ ਹਵਾ ਪਾਣੀ ਨੂੰ ਕੁੱਝ ਦੱਸੇ
ਇੱਧਰ ਉੱਧਰ ਚਲਦੀਆਂ ਲਹਿਰਾਂ 'ਤੇ ਸੂਰਜ ਹੱਸੇ।