ਜਾ ਬੈਠੇ ਨੇ ਡੇਰੇ ਲੋਕ।
ਬਾਬਾ ਨਾਨਕ ਤੇਰੇ ਲੋਕ।
ਤੂੰ ਤਾਂ ਇੱਕੋ ਦੇ ਲੜ ਲਾਇਆ,
ਬਣ ਗਏ ਸੰਤ ਬਥੇਰੇ ਲੋਕ।
ਲਾਲੋ ਹੁਣ ਢੂੰਡੇ ਨਾ ਲੱਭਣ,
ਭਾਗੋ ਚਾਰ ਚੁਫੇਰੇ ਲੋਕ।
ਇਕ ਦੂਜੇ ਦੀ ਨਿੰਦਿਆ ਚੁਗਲੀ,
ਬਹਿ ਕੇ ਕਰਨ ਬਨੇਰੇ ਲੋਕ।
ਰਾਤੀਂ ਚਲਦੇ ਗਾਣੇ ਨਾਚ,
ਉੱਠ ਨਾ ਸਕਣ ਸਵੇਰੇ ਲੋਕ।
ਜੋਤਸ਼ੀਆਂ ਦੇ ਖੀਸੇ ਭਰਦੇ,
ਵਹਿਮਾਂ ਭਰਮਾਂ ਘੇਰੇ ਲੋਕ।
ਦੋ ਦਿਨ ਪਿੱਛੋਂ ਵੱਖ ਹੋ ਜਾਂਦੇ,
ਲੈ ਪਵਿੱਤਰ ਫੇਰੇ ਲੋਕ।
ਤੂੰ ਤਾਂ ਕੀਤੀ ਸ਼ਬਦ ਦੀ ਲੋਅ,
ਬੈਠੇ ਫਿਰ ਵੀ 'ਨ੍ਹੇਰੇ ਲੋਕ।
'ਦੀਸ਼' ਕਹੇ ਤੇਰੀ ਸਿੱਖਿਆ ਨੂੰ,
ਸਮਝਣ ਨਾ ਇਹ ਮੇਰੇ ਲੋਕ।