ਤੈਨੂੰ ਪੀਰ ਪੈਗੰਬਰ ਮੰਨਣੇ ਪੈਣੇ,
ਗਲ੍ਹ ਵਿੱਚ ਤਵੀਤ ਟੰਗਣੇ ਪੈਣੇ,
ਸੁੱਖ ਸ਼ਾਂਤੀ ਘਰ ਵਿੱਚ ਹੋਵੇਗੀ,
ਮੱਥਾ ਟੇਕ ਪਤਾਸੇ ਵੰਡਣੇ ਪੈਣੇ,
ਖੁੱਲ੍ਹ ਨਾ ਸਕੇ ਮੱਥੇ ਤੇ ਨੇ,
ਖੌਰੇ ਲੋਹੇ ਦੇ ਪਰਦੇ ਨੇ ,
ਭੂਤਾਂ ਤੋਂ ਵੱਧ ਤਾਂ ਅੱਜਕਲ,
ਲੋਕੀ ਰੱਬ ਤੋਂ ਡਰਦੇ ਨੇ ,
ਸੁੱਖ ਤੋਂ ਜਿਆਦਾ ਦੁੱਖ ਹੋਏ ਨੇ ,
ਉਲਝੇ ਹੋਏ ਮੁੱਖ ਹੋਏ ਨੇ ,
ਸੋਚ ਕਈਆ ਦੀ ਓਥੇ ਹੀ ਹੈ ,
ਵੈਸੇ ਜਾਨਵਰ ਤੋਂ ਮਨੁੱਖ ਹੋਏ ਨੇ ,
ਭਗਤ ਤਾਂ ਰੋਟੀ ਟੁੱਕ ਲਈ ਮਰਦੇ,
ਪਾਠੀ ਚੌਧਰ ਲਈ ਲੜਦੇ ਨੇ,
ਭੂਤਾਂ ਤੋਂ ਵੱਧ ਤਾਂ ਅੱਜਕਲ,
ਲੋਕੀ ਰੱਬ ਤੋਂ ਡਰਦੇ ਨੇ ,
ਭੂਤ ਵਿਚਾਰੇ ਤਾਂ ਕੱਖ ਨਾ ਕਹਿੰਦੇ,
ਇਹ ਤਾਂ ਪਤਾ ਵੀ ਨਹੀ ਕਿੱਥੇ ਰਹਿੰਦੇ ,
ਨਾ ਗੋਲਕਾਂ ਰੱਖੀਆਂ ਇਹਨਾਂ ਨੇ ,
ਯਾਦ ਰੱਖਣਾ ਨਾ ਪੈਂਦਾ ਉਠਦੇ ਬਹਿੰਦੇ ,
ਮੇਰੇ ਦਿਲ ਦਾ ਟੁਕੜਾ ਦੂਰ ਹੋਇਆ ਏ
ਕਹਿੰਦੇ ਓਹਦੇ ਭਾਣੇ ਮੰਨਣੇ ਪੈਣੇ ,
ਓਸ ਖੁਦਾ ਨੂੰ ਬਲ੍ਹੀ ਦੇ ਨਾ ਤੇ ,
ਬੱਕਰੇ ਵੀ ਮਰਦੇ ਨੇ ,
ਭੂਤਾਂ ਤੋਂ ਵੱਧ ਤਾਂ ਅੱਜਕਲ,
ਲੋਕੀ ਰੱਬ ਤੋਂ ਡਰਦੇ ਨੇ ,
ਲਿਖਣ ਲੱਗੇ ਮੈਂ ਵੀ ਡਰ ਰਿਹਾਂ ਹਾਂ,
ਮੁੜ ਮੁੜ ਕਵਿਤਾ ਨੂੰ ਪੜ੍ਹ ਰਿਹਾਂ ਹਾਂ,
ਸੁੰਮਣਾਂ ਤੈਨੂੰ ਖੋਟ ਹੋਵੇਗਾ,
ਜੇ ਦਿੱਤਾ ਨਾ ਕਦੇ ਰੋਟ ਹੋਵੇਗਾ ,
ਸਮਝ ਨਾ ਆਵੇ ਦਿਲ ਚੰਦਰੇ ਨੂੰ ,
ਕਿਉ ਨਾ ਓਹਨੂੰ ਪਿਆਰ ਕਰਦੇ ਨੇ ,
ਭੂਤਾਂ ਤੋਂ ਵੱਧ ਤਾਂ ਅੱਜਕਲ,
ਲੋਕੀ ਰੱਬ ਤੋਂ ਡਰਦੇ ਨੇ,