ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਨੋਖੀ ਸ਼ਹਾਦਤ (ਲੇਖ )

ਜਸਵਿੰਦਰ ਸਿੰਘ ਰੁਪਾਲ   

Email: rupaljs@gmail.com
Cell: +91 98147 15796
Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
ਲੁਧਿਆਣਾ India 141006
ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


               ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਐ ਅਸਾਂ ਨੇ ਲੱਗਦੀ ਫੀਸ ਕੋਈ ਨਾ ।।

               ਐਪਰ ਦੇਖਿਆ ਜਦੋਂ ਕਲਾਸ ਅੰਦਰ ਪੜ੍ਹਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ।।

                                        ਕਿਸੇ ਕਵੀ ਨੇ ਗੁਰਸਿੱਖੀ ਦੇ ਸਕੂਲ ਦਾ ਬਹੁਤ ਖੂਬਸੂਰਤ ਨਕਸ਼ਾ ਉਪਰੋਕਤ ਪੰਕਤੀਆਂ ਰਾਹੀਂ ਬਿਆਨ ਕੀਤਾ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਅਤੇ 100 % ਸੱਚ ਕਿ ਸੀਸ ਆਪਣੇ ਕੋਲ ਰੱਖ ਕੇ ਸਿੱਖ ਨਹੀਂ ਬਣਿਆ ਜਾ ਸਕਦਾ, ਹੋਰ ਕੁਝ ਵੀ ਬਣੀ ਜਾਵੋ। ਗੁਰੂ ਸਾਹਿਬ ਦੀ ਪਹਿਲੀ ਮੰਗ ਹੀ ਇਹੋ ਹੈ। ਸੀਸ ਦੀ ਮੰਗ ਹੀ ਕਿਉਂ ?? ਕਿਉਂਕਿ ਇਸ ਵਿੱਚ ਹੁੰਦੀਆਂ ਹਨ ਸੋਚਾਂ, ਵਿਚਾਰ, ਫੁਰਨੇ, ਹਉਮੈ ਦਾ ਸਾਰਾ ਪਸਾਰ ਇਸੇ ਵਿੱਚ ਹੁੰਦਾ ਹੈ ਅਤੇ ਜਦੋਂ ਇੱਕ ਸਿੱਖ ਸਿੰਘ ਬਣਦਾ ਹੈ ਤਾਂ ਉਹ ਆਪਣਾ ਸੀਸ, ਯਾਨੀ ਆਪਣੀਆਂ ਸਾਰੀਆਂ ਸੋਚਾਂ, ਆਪਣੀ ਮੈਂ ਗੁਰੂ ਨੂੰ ਅਰਪਨ ਕਰ ਦਿੰਦਾ ਹੈ। ਅਤੇ ਉਸ ਦਿਨ ਤੋਂ ਬਾਅਦ ਉਸਦੀ ਆਪਣੀ ਆਪਣੀ ਜਾਤ, ਆਪਣੀ ਕੁੱਲ ,ਆਪਣੀ ਮੱਤ ਸਭ ਕੁਝ ਖਤਮ ਹੋ ਜਾਂਦੀ ਹੈ ਅਤੇ ਉਹ ਅਨੰਦਪੁਰ ਦਾ ਵਾਸੀ ਹੁਣ ਸਿਰਫ ਗੁਰੂ-ਲਿਵ ਵਿੱਚ ਗੁਰੂ ਦੀ ਮੱਤ ਅਨੁਸਾਰ ਜਿਊ ਕੇ ਹੀ ਗੁਰਸਿੱਖ ਅਗਵਾ ਸਕਦਾ ਹੈ ਅਤੇ ਅਜਿਹੇ ਗੁਰਸਿੱਖ ਵਿੱਚ ਗੁਰੂ ਆਪ ਵਰਤਦਾ ਹੈ। 

ਗੁਰਸਿਖਾਂ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ।।............................(ਪੰਨਾ ੩੧੨,ਸਲੋਕ ਮ : ੪)

                             ਸਤਿਗੁਰੂ ਅੱਗੇ ਮਨ ਵੇਚਣ ਵਾਲੇ ਅਜਿਹੇ ਹੀ ਸਿਦਕੀ ਸਿੱਖ ਅਤੇ ਮਹਾਨ ਸੂਰਬੀਰ ਸਨ ਬਾਬਾ ਦੀਪ ਸਿੰਘ ਜੀ। 

          ਪਿੰਡ ਪੂਹੀਵਿੰਡ ਜਿਲਾ ਤਰਨਤਾਰਨ ਵਿੱਚ ਭਾਈ ਭਗਤਾ ਜੀ ਦੇ ਘਰ ਬੀਬੀ ਜਿਊਣੀ ਜੀ ਦੀ ਕੁੱਖੋਂ 26 ਜਨਵਰੀ 1682 ਈਸਵੀ ਨੂੰ ਇੱਕ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਮ ਦੀਪਾ ਰੱਖਿਆ ਗਿਆ। ਸੋਹਣੇ ਪਿਆਰ ਦੁਲਾਰ ਨਾਲ ਪਲਦਾ ਦੀਪਾ ਅਜੇ 17 ਸਾਲਾਂ ਦਾ ਸੀ,ਜਦੋਂ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਦੀ ਅਨੰਦਮਈ ਖਬਰ ਚੌਪਾਸੀਂ ਫੈਲਦੀ ਹੋਈ ਇਸ ਪਰਿਵਾਰ ਕੋਲ ਵੀ ਪੁੱਜੀ। ਦੀਪਾ ਉਤਸ਼ਾਹ ਵਿੱਚ ਆ ਗਿਆ ਅਤੇ ਹੋਲੇ ਮੁਹੱਲੇ ਵਾਲੇ ਦਿਨ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਜਾ ਪੁੱਜਿਆ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਉਹਨਾਂ ਦੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਪਰਿਵਾਰ ਸਮੇਤ ਗੁਰੂ ਜੀ ਤੋਂ ਖੰਡੇ ਦੀ ਪਾਹੁਲ ਛਕੀ ਅਤੇ ਦੀਪ ਸਿੰਘ ਬਣ ਗਿਆ। ਪਰਿਵਾਰ ਵਾਪਸ ਆ ਗਿਆ ਪਰ ਦੀਪ ਸਿੰਘ ਉੱਥੇ ਹੀ ਰੁਕ ਗਿਆ। ਗੁਰੂ ਸਾਹਿਬ ਨੇ ਉਸਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਿਸ ਵਿਚ ਗੁਰਮੁਖੀ ਅਤੇ ਫ਼ਾਰਸੀ ਭਾਸ਼ਾਵਾਂ ਦੇ ਨਾਲ ਨਾਲ ਸ਼ਸ਼ਤਰ ਵਿੱਦਿਆ ਘੋੜ ਸਵਾਰੀ ਆਦਿ ਵਿੱਚ ਸਿਖਲਾਈ ਦਿਵਾਈ । ਸਰੀਰ ਦਾ ਚੁਸਤ ਫੁਸਤ ਗੱਭਰੂ ਇਹਨਾਂ ਕਲਾਵਾਂ ਵਿਚ ਛੇਤੀ ਪ੍ਰਪੱਕ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਜਾਂਦੇ ਇਸ ਨੌਜਵਾਨ ਨੂੰ ਆਪਣੇ ਨਾਲ ਰੱਖਦੇ। ਇਸ ਤਰਾਂ 20 ਦਸੰਬਰ 1704 ਤੱਕ ਦੀਪ ਸਿੰਘ ਨੇ ਗੁਰਬਾਣੀ, ਸੇਵਾ, ਸਿਮਰਨ,ਕੀਰਤਨ, ਯੁੱਧ ਕਲਾ ਆਦਿ ਸਭ ਦੇ ਰਾਹੀਂ ਗੁਰੂ ਦੀ ਸੰਗਤ ਵਿਚ ਗੁਰਸਿੱਖੀ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ।

            1704 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ, ਤਾਂ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਦੀ ਸੇਵਾ ਸੰਭਾਲ ਦੀ ਡਿਊਟੀ ਭਾਈ ਮਨੀ ਸਿੰਘ, ਭਾਈ ਦੀਪ ਸਿੰਘ,ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਦੀ ਲਗਾਈ ਸੀ। ਇਹ ਸਭ ਦਿੱਲੀ ਵਿਖੇ ਭਾਈ ਜਵਾਹਰ ਸਿੰਘ ਦੇ ਘਰ ਗੁਰੂ ਮਹਿਲਾਂ ਨੂੰ ਸੁਰਖਿਅਤ ਲੈ ਗਏ ਸਨ। ਉਪਰੰਤ ਭਾਈ ਦੀਪ ਸਿੰਘ ਜੀ ਵਾਪਸ ਆਪਣੇ ਪਿੰਡ ਵਿਖੇ ਆ ਗਏ ਸਨ। ਗੁਰਸਿੱਖੀ ਕਮਾਉਣ ਲੱਗੇ ਅਤੇ ਅੰਮ੍ਰਿਤ ਸੰਚਾਰ ਵੀ ਕਰਦੇ ਰਹੇ। 

          ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਨ ਲੱਗੇ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੀ ਸਹਾਇਤਾ ਲਈ ਗੁਰੂ ਸਾਹਿਬ ਜੀ ਨੂੰ ਭਾਈ ਦੀਪ ਸਿੰਘ ਜੀ ਨੂੰ ਬੁਲਾਉਣ ਦੀ ਸਲਾਹ ਦਿੱਤੀ ਜਿਸ ਨੂੰ ਗੁਰੂ ਸਾਹਿਬ ਨੇ ਤੁਰੰਤ ਪ੍ਰਵਾਨ ਕੀਤਾ । ਸੁਨੇਹਾ ਮਿਲਣ ਤੇ ਭਾਈ ਦੀਪ ਸਿੰਘ ਜੀ ਦਮਦਮਾ ਸਾਹਿਬ ਪੁੱਜ ਗਏ। ਅਤੇ ਕਾਗਜ਼ ਅਤੇ ਸਿਆਹੀ ਪੁਚਾਉਣ ਦੀ ਸੇਵਾ ਨਿਭਾਉਂਦੇ ਰਹੇ, ਜਦੋ ਗੁਰੂ ਜੀ ਲਿਖਾ ਰਹੇ ਸਨ ਅਤੇ ਭਾਈ ਮਨੀ ਸਿੰਘ ਜੀ ਲਿਖ ਰਹੇ ਸਨ। ਭਾਈ ਦੀਪ ਸਿੰਘ ਜੀ ਬੀੜ ਸੰਪੂਰਨ ਹੋਣ ਤੇ ਉਸਦੇ ਚਾਰ ਉਤਾਰੇ ਕੀਤੇ ਅਤੇ 1706 ਵਿਚ ਚਾਰੇ ਤਖਤਾਂ ਨੂੰ ਭੇਜੇ । ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਨੂੰ ਜਾਣ ਸਮੇਂ ਦਮਦਮਾ ਸਾਹਿਬ ਜੋ ਕਿ ਹੁਣ ਇੱਕ ਟਕਸਾਲ ਬਣ ਚੁੱਕੀ ਸੀ, ਉਸਦੀ ਸੇਵਾ ਸੰਭਾਲ ਅਤੇ ਗੁਰਬਾਣੀ ਪ੍ਰਚਾਰ ਦਾ ਕੰਮ ਦੀਪ ਸਿੰਘ ਜੀ ਨੇ ਤਨੋ ਮਨੋ ਹੋ ਕੇ ਸੰਭਾਲਿਆ। ਦਮਦਮਾ ਸਾਹਿਬ ਵਿਖੇ ਆਪ ਜੀ ਨੇ ਸੰਗਤ ਦੀ ਲੋੜ ਅਨੁਸਾਰ ਇੱਕ ਖੂਹ ਵੀ ਲਗਵਾਇਆ, ਜੋ ਹੁਣ ਵੀ ਮੌਜੂਦ ਹੈ। ਆਪ ਜੀ ਦਾ ਇਲਾਕੇ ਦੀਆਂ ਸੰਗਤਾਂ ਬਹੁਤ ਸਤਿਕਾਰ ਕਰਨ ਲੱਗੀਆਂ। 

      ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਤਾਂ ਸਿੱਖਾਂ ਨੂੰ ਹੁਕਮਨਾਮੇ ਵੀ ਭੇਜੇ ਕਿ ਉਹ ਬੰਦਾ ਸਿੰਘ ਦਾ ਸਾਥ ਦੇਣ । ਦੀਪ ਸਿੰਘ ਜੀ ਬੰਦਾ ਸਿੰਘ ਨਾਲ ਆ ਸ਼ਾਮਲ ਹੋਏ ਅਤੇ ਉਹਨਾਂ ਵਲੋਂ ਲੜੀਆਂ ਗਈਆਂ ਚੱਪੜਚਿੜੀ, ਸਢੌਰਾ, ਸਰਹਿੰਦ ਆਦਿ ਦੀਆਂ ਜੰਗਾਂ ਵਿਚ ਪੂਰੇ ਉਤਸ਼ਾਹ ਨਾਲ ਆਪਣੀ ਬੀਰਤਾ ਦੇ ਜੌਹਰ ਦਿਖਾਏ।  ਜਦੋਂ ਸਿਖਾਂ ਦੀਆਂ 12 ਮਿਸਲਾਂ ਬਣੀਆਂ ਤਾਂ ਮਿਸਲ ਸ਼ਹੀਦਾਂ ਦੇ ਮੁਖੀ ਦੀਪ ਸਿੰਘ ਜੀ ਨੂੰ ਥਾਪਿਆ ਗਿਆ। ਸਤਾਰਵੀਂ ਸਦੀ ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਪੰਜਾਬ ਲੁੱਟ ਕੇ ਵਾਪਸ ਜਾ ਰਿਹਾ ਸੀ ਤਾਂ ਬਾਕੀ ਮਿਸਲਾਂ ਦੇ ਜਥਿਆਂ ਸਮੇਤ ਅਫਗਾਨ ਧਾੜਵੀਆਂ ਤੋਂ ਬਹੂ ਬੇਟੀਆਂ ਅਤੇ ਲੁੱਟ ਦਾ ਮਾਲ ਛੁਡਵਾਇਆ। 

                                               9 ਜੂਨ 1716 ਨੂੰ  ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕੌਮ ਦੋ ਧੜਿਆਂ ਵਿੱਚ ਵੰਡੀ ਗਈ ਸੀ। ਬੰਦਈ ਖਾਲਸਾ ਅਤੇ ਤੱਤ ਖਾਲਸਾ , ਜਿਸ ਦਾ ਨਿਬੇੜਾ ਭਾਈ ਮਨੀ ਸਿੰਘ ਜੀ ਨੇ ਪਰਚੀਆਂ ਪਾ ਕੇ ਕਰਵਾ ਦਿੱਤਾ ਸੀ। ਉਸ ਸਮੇਂ ਭਾਈ ਦੀਪ ਸਿੰਘ ਜੀ ਦਾ ਸਹਿਯੋਗ ਭਾਈ ਮਨੀ ਸਿੰਘ ਜੀ ਨੂੰ ਮਿਲਿਆ । ਭਾਈ ਮਨੀ ਸਿੰਘ ਜੀ ਨੂੰ 1737 ਈਸਵੀ ਨੂੰ ਲਾਹੌਰ ਵਿਚ ਸ਼ਹੀਦ ਕਰ ਦਿੱਤਾ ਗਿਆ ਅਤੇ ਜ਼ਕਰੀਆ ਖਾਂ ਨੇ ਪੰਥ ਵਿਰੋਧੀ ਜੁੰਡਲੀ ਤਿਆਰ ਕਰ ਰੱਖੀ ਸੀ ਜਿਸ ਵਿਚ ਕਰਮਾਂ ਛੀਨਾ, ਚੌਧਰੀ ਨੌਸ਼ਹਿਰਾ ਪੰਨੂੰਆਂ ,ਚੌਧਰੀ ਮਜੀਠੀਆ, ਹਰਿਭਗਤ ਨਿਰੰਜਨੀਆ, ਰਾਮਾ ਰੰਧਾਵਾ ਅਤੇ ਮੱਸਾ ਰੰਘੜ ਸਨ। ਜਿਨਾਂ ਵਿਚੋਂ ਮੱਸਾ ਰੰਘੜ ਨੂੰ ਹਰਿਮੰਦਰ ਸਾਹਿਬ ਦਾ ਕਾਰ ਮੁਖਤਾਰ ਨਿਯੁਕਤ ਕਰ ਦਿੱਤਾ ਗਿਆ ਸੀ। ਉਸਨੇ ਦਰਬਾਰ ਸਾਹਿਬ ਵਿੱਚ ਬੈਠ ਕੇ ਹੁੱਕਾ ਪੀਣ ਅਤੇ ਕੰਜਰੀਆਂ ਨਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਖਬਰਾਂ ਪਤਾ ਲੱਗਣ ਤੇ ਦੀਪ ਸਿੰਘ ਜੀ ਜੋਸ਼ ਵਿਚ ਆ ਗਏ ਅਤੇ ਭਰੇ ਇਕੱਠ ਨੂੰ ਸੰਬੋਧਨ ਕਰਕੇ ਪੁੱਛਿਆ ਕਿ ਮੱਸੇ ਰੰਘੜ ਦਾ ਸਿਰ ਕੌਣ ਵੱਢ ਕੇ ਲਿਆਏਗਾ ? ਸਿੰਘ ਦੀ ਦਹਾੜ ਸੁਣ ਕੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਇਹ ਜਿੰਮੇਵਾਰੀ ਚੁੱਕੀ ਅਤੇ ਗੁਰੂ ਦੀ ਓਟ ਲੈ ਕੇ ਸਫਲਤਾ ਪੂਰਵਕ ਸੀਸ  ਵੱਢ ਕੇ ਦੀਪ ਸਿੰਘ ਸਾਹਮਣੇ ਪੇਸ਼ ਕਰ ਦਿਖਾਇਆ।

      ਜੱਸਾ ਸਿੰਘ ਆਹਲੂਵਾਲੀਏ ਦੇ ਆਦੇਸ਼ ਤੇ ਬਾਕੀ ਮਿਸਲਾਂ ਦੇ ਨਾਲ ਮਿਲ ਕੇ ਅਦੀਨਾ ਬੇਗ ਨੂੰ ਸੋਧਿਆ ਅਤੇ ਜਿੱਤਿਆ ਇਲਾਕਾ ਜੱਸਾ ਸਿੰਘ ਆਹਲੂਵਾਲੀਆ ਦੇ ਹਵਾਲੇ ਕਰ ਦਿੱਤਾ। 

ਅਹਿਮਦ ਸ਼ਾਹ ਦੁਰਾਨੀ ਨੇ ਜਦੋਂ ਪੁਛਿਆ ਕਿ ਇਹ ਕੌਣ ਹਨ ਜੋ ਮੇਰੀਆਂ ਫੌਜਾਂ ਨੂੰ ਲੁੱਟ ਰਹੇ ਹਨ । ਇੱਕ ਕਾਜੀ ਨੇ ਜਵਾਬ ਦਿੱਤਾ ਕਿ ਇਹਨਾਂ ਦੇ ਗੁਰੂ ਨੇ ਬੜੀ ਕਮਾਲ ਦੀ ਚੀਜ ਅੰਮ੍ਰਿਤ ਪਿਲਾਈ ਹੈ ਇਹਨਾਂ ਨੂੰ ਜਿਸ ਨਾਲ ਇਹ ਬਲਵਾਨ ਬਣ ਜਾਂਦੇ ਹਨ। ਇੱਕ ਥਾਂ ਨਹੀਂ ਟਿਕਦੇ, ਬੈਠਦੇ ਹੀ ਸੌਂਦੇ ਨੇ ਅਤੇ ਚੱਲਦੇ ਚੱਲਦੇ ਖਾਂਦੇ ਹਨ। ਪੰਥ ਪ੍ਰਕਾਸ਼ ਦੇ ਲੇਖਕ ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦ ਦੇਖੋ !!

ਵਲੀ ਇਨਕਾ ਅਜਬ ਭਯੋ ਹੈ।। ਇਨਕੋ ਆਬੇ ਹਯਾਤ ਦਯੋ ਹੈ।।

ਗਜ਼ਬ ਅਸਰ ਤਿਸਕਾ ਹਮ ਦੇਖਾ।। ਬੁਜ਼ਦਿਲ ਹੋਵਤ ਸਿੰਘ ਬਿਸੇਖਾ।।

ਹਾੜ ਨ ਦਿਨ ਭਰ ਪੀਵਹਿ ਪਾਣੀ।।ਸਿਆਲ ਨ ਰਾਖਹਿ ਅਗਨ ਨੀਸਾਣੀ।।

ਬੈਠਤ ਸੋਵਹਿ ਚਲਤੇ ਖਾਵਹਿ ।। ਗ੍ਰਾਮ ਕਿਸੀ ਮਹਿ ਟਿਕਣ ਨ ਪਾਵਹਿ।।

                                                                                 ---- ਗਿਆਨੀ ਗਿਆਨ ਸਿੰਘ (ਪੰਥ ਪ੍ਰਕਾਸ਼ )

      ਅਹਿਮਦ ਸ਼ਾਹ ਦੇ ਆਖਣ ਤੇ ਉਸਦੇ ਪੁੱਤਰ ਤੈਮੂਰ ਸ਼ਾਹ ਨੇ ਸਖਤੀ ਵਧਾ ਦਿੱਤੀ। ਹਰਿਮੰਦਰ ਸਾਹਿਬ ਦਾ ਸਰੋਵਰ ਆਪਣੇ ਜਰਨੈਲ ਜਹਾਨ ਖਾਂ ਰਾਹੀਂ ਪੂਰ ਦਿੱਤਾ। ਭਾਗ ਸਿੰਘ ਨੇ ਦੀਪ ਸਿੰਘ ਜੀ ਨੂੰ ਖ਼ਬਰ ਕੀਤੀ। ਤਾਂ ਉਹਨਾਂ ਇੱਕਦਮ ਦਰਬਾਰ ਸਾਹਿਬ ਦੀ ਰਾਖੀ ਲਈ ਚਾਲੇ ਪਾ ਦਿੱਤੇ। ਪਹਿਲਾਂ ਉਹਨਾਂ ਦੇ ਨਾਲ 5000 ਸਿੰਘ ਹੋ ਗਏ ਜੋ ਹੋਰ ਅੱਗੇ ਚੱਲ ਕੇ 10000 ਤੱਕ ਹੋ ਗਏ।ਜਹਾਨ ਖਾਂ ਗੋਹਲਵੜੀ ਦੀ ਥੇਹ ਤੇ ਬੈਠਾ ਸੀ। ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚ ਕੇ ਕਿਹਾ ਕਿ ਸਿਰਫ ਸ਼ਹੀਦੀ ਲਈ ਤਿਆਰ ਹੀ ਅੱਗੇ ਆਉਣ, ਬਾਕੀ ਵਾਪਸ ਜਾ ਸਕਦੇ ਹਨ। ਸਾਰੇ ਦੇ ਸਾਰੇ ਸਿੰਘ ਲਕੀਰ ਟੱਪ ਆਏ। ਦੀਪ ਸਿੰਘ ਜੀ ਨੇ ਬਕਾਇਦਾ ਅਰਦਾਸ ਕੀਤੀ ਕਿ ਪਾਤਸ਼ਾਹ ਸ਼ਹੀਦੀ ਬੇਸ਼ਕ ਮਿਲੇ ਪਰ ਹਰਿਮੰਦਿਰ ਸਾਹਿਬ ਆਜ਼ਾਦ ਹੋਵੇ। ਜਹਾਨ ਖਾਂ ਹਾਥੀ ਤੇ ਅੱਗੇ ਵਧਿਆ ਤਾਂ ਉਸਨੂੰ ਦਿਆਲ ਸਿੰਘ ਦੇ ਤੀਰ ਨੇ ਪਾਰ ਬੁਲਾਇਆ। ਉਸਦੀ ਮੌਤ ਤੋਂ ਬਾਅਦ ਜਬਰਦਸਤ ਖਾਂ ਅੱਗੇ ਆਇਆ ਜਿਸ ਨੂੰ ਬਲਵੰਤ ਸਿੰਘ ਨੇ ਮਾਰ ਮੁਕਾਇਆ। ਫੇਰ ਰੁਸਤਮ ਖਾਂ ਅੱਗੇ ਆਇਆ ਜਿਸ ਦਾ ਮੁਕਾਬਲਾ ਫੇਰ ਬਲਵੰਤ ਸਿੰਘ ਨਾਲ ਆਹਮੋ ਸਾਹਮਣੇ ਹੋਇਆ। ਦੋਵੇਂ ਸੂਰਮੇ ਇੱਕ ਦੂਜੇ ਦੇ ਤਲਵਾਰਾਂ ਮਾਰ ਕੇ ਮਰ ਗਏ। ਦੀਪ ਸਿੰਘ ਜੀ ਨੇ ਸਾਰੀ ਸੈਨਾ ਨੂੰ ਤਿੰਨ ਜੱਥਿਆ ਵਿਚ ਵੰਡ ਦਿੱਤਾ। ਸੱਜੇ ਪਾਸੇ ਦੀ ਕਮਾਨ ਗੁਰਬਖਸ਼ ਸਿੰਘ ਕੋਲ, ਵਿਚਕਾਰਲੇ ਜੱਥੇ ਦੀ ਕਮਾਨ ਨੌਧ ਸਿੰਘ ਜੀ ਕੋਲ ਅਤੇ ਖੱਬੇ ਪਾਸੇ ਖੁਦ ਦੀਪ ਸਿੰਘ ਜੀ ਆਪ ਹੋ ਗਏ।  ਉੱਧਰ ਜਮਾਲ ਖਾਂ ਆਪਣੀ ਸੈਨਾ ਨੂੰ ਲਲਕਾਰੇ ਮਾਰ ਰਿਹਾ ਸੀ ਕਿ ਸ਼ਹੀਦ ਹੋਣ ਵਾਲਿਆਂ ਨੂੰ ਹੂਰਾਂ ਮਿਲਣਗੀਆਂ ਆਦਿ। ਦੀਪ ਸਿੰਘ ਜੀ ਨੇ ਉਸ ਵੱਲ ਚੱਕਰ ਸੁੱਟਿਆ ਜਿਸ ਨਾਲ ਉਸਦਾ ਘੋੜਾ ਜਖਮੀ ਹੋ ਕੇ ਡਿੱਗ ਪਿਆ। ਓਧਰ ਦੀਪ ਸਿੰਘ ਜੀ ਦੀ ਗਰਦਨ ਤੇ ਫੱਟ ਵੱਜਿਆ ਤੇ ਗਰਦਨ ਲੁੜਕ ਗਈ । ਜਦੋ  ਕਿਸੇ ਸਿੰਘ ਨੇ ਕੋਲੋਂ ਕਿਹਾ ਕਿ ਬਾਬਾ ਜੀ ਤੁਸੀਂ ਪਰਿਕਰਮਾ ਵਿਚ ਪੁੱਜਣ ਦੀ ਅਰਦਾਸ ਕੀਤੀ ਹੈ, ਉਹਨਾਂ ਖੱਬੇ ਹੱਥ ਨਾਲ ਗਰਦਨ ਸੰਭਾਲੀ ਅਤੇ ਸੱਜੇ ਹੱਥ ਨਾਲ ਆਪਣੇ 18 ਸੇਰ ਦੇ ਦੋਧਾਰੀ ਖੰਡੇ ਨਾਲ ਲੜਨਾ ਜਾਰੀ ਰੱਖਿਆ।  ਉਹਨਾਂ ਦਾ ਸੀਸ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਡਿੱਗਿਆ ਅਤੇ ਉਹਨਾਂ ਦੀ ਅਰਦਾਸ ਪੂਰੀ ਹੋਈ। ਇਸਤਰਾਂ ਉਹਨਾਂ ਕੌਮ ਲਈ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਹੀਦੀ 13 ਨਵੰਬਰ 1757 ਈਸਵੀ ਨੂੰ ਹੋਈ। ਇਸ ਸਮੇਂ ਉਹਨਾਂ ਦੀ ਉਮਰ 75 ਸਾਲ ਦੀ ਸੀ। ਸਤਿਕਾਰ ਵਜੋਂ ਹੀ ਉਹਨਾਂ ਨੂੰ ਬਾਬਾ ਜੀ ਆਖਿਆ ਜਾਂਦਾ ਹੈ।  ਪਰਿਕਰਮਾ ਵਿਚ ਜਿਸ ਥਾਂ ਸ਼ਹੀਦੀ ਪ੍ਰਾਪਤ ਕੀਤੀ, ਉੱਥੇ ਗੁਰਦੁਆਰਾ ਸ਼ਹੀਦ ਬੁੰਗਾ ਬਣਿਆ ਹੋਇਆ ਹੈ। ਅਤੇ ਉਹ ਖੰਡਾ ਅਕਾਲ ਤਖਤ ਸਾਹਿਬ ਵਿਚ ਸੰਭਾਲਿਆ ਹੋਇਆ ਹੈ ਅਤੇ ਰੋਜ਼ਾਨਾ ਸ਼ਾਮ ਦੇ ਨਿੱਤਨੇਮ ਤੋਂ ਬਾਅਦ ਸੰਗਤਾਂ ਨੂੰ ਉਸਦੇ ਦਰਸ਼ਨ ਕਰਵਾਏ ਜਾਂਦੇ ਹਨ। 

ਕੀ ਇਕੱਲਾ ਧੜ ਲੜਾਈ ਕਰ ਸਕਦਾ ਹੈ ??? :- ਸਾਡਾ ਦੁਖਾਂਤ ਹੈ ਕਿ ਸਾਡੇ ਸ਼ਾਨਾਮੱਤੇ ਇਤਿਹਾਸ ਨੂੰ ਕੁਝ ਅਗਿਆਨਤਾ ਵੱਸ, ਕੁਝ ਸ਼ਰਧਾ ਵੱਸ, ਅਤੇ ਕੁਝ ਜਾਣ ਬੁੱਝ ਕੇ ਸਾਜਿਸ਼ਾਂ ਤਹਿਤ ਤੋੜਿਆ ਮਰੋੜਿਆ ਜਾ ਰਿਹਾ ਹੈ। ਉਸਵਿਚ ਕਰਾਮਾਤੀ ਅੰਸ਼ ਭਾਰੂ ਕੀਤੇ ਜਾ ਰਹੇ ਹਨ ,ਜਦਕਿ ਗੁਰਬਾਣੀ ਅਤੇ ਗੁਰਮਤਿ ਸਿਧਾਂਤ ਕਰਾਮਾਤ ਦੇ ਪੂਰਨ ਵਿਰੁੱਧ ਹਨ। ਜਿਸ ਢੰਗ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਸੀਸ ਧੜ ਤੋਂ ਅਲੱਗ ਹੋ ਗਿਆ ਅਤੇ ਦੀਪ ਸਿੰਘ ਜੀ ਕੱਟੇ ਹੋਏ ਸੀਸ ਨੂੰ ਖੱਬੇ ਹੱਥ ਤੇ ਰੱਖ ਕੇ ਲੜਦੇ ਜਾ ਰਹੇ ਹਨ,  ਵਿਗਿਆਨਕ ਪੱਖ ਤੋਂ ਦੇਖੀਏ ਤਾਂ ਇਹ ਸੰਭਵ ਹੀ ਨਹੀਂ।ਸੀਸ ਜੇ ਪੂਰਾ ਕੱਟਿਆ ਜਾਵੇ, ਤਾਂ ਕੁਝ ਸਕਿੰਟਾਂ ਵਿੱਚ ਹੀ ਇਨਸਾਨ ਪੂਰਾ ਹੋ ਜਾਏਗਾ ਅਤੇ ਕਈ ਕਿਲੋਮੀਟਰ ਤੱਕ ਲੜਦੇ ਜਾਣ। ਗੁਰਦੁਆਰਾ ਬਾਬਾ ਦੀਪ ਸਿੰਘ,ਜਿੱਥੇ ਸੀਸ ਕੱਟਿਆ ਗਿਆ, ਤੋਂ ਦਰਬਾਰ ਸਾਹਿਬ ਦੀ ਪਰਕਰਮਾ ਤੱਕ, ਜਿੱਥੇ ਸੀਸ ਡਿੱਗਿਆ ਹੈ, crow-fly ਦੂਰੀ ਵੀ 1.4 ਕਿਲੋਮੀਟਰ ਦੇ ਕਰੀਬ ਬਣਦੀ ਹੈ। ਅਤੇ ਤੇਜ ਚਾਲ ਵਾਲੇ ਪੈਦਲ ਸਵਾਰ ਲਈ ਵੀ 10 ਤੋਂ 12 ਮਿੰਟ ਦਾ ਸਮਾਂ ਚਾਹੀਦਾ ਹੈ। ਕਿਉਂਕਿ ਉਸ ਸਮੇਂ ਉਹਨਾਂ ਕੋਲ ਘੋੜਾ ਨਹੀਂ ਸੀ। ਇਸ ਤਰਾਂ ਇੰਨੇ ਮਿੰਟ ਲਈ ਬਿਨਾਂ ਸੀਸ ਤੋਂ ਲੜਦੇ ਅੱਗੇ ਵਧਣਾ ਸੰਭਵ ਨਹੀਂ ਹੈ। 

ਇਸ ਨੂੰ ਪ੍ਰਤੀਕਾਤਮਕ ਅੰਦਾਜ ਵਿਚ ਆਖਿਆ ਕਿਹਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਕਿਸੇ ਕਲਾਕਾਰ ਵਲੋਂ ਖੱਬੇ ਹੱਥ ਸੀਸ ਤੇ ਸੱਜੇ ਹੱਥ ਖੰਡੇ ਵਾਲੀ ਤਸਵੀਰ ਬਣਾਉਣ ਤੋਂ ਬਾਅਦ ਇਹ ਗੱਲ ਵਧੇਰੇ ਪ੍ਰਚੱਲਿਤ ਹੋਈ ਹੋਵੇ। (ਕਾਲਪਨਿਕ ਤਸਵੀਰਾਂ ਨੂੰ ਸੱਚ ਮੰਨਣ ਨਾਲ ਹੋਰ ਵੀ ਬਹੁਤ ਥਾਵਾਂ ਤੇ ਇਤਿਹਾਸ ਦੀ ਗਲਤ ਵਿਆਖਿਆ ਹੋਈ ਮਿਲਦੀ ਹੈ )। ਕੁਝ ਪੁਰਾਤਨ ਸਰੋਤਾਂ ਦੇ ਹਵਾਲੇ ਦੇਖਣੇ ਜਰੂਰੀ ਹਨ । ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ(1843) ਰਾਮ ਰਾਉਣੀ ਵਾਲੀ ਲੜਾਈ ਦਾ ਜਿਕਰ ਕਰਦੇ ਹੋਏ ਉਹਨਾਂ ਦੀ ਬਹਾਦਰੀ ਅਤੇ ਸ਼ਹੀਦੀ ਦਾ ਜਿਕਰ ਕਰਦੇ ਹਨ, ਪਰ ਪੂਰਾ ਸੀਸ ਕੱਟਣ ਦੀ ਗੱਲ ਨਹੀਂ ਕਰਦੇ।  ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ(1810-41) ਇਸ ਤਰਾਂ ਲਿਖਦੇ ਹਨ - 

ਚੱਬਾ ਪਿੰਡ ਵਿਚ ਪੁੱਜ ਕੇ ਅੱਤਲ ਖਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਗਰਦਨ ਤੇ ਵਾਰ ਕੀਤਾ ਜਿਸ ਨਾਲ ਉਹਨਾਂ ਦਾ ਸਿਰ ਇੱਕ ਪਾਸੇ ਝੁਕ ਗਿਆ। ਇੱਕ ਸਿੱਖ ਨੇ ਯਾਦ ਦਿਵਾਇਆ ',"ਤੁਸੀਂ ਸਰੋਵਰ ਦੀ ਹੱਦ ਤੱਕ ਪਹੁੰਚਣ ਦਾ ਸੰਕਲਪ ਕੀਤਾ ਸੀ।" ਇਸ ਗੱਲ ਨੂੰ ਸੁਣ ਕੇ ਬਾਬਾ ਜੀ ਨੇ ਖੱਬੇ ਹੱਥ ਨਾਲ ਸਿਰ ਨੂੰ ਸਹਾਰਾ ਦਿੱਤਾ ਅਤੇ ਸੱਜੇ ਹੱਥ ਨਾਲ ਦੋਧਾਰੀ ਖੰਡੇ ਨਾਲ ਦੁਸ਼ਮਣਾਂ ਨੂੰ ਹਟਾਉਂਦੇ ਹੋਏ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੱਕ ਪਹੁੰਚੇ ਅਤੇ ਉੱਥੇ ਪ੍ਰਾਣ ਤਿਆਗੇ। "...

 ਉਪਰੋਕਤ ਵਾਰਤਾ ਵਿਚ ਪੂਰਾ ਸੀਸ ਕੱਟਣ ਦਾ ਜਿਕਰ ਨਹੀਂ ,ਸਗੋਂ ਗਰਦਨ ਤੇ ਗੰਭੀਰ ਚੋਟ ਦਰਸਾਉਂਦਾ ਹੈ।  ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਇਸ ਨਾਲ ਮਿਲਦਾ ਜੁਲਦਾ ਹੈ।

ਸ਼ਹੀਦ ਬਿਲਾਸ ਬਾਬਾ ਦੀਪ ਸਿੰਘ ਜੀ (ਗਿਆਨੀ ਠਾਕੁਰ ਸਿੰਘ, 1904) ਵਿਚ ਬਾਬਾ ਦੀਪ ਸਿੰਘ ਜੀ ਨੂੰ ਲੜਦੇ ਹੋਏ ਸ਼ਹੀਦ ਹੁੰਦਾ ਦਿਖਾਇਆ ਹੈ ਪਰ ਚਮਤਕਾਰੀ ਢੰਗ ਨਾਲ ਸੀਸ ਹੱਥ ਤੇ ਚੁੱਕੇ ਦਾ ਵੇਰਵਾ ਘੱਟ ਜੋਰ ਨਾਲ ਹੈ, ਵਧੇਰੇ ਧਿਆਨ ਬਹਾਦਰੀ ਵੱਲ ਹੈ।

ਪੁਸਤਕ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ (ਕ੍ਰਿਤ ਭਾਈ ਨਿਰੰਜਨ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ) ਅਤੇ ਇਸਤੇ ਅਧਾਰਿਤ ਮੁਖਤਾਰ ਸਿੰਘ ਗੋਰਾਇਆ ਵਲੋਂ ਪਿੰਗਲਵਾੜਾ ਲਈ ਛਾਪੇ ਗਏ ਟ੍ਰੈਕਟ ਵਿਚ ਪੂਰਾ ਸੀਸ ਕੱਟੇ ਜਾਣ ਅਤੇ ਹੱਥ ਤੇ ਟਿਕਾਏ ਜਾਣ ਦਾ ਜਿਕਰ ਹੈ। ਸ਼ਬਦ ਇਸ ਤਰਾਂ ਹਨ -- 

ਬਾਬਾ ਜੀ ਦਾ ਸਿਰ ਲੱਥਾ ਵੇਖ ਕੇ ਇਕ ਸਿੰਘ ਨੇ ਆਖਿਆ -,ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਕਿ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਧਰਨਾ ਹੈ।..." ਲੱਥੇ ਹੋਏ ਸੀਸ ਵਿਚੋਂ ਆਵਾਜ ਆਈ ਕਿ ਸਿੰਘ ਦਾ ਪ੍ਰਣ ਤੋੜ ਨਿਭੇਗਾ। ਧੜ ਹਿੱਲਿਆ ਖੰਡਾ ਅੱਗੇ ਹੀ ਹੱਥ ਵਿਚ ਸੀ। ਅਨੋਖੇ ਹੀ ਜੀਵਨ ਵਿਚ ਬਾਬਾ ਜੀ ਖੜ੍ਹੇ ਹੋ ਗਏ। ਸੀਸ ਖੱਬੀ ਤਲੀ ਤੇ ਰੱਖ ਲਿਆ ਸੱਜੇ ਹੱਥ ਨਾਲ ਖੰਡੇ ਨਾਲ ਐਸੀ ਵਾਢੀ ਪਾਈ ਕਿ ਗਿਲਜੇ ਤੋਬਾ ਤੋਬਾ ਕਰਦੇ ਮੈਦਾਨ ਛੱਡ ਕੇ ਭੱਜ ਤੁਰੇ। ......ਬਾਬਾ ਜੀ ਨੇ ਸੀਸ ਤਲੀ ਤੇ ਰੱਖ ਕੇ ਰਾਮਸਰ ਤੋਂ ਅੱਗੇ ਲੰਘ ਸੁਧਾਸਰ ਦੀਆਂ ਪਰਕਰਮਾ ਵਿਚ ਸਤਿਗੁਰੂ ਰਾਮਦਾਸ ਜੀ ਦੀ ਹਜੂਰੀ ਵਿੱਚ ਸੀਸ ਭੇਟ ਰੱਖੀ।.....

  ਹੋਰ ਇਤਿਹਾਸਕਾਰਾਂ ਜਿਵੇਂ ਡਾ ਗੰਡਾ ਸਿੰਘ, ਖੁਸ਼ਵੰਤ ਸਿੰਘ ,ਪ੍ਰਿੰ ਸਤਬੀਰ ਸਿੰਘ ਆਦਿ ਸ਼ਹੀਦ ਦੀਪ ਸਿੰਘ ਜੀ ਦੇ ਸਿਦਕ ਅਤੇ ਬਹਾਦਰੀ ਦੀ ਗੱਲ ਕਰਦੇ ਹਨ , ਪਰ ਉਹਨਾਂ ਦੇ ਸੀਸ ਹੱਥ ਤੇ ਰੱਖਣ ਦੀ ਗੱਲ ਨੂੰ ਸਿਰਫ ਰੂਪਕ ਤੌਰ ਤੇ ਸੀਸ ਭੇਟ ਕਰਨ ਦੇ ਅੰਦਾਜ਼ ਵਿੱਚ ਹੀ ਲਿਆ ਹੈ। ਅਸਲੀ ਇਤਿਹਾਸਕ ਪੱਖ ਦੇ ਤੌਰ ਤੇ ਨਹੀਂ ।

ਇਸ ਤਰਾਂ ਵੱਖ ਵੱਖ ਲਿਖਾਰੀਆਂ ਅਤੇ ਵਿਦਵਾਨਾਂ ਨੇ ਆਪੋ ਆਪਣੇ ਅੰਦਾਜ ਵਿਚ ਇਸਦੀ ਵਿਆਖਿਆ ਕੀਤੀ ਹੈ। ਜਿਸ ਥਾਂ ਪਰਕਰਮਾ ਵਿਚ ਸੀਸ ਡਿੱਗਿਆ ਸੀ, ਉੱਥੇ ਸ਼੍ਰੋਮਣੀ ਕਮੇਟੀ ਵਲੋਂ ਲਿਖਵਾਏ ਗਏ ਇਤਿਹਾਸ ਵਿੱਚ ਵੀ ਪੂਰਾ ਸੀਸ ਕੱਟਿਆ ਜਾਣਾ ਅਤੇ ਹੱਥ ਤੇ ਰੱਖ ਕੇ ਲੜੇ ਜਾਣਾ ਲਿਖਿਆ ਹੈ।  ......ਸਾਡੇ ਇਤਿਹਾਸ ਨੂੰ ਵਿਗਿਆਨਕ ਅੰਦਾਜ ਵਿੱਚ ਪਹਿਲੀ ਗੱਲ ਕਿਸੇ ਨੇ ਲਿਖਿਆ ਹੀ ਨਹੀਂ, ਜੇ ਕੋਈ ਕੋਸ਼ਿਸ਼ ਕਰੇਗਾ ਵੀ ਤਾਂ ਸ਼ਰਧਾਲੂਆਂ ਨੇ ਉਸਦੀ ਮੰਨਣੀ ਕਿੱਥੇ ਹੈ ?? ਉਸਦਾ ਭਰਵਾਂ ਵਿਰੋਧ ਹੋਏਗਾ। ਸਿੱਖ ਕੌਮ ਦੇ ਇਹ ਏਜੰਡੇ ਵਿਚ ਹੀ ਨਹੀਂ ਕਿ ਇਤਿਹਾਸ ਨੂੰ ਵਧੀਆ ਢੰਗ ਨਾਲ ਲਿਖਾ ਕੇ ਸੰਭਾਲਿਆ ਜਾਵੇ। ਸਗੋਂ ਵਿਰੋਧੀਆਂ ਦੇ ਵੰਡ ਪਾਊ ਏਜੰਡੇ ਦਾ ਸ਼ਿਕਾਰ ਹੋ ਕੇ ਸਿੱਖ ਇੱਕ ਦੂਜੇ ਨਾਲ ਬਹੁਤ ਛੋਟੇ ਮਸਲੇ ਤੇ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਨ। 

ਅਸਲ ਵਿਚ ਜਿਵੇਂ ਅਸੀਂ ਲੇਖ ਦੇ ਆਰੰਭ ਵਿਚ ਹੀ ਕਿਹਾ ਹੈ ਕਿ ਗੁਰਮਤਿ ਤਾਂ ਹਰੇਕ ਸਿੱਖ ਤੋਂ ਸੀਸ ਮੰਗਦੀ ਹੈ। ਗੁਰੂ ਨਾਨਕ ਨੇ ਹੀ ਆਖਿਆ ਸੀ  

ਜਉ ਤਉ ਪ੍ਰੇਮ ਖੇਲਣ ਕਾ ਚਾਉ ।।

ਸਿਰੁ ਧਰਿ ਤਲੀ ਗਲੀ ਮੇਰੀ ਆਉ ।

ਇਤੁ ਮਾਰਗਿ ਪੈਰੁ ਧਰੀਜੈ।।

ਸਿਰੁ ਦੀਜੈ ਕਾਣਿ ਨ ਕੀਜੈ ।।.............(ਪੰਨਾ ੧੪੧੨,  ਸਲੋਕ ਵਾਰਾਂ ਤੇ ਵਧੀਕ ।।ਮਹਲਾ ੧)

ਇਸੇ ਤਰਾਂ ਇੱਕ ਹੋਰ ਥਾਂ ਫੁਰਮਾਨ ਹੈ --

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ।।.........(ਪੰਨਾ ੧੧੧੪, ਤੁਖਾਰੀ ਛੰਤ ਮਹਲਾ ੪)

ਸਿੱਖੀ ਹੈ ਹੀ ਪ੍ਰੇਮ ਦੀ ਖੇਡ। ਇੱਥੇ ਪਹਿਲਾਂ ਮਰਨਾ ਕਬੂਲ ਕਰਨ ਦਾ ਹੁਕਮ ਹੈ। ਸਤਿਗੁਰੂ ਨਾਲ ਪ੍ਰੇਮ ਹੋਣ ਤੇ ਇੱਕ ਸਿੱਖ ਆਪਣੇ ਪਰਿਵਾਰ, ਧਨ ਦੌਲਤ, ਅਤੇ ਇੱਥੋਂ ਤੱਕ ਕਿ ਆਪਣੇ ਸਰੀਰ ਦਾ ਵੀ ਮੋਹ ਨਹੀਂ ਕਰਦਾ। ਉਸਨੂੰ ਆਪਣਾ ਸਰੀਰ ਭੇਟ ਕਰਕੇ  ਗੁਰੂ ਦੀ ਖੁਸ਼ੀ ਮਿਲਣੀ ਬਹੁਤ ਸਸਤਾ ਸੌਦਾ ਲੱਗਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਦੀਪ ਸਿੰਘ ਜੀ ਦੀ ਬਹਾਦਰੀ ਦੇਖ ਕੇ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਵੀ ਦਿੱਤਾ ਸੀ। ਲੋੜ ਹੈ ਅਸੀਂ ਸ਼ਹੀਦਾਂ ਦਾ ਸਤਿਕਾਰ ਕਰੀਏ ਅਤੇ ਉਹਨਾਂ ਤੋਂ ਗੁਰੂ ਪ੍ਰਤੀ ਪ੍ਰੇਮ ਅਤੇ ਸਿਦਕ ਰੱਖਣਾ ਸਿੱਖੀਏ। ਉਹਨਾਂ ਨਾਲ ਬੇਲੋੜੀਆਂ ਕਰਾਮਾਤਾਂ ਨਾ ਜੋੜਦੇ ਰਹੀਏ।

ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਤੇ ਹੋ ਰਹੇ ਕਰਮ ਕਾਂਡ :-- ਸ਼ਹੀਦਾਂ ਦਾ ਸਤਿਕਾਰ ਕਰਨਾ ਮੁਬਾਰਕ ਹੈ, ਜਰੂਰ ਕਰਨਾ ਚਾਹੀਦਾ ਹੈ। ਪਰ ਅੱਜ ਜੋ ਹੋ ਰਿਹਾ ਹੈ, ਮੁਆਫ ਕਰਨਾ ,ਉਸ ਵਿੱਚ ਸਿੱਖੀ ਦੀ ਰੂਹ ਹੀ ਨਜਰ ਨਹੀਂ ਆ ਰਹੀ। ਜਿੱਥੇ ਕੁਝ ਸ਼ਰਧਾਲੂ ਉਹਨਾਂ ਨੂੰ ਗੁਰੂ ਸਾਹਿਬਾਨ ਤੋਂ ਵੀ ਵਧੇਰੇ ਸਤਿਕਾਰ ਦੇਣ ਲੱਗ ਪਏ ਹਨ। ਉੱਥੇ ਉਹਨਾਂ ਦੇ ਨਾਮ ਤੇ ਬਣੀਆਂ ਥਾਵਾਂ ਤੇ ਗੁਰਦੁਆਰਿਆਂ ਨੂੰ ਇੱਛਾ ਪੂਰੀਆਂ ਕਰਨ ਵਾਲਾ ਸਥਾਨ ਪ੍ਰਚਾਰ ਕੇ ਸੰਗਤਾਂ ਦਾ ਇੱਕਠ ਹੋ ਰਿਹਾ ਹੈ। ਕੋਈ ਸ਼ਹੀਦਾਂ ਦੇ ਪਹਿਰੇ ਬਾਬਤ ਗੱਲ ਕਰਦਾ ਹੈ। ਅਤੇ ਕੁਝ ਸਮੇਂ ਤੋਂ ਇੱਕ ਨਵੀਂ ਪਿਰਤ ਚੌਪਹਿਰੇ ਦੀ ਸ਼ੁਰੂ ਹੋ ਗਈ ਹੈ। ਬਾਣੀ ਜਿੰਨੀ ਮਰਜ਼ੀ ਪੜ੍ਹੋ, ਜਿਹੜੀ ਮਰਜੀ ਅਤੇ ਜਿਹੜੇ ਮਰਜੀ ਸਮੇਂ ਪੜ੍ਹੋ, ਕੋਈ ਇਤਰਾਜ ਨਹੀਂ। ਖੁਸ਼ੀ ਅਤੇ ਸੰਤੁਸ਼ਟੀ ਦੀ ਗੱਲ ਹੈ ਪਰ ਉਸ ਨਾਲ ਆਪਣੀਆਂ ਦੁਨਿਆਵੀ ਮੰਗਾਂ ਪੂਰੀਆਂ ਹੋਣ ਨੂੰ ਜੋੜ ਲੈਣਾ ਠੀਕ ਨਹੀਂ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਅੰਮ੍ਰਿਤ ਵੇਲੇ ਤੋਂ ਤੋੜਨ ਦੀ ਸਾਜਿਸ਼ ਤਹਿਤ ਚੌਪਹਿਰੇ ਸ਼ੁਰੂ ਕੀਤੇ ਗਏ ਹਨ। ਕਾਰਨ ਜੋ ਵੀ ਹੋਵੇ, ਸਿੱਖਾਂ ਦਾ ਵੱਡਾ ਹਿੱਸਾ ਇਸ ਨਵੇਂ ਕਰਮ ਕਾਂਡ ਵੱਲ ਰੁਚਿਤ ਹੋ ਗਿਆ ਹੈ। ਕਿਉਂਕਿ ਗੁਰਬਾਣੀ ਦਾ ਆਪ ਅਧਿਐਨ ਕਰਨਾ ਅਤੇ ਉਸਨੂੰ ਜੀਵਨ ਵਿਚ ਕਮਾਉਣ ਦੇ ਔਖੇ ਕੰਮ ਨਾਲੋਂ ਅਜਿਹੇ ਕਰਮ ਕਾਂਡ ਕਰਨੇ ਸੌਖੇ ਲੱਗਦੇ ਹਨ। ਵਾਹਿਗੁਰੂ ਮਿਹਰ ਕਰੇ। ਸਾਨੂੰ ਗੁਰਬਾਣੀ ਦੀ ਸੋਝੀ ਬਖਸ਼ੇ ਅਤੇ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਆ ਜਾਵੇ।