ਨਵਾਂ ਸਾਲ ਮੁਬਾਰਕ (ਕਵਿਤਾ)

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੱਚੀ ਤਾਂ ਲੈ ਗਿਆ ਰੋੜ੍ਹ ਕੇ ਸਾਡੇ ਸੁਪਨੇ ਸੱਧਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।

ਮੰਨਦੇ ਹਾਂ ਕਿ ਕੁਦਰਤ ਕਹਿਰ ਜਿਹਾ ਢਾਹ ਜਾਂਦੀ ਹੈ,
ਸਾਡੇ ਸਾਇੰਸ, ਤਰੱਕੀਆਂ ਵਾਲੇ ਨਸ਼ੇ ਨੂੰ ਲਾਹ ਜਾਂਦੀ ਹੈ।
ਪਰ ਅਸੀਂ ਵੀ ਕਿਹੜਾ ਕੁਦਰਤ ਦੇ ਨਾਲ ਘੱਟ ਕਰਦੇ ਹਾਂ,
ਅਸੀਂ ਆਪਣੀ ਲੋਭ ਗੰਡਾਸੀ, ਉਹਦੇ ਗਲ ਧਰਦੇ ਹਾਂ।
ਅਸੀਂ ਕੁਦਰਤ ਬਖਸ਼ੇ ਤੋਹਫਿਆਂ ਦੀਆਂ ਕਦ ਪਾਈਆਂ ਕਦਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।
ਪੱਚੀ ਤਾਂ ਲੈ ਗਿਆ ਰੋੜ੍ਹ ਕੇ ਸਾਡੇ ਸੁਪਨੇ ਸੱਧਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।

ਅਸੀਂ ਬਿਪਤਾ ਪਈ ’ਤੇ ਬਣ ਜਾਂਦੇ ਹਾਂ ਬੜੇ ਸਿਆਣੇ,
ਪਰ ਅੱਗੋਂ ਪਿੱਛੋਂ ਜਿਉਂਦੇ ਹਾਂ ਬਣ ਨਿੱਕੇ ਨਿਆਣੇ।
ਅਸੀਂ ਪੱਕੇ ਹੱਲ ਨੀਂ ਕਰਦੇ ਕਮੀਆਂ, ਘਾਟਾਂ ਦੇ ਲਈ,
ਅਸੀਂ ਕਦੇ ਨੀਂ ਬਹਿ ਕੇ ਸੋਚਿਆ ਕਾਲੀਆਂ ਰਾਤਾਂ ਦੇ ਲਈ,
ਕੀ ਕਰੂ ਸਮਾਜ ਇਕੱਲਾ, ਪਾਵੇ ਨਾ ਸਰਕਾਰ ਜੇ ਨਦਰਾਂ।
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।
ਪੱਚੀ ਤਾਂ ਲੈ ਗਿਆ ਰੋੜ੍ਹ ਕੇ ਸਾਡੇ ਸੁਪਨੇ ਸੱਧਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।


ਕਿਵੇਂ ਕਰੀਏ ਵਾਤਾਵਰਨ, ਅਵਾਰਾ ਪਸ਼ੂਆਂ ਦਾ ਹੱਲ,
ਕਿਵੇਂ ਰੋਕੀਏ ਚਿੱਟਾ ਜੇ ਬਚਾਉਣਾ ਆਪਣਾ ਹੈ ਕੱਲ੍ਹ।
ਕਿਵੇਂ ਫਸਲੀਂ, ਪਾਣੀ ਜ਼ਹਿਰਾਂ ਦਾ ਪ੍ਰਕੋਪ ਰੋਕੀਏ,
ਕਿਵੇਂ ਮਿਲਾਵਟਖੋਰ, ਬਲੈਕੀਏ, ਏਜੰਟ ਤੇ ਮੰਗਤੇ ਠੋਕੀਏ।
ਕਿਵੇਂ ਭ੍ਰਿਸ਼ਟ, ਚੋਰ ਤੇ ਠੱਗਾਂ ਦੇ ਰਲ ਫੇਰੀਏ ਬੱਦਰਾਂ।
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।
ਪੱਚੀ ਤਾਂ ਲੈ ਗਿਆ ਰੋੜ੍ਹ ਕੇ ਸਾਡੇ ਸੁਪਨੇ ਸੱਧਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।

ਨਾ ਫੋਕੀ ਮੁਬਾਰਕ ਨਾਲ ਭੁੱਖੇ ਢਿੱਡ ਭਰ ਹੋਣੇ ਨੇ,
ਨਾ ਬੇਰੁਜ਼ਗਾਰੀ ਦੁੱਖੜੇ ਏਦਾਂ ਹਰ ਹੋਣੇ ਨੇ।
ਨਾ ਗੱਲੀਂ ਬਾਤੀਂ ਵਿਦੇਸ਼ ਜਾਂਦਾ ਕੋਈ ਰੋਕ  ਹੋਣਾ ਹੈ,
ਨਾ ਫਰੀ ਦੀ ਬਿਜਲੀ, ਕਣਕ, ਸਫਰ ਨੇ ਰੰਗ ਲਾਉਣਾ ਹੈ।
ਸੁੱਖ ਮੰਗੀਏ ਸੁਣਨੀਆਂ ਪੈਣ ਕਦੇ ਨਾ ਦੁੱਖ ਦੀਆਂ ਖਬਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।
ਪੱਚੀ ਤਾਂ ਲੈ ਗਿਆ ਰੋੜ੍ਹ ਕੇ ਸਾਡੇ ਸੁਪਨੇ ਸੱਧਰਾਂ,
ਆਓ ਮੰਗੀਏ ਦੁਆਵਾਂ ਛੱਬੀ ਲਈ ਨਾ ਲੱਗਣ ਨਜ਼ਰਾਂ।