ਪੋਹ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ (ਖ਼ਬਰਸਾਰ)


ਕੈਲਗਰੀ  --   ਈ ਦੀਵਾਨ ਸੋਸਾਇਟੀ ਕੈਲਗਰੀ ਵਲੋਂ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ, ਇਹਨਾਂ ਦਿਨਾਂ ਦੀ ਕੌਮੀ ਮਹੱਤਤਾ ਦਾ ਜਿਕਰ ਕੀਤਾ। ਅਮਿਤੋਜ ਕੌਰ ਟੋਰਾਂਟੋ ਨੇ ਸ਼ਬਦ ਕ੍ਰਿਪਾ ਨਿਧਿ ਬਸਹੁ ਹਰਿ ਨੀਤ।ਅਤੇ ਬ੍ਰਿਜਮੰਦਰ ਕੌਰ ਜੈਪੁਰ ਨੇ ਸ਼ਬਦ ਆਦਿ ਗੁਰ ਏ ਨਮਹ।। ਜੁਗਾਦਿ ਗੁਰ ਏ ਨਮਹ। ਸੁਣਾ ਕੇ ਗੁਰਮਤਿ ਵਾਤਾਵਰਣ ਤਿਆਰ ਕੀਤਾ।
ਰਚਨਾਵਾਂ ਦੇ ਦੌਰ ਵਿੱਚ, ਜਲੰਧਰ ਤੋਂ ਆਏ ਕੁਲਵਿੰਦਰ ਸਿੰਘ ਗਾਖਲ ਨੇ ਗੀਤ;ਮੇਰੇ ਕਲਗੀਆਂ ਵਾਲੇ ਪ੍ਰੀਤਮ ਜੀ, ਚਮਕੌਰ ਗੜ੍ਹੀ ਵਿੱਚ ਆਏ
ਸੀ ਗਾ ਕੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਡਾ ਜਗਦੀਪ ਕੌਰ ਮਲੇਰਕੋਟਲਾ ਨੇ ਚਮਕੌਰ ਸਾਹਿਬ ਦਾ ਸਾਕਾ, ਲੰਮੀ ਸਟੇਜੀ ਕਵਿਤਾ ਰਾਹੀਂ
ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ। ਕਵੀਸ਼ਰੀ ਰੰਗ ਵਿਚ ਟੋਰਾਂਟੋ ਤੋਂ ਪ੍ਰੇਮ ਸਿੰਘ ਅਤੇ ਪਵਿੱਤਰ ਸਿੰਘ ਨੇ ਔਹ ਵੇਖੋ ਦਸ਼ਮੇਸ਼ ਦੇ ਦੂਲ੍ਹੇ, ਦੇਸ਼ ਤੋਂ ਜਿੰਦ
ਘੁਮਾ ਗਏ ਦੋ ਕਵਿਤਾ ਪੇਸ਼ ਕੀਤੀ। ਮਹਾਨ ਪੰਥਕ ਕਵੀ ਸੁਜਾਨ ਸਿੰਘ ਸੁਜਾਨ ਟੋਰਾਂਟੋ ਜੀ ਨੇ ਚਮਕੌਰ ਦੀ ਜੰਗ ਦੇ ਦ੍ਰਿਸ਼, ਆਪਣੀ ਕਵਿਤਾ ਰਾਹੀਂ
ਰੂਪਮਾਨ ਕਰ ਦਿੱਤੇ। ਗੁਰਨਾਮ ਕੌਰ ਕੈਲਗਰੀ ਨੇ ਦਾਦੀ ਪਈ ਲੋਰੀਆਂ ਦੇਵੇ, ਲਾਲਾਂ ਪਿਆਰਿਆਂ ਨੂੰ ਸੁਣਾ ਕੇ ਸਾਕਾ ਸਰਹੰਦ ਦੀ ਯਾਦ ਤਾਜ਼ਾ
ਕੀਤੀ। ਸਿਆਟਲ ਤੋਂ ਅਵਤਾਰ ਸਿੰਘ ਆਦਮਪੁਰੀ ਨੇ ਗੀਤ ਕਲਮਾਂ ਕੀ ਲੇਖਾ ਲਿਖਣੈ, ਉਸਦੇ ਉਪਕਾਰਾਂ ਦਾ ਰਾਹੀਂ ਸਰਬੰਸ ਦਾਨੀ ਗੁਰੂ
ਗੋਬਿੰਦ ਸਿੰਘ ਜੀ ਦੇ ਉਪਕਾਰਾਂ ਨੂੰ ਯਾਦ ਕੀਤਾ। ਇਟਲੀ ਤੋਂ ਬਲਕਾਰ ਸਿੰਘ ਬੱਲ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ਅਸੀਂ ਕਰੀਏ
ਨਾ ਈਨ ਪ੍ਰਵਾਨ ਸੂਬਿਆ ਗਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਦਲੇਰੀ ਦਾ ਵਰਨਣ ਕੀਤਾ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ ਸਾਜਾਂ ਨਾਲ ਦੋ
ਗੀਤ ਕੀਤੈ ਸੂਬੇ ਸਾਹਮੇਂ ਪੇਸ਼, ਫੜ ਨਿੱਕੇ ਨਿੱਕੇ ਬਾਲਾਂ ਨੂੰ ਅਤੇ ਹੰਝੂਆਂ ਦੇ ਦੀਵੇ ਬਾਲ ਕੇ, ਮੈਂ ਆਰਤੀ ਲਾਲਾਂ ਦੀ ਗਾਵਾਂ ਹਾਰਮੋਨੀਅਮ ਨਾਲ
ਗਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਜਦਾ ਕੀਤਾ। ਭੋਲਾ ਸਿੰਘ ਚੌਹਾਨ ਕੈਲਗਰੀ ਨੇ ਕਵੀਸ਼ਰੀ ਅੰਦਾਜ ਵਿਚ ਕਵਿਤਾਂ ਚਰਚੇ ਇਤਿਹਾਸ ਕਰੂਗਾ,
ਸਿੱਖਾਂ ਸਰਦਾਰਾਂ ਦੇ ਚੜ੍ਹਦੀ ਕਲਾ ਵਿਚ ਸੁਣਾਈ । ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਗ਼ਜ਼ਲ ਉਹ ਤਾਂ ਵੀ ਨਾ ਡੋਲੀ ਰਦੀਫ ਨਾਲ ਸੁਣਾ ਕੇ
ਮਾਤਾ ਗੁਜਰੀ ਜੀ ਤੇ ਆਏ ਸੰਕਟਾਂ ਵਿਚ ਵੀ ਉਹਨਾਂ ਦੀ ਅਡੋਲਤਾ ਦਾ ਜ਼ਿਕਰ ਖੂਬਸੂਰਤ ਸ਼ਬਦਾਂ ਵਿੱਚ ਕੀਤਾ। ਜਸਵੰਤ ਸਿੰਘ ਸੇਖੋਂ ਕਿਸੇ ਕਾਰਨ
ਜੁੜ ਨਹੀਂ ਸਕੇ। ਦਿਲਚਸਪ ਗੱਲ ਇਹ ਸੀ ਕਿ ਇਸ ਕਵੀ ਦਰਬਾਰ ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਬੱਚੇ ਵੀ ਹਾਜਰ ਹੋਏ
ਸਨ। 9 ਸਾਲਾਂ ਦੇ ਖਾਲਸਈ ਬਾਣੇ ਚ ਸਜੇ ਸਗਮ ਸਿੰਘ ਅਰੋੜਾ ਨੇ ਆਪਣੇ ਪੜਨਾਨਾ ਜੀ ਦੀ ਲਿਖੀ ਕਵਿਤਾ ਸਬਰ ਬਨਾਮ ਜਬਰ ਵਧੀਆ
ਪੇਸ਼ਕਾਰੀ ਨਾਲ ਸੁਣਾਈ। ਰਹਿਤਪ੍ਰੀਤ ਕੌਰ ਟੋਰਾਂਟੋ ਨੇ ਬੁਲੰਦ ਅਵਾਜ਼ ਵਿੱਚ ਸੂਬੇ ਦੇ ਦਰਬਾਰ ਚ ਜਾ ਕੇ, ਗੱਜ ਕੇ ਫਤਹਿ ਬੁਲਾਇਓ ਸੁਣਾ ਕੇ
ਜੋਸ਼ ਭਰ ਦਿੱਤਾ। ਕੋਮਲਪ੍ਰੀਤ ਕੌਰ ਪਟਿਆਲਾ ਨੇ ਇੱਕ ਖੁਲ੍ਹੀ ਕਵਿਤਾਂ 13 ਪੋਹ ਦੀ ਠੰਢੀ ਸਵੇਰ ਸੁਣਾਈ। ਵਰਨੂਰ ਕੌਰ ਅਤੇ ਸਿਦਕ ਸਿੰਘ
ਗਰੇਵਾਲ ਨੇ ਛੋਟੇ ਸਾਹਿਬਜ਼ਾਦਿਆਂ ਤੇ ਕਵਿਤਾਵਾਂ ਆਪਣੇ ਅੰਦਾਜ਼ ਵਿੱਚ ਸੁਣਾਈਆਂ। ਨਿੱਕੀ ਨੂਰ ਕੌਰ ਗਰੇਵਾਲ ਨੇ ਪੰਜਾਬੀ ਪੈਂਤੀ ਨੂੰ ਸਿੱਖੀ
ਅੰਦਾਜ਼ ਵਿਚ ਸੁਣਾ ਕੇ ਸਭ ਦਾ ਮਨ ਮੋਹ ਲਿਆ। ਮੋਹਕਮ ਸਿੰਘ ਚੌਹਾਨ ਨੇ ਜਦੋਂ ਸ਼ਬਦਾਂ ਦੀ ਪਕੜ ਤੋਂ ਪਰ੍ਹੇ ਪਾਤਸ਼ਾਹ ਕਵਿਤਾ ਸੁਣਾਈ ਤਾਂ
ਸਰੋਤਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਣਗਿਣਤ ਉਪਕਾਰ ਯਾਦ ਕਰਵਾ ਦਿੱਤੇ। ਡਾ ਕਾਬਲ ਸਿੰਘ ਜੀ ਅਤੇ ਸ. ਮਿਲਖਾ ਸਿੰਘ ਜੀ ਨੇ
ਸੋਸਾਇਟੀ ਦੇ ਮੈਗਜ਼ੀਨ ਸਾਂਝੀ ਵਿਰਾਸਤ ਦੇ ਫਰਵਰੀ ਮਹੀਨੇ ਦੇ ਸਿੱਖ ਰਾਜ ਵਿਸ਼ੇਸ਼ ਅੰਕ ਬਾਰੇ ਜਾਣਕਾਰੀ ਦੇ ਕੇ ਇਸ ਲਈ ਰਚਨਾਵਾਂ ਭੇਜਣ
ਲਈ ਆਖਿਆ। ਕਵੀ ਦਰਬਾਰ ਵਿਚ ਮੇਜ਼ਬਾਨ ਦੀ ਸੇਵਾ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਅਤੇ ਸ. ਸੁਜਾਨ ਸਿੰਘ ਸੁਜਾਨ ਜੀ ਨੇ ਸਾਂਝੇ ਤੌਰ ਤੇ
ਬਾਖੂਬੀ ਨਿਭਾਈ। ਅੰਤ ਤੇ ਡਾ. ਬਲਰਾਜ ਸਿੰਘ ਨੇ ਸਭ ਦਾ ਧੰਨਵਾਦ ਕੀਤਾ।