ਸਿਰਜਣਧਾਰਾ ਦੀ ਮੀਟਿੰਗ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਰਹੀ
(ਖ਼ਬਰਸਾਰ)
ਲੁਧਿਆਣਾ -- ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕੀਤੀ। ਇਸ ਮੌਕੇ ਡਾ. ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ ਅਤੇ ਜਨਮੇਜਾ ਸਿੰਘ ਜੌਹਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਮੀਟਿੰਗ ਦੇ ਸ਼ੁਰੂ ਵਿਚ ਸਿਰਜਣਧਾਰਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਸਭਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਦੇ ਅਕਹਿ ਸਾਕੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਡਾ. ਗੁਲਜ਼ਾਰ ਪੰਧੇਰ ਅਤੇ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸੂਬਾ ਸਰਹਿੰਦ ਨੇ ਦਸਮੇਸ਼ ਪਾਤਸ਼ਾਹ ਦੇ ਸਾਹਿਬਜ਼ਾਦਿਆਂ 'ਤੇ ਬੇਸ਼ੱਕ ਕਹਿਰ ਢਾਅ ਕੇ ਜ਼ੁਲਮ ਦੀ ਹੱਦ ਮੁਕਾ ਦਿੱਤੀ, ਪਰ ਉਨ੍ਹਾਂ ਦੇ ਬੁਲੰਦ ਹੌਸਲੇ ਨੂੰ ਢਾਅ ਨਹੀਂ ਸਕਿਆ । ਕਵਿੱਤਰੀ ਇੰਦਰਜੀਤਪਾਲ ਕੌਰ ਨੇ ਚੋਜੀ ਪਾਤਸ਼ਾਹ ਦੇ ਸਿਦਕਵਾਨ ਬਾਲਾਂ ਨੂੰ ਕੋਟਿਨ ਕੋਟ ਨਮਨ ਕੀਤਾ । ਪ੍ਰੋ. ਰਣਜੀਤ ਸਿੰਘ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਭਰਪੂਰ ਲੇਖ ਪੜ੍ਹਿਆ। ਉਪਰੰਤ ਕਵੀ ਦਰਬਾਰ ਵਿਚ ਭਾਗ ਲੈਂਦੇ ਹੋਏ ਅਮਰਜੀਤ ਸ਼ੇਰਪੁਰੀ ਨੇ ਆਪਣਾ ਗੀਤ ਵੀਰ ਯੋਧਿਆਂ ਨੂੰ ਨਮਨ ਕੀਤਾ। ਇਸ ਮੌਕੇ ਗੀਤਕਾਰ ਕੁਲਦੀਪ ਦੁੱਗਲ, ਨਾਟਕਕਾਰ ਪਵਨ ਓਢਰ ਤੇ ਫ਼ਿਲਮ ਨਿਰਦੇਸ਼ਕ ਸੁਖਪਾਲ ਸਿੱਧੂ ਵੀ ਹਾਜ਼ਰ ਸਨ । ਅੰਤ ਵਿਚ ਰਵਿੰਦਰ ਭੱਠਲ ਨੇ ਤਰੰਨਮ ਵਿਚ ਸਾਹਿਬਜ਼ਾਦਿਆਂ ਦੀ ਬਹਾਦਰੀ ਭਰਪੂਰ ਆਪਣੀ ਨਜ਼ਮ ਪੜ੍ਹੀ ਅਤੇ ਆਏ ਸਭਨਾਂ ਦਾ ਧੰਨਵਾਦ ਵੀ ਕੀਤਾ।