ਭਾਰਤ ਦੇਸ਼ ਲਈ ਤਿੰਨ ਲੜਾਈਆਂ ਲੜਨ ਵਾਲਾ ਮਹਾਨ ਯੋਧਾ - ਨਾਇਕ ਜੋਗਿੰਦਰ ਸਿੰਘ ਲਧਾਈ ਕੇ
(ਲੇਖ )
ਜੰਗ ਦੀਆਂ ਗੱਲਾਂ ਜੰਗੀ ਯੋਧਿਆਂ ਦੇ ਮੂੰਹਾਂ ਤੋਂ ਸੁਣਨੀਆਂ ਜਿੰਨੀਆਂ ਅਚੰਭਿਤ ਕਰਨ ਵਾਲੀਆਂ ਹੁੰਦੀਆਂ ਹਨ। ਉਸ ਤੋਂ ਵੀ ਜਿਆਦਾ ਭਾਰਤੀ ਸੈਨਿਕਾਂ ਦੇ ਹੌਂਸਲੇ ਅਤੇ ਜਾਹੋਜਲਾਲ ਉੱਤੇ ਫਖਰ ਕਰਨ ਵਾਲੀਆਂ ਵੀ ਹੁੰਦੀਆਂ ਹਨ। ਅੱਜ ਕੈਪਟਨ ਜਸਵੰਤ ਸਿੰਘ ਅਤੇ ਹਵਲਦਾਰ ਸਤਨਾਮ ਸਿੰਘ ਲੰਗੇਆਣਾ ਦੀ ਮੌਜੂਦਗੀ ਵਿੱਚ ਸੰਨ 1962,1965 ਅਤੇ 1971 ਦੀ ਜੰਗ ਦੇ ਜੰਗਜੂ ਨਾਇਕ ਜੋਗਿੰਦਰ ਸਿੰਘ ਲਧਾਈ ਕੇ ਨਾਲ ਗੱਲਬਾਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੰਨ 1939 ਵਿੱਚ ਨਾਇਕ ਜੋਗਿੰਦਰ ਸਿੰਘ ਸਪੁੱਤਰ ਤਾਰਾ ਸਿੰਘ ਤੇ ਮਾਤਾ ਹਰਨਾਮ ਕੌਰ ਕੁੱਖੋਂ ਪਿੰਡ ਲਧਾਈ ਕੇ ਤਹਿਸੀਲ ਬਾਘਾਪੁਰਾਣਾ ਜ਼ਿਲਾ ਮੋਗਾ ਵਿਖੇ ਜਨਮੇ ਸਨ । ਜਿਨ੍ਹਾਂ ਦਾ ਵਿਆਹ ਮਾਤਾ ਕਰਤਾਰ ਕੌਰ ਜੀ ਨਾਲ ਹੋਇਆ। ਜਿਨ੍ਹਾਂ ਨੇ 1947 ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਆਪਣੇ ਅੱਖੀਂ ਦੇਖਿਆ ਅਤੇ ਪਿੰਡੇ ਉੱਤੇ ਹੰਡਾਇਆ। ਸੰਨ 1956 ਵਿੱਚ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਭਰਤੀ ਹੋ ਕੇ ਨਾਇਕ ਜੋਗਿੰਦਰ ਸਿੰਘ ਮੇਰਠ ਸੈਂਟਰ ਵਿਚੋਂ ਟ੍ਰੇਨਿੰਗ ਕਰਨ ਉਪਰੰਤ 01 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵਿੱਚ ਪੋਸਟਿੰਗ ਗਏ ।
ਨਾਇਕ ਜੋਗਿੰਦਰ ਸਿੰਘ ਲਧਾਈ ਕੇ
1962 ਦੀ ਭਾਰਤ ਚੀਨ ਦੀ ਜੰਗ ਵਿੱਚ ਹਿੱਸਾ ਲਿਆ ਅਤੇ ਬੋਮੋਡਿਲਾ ਪਹਾੜੀ ਦੀ ਰੱਖਿਆ ਕੀਤੀ। ਉਨ੍ਹਾਂ ਜਿਕਰ ਕੀਤਾ ਕਿ ਚੀਨੀ ਫੌਜ ਨੇ ਚਾਰਾਂ ਦਿਸ਼ਾਵਾਂ ਤੋਂ ਹੀ ਹਮਲਾ ਕਰ ਦਿੱਤਾ ਸੀ। ਭਾਰਤੀ ਸੈਨਿਕਾਂ ਦੀ ਘੱਟ ਗਿਣਤੀ ਦੇ ਬਾਵਜੂਦ ਵੀ ਉਨ੍ਹਾਂ ਦੇ ਹੌਂਸਲੇ ਬੁਲੰਦ ਸਨ। ਪਿੰਡ ਮਾਹਲਾ ਕਲਾਂ (ਮੋਗਾ) ਦੇ ਵਸਨੀਕ ਸੂਬੇਦਾਰ ਜੋਗਿੰਦਰ ਸਿੰਘ ਪਰਮਵੀਰ ਚੱਕਰ ਵਿਜੇਤਾ ਵੀ ਇਹਨਾਂ ਦੇ ਨਾਲ ਸਨ। ਸੰਨ 1963 ਨੂੰ 06 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਮੇਰਠ ਵਿਚ ਨਵੀਂ ਖੜੀ ਹੋਈ ਤਾਂ ਉਸ ਸਮੇਂ ਆਪ 6 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵਿੱਚ ਪੋਸਟਿੰਗ ਆ ਗਏ। ਆਪ ਇੱਕ ਆਹਲਾ ਦਰਜੇ ਦੇ ਇੰਸਟਰੱਕਟਰ ਹੋਣ ਦੇ ਨਾਲ ਨਾਲ ਹਰ ਪ੍ਰਕਾਰ ਦੀ ਸੈਨਿਕ ਕੁਸ਼ਲਤਾ ਵਿੱਚ ਨਿਪੁੰਨ ਸਨ। ਆਪ ਨੇ 6 ਸਿੱਖ ਐਲ ਆਈ ਵਿੱਚ ਬਹੁਤ ਸਾਰੇ ਸੈਨਿਕਾਂ ਨੂੰ ਟ੍ਰੇਨਿੰਗ ਦੇਕੇ ਯੁੱਧ ਕਲਾ ਵਿੱਚ ਨਿਪੁੰਨ ਕੀਤਾ। ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੰਨ 1965 ਵਿੱਚ ਭਾਰਤ ਪਾਕਿਸਤਾਨ ਯੁੱਧ ਵਿੱਚ ਉਨ੍ਹਾਂ ਨੇ ਇੱਕ ਸੈਕਸ਼ਨ ਕਮਾਂਡਰ ਬਣ ਕੇ ਅਨੇਕਾਂ ਪਾਕਿਸਤਾਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਸੁੰਦਰਬਣੀ ਦੇ ਨੇੜੇ ਕਾਲੀਧਾਰ ਪਹਾੜੀ ਉੱਤੇ ਲੱਗਭੱਗ ਤਿੰਨ ਸੌ ਵੀਹ ਪਾਕਿਸਤਾਨੀ ਸੈਨਿਕ ਕਬਜ਼ਾ ਕਰਕੇ ਬੈਠੇ ਸਨ। ਬਟਾਲੀਅਨ ਕਮਾਂਡਰ ਕਰਨਲ ਪੀ ਕੇ ਨੰਦ ਗੋਪਾਲ ਨੇ ਯੁੱਧ ਤਰਕੀਬ ਬਹੁਤ ਹੀ ਤਫਸੀਲ ਨਾਲ ਸਾਰੇ ਅਹੁਦੇਦਾਰਾਂ ਨਾਲ ਸਾਂਝੀ ਕੀਤੀ ਸੀ। ਬਟਾਲੀਅਨ ਸੂਬੇਦਾਰ ਮੇਜਰ ਦਇਆ ਸਿੰਘ ਨੇ ਜੁਆਨਾਂ ਵਿੱਚ ਜੋਸ਼ ਭਰਦਿਆਂ ਕਿਹਾ ਸੀ ਕਿ ਕਲਗੀਧਰ ਪਾਤਸ਼ਾਹ ਦੇ ਵੀਰ ਸਪੂਤੋ, ਕਾਲੀਧਾਰ ਪਹਾੜੀ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਹੈ ਅਤੇ ਕਲਗੀਧਰ ਪਿਤਾ ਦਾ ਕਥਨ ਨਿਸਚੇ ਕਰ ਆਪਣੀ ਜੀਤ ਕਰੋਂ ਨੂੰ ਪੂਰਾ ਕਰਕੇ ਹੀ ਦਮ ਲੈਣਾ ਹੈ। ਨਾਇਕ ਜੋਗਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬੋਲੇ ਸੋ ਨਿਹਾਲ , ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ ਅਤੇ ਧਰਤੀ ਕੰਬ ਰਹੀ ਸੀ। ਸਾਡੇ ਤੋਪਖਾਨੇ ਨੇ ਦੁਸ਼ਮਣਾਂ ਦੇ ਖੂਨ ਨਾਲ ਧਰਤੀ ਲਾਲ ਕਰ ਦਿੱਤੀ ਸੀ। 6 ਸਿੱਖ ਐਲ ਆਈ ਨੇ ਆਪਣੀ ਪਹਾੜੀ ਜਿੱਤਣ ਤੋਂ ਬਾਅਦ ਦੋ ਹੋਰ ਪਹਾੜੀਆਂ ਉੱਤੇ ਵੀ ਕਬਜਾ ਕਰ ਲਿਆ ਸੀ। ਕਰਨਲ ਪੀ ਕੇ ਨੰਦਗੋਪਾਲ ਨੇ ਜਿੱਤ ਦਾ ਪ੍ਰਤੀਕ ਤਿਰੰਗਾ ਲਹਿਰਾਇਆ ਅਤੇ ਰੇਡੀਓ ਸੈਟ ਜਰੀਏ ਬ੍ਰਿਗੇਡ ਕਮਾਂਡਰ ਸਾਹਿਬ ਨੂੰ ਕਿਹਾ , ਰਸਗੁੱਲਾ। ਬ੍ਰਿਗੇਡ ਕਮਾਂਡਰ ਨੇ ਬਟਾਲੀਅਨ ਨੂੰ ਲਿਖਤੀ ਮੁਬਾਰਕਬਾਦ ਭੇਜੀ ਅਤੇ ਸੈਨਿਕਾਂ ਦੇ ਜੋਸ਼ ਅਤੇ ਹਿੰਮਤ ਦੀ ਤਾਰੀਫ਼ ਕੀਤੀ। ਜਿਕਰਯੋਗ ਹੈ ਕਿ ਰਸਗੁੱਲਾ ਜਿੱਤ ਦਾ ਗੁਪਤ ਕੋਡ ਵਰਡ ਸੀ। ਉਨ੍ਹਾਂ ਅੱਗੇ ਦੱਸਿਆ ਕਿ 1971 ਵਿੱਚ ਜਦੋਂ ਉਹ ਪੈਨਸ਼ਨ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪੈਨਸ਼ਨ ਤੋਂ ਰੋਕ ਕੇ ਢਾਕਾ ਵਿੱਚ ਲੜਾਈ ਲਈ ਭੇਜਿਆ ਗਿਆ, ਜਿੱਥੇ 6 ਸਿੱਖ ਐਲ ਆਈ ਨੇ 31 ਬਲੋਚ ਨੂੰ ਹਰਾ ਕੇ ਯੁੱਧ ਬੰਦੀ ਬਣਾਇਆ ਅਤੇ ਉਨ੍ਹਾਂ ਦੀਆਂ ਕਈ ਨਿਸ਼ਾਨੀਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਹੀ ਤੰਬੂਆਂ ਵਿੱਚ ਰੱਖਿਆ ਗਿਆ ਸੀ ਤਾਂ ਉਹ ਕਹਿੰਦੇ ਸੀ ਕਿ ਇਹ ਤੰਬੂ ਅਸੀਂ ਭਾਰਤੀ ਫੌਜੀਆਂ ਵਾਸਤੇ ਲਾਏ ਸਨ ਕਿ ਭਾਰਤੀ ਫੌਜ ਨੂੰ ਕੈਦ ਕਰ ਕੇ ਰੱਖਾਂਗੇ। ਪਰ ਇਹਨਾਂ ਤੰਬੂਆਂ ਵਿੱਚ ਸਾਨੂੰ ਹੀ ਕੈਦੀ ਬਣਨਾ ਪੈ ਗਿਆ। ਨਾਇਕ ਜੋਗਿੰਦਰ ਸਿੰਘ ਦੀ ਨਿੱਜੀ ਪਰਿਵਾਰਿਕ ਬਾਰੇ ਜਾਣਕਾਰੀ ਦੌਰਾਨ ਉਨ੍ਹਾਂ ਦਾ ਇੱਕ ਬੇਟਾ ਹਰਬੰਸ ਸਿੰਘ ਭਾਰਤ ਦੇਸ਼ ਦੇ ਲੇਖੇ ਲਾਇਆ ਜੋ 12 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ। ਇੱਕ ਬੇਟਾ ਜਸਵਿੰਦਰ ਸਿੰਘ ਪੰਜਾਬ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ। ਇੱਕ ਬੇਟਾ ਜਗਦੀਸ਼ ਸਿੰਘ ਵਿਦੇਸ਼ ਹਾਗਕਾਂਗ ਵਿੱਚ ਸੈਂਟਰਲ ਹੈ ਦੋ ਬੇਟੇ ਕਸ਼ਮੀਰ ਸਿੰਘ, ਰਾਜਾਂ ਸਿੰਘ ਘਰੇਲੂ ਕੰਮ ਕਰਦੇ ਹਨ ਧੰਨ ਹੈ ਭਾਰਤ ਮਾਤਾ ਅਤੇ ਧੰਨ ਹਨ ਉਸ ਦੇ ਵੀਰ ਸਪੂਤ। ਅੰਤ ਵਿੱਚ ਨਾਇਕ ਜੋਗਿੰਦਰ ਸਿੰਘ ਨੇ ਕਿਹਾ ਕਿ ਮੈਂ ਲੜਾਈ ਤੋਂ ਬਾਅਦ 1972 ਵਿੱਚ ਪੈਨਸ਼ਨ ਆ ਗਿਆ। ਮੈਨੂੰ ਮੇਰੇ ਪੁਰਾਣੇ ਸਾਥੀ ਹਮੇਸ਼ਾ ਯਾਦ ਆਉਂਦੇ ਹਨ ਅਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਹਮੇਸ਼ਾ ਹੀ ਆਪਣੀ ਬਟਾਲੀਅਨ ਦਾ ਗੁਣਗਾਣ ਕਰਦਾ ਰਹਾਂ। ਇਸ ਮੌਕੇ ਹਾਜ਼ਰ ਕੈਪਟਨ ਜਸਵੰਤ ਸਿੰਘ ਅਤੇ ਹਵਲਦਾਰ ਸਤਨਾਮ ਸਿੰਘ ਲੰਗੇਆਣਾ ਨੇ ਨਾਇਕ ਜੋਗਿੰਦਰ ਸਿੰਘ ਵੀਰ ਯੋਧੇ ਦੀ ਲੰਬੀ ਜ਼ਿੰਦਗੀ ਲਈ ਪ੍ਰਮਾਤਮਾ ਅੱਗੇ ਕਾਮਨਾ ਕੀਤੀ।