ਜੁਗਨੂੰ ਵਾਗੂੰ ਮੈਂ ਵੀ ਲੜਿਆਂ, ਸਾਰੀ ਰਾਤ ਹਨੇਰੇ ਨਾਲ।
ਬਹੁਤ ਤਸੱਦਦ ਝੱਲਣ ਮਗਰੋਂ, ਹੋਇਆ ਮੇਲ ਸਵੇਰੇ ਨਾਲ।
ਇਹ ਤੇਰੇ ਮਨ ਵਹਿਮ ਪਿਆ ਸੀ, ਤੈਨੂੰ ਮੈਂ ਜਾਵਾਂਗਾ ਛੱਡ,
ਪਹਿਲਾਂ ਵੀ ਸੀ ਤੇ ਹੁਣ ਵੀ ਹਾਂ, ਮੈਂ ਦਿਲਦਾਰਾ ਤੇਰੇ ਨਾਲ
ਨੇਤਾ ਤੰਤਰ ਰਲ ਕੇ ਦੋਵੇਂ, ਜਨਤਾ ਦੀ ਕਰਦੇ ਹਨ ਲੁੱਟ,
ਜੀਣਾ ਹੋਇਆ ਸਭ ਦਾ ਮੁਸ਼ਕਿਲ, ਰਿਸ਼ਵਤ ਦੇ ਹੈ ਘੇਰੇ ਨਾਲ।
ਰਸਤੇ ਤੋਂ ਭਟਕਾਵਣ ਖਾਤਰ, ਰਾਤ ਹਨੇਰੀ ਕਰਦੀ ਕੰਮ,
ਇਕ ਜੁਗਨੂੰ ਬਣ ਰਾਹ ਦਸੇਰਾ, ਚਲਦਾ ਰਹਿੰਦਾ ਮੇਰੇ ਨਾਲ।
ਗੋਡੇ ਟੇਕ ਨਾ ਦੇਣੇ ਵੇਖੀਂ, ਦੁੱਖ ਮੁਸੀਬਤ ਅੱਗੇ ਹਾਰ,
ਇਕ ਦਿਨ ਤੇਰੀ ਜਿੱਤ ਹੋਵੇਗੀ, ਤੁਰਿਆ ਚੱਲ ਤੂੰ ਜੇਰੇ ਨਾਲ।