ਉਹ ਕੁੜੀ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: drtanda193@gmail.com
Phone: +61 412913021
Address:
Sydney Australia
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਕੁੜੀ
ਫੁੱਲਾਂ ਨੂੰ ਮਹਿਕਣਾ ਸਿਖਾਉਂਦੀ
ਪੰਛੀਆਂ ਨੂੰ
ਉੱਚੀਆਂ ਉਡਾਣਾਂ ਭਰਨਾ ਦੱਸਦੀ
ਆਪਣੇ ਸਤਰੰਗੇ ਦੁਪੱਟੇ ਨੂੰ ਲਹਿਰਾ ਸਾਗਰਾਂ ਦੀ ਭੁੱਖ ਮਿਟਾਉਂਦੀ
ਠਰੇ ਬਰਫੀਲੇ ਪ੍ਰਬਤਾਂ ਨੂੰ
ਆਪਣੀ ਧੁਖ਼ਦੀ ਹਿੱਕ ਚੋਂ ਨਿੱਘ ਵੰਡਦੀ
ਸੱਜਰੀ ਸਵੇਰ ਵਿਛਦੀ
ਤਾਂ ਤ੍ਰੇਲ ਤੁਪਕਿਆਂ ਨੂੰ
ਮੁਸਕਰਾਹਟਾਂ ਦੀ ਭਾਸ਼ਾ ਦੱਸਦੀ
ਰੰਗ ਖਲਾਰਦੀ ਪਹਿਲੀਆਂ ਰਿਸ਼ਮਾਂ ਨੂੰ ਲੈ ਕੇ
ਪੰਛੀਆਂ ਨੂੰ ਉੱਚੀਆਂ ਉਡਾਣਾਂ
ਭਰਨ ਲਈ
ਅਸਮਾਨ ਦੀ ਨੀਲੀ ਚਾਦਰ
ਖੋਲ੍ਹ ਕੇ ਦਿੰਦੀ
ਕੁੜੀ ਕਾਲੀਆਂ ਰਾਤਾਂ ਦੀਆਂ
ਤਰੰਗਾਂ ਵਿੱਚ
ਨਵੇਂ ਸੁਪਨਿਆਂ ਦੀ ਕਸ਼ੀਦਗੀ ਕਰ ਦੇਵੇ
ਅੱਲ੍ਹੜ ਮੁਟਿਆਰ
ਕੀ ਕੀ ਨਾ ਕਰਦੀ
ਤਿੱਖੀਆਂ ਨਜ਼ਰਾਂ ਨਾਲ
ਉਹ ਕੁਆਰੀਆਂ ਪੌਣਾਂ ਨੂੰ
ਉਹਨਾਂ ਦੇ ਰਾਜ਼ ਪੁੱਛਦੀ ਆਪਣੇ ਸਮਝਾਉਂਦੀ
ਨਦੀਏ ਨਹਾ
ਆਪਣੇ ਭਿੱਜੇ ਕੇਸ ਛੰਡਦੀ
ਤਾਂ ਬੱਦਲਾਂ ਨੂੰ ਕਾਲੀਆਂ ਘੋਰ ਘਟਾਵਾਂ ਨਸੀਬ ਹੁੰਦੀਆਂ
ਉਹਦੀ ਇੱਕ ਇੱਕ ਤੱਕਣੀ
ਸਮੁੰਦਰਾਂ ਦੀ ਗਹਿਰਾਈ ਮਿਣਦੀ
ਨਖ਼ਰਿਆਂ ਚ ਘੁਲੀ ਮੁਹੱਬਤ
ਗੱਭਰੂਆਂ ਦੇ ਸਾਹ ਗਿਣਦੀ
ਰੁੱਖਾਂ ਦੀਆਂ ਉਦਾਸੀਆਂ ਖੋਰਦੀ
ਉਹਦੇ ਨਰਮ ਪੋਟਿਆਂ ਦੀ ਹਰੇਕ ਛੋਹ
ਚੰਦ ਤਾਰਿਆਂ ਨੂੰ
ਉਹ ਆਪਣੇ ਅਣਛੁਹੇ ਅੰਗਾਂ ਚੋਂ ਅੰਗੜਾਈਆਂ ਬਖਸ਼ਦੀ
ਦਿਨ ਚੜਦੇ ਚਿੱਟੇ
ਉਹਦੇ ਹੱਸਦੇ ਦੰਦਾਂ ਨੂੰ ਦੇਖ ਦੇਖ
ਸਮੇਂ ਦੀ ਰਫ਼ਤਾਰ ਮਾਪਦੀ
ਨਦੀਆਂ ਦੀਆਂ ਲਹਿਰਾਂ ਦੇ ਸੰਤਾਪ ਸੁਣਦੀ
ਉਹਦੀ ਟੋਰ ਦੇਖ ਕੇ
ਅੰਬਰ ਵੀ ਝੁਕ ਜਾਵੇ
ਉਸਦਾ ਖਿੜ ਖਿੜ ਹੱਸਣਾ
ਪਿੰਡ ਨੂੰ ਜਾਂਦੇ ਰਾਹ ‘ਤੇ ਵੱਜਦਾ ਸ਼ਹਿਨਾਈ ਦਾ ਪਹਿਲਾ ਸੁਰ ਬਣਦਾ
ਕੁੜੀ ਮੁਸਕਰਾਹਟਾਂ ਨੂੰ ਅਰਥ ਦਿੰਦੀ
ਕਦਮਾਂ ਨਾਲ ਚੱਲਣ ਲਈ ਕਹਿੰਦੀ
ਮੌਸਮਾਂ ਦੇ ਮੱਥੇ ਤੇ
ਉਹਨਾਂ ਦੀ ਤਕਦੀਰ ਲਿਖਦੀ
ਧੁੱਪ ਦੇ ਤਿੱਖੇ ਤੀਰਾਂ ਨੂੰ
ਹੌਸਲੇ ਦੀ ਛਾਂ ਕਰਦੀ
ਉਹ ਹਨ੍ਹੇਰੀਆਂ ਨੂੰ ਨੱਚਣਾ ਸਿਖਾਵੇ
ਅਰਸ਼ੀ ਬਿਜ਼ਲੀਆਂ ਨੂੰ ਫ਼ੜ ਕੇ
ਰਾਤਾਂ ਚ ਵਿਯੋਗੇ ਦੀਵੇ ਜਗਾਵੇ
ਮਾਰੂਥਲੀ ਰੇਤਾ ਚ
ਚੁੱਪ ਬੀਜ਼ ਜਾਵੇ
ਸੁੰਨੇ ਸੀਨਿਆਂ ਚ
ਸਾਹਾਂ ਚੋਂ ਧੜਕਣਾਂ ਪਾਵੇ