ਪ੍ਰੀਖਿਆ ਦੇ ਸਿਲੇਬਸ ਦਾ ਵਿਸ਼ਲੇਸ਼ਣ
(ਲੇਖ )
ਪ੍ਰੀਖਿਆ ਜੀਵਨ ਦਾ ਜ਼ਰੂਰੀ ਅੰਗ ਹੈ। ਜੋ ਪ੍ਰੀਖਿਆਵਾਂ ਵਿੱਚੋਂ ਨਹੀਂ ਲੰਘਿਆ ਉਸਦੀ ਜ਼ਿੰਦਗੀ ਹੀ ਬੇ-ਰਸ ਹੈ।ਪ੍ਰੀਖਿਆ ਇੱਕ ਅਜਿਹੀ ਭੱਠੀ ਹੈ ਜਿਸ ਵਿੱਚ ਤਪ ਕੇ ਖ਼ਰਾ ਸੋਨਾ ਤਾਂ ਕੁੰਦਨ ਬਣ ਜਾਂਦਾ ਹੈ ਪਰ ਖੋਟਾ ਸੋਨਾ ਆਪਣੀ ਹੋਂਦ ਗੁਆ ਬੈਠਦਾ ਹੈ।ਅੱਜ ਕੱਲ੍ਹ ਕਿਸੇ ਵੀ ਖੇਤਰ ਵਿੱਚ ਨਾਮਣਾ ਖੱਟਣ ਲਈ ਵਿੱਦਿਅਕ ਪ੍ਰਾਪਤੀਆਂ ਜ਼ਰੂਰੀ ਹੋ ਗਈਆਂ ਹਨ।ਹਰ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਚੰਗੀ ਨੌਕਰੀ ਲੈਣਾ ਚਾਹੁੰਦਾ ਹੈ ।ਪ੍ਰਤੀਯੋਗਤਾ ਦੇ ਦੌਰ ਵਿੱਚ ਨੌਕਰੀ ਨੰਬਰਾਂ ਦੀ ਗੇਮ ਬਣ ਗਈ ਹੈ।ਜਿਸ ਦੇ ਕੋਲ ਜਿਆਦਾ ਨੰਬਰ, ਉਸ ਕੋਲ ਨੋਕਰੀ।ਕਈ ਵਾਰ ਹੁਸ਼ਿਆਰ ਵਿਦਿਆਰਥੀ ਵੀ ਘੱਟ ਨੰਬਰ ਆਉਣ ਕਾਰਣ ਫਾਡੀ ਰਹਿ ਜਾਂਦੇ ਹਨ।ਪ੍ਰੀਖਿਆ ਹਰੇਕ ਬੰਦੇ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਨਰਸਰੀ ਕਲਾਸ ਵਿੱਚ ਦਾਖ਼ਲਾ ਲੈਂਦੇ ਸਮੇਂ ਹੀ ਸਾਡਾ ਸਾਹਮਣਾ ਪ੍ਰੀਖਿਆ ਨਾਲ ਹੋ ਜਾਂਦਾ ਹੈ, ਜੋ ਕਿ ਕਾਲਜ ਅਤੇ ਯੂਨੀਵਰਸਿਟੀ ਦੇ ਬਾਅਦ ਵੀ ਚੱਲਦਾ ਰਹਿੰਦਾ ਹੈ। ਪ੍ਰੀਖਿਆਵਾਂ ਦਾ ਸਾਹਮਣਾ ਕਰੇ ਬਿਨ੍ਹਾ ਜ਼ਿੰਦਗੀ ਵਿਚ ਸਫ਼ਲ ਨਹੀਂ ਹੋਇਆ ਜਾ ਸਕਦਾ। ਚੰਗੇ ਅੰਕ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਬੁਲੰਦੀਆਂ ਛੂਹਣ ਵਿਚ ਸਫ਼ਲ ਹੋ ਜਾਂਦੇ ਹਨ। ਪ੍ਰਤੀਯੋਗਤਾ ਦੇ ਯੁੱਗ ਵਿਚ ਆਪਣੀ ਹੋਂਦ ਬਣਾਉਣ ਲਈ ਚੰਗੇ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋ ਗਏ ਹਨ। ਇਸ ਲਈ ਹਰੇਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਇਕਚਿੱਤ ਹੋ ਕੇ ਪ੍ਰੀਖਿਆ 'ਚੋਂ ਚੰਗੇ ਨੰਬਰ ਪ੍ਰਾਪਤ ਕਰੇ। ਇਸ ਲਈ ਸਭ ਤੋਂ ਪਹਿਲਾਂ ਪੜ੍ਹਾਈ ਕਰਨ ਦਾ ਮੰਤਵ ਸਪੱਸ਼ਟ ਹੋਣਾ ਚਾਹੀਦਾ ਹੈ। ਜਿਹੜੇ ਵਿਦਿਆਰਥੀ ਇਹ ਨਹੀਂ ਜਾਣਦੇ ਕਿ ਉਹ ਕਿਉਂ ਪੜ੍ਹ ਰਹੇ ਹਨ, ਉਨ੍ਹਾਂ ਦੀ ਹਾਲਤ ਉਸ ਟੀਮ ਵਾਂਗ ਹੈ ਜਿਹੜੀ ਗੋਲ ਬੌਕਸ ਤੋਂ ਬਿਨ੍ਹਾਂ ਫੁਟਬਾਲ ਖੇਡ ਰਹੀ ਹੋਵੇ। ਜਦੋਂ ਤੁਸੀ ਕੋਈ ਮਕਸਦ ਬਣਾ ਲੈਂਦੇ ਹੋ ਤਾਂ ਤੁਹਾਡਾ ਦਿਮਾਗ਼ ਹਰ ਪਲ ਉਸਦੇ ਬਾਰੇ ਸੋਚਦਾ ਰਹਿੰਦਾ ਹੈ, ਤਾਂ ਤੁਸੀਂ ਜ਼ਰੂਰ ਸਫ਼ਲ ਹੋ ਜਾਵੋਗੇ।ਇਸ ਲਈ ਅੱਜ ਹੀ ਆਪਣਾ ਮਕਸਦ ਇੱਕ ਕਾਗ਼ਜ਼ ਤੇ ਲਿਖ ਕੇ ਆਪਣੇ ਸਟੱਡੀ ਟੇਬਲ ਤੇ ਰੱਖ ਲਵੋ।
ਵੱਧ ਤੋਂ ਵੱਧ ਮੁਕਾਬਲਿਆਂ ਅਤੇ ਮਾਤਾ-ਪਿਤਾ ਦੀਆਂ ਆਸਾਂ ਦੇ ਵੱਧਦੇ ਬੋਝ ਵਿਚਾਲੇ ਅੱਜ-ਕੱਲ੍ਹ ਨੌਜਵਾਨਾਂ ਦੇ ਮਨ ਵਿੱਚ ਇਮਤਿਹਾਨਾਂ 'ਚ ਨਕਲ ਮਾਰਨ ਦੀ ਰੁੱਚੀ ਪ੍ਰਬਲ ਹੋ ਰਹੀ ਹੈ, ਜੋ ਕਿ ਇੱਕ ਮਾੜਾ ਰੁਝਾਨ ਹੈ। ਚੰਗੇ ਅੰਕ ਪ੍ਰਾਪਤ ਕਰਨ ਲਈ ਕੁੱਝ ਸੁਝਾਅ ਹਨ ਜੋ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਣਗੇ।
* ਆਪਣੀਆਂ ਪਾਠ ਪੁਸਤਕਾਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹੋ। ਕਲਾਸ ਵਿੱਚ ਹੋਣ ਵਾਲੇ ਟੈਸਟਾਂ ਨੂੰ ਵੀ ਗੰਭੀਰਤਾ ਨਾਲ ਲਵੋ।ਇਸ ਨਾਲ ਤੁਸੀਂ ਪ੍ਰੀਖਿਆ ਦੇ ਸੀਮਿਤ ਸਮੇਂ ਵਿਚ ਵੀ ਬੇਹਤਰ ਪ੍ਰਦਰਸ਼ਨ ਕਰਨ 'ਚ ਨਿਪੁੰਨ ਹੋ ਸਕੋਗੇ ਤੇ ਪ੍ਰੀਖਿਆ ਦੇਣ ਵੇਲੇ ਤੁਸੀ ਤਣਾਉ ਵੀ ਘੱਟ ਮਹਿਸੂਸ ਕਰੋਗੇ।
* ਖਾਸ ਤੱਥਾਂ ਅਤੇ ਪ੍ਰਸ਼ਨ ਉੱਤਰ ਨੂੰ ਯਾਦ ਰੱਖਣ ਲਈ ਚਿੱਤਰਾਂ ਜਾਂ ਗ੍ਰਾਫਿਕਸ ਦਾ ਸਹਾਰਾ ਲਵੋ।
* ਇਮਤਿਹਾਨ ਤੋਂ ਪਹਿਲਾਂ ਤਿਆਰੀ ਤੇ ਕਿਸੇ ਤਰ੍ਹਾਂ ਦੇ ਸ਼ੰਕੇ ਨੂੰ ਦੂਰ ਕਰਨ ਲਈ ਲੋੜੀਦਾਂ ਸਮਾਂ ਆਪਣੇ ਕੋਲ ਰੱਖੋ।
* ਵਧੀਆ ਜਿਹੀ ਸਮਾਂ ਸਾਰਣੀ ਬਣਾਉ।ਸਮਾਂ ਸਾਰਣੀ ਵਿਦਿਆਰਥੀ ਨੂੰ ਅਨੁਸ਼ਾਸਨ ਵਿਚ ਰੱਖਦੀ ਹੈ।ਤੁਸੀਂ ਹਰੇਕ ਵਿਸ਼ੇ ਨੂੰ ਟਾਈਮ ਦੇ ਸਕਦੇ ਹੋ।ਜਿਹੜੇ ਵਿਸ਼ੇ ਤੁਹਾਨੂੰ ਔਖੇ ਲੱਗਦੇ ਹਨ ਉਨ੍ਹਾਂ ਨੂੰ ਜ਼ਿਆਦਾ ਸਮਾਂ ਦਿਉ।ਸੌਖੇ ਵਿਸ਼ਿਆਂ ਨੂੰ ਘੱਟ ਸਮਾਂ ਦਿਉ।ਇਸ ਵਿੱਚ ਪੜ੍ਹਾਈ ਦੇ ਦੌਰਾਨ ਆਰਾਮ ਦੇ ਮਿੰਟ ਵੀ ਸ਼ਾਮਿਲ ਕਰੋ ਤੇ ਕੁਝ ਸਮਾਂ ਮਨੋਰੰਜਨ ਲਈ ਵੀ ਰਾਖਵਾਂ ਰੱਖੋ।
* ਸਿੱਧੇ ਬੈਠਕੇ ਪੜੋ। ਪੜ੍ਹਦੇ ਸਮੇਂ ਚੁਸਤ-ਦਰੁੱਸਤ ਰਹਿਣਾ ਬਹੁਤ ਜ਼ਰੂਰੀ ਹੈ।ਇਸ ਲਈ ਪੜ੍ਹਦੇ ਸਮੇਂ ਕੁਰਸੀ ਅਤੇ ਮੇਜ਼ ਦੀ ਵਰਤੋਂ ਕਰੋ।ਪੜ੍ਹਨ ਦੇ ਗ਼ਲਤ ਤਰੀਕਿਆਂ ਵਿਚ ਮੰਜੇ ਜਾਂ ਬੈੱਡ ਤੇ ਬੈਠ ਕੇ, ਬਿਸਤਰ ਵਿਚ ਬੈਠ ਕੇ ਜਾਂ ਕੁਰਸੀ ਤੇ ਟੇਢੇ-ਮੇਢੇ ਬੈਠ ਕੇ ਪੜ੍ਹਾਈ ਕਰਨਾ ਸ਼ਾਮਿਲ ਹੈ।ਪੜ੍ਹਨ ਸਮੇਂ ਆਪਣੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਣਾ ਅਤੇ ਲੱਤਾਂ ਨੂੰ ਸਮਾਨ ਅੰਤਰ ਫਰਸ਼ 'ਤੇ ਰੱਖਣ ਦੀ ਲੋੜ ਹੁੰਦੀ ਹੈ।
* ਪੜਦੇ ਸਮੇਂ ਲਿਖਤੀ ਨੋਟਿਸ ਬਣਾਉ। ਸੰਸਾਰ ਪ੍ਰਸਿੱਧ ਲਾਲਾ ਹਰਦਿਆਲ ਦਾ ਵਿਚਾਰ ਹੈ ਕਿ, “ਜੇਕਰ ਤੁਸੀਂ ਪੜਦੇ ਸਮੇਂ ਲ਼ਿਖਤੀ ਨੋਟਿਸ ਨਹੀ ਬਣਾਉਂਦੇ ਤਾਂ ਤੁਹਾਡਾ ਹਾਲ ਉਸ ਢਲਵੀਂ ਛੱਤ ਵਰਗਾ ਹੈ ਜਿਸ ਤੇ ਬਾਰਿਸ਼ ਪਈ ਨਾ ਪਈ ਇਕ ਸਮਾਨ ਹੁੰਦੀ ਹੈ”। ਪੜ੍ਹਦੇ ਸਮੇਂ ਲਿਖਤੀ ਨੋਟਿਸ ਤਿਆਰ ਕਰਨੇ ਇਸ ਲਈ ਅਹਿਮ ਹੁੰਦੇ ਹਨ ਕਿ ਪੜ੍ਹਨ ਉਪਰੰਤ ਇਨ੍ਹਾਂ ਨੂੰ ਵੇਖ ਕੇ ਸਮੁੱਚਾ ਵਿਸਥਾਰ ਸਾਡੇ ਸਾਹਮਣੇ ਆ ਜਾਂਦਾ ਹੈ।ਇਹ ਨੋਟਿਸ ਦੁਹਰਾਅ ਸਮੇਂ ਵੀ ਸਹਾਈ ਹੁੰਦੇ ਹਨ।ਅਜਿਹਾ ਕਰਨ ਨਾਲ ਸਿੱਖਿਆ, ਸੰਬੰਧਿਤ ਵਿਦਿਆਰਥੀ ਦੀ ਸਮਝ ਦਾ ਹਿੱਸਾ ਬਣਦੀ ਹੈ।ਇਹ ਤੱਥ ਵੀ ਨੋਟ ਕਰਨ ਵਾਲਾ ਹੈ ਕਿ ਦਿਮਾਗ਼ ਅਤੇ ਹੱਥ ਦਾ ਗੂੜਾ ਸੰਬੰਧ ਹੈ। ਅਜਿਹਾ ਕਰਨਾ ਇਕਾਗਰਤਾ ਲਈ ਵੀ ਸਹਾਈ ਹੁੰਦਾ ਹੈ।
* ਪੌਸ਼ਟਿਕ ਭੋਜਨ ਖਾਉ ।ਵਕੌਮੀ ਪੋਸ਼ਣ ਸੰਸਥਾ ਹੈਦਰਾਬਾਦ, ਨੇ ਇੱਕ ਪੌਸ਼ਟਿਕ ਪਦਾਰਥ ਬਣਾਇਆ ਹੈ, ਜਿਸ ਨੂੰ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ।ਇਸ ਲਈ 40 ਗ੍ਰਾਮ ਭੁੰਨੀ ਹੋਈ ਕਣਕ, 10 ਗ੍ਰਾਮ ਭੁੰਨੀ ਹੋਈ ਮੂੰਗਫਲੀ, 15 ਗ੍ਰਾਮ ਭੁੰਨੇ ਹੋਏ ਛੋਲੇ ਲੈ ਕੇ 20 ਗ੍ਰਾਮ ਗੁੜ ਦੀ ਚਾਸਣੀ ਵਿੱਚ ਮਿਲਾ ਕੇ ਪਿੰਨੀਆਂ ਬਣਾ ਲਵੋ।ਹਰ ਰੋਜ ਇਹ ਪਿੰਨੀਆਂ ਖਾਣ ਨਾਲ ਸਰੀਰ ਨੂੰ ਲੋਹਾ, ਪ੍ਰੋਟੀਨ ਤੋਂ ਇਲਾਵਾ ਕੈਲੋਰੀਜ਼ ਦੀ ਲੋੜੀਂਦੀ ਮਾਤਰਾ ਮਿਲ ਜਾਂਦੀ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ। ਇਹ ਵੀ ਜ਼ਰੂਰੀ ਹੈ ਕਿ ਪ੍ਰੀਖਿਆਵਾਂ ਦੇ ਦਿਨਾਂ ਵਿਚ ਖਾਸ ਕਰਕੇ ਪ੍ਰੀਖਿਆ ਵਾਲੇ ਦਿਨ ਭੋਜਨ ਆਮ ਵਾਂਗ ਖਾਧਾ ਜਾਵੇ।ਪੜ੍ਹਦੇ ਸਮੇਂ ਲੋੜ ਪੈਣ ਤੇ ਪਾਣੀ ਪੀਓ।ਅਜਿਹਾ ਕਰਨ ਨਾਲ ਮਨੁੱਖੀ ਦਿਮਾਗ਼ ਦੇ ਸੈੱਲ ਹਮੇਸ਼ਾ ਤਰੋਤਾਜ਼ਾ ਰਹਿੰਦੇ ਹਨ।
* ਪੂਰੀ ਨੀਂਦ ਲਵੋ।ਆਪਣੀ ਨੀਂਦ ਨੂੰ ਕਦੀ ਵੀ ਛੇ ਘੰਟੇ ਤੋਂ ਘੱਟਣ ਨਾ ਦਿਓ।ਇਥੋਂ ਤੱਕ ਕਿ ਪ੍ਰੀਖਿਆ ਤੋਂ ਪਹਿਲੀ ਰਾਤ ਦਾ ਉਨੀਂਦਰਾਪਣ ਹਮੇਸ਼ਾ ਪ੍ਰੀਖਿਆ ਨੂੰ ਪ੍ਰਭਾਵਿਤ ਕਰਦਾ ਹੈ।
* ਪੜ੍ਹਨ ਲਈ ਚੰਗਾ ਵਾਤਾਵਾਰਣ ਸਿਰਜੋ।ਪੜ੍ਹਨ ਸਮੇਂ ਤੁਹਾਡਾ ਆਲਾ-ਦੁਆਲਾ ਸਾਫ਼-ਸੁਥਰਾ ਅਤੇ ਸ਼ਾਂਤਮਈ ਹੋਣਾ ਚਾਹੀਦਾ ਹੈ, ਕਿਉਂਕਿ ਆਲੇ-ਦੁਆਲੇ ਦੇ ਸ਼ੋਰ ਵਿਚ ਪੜ੍ਹਿਆ ਨਹੀਂ ਜਾ ਸਕਦਾ ਤੇ ਨਾ ਹੀ ਕੋਈ ਵਿਦਿਆਰਥੀ ਟੈਲੀਵਿਜ਼ਨ ਮੂਹਰੇ ਬੈਠ ਕੇ ਜਾਂ ਗੀਤ-ਸੰਗੀਤ ਸੁਣਦਿਆਂ ਪੜ੍ਹ ਸਕਦਾ ਹੈ। ਪੜ੍ਹਾਈ ਦੇ ਲਈ ਇਕਾਗਰਤਾ ਜ਼ਰੂਰੀ ਹੈ ਅਤੇ ਇਕਾਗਰਤਾ ਦੇ ਲਈ ਇਕੱਲਤ।, ਤੁਹਾਡੇ ਆਲੇ-ਦੁਆਲੇ ਪੁਸਤਕਾਂ, ਕਾਪੀਆਂ, ਪੈੱਨ, ਪੈਨਸਲਾਂ ਟਿਕਾਣੇ 'ਤੇ ਪਈਆਂ ਹੋਣੀਆਂ ਚਾਹੀਦੀਆਂ ਹਨ।ਇਹ ਹਮੇਸ਼ਾ ਬੇਹਤਰ ਰਹਿੰਦਾ ਹੈ ਕਿ ਸ਼ਾਂਤ ਵਾਤਾਵਰਨ ਵਿਚ ਸਵੇਰੇ ਉੱਠ ਕੇ ਪੜ੍ਹਿਆ ਜਾਵੇ।
* ਸਟੱਡੀ ਟੇਬਲ ’ਤੇ ਇੱਕ ਡਿਕਸ਼ਨਰੀ, ਐਟਲਸ, ਮੁਹਾਵਰੇ ਅਤੇ ਕਹਾਵਤਾਂ ਵਾਲੀ ਕਿਤਾਬ ਜ਼ਰੂਰ ਰੱਖੋ।
* ਵੱਡੇ ਪ੍ਰਸ਼ਨਾਂ ਨੂੰ ਯਾਦ ਕਰਨ ਲਈ ਹੈਡਿੰਗਾਂ ਦੇ ਪਹਿਲੇ ਅੱਖਰਾਂ ਦਾ ਇੱਕ ਸ਼ਬਦ ਬਣਾ ਕੇ ਅਸਾਨ ਤਰੀਕੇ ਨਾਲ ਯਾਦ ਕੀਤੇ ਜਾ ਸਕਦੇ ਹਨ।ਜਿਵੇਂ ਬਹਅਜਸਅਬ ਨੂੰ ਯਾਦ ਰੱਖ ਕੇ ਤੁਸੀਂ ਮੁਗ਼ਲ ਸ਼ਾਸ਼ਕਾਂ ਦੇ ਨਾਂ ਯਾਦ ਰੱਖ ਸਕਦੇ ਹੋ।(ਬਾਬਰ, ਹਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜੇਬ ਅਤੇ ਬਹਾਦਰ ਸ਼ਾਹ ਜ਼ਫਰ)।ਇਸੇ ਤਰਾਂ ਸਾਰੇ ਜ਼ਿਲ੍ਹਿਆਂ ਦਾ ਨਾਂ ਯਾਦ ਰੱਖਣ ਲਈ ਜ਼ਿਲ੍ਹਿਆਂ ਦੇ ਪਹਿਲੇ ਅੱਖਰ ਜੋੜ ਕੇ ਇੱਕ ਸ਼ਬਦ ਜਾਂ ਇਕ ਲਾਈਨ ਬਣਾ ਕੇ ਅਸਾਨੀ ਨਾਲ ਯਾਦ ਕੀਤਾ ਜਾ ਸਕਦਾ ਹੈ।
* ਬਹੁਤ ਲੰਮਾ ਸਮਾਂ ਨਾ ਪੜ੍ਹੋ।ਕਿਸੇ ਵੀ ਵਿਸ਼ੇ ਨੂੰ ਪੜ੍ਹਨ ਦੀ ਸਮਰੱਥਾ 40 ਤੋਂ 45 ਮਿੰਟ ਤੱਕ ਰਹਿੰਦੀ ਹੈ, ਇਸ ਕਰਕੇ ਹੀ ਕਾਲਜ 'ਚ ਪੀਰੀਅਡ ਦਾ ਸਮਾਂ 45 ਮਿੰਟ ਦਾ ਹੁੰਦਾ ਹੈ। ਲੰਮੇ ਸਮੇਂ ਤੱਕ ਪੜ੍ਹਨ ਨਾਲ ਦਿਮਾਗ਼ ਦੇ ਰਸਾਇਣਾਂ ਵਿੱਚ ਕਮੀ ਆ ਜਾਂਦੀ ਹੈ।ਅੱਖਾਂ ਅਤੇ ਮਾਸ਼ਪੇਸ਼ੀਆਂ ਥਕਾਵਟ ਮਹਿਸੂਸ ਕਰਦੀਆਂ ਹਨ।ਇਸ ਲਈ ਪੜ੍ਹਨ ਦੇ ਦੌਰਾਨ ਹਰੇਕ ਘੰਟੇ ਬਾਅਦ 10 ਮਿੰਟ ਦੇ ਆਰਾਮ ਦੇ ਬਾਵਜੂਦ ਵੀ ਚਾਰ ਘੰਟੇ ਤੋਂ ਵੱਧ ਨਹੀਂ ਪੜ੍ਹਨਾ ਚਾਹੀਦਾ।
* ਆਪਣੇ ਆਪ ਤੇ ਭਰੋਸਾ ਰੱਖੋ।ਪ੍ਰੀਖਿਆ ਦੇਣ ਤੋਂ ਪਹਿਲਾਂ ਤੁਹਾਡੇ ਕੋਲ ਕੀਤੀ ਮਿਹਨਤ ਦਾ ਮਾਣ ਹੋਣਾ ਚਾਹੀਦਾ ਹੈ।ਇਸ ਮਾਣ ਦੇ ਸਿਰ 'ਤੇ ਪ੍ਰੀਖਿਆ ਤੋਂ ਕੁੱਝ ਮਿੰਟ ਪਹਿਲਾਂ ਅੰਤਰ ਧਿਆਨ ਹੋਵੋ ਅਤੇ ਆਪਣੇ ਆਪ ਦੀ ਇਹ ਕਹਿ ਕੇ ਅਗਵਾਈ ਕਰੋ ਕਿ ਮੈਂ ਮਿਹਨਤ ਕੀਤੀ ਹੈ, ਮੈਨੂੰ ਸਭ ਕੁੱਝ ਆਉਂਦਾ ਹੈ, ਮੇਰੀ ਪ੍ਰੀਖਿਆ ਬੇਹਤਰ ਹੋਵੇਗੀ।ਪ੍ਰੀਖਿਆ ਭਵਨ ਵਿਚ ਸ਼ਾਇਦ ਇਹ ਸ਼ਬਦ ਤੁਹਾਨੂੰ ਊਰਜਾ ਅਤੇ ਇਕਾਗਰਤਾ ਦੇਣਗੇ। ਤੁਹਾਡਾ ਦਿਮਾਗ਼ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਸੁਝਾਏਗਾ। ਨਤੀਜਾ ਵਧੀਆ ਆਵੇਗਾ।ਅਗਲੇ ਪੇਪਰ ਦੀ ਤਿਆਰੀ ਕਰਨ ਲਈ ਇਹ ਵੀ ਬੇਹਤਰ ਰਹਿੰਦਾ ਹੈ ਕਿ ਕੀਤੇ ਪੇਪਰ ਸੰਬੰਧੀ ਕਿਸੇ ਨਾਲ ਕੋਈ ਚਰਚਾ ਨਾ ਕੀਤੀ ਜਾਵੇ ਅਤੇ ਜਲਦੀ ਘਰ ਪਹੁੰਚਿਆ ਜਾਵੇ।
* ਅਣ-ਉਚਿਤ ਢੰਗ ਨਾ ਵਰਤੋ। ਪ੍ਰੀਖਿਆ ਦਿੰਦੇ ਸਮੇਂ ਪ੍ਰੀਖਿਆ ਮਰਿਆਦਾ ’ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। ਪ੍ਰੀਖਿਆ ਭਵਨ ਵਿਚ ਨਾ ਸ਼ੋਰ ਕਰਨਾ ਚਾਹੀਦਾ ਹੈ ਅਤੇ ਨਾ ਹੀ ਨਕਲ ਮਾਰਨੀ ਚਾਹੀਦੀ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਸਹਾਇਤਾ ਦਾ ਲੈਣ-ਦੇਣ ਕਰਨਾ ਚਾਹੀਦਾ ਹੈ, ਅਜਿਹਾ ਕਰਦੇ ਸਮੇਂ ਤੁਹਾਨੂੰ ਹਰ ਸਮੇਂ ਅਪਮਾਨਿਤ ਹੋਣ ਦਾ ਡਰ ਬਣਿਆ ਰਹਿੰਦਾ ਹੈ।ਯਾਦ ਰੱਖੋ ਕਿ ਇਹ ਪ੍ਰੀਖਿਆ ਤੁਸੀਂ ਸਿਰਫ਼ ਆਪਣੇ ਵਾਸਤੇ ਦੇ ਰਹੇ ਹੋ, ਜਿਸ ਵਿਚ ਤੁਸੀਂ ਆਪਣੀ ਸਮਝਦਾਰੀ ਨੂੰ ਸਿੱਧ ਕਰਨਾ ਹੁੰਦਾ ਹੈ।ਹਰ ਪ੍ਰੀਖਿਆ ਮਹੱਤਵਪੂਰਨ ਹੁੰਦੀ ਹੈ। ਇਸ ਲਈ ਪ੍ਰੀਖਿਆ ਭਵਨ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।ਇਕ ਚੰਗੇ ਪ੍ਰੀਖਿਆ ਭਵਨ ਵਿਚ ਹੀ ਪ੍ਰੀਖਿਆਰਥੀਆਂ ਦੇ ਚੰਗੇ ਨੰਬਰ ਆਉਣੇ ਯਕੀਨੀ ਹੁੰਦੇ ਹਨ।
* ਲਿਖਾਈ ਅਤੇ ਪੇਸ਼ਕਾਰੀ ਚੰਗੇ ਨੰਬਰ ਲੈਣ ਵਿੱਚ ਬਹੁਤ ਸਹਾਈ ਹੁੰਦੇ ਹਨ।ਚੰਗੇ ਨੰਬਰ ਲੈਣ ਲਈ ਲਿਖਾਈ ਅਤੇ ਪੇਸ਼ਕਾਰੀ ਦਾ ਵਧੀਆ ਪ੍ਰਭਾਵ ਪੈਂਦਾ ਹੈ। ਪੇਪਰ ਦੇਣ ਸਮੇਂ ਤੁਹਾਡੀ ਪੇਸ਼ਕਾਰੀ ਇਹ ਪ੍ਰਭਾਸ਼ਿਤ ਕਰਦੀ ਹੈ ਕਿ ਤੁਸੀਂ ਸੰਬੰਧਿਤ ਵਿਸ਼ੇ ਦੀ ਕਿਸ ਤਰ੍ਹਾਂ ਤਿਆਰੀ ਕੀਤੀ ਹੈ। ਮੁਲਾਂਕਣ ਕਰਨ ਵਾਲੇ ਵਿਸ਼ਾ ਮਾਹਿਰ 'ਤੇ ਵੀ ਤੁਹਾਡੀ ਪੇਸ਼ਕਾਰੀ ਦਾ ਅਸਰ ਪੈਂਦਾ ਹੈ। ਪ੍ਰੀਖਿਆ ਵਿਚ ਜਵਾਬ ਲਿਖਣ ਸਮੇਂ ਛੋਟੇ-ਛੋਟੇ ਸਿਰਲੇਖ ਅਤੇ ਸਾਰ ਲਿਖਣੇ ਚਾਹੀਦੇ ਹਨ। ਖੂਬਸੂਰਤ ਲਿਖਾਈ ਦਾ ਆਪਣਾ ਪ੍ਰਭਾਵ ਹੁੰਦਾ ਹੈ। ਆਉਂਦੇ ਪ੍ਰਸ਼ਨਾਂ ਨੂੰ ਸਭ ਤੋਂ ਪਹਿਲਾਂ ਹੱਲ ਕਰਨਾ ਚਾਹੀਦਾ ਹੈ।ਤੁਹਾਡੇ ਕੋਲ ਪੇਪਰ ਹੱਲ ਕਰਨ ਦਾ ਪੂਰਾ ਅਭਿਆਸ ਹੋਣਾ ਚਾਹੀਦਾ ਹੈ, ਤਾਂ ਕਿ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਤੁਸੀਂ ਆਪਣਾ ਪੇਪਰ ਹੱਲ ਕਰ ਸਕੋ।
* ਸਰੀਰਿਕ ਅਤੇ ਮਾਨਸਿਕ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਹਰ ਵਿਦਿਆਰਥੀ ਆਪਣੇ ਆਪ ਨੂੰ ਗਿਆਨ ਹਾਸਲ ਕਰਨ ਦੇ ਮੈਦਾਨ ਵਿਚ ਯੋਧਾ ਸਮਝੇ ਅਤੇ ਇਸ ਅਹਿਸਾਸ ਨੂੰ ਆਪਣੇ ਨਾਲ ਰੱਖੇ ਕਿ ਜਿੱਤਣ ਲਈ ਹਰ ਯੋਧੇ ਨੂੰ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਾਜ਼ਮੀ ਹੈ।ਤੁਹਾਨੂੰ ਸਮੇਂ ਸਿਰ ਅਤੇ ਲੋੜ ਅਨੁਸਾਰ ਭੋਜਨ ਖਾਣਾ ਚਾਹੀਦਾ ਹੈ ਅਤੇ ਮਾਨਸਿਕ ਸਿਹਤ ਲਈ ਨਿਰਧਾਰਿਤ ਪਾਠ ਪੁਸਤਕਾਂ ਤੋਂ ਇਲਾਵਾ ਹੋਰ ਸਾਹਿਤਿਕ ਪੁਸਤਕਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ।ਲਾਇਬਰੇਰੀ ਨਾਲ ਜੁੜਨਾ ਚਾਹੀਦਾ ਹੈ।ਤੁਹਾਡੇ ਕੋਲ ਚੰਗੀਆ ਪੁਸਤਕਾਂ ਦਾ ਸੰਗ੍ਰਹਿ ਹੋਣਾ ਚਾਹੀਦਾ ਹੈ।ਤੁਹਾਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਟੀ.ਵੀ. ਚੈਨਲਾਂ ਦੇ ਗਿਆਨ ਵਧਾਉਣ ਵਾਲੇ ਪ੍ਰੋਗਰਾਮ ਵੇਖਣੇ ਚਾਹੀਦੇ ਹਨ।ਰੋਜ਼ਾਨਾ ਦੀਆਂ ਕੌਮੀ ਅਤੇ ਕੌਮਾਂਤਰੀ ਘਟਨਾਂਵਾ ਦਾ ਬਾ-ਵਾਸਤਾ ਰੱਖਣਾ ਚਾਹੀਦਾ ਹੈ।ਅਖਬਾਰਾਂ ਵਿੱਚ ਛਪਦੇ ਲੇਖ ਪੜ੍ਹਨੇ ਚਾਹੀਦੇ ਹਨ।ਕੁੱਲ ਮਿਲਾ ਕੇ ਆਪਣੀ ਦ੍ਰਿਸ਼ਟੀ ਨੂੰ ਵਿਕਸਿਤ ਕਰਨ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।ਆਪਣੇ-ਆਪ ਪ੍ਰਤੀ ਤੁਹਾਡੀ ਇਹ ਪਹੁੰਚ ਹਰ ਪ੍ਰੀਖਿਆ ਨੂੰ ਅਸਾਨ ਬਣਾ ਦੇਵੇਗੀ।ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਔਸਤ ਵਿਦਿਆਰਥੀ ਵੀ ਚੰਗੇ ਨੰਬਰ ਲੈ ਸਕਦਾ ਹੈ।