ਮੰਡੀ ਵਿੱਚ ਗਾਜਰਾਂ ਦੇ ਢੇਰ ਲੱਗੇ ਪਏ ਨੇ
ਗਾਜਰਾਂ ਖਰੀਦੋ ਦੇ ਅਵਾਜੇ ਆਉਣ ਡਹੇ ਨੇ..
ਗਾਜਰਾਂ ਤਾਂ ਹੁੰਦੀਆਂ ਨੇ ਬਹੁਤ ਗੁਣਕਾਰੀ
ਸਰਦੀ 'ਚ ਹੋਕੇ ਦੇ ਦੇ ਵੇਚਦੇ ਵਿਉਪਾਰੀ
ਦੇ ਕੇ ਅਵਾਜ਼ਾਂ ਉਹ ਜ਼ੋਰ ਲਾਉਣ ਡਹੇ ਨੇ....!
ਸੁੰਦਰ ਇਹ ਕਿੰਨੀਆਂ ਨੇ ਲਾਲ ਲਾਲ ਗਾਜਰਾਂ,
ਕਿਸਾਨਾਂ ਤੋਂ ਖਰੀਦ ਢੇਰ ਲਾਏ ਨੇ ਸੁਦਾਗਰਾਂ,
ਵੇਚਣ ਦੇ ਲਈ ਹੁਣ ਸ਼ੋਰ ਪਾਉਣ ਡਹੇ ਨੇ....!
ਹੁੰਦੀਆਂ ਵਿਟਾਮਿਨਾਂ ਦੇ ਨਾਲ ਭਰਪੂਰ,
ਹਰ ਬੰਦਾ ਸਰਦੀ 'ਚ ਖਾਂਦਾ ਏ ਜਰੂਰ,
ਗਾਜਰਾਂ ਦੇ ਦੁਨੀਆਂ 'ਚ ਚਰਚੇ ਹੀ ਰਹੇ ਨੇ....!
ਜੋ ਹੋਣ ਕਾਲੀਆਂ ਤਾਂ ਕਾਂਜੀ ਵੀ ਬਣਾਉਂਦੇ ਨੇ,
ਪੀਂਦੇ ਲੋਕ ਰੱਜ ਰੋਗ ਪੇਟ ਦੇ ਮਟਾਉਂਦੇ ਨੇ,
ਕਾਂਜੀ ਪੀ ਕੇ ਸਾਰੇ ਲੋਕੀਂ ਧੰਨ ਹੋ ਰਹੇ ਨੇ....!
ਗਾਜਰਾਂ ਦੀ ਸਬਜ਼ੀ ਤਾਂ ਹੁੰਦੀ ਏ ਕਮਾਲ ਦੀ,
ਗਾਜਰਾਂ ਜੇ ਖਾਈਏ ਲੋੜ ਪੈਂਦੀ ਨਹੀਂਉ ਦਾਲ ਦੀ,
ਪਾ ਕੇ ਘਿਓ ਬੱਚੇ ਖੂਬ ਖਾ ਰਹੇ ਨੇ....!
ਪਾ ਕੇ ਗ੍ਰੈੰਡਰ 'ਚ ਜਦੋਂ ਘੋਟਾ ਲਾਈਦਾ,
ਚੁਕੰਦਰ ਤੇ ਗਾਜਰਾਂ ਦਾ ਜੂਸ ਵੀ ਬਣਾਈਦਾ,
ਜੂਸ ਪੀਂਣ ਵਾਲੇ ਲਾਲੋ ਲਾਲ ਹੋਣ ਡਹੇ ਨੇ....!
ਗਾਜਰਾਂ ਦਾ ਬਣਦਾ ਸਵਾਦੀ ਗਾਜਰੇਲਾ ਏ,
ਮੇਲੇ ਵਿੱਚ ਵਿਕਦਾ ਤਾਂ ਲੁੱਟ ਲੈਂਦਾ ਮੇਲਾ ਏ,
ਮੇਲੇ ਵਿੱਚ ਮੇਲੀ ਸਵਾਦ ਲਾਉਣ ਡਹੇ ਨੇ....!