ਨਾ ਹੋ ਹਾਲੋਂ ਬੇਹਾਲ ਮਨਾ, ਦਰ ਦਰ ਦੀ ਛੱਡ ਦੇਹ ਭਾਲ ਮਨਾ
ਕੋਈ ਪਵੇ ਨਾ ਸੰਕਟ-ਜਾਲ ਮਨਾ, ਗੁਰ-ਸ਼ਬਦੁ ਅਧਾਰ ਬਣਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਮਨ ! ਪੱਲਾ ਛੱਡ ਬੇਗਾਨੇ ਦਾ, ਹੈ ਵਕਤੀ ਠਹਿਰ ਜਹਾਨੇ ਦਾ
ਕੀ ਰਹਿਣ ਮੁਸਾਫ਼ਿਰਖ਼ਾਨੇ ਦਾ, ਭਲਕੇ ਨੂੰ ਉੱਠ ਤੁਰ ਜਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਸਿੱਖੀ ਦੇ ਦੌਲਤਖ਼ਾਨੇ ਦਾ, ‘ਪੀਊ ਦਾਦੇ’ ਦੇ ਮਾਲ-ਖਜ਼ਾਨੇ ਦਾ,
ਇੱਕ ਕਿਣਕਾ ਨਾਮ ਨਿਧਾਨੇ ਦਾ, ਖੁਦ ਫੜ ਕੇ ਝੋਲ਼ੀ ਪਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਸਿੱਖ ਪੂਜਨ ਗੁਰ ਦੇ ਚਰਨ ਮਨਾ, ਪੜ੍ਹ ਸੁਣਕੇ ਹਿਰਦੇ ਧਰਨ ਮਨਾ
ਤੂੰ ਵੀ ਪੈ ਬਾਣੀ ਦੀ ਸ਼ਰਨ ਮਨਾ, ਜਮਡੰਡਾ ਮੂੰਡਿ ਨਾ ਖਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਲਾਮ੍ਹਾਂ ਦੇ ਗ੍ਰੰਥ ਬਥੇਰੇ ਨੇ, ਓਹ ਅਪਨੀ ਜਗ੍ਹਾ ਚੰਗੇਰੇ ਨੇ
ਸਿੱਖਾਂ ਲਈ ਗੁਰੂ ਵਡੇਰੇ ਨੇ, ਬੱਸ! ਸ਼ਬਦ-ਗੁਰੂ ਵਡਿਆਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਗੁਰ ਪੂਰਾ ਗੁਣੀ-ਨਿਧਾਨ ਮਨਾ, ਲੋਹਿਆ ਕਾਸਟ ਨੂੰ ਜਾਣ ਮਨਾ
ਬੰਦਨ ਕਰ ਇੱਕ-ਧਿਆਨ ਮਨਾ, ਲਗ ਚਰਨੀਂ ਜਗਤ ਤਰਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ
ਕੀ ਲੈਣਾ ਕਰਿ ਪ੍ਰਤੀਤ ਮਨਾ, ਸਭ ਦਿਸਦੇ ਭਾਈ ਮੀਤ ਮਨਾ
ਪਾ ਸਭਨਾਂ ਸੰਗੇ ਪ੍ਰੀਤ ਮਨਾ, ਮਿਲ ਬਹਿ ਖਾਂ ਸਫ਼ਾ ਵਿਛਾਈਦਾ
ਕਰ ਸੇਵਾ ਗੁਰ ਪਰਮੇਸ਼ਰ ਦੀ, ਇਉਂ ਸੱਚੇ ਸੰਗ ਸਮਾਈਦਾ