ਚੁੱਲ੍ਹਾ (ਕਵਿਤਾ)

ਰਛਪਾਲ ਸਿੰਘ ਰੈਸਲ   

Email: rachhpal504@gmail.com
Cell: +91 94178 97576
Address:
ਨਾਭਾ India
ਰਛਪਾਲ ਸਿੰਘ ਰੈਸਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ, 
ਰੁੱਸੇ ਹੋਏ ਚੁੱਲ੍ਹੇ ਨੂੰ ਮਨਾ ਲਓ। 
ਕਿਉਂ ਬੇਕਦਰੀ ਕਰ ਦਿੱਤੀ ਸੀ, 
ਸਿਲੰਡਰਾਂ ਤੋਂ ਖਹਿੜਾ ਛੁਡਵਾ ਲਓ, 
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ।

ਹੱਡਾਂ ਦਾ ਆਰਾਮ ਨਾ ਭਾਲਓ, 
ਥੋੜ੍ਹੇ-ਮੋਟੇ ਤਾਂ ਹੱਥ ਹਿਲਾ ਲਓ। 
ਹੋਰ ਜੇ ਕੁਝ ਨਹੀਂ ਕਰ ਸਕਦੇ ਤਾਂ
ਭਾਅ ਨੂੰ ਲੱਗੀ ਅੱਗ ਬੁਝਾ ਲਓ। 
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ। 

ਬਾਲਣ ਇਕੱਠਾ ਕਰਕੇ ਰੱਖ ਲਓ, 
ਭੁੱਬਲ ਪਾਥੀ ਦੱਬਕੇ  ਰੱਖ ਲਓ। 
ਫੂਕਾਂ ਮਾਰ ਜਦ ਮਰਜ਼ੀ ਸੁਲਗਾ ਲਓ, 
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ। 

ਮਿੱਟੀ ਪੁੱਟ ਲਿਆਓ ਕਿਧਰੋਂ, 
ਪਾਣੀ ਥੋੜ੍ਹਾ ਵਿੱਚ ਮਿਲਾ ਲਓ, 
ਨਵਾਂ ਬਣਾਕੇ ਚੁੱਲ੍ਹਾ ਧਰ ਲਓ, 
ਪਾਂਡੂ ਫੇਰ ਇਸਨੂੰ ਚਮਕਾ ਲਓ। 
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ। 

ਪਾਥੀਆਂ ਪੱਥ ਬਣਾ ਲਓ ਗਹਾਰੇ, 
ਉੱਪਰੋਂ ਗੋਹੇ ਦਾ ਲੇਪ ਚੜ੍ਹਾ ਲਓ, 
ਲਿਆ ਕਿਧਰੋਂ ਕਾਹੀਂ ਦੀਆਂ ਭਰੀਆਂ,
ਮੀਂਹ-ਕਣੀ ਤੁਸੀਂ ਬਚਾ ਲਓ। 
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ।

ਖੂਰਚਣਾ, ਫੂਕਣੀ, ਚਿਮਟਾ ਰੱਖ ਲਓ,
ਭਰੀ ਡੱਕਿਆਂ ਚਿਣਕੇ ਰੱਖ ਲਓ। 
ਤਵਾ, ਪਰਾਂਤ, ਬੋਈਆ ਤੇ ਪੋਣੇ
ਕੋਲ ਚੁੱਲ੍ਹੇ ਦੇ ਚਮਕਾ ਕੇ ਰੱਖ ਲਓ। 
ਮੱਠੀ ਅੱਗ ਨੂੰ ਤੇਜ ਜੇ ਕਰਨਾ, 
ਭੰਨ ਕੇ ਪਾਥੀ ਇੱਕ ਹੋਰ ਲਗਾ ਲਓ
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ।

ਇਹ ਨਹੀਂ ਮੁੱਕਣੇ ਕੰਮ ਜਿੰਦਗੀ ਦੇ, 
ਜਿੰਨੇ ਮਰਜ਼ੀ ਤੁਸੀਂ ਮੁਕਾ ਲਓ। 
ਤਪਣਾ ਪੈਣਾ ਭੱਠੀ ਵਾਂਗੂੰ, 
ਬਸ ਆਪਣੇ ਮਨ ਨੂੰ ਸਮਝਾ ਲਓ, 
ਆਪਣੇ ਹੱਥੀਂ ਕਾਜ ਸੰਵਾਰੋ, 
ਆਪਣਾ ਪੱਲਾ ਆਪ ਬਚਾ ਲਓ 
ਹਾਲੇ ਵੀ ਚੁੱਲ੍ਹੇ ਨੂੰ ਧਿਆ ਲਓ