ਆਪਣਾ ਪੰਜਾਬ (ਕਵਿਤਾ)

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਹੋਵੇ ਤੇਰਾ, ਨਾ ਹੋਵੇ ਮੇਰਾ, ਆਪਣਾ ਪੰਜਾਬ ਹੋਵੇ

ਹੋਵੇ ਪਰ ਉੱਚ ਪੜ੍ਹਿਆ,

ਘਰ ਘਰ ਕਿਤਾਬ ਹੋਵੇ

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ ।


ਸਾਰੇ ਜੱਟ ਪੜ੍ਹੇ ਹੋਣ

ਭਾਵੇਂ ਘੱਟ ਪੜ੍ਹੇ ਹੋਣ

ਗੁਜਾਰੇ ਜੋਗਾ ਕਰਨਾ ਸਭਨੂੰ ਹਿਸਾਬ ਹੋਵੇ

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ ।


ਘੱਟ ਪੜ੍ਹੇ, ਪੜ੍ਹ ਸਕਣ

ਪੜ੍ਹੇ ਪੈਰੀਂ ਖੜ੍ਹ ਸਕਣ

ਹਰ ਜੀਅ ਹੱਥ ਵਟਾਵੇ, ਕੋਈ ਨਾ ਨਵਾਬ ਹੋਵੇ

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ ।


ਨਾ ਪਿੰਡਾਂ ਵਿਚ ਭੁੱਕੀ ਹੋਵੇ 

ਨਾ ਕਿਸੇ ਅੱਤ ਚੁੱਕੀ ਹੋਵੇ

ਨਸ਼ੇ ਲਈ ਵਿਹਲਾ ਕੋਈ ਪੀਂਦਾ ਨਾ ਸ਼ਰਾਬ ਹੋਵੇ 

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ ।


ਸੌਖਾ ਆਉਣ ਜਾਣ ਹੋਵੇ

ਚੋਣਾਂ ਦਾ ਗਿਆਨ ਹੋਵੇ

ਚੋਣਾਂ ਵਿੱਚ ਲੋਟੂਆਂ ਦਾ ਕੋਈ ਨਾ ਪ੍ਰਭਾਵ ਹੋਵੇ

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ 


ਬਜ਼ੁਰਗਾਂ ਦੇ ਭਲੇ ਲਈ, ਪਾਰਕ ਦਰਖਤ ਹੋਣ

ਸਹੂਲਤਾਂ ਵੀ ਹੋਣ, ਕਨੂੰਨ ਵੀ ਸਖਤ ਹੋਣ

ਦੁੱਕੀ-ਤਿੱਕੀ ਬੰਦੇ ਲਈ, ਢੁਕਵਾਂ ਜਵਾਬ ਹੋਵੇ

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ 


ਨਾ ਧਰਮਾਂ ਕਰਕੇ ਪੰਗੇ ਛਿੜਨ

ਰਾਤੀਂ ਸੁਪਨੇ ਵੀ ਚੰਗੇ ਛਿੜਨ

ਸੁਪਨਿਆਂ ਦੇ ਵਿਚ ਭਾਵੇਂ, ਘਰਦੀ ਸ਼ਰਾਬ ਹੋਵੇ

ਆਪਣਾ ਪੰਜਾਬ ਹੋਵੇ, ਜੀ ਆਪਣਾ ਪੰਜਾਬ ।