ਪੁਸਤਕ ----- ਬਾਬਿਆ ਦੇ ਵੱਗ ਫਿਰਦੇ (ਹਾਸ ਵਿਅੰਗ )
ਲੇਖਕ ------- ਤ੍ਰਿਲੋਕ ਢਿਲੋਂ
ਪ੍ਰਕਾਸ਼ਕ ------ਟਰੂ ਸਪੈਰੋ ਪਬਲਿਸ਼ਰਜ਼ ਪਟਿਆਲਾ
ਪੰਨੇ -------97 ਮੁੱਲ -----275 ਰੁਪਏ
ਤ੍ਰਿਲੋਕ ਢਿਲੋਂ ਬਹੁਪੱਖੀ ਕਲਮਕਾਰ ਹੈ । ਉਸਦੇ ਲਿਖੇ ਕਾਵਿ ਸੰਗ੍ਰਹਿ, ਇਕਾੰਗੀ / ਨਾਟਕ ,ਲਲਿਤ ਨਿਬੰਧ ,ਗਜ਼ਲਾ ਦੀ ਕਿਤਾਬ ਸੁਪਨਿਆ ਦੇ ਆਰ ਪਾਰ ਤੇ ਵਾਟ ਹਯਾਤੀ ਦੀ, ਸਮੇਤ ਅੱਠ ਪੁਸਤਕਾਂ ਛਪੀਆ ਹਨ । ਪਹਿਲੀ ਹਾਸ ਵਿਅਂਗ ਦੀ ਕਿਤਾਬ “ਤਰੀ ਵਾਲੇ ਕਰੇਲੇ “ਪਹਿਲੀ ਵਾਰ 2022 ਵਿਚ ਛਪੀ ਸੀ ਇਸ ਕਿਤਾਬ ਦਾ 2024 ਵਿਚ ਦੂਸਰਾ ਐਡੀਸ਼ਨ ਵੀ ਛਪ ਚੁੱਕਾ ਹੈ । ਹਥਲੀ ਕਿਤਾਬ ਲੇਖਕ ਦਾ ਦੂਸਰਾ ਹਾਸ ਵਿਅੰਗ ਸੰਗ੍ਰਹਿ ਹੈ । ਸਾਂਝੇ ਤੌਰ ਤੇ ਛਪੀਆ ਨੌਂ ਕਿਤਾਬਾਂ ਵਿਚ ਵੀ ਤ੍ਰਿਲੋਕ ਢਿਲੋਂ ਦੀਆਂ ਰਚਨਾਵਾਂ ਹਨ । ਕਿਤਾਬ ਅੰਧ ਵਿਸ਼ਵਾਸ਼ੀ ਲੋਕਾਂ ਨੂੰ ਸਮਰਪਿਤ ਹੈ ।
ਚਰਚਾ ਅਧੀਂਨ ਕਿਤਾਬ ਦੇ ਹਾਸਰਸੀ ਸਿਰਲੇਖ਼ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਲੇਖਕ ਅੰਧਵਿਸ਼ਵਾਸਾਂ ਵਿਚ ਫਸੇ ਲੋਕਾਂ ਨੂੰ ਅਖੌਤੀ ਬਾਬਿਆ ਤੋਂ ਸੁਚੇਤ ਕਰਦਾ ਹੈ । ਸਾਡੇ ਦੇਸ਼ ਵਿਚ ਅਖੋਤੀ ਸਾਧਾਂ ਦੀ ਭਰਮਾਰ ਹੈ । ਲੋਕ ਇਂਨ੍ਹਾਂ ਅਖੌਤੀ ਸਾਧਾਂ ਕੋਲ ਜਾ ਕੇ ਆਪਣਾ ਸਮਾਂ ਪਾਸ ਕਰਦੇ ਆਮ ਵੇਖੇ ਜਾ ਸਕਦੇ ਹਨ । ਕਿਤਾਬ ਦੇ ਸਿਰਲੇਖ ਵਾਲੇ ਵਿਅੰਗ ਵਿਚ ਵੀ ਇਹੋ ਜਿਹਾ ਮਾਹੌਲ ਲੇਖਕ ਸਿਰਜਦਾ ਹੈ । ਇਸ ਵਿਅੰਗ ਵਿਚ ਲੇਖਕ ਬਾਬਿਆ ਦੀ ਅਨੈਤਿਕਤਾ ਦਾ ਜ਼ਿਕਰ ਕਰਦਾ ਹੈ ---ਇਹਨਾਂ ਬਾਬਿਆਂ ਦੀਆ ਅਗੋਂ ਖਾਸ ਸਹੇਲੀਆਂ ਹੁੰਦੀਆਂ ਨੇ ਜੋ ਹੋਰ ਬੀਬੀਆਂ ਨੂੰ ਪਟਾ ਕੇ ਇਹਨਾਂ ਦੇ ਡੇਰੇ ਤੇ ਲਿਆਉਂਦੀਆ ਹੇਨ (ਪੰਨਾ 37 ) ਵਿਅੰਗ :ਕਿਧਰ ਗਏ ਉਹ ਲੋਕ ਤੇ ਸਭਿਆਚਾਰ” ਵਿਚ ਲੇਖਕ ਪੁਰਾਣੇ ਪੰਜਾਬ ਦੀ ਝ਼ਲਕ ਵਿਖਾਉਂਦਾ ਹੈ । ਲੋਕ ਵਿਖਾਵੇ ਤੇ ਤਿਖੇ ਵਿਅੰਗ ਹਨ ।ਵਿਆਹ ਮੰਡਪ ਵਿਚ ਬੇਲੋੜੈ ਖਰਚ ਕਰਕੇ ਫੋਕਾ ਵਿਖਾਵਾ ਕਰਨ ਦੀ ਲਾਲਸਾ ਨੇ ਲੋਕ ਕਰਜਾਈ ਕਰ ਦਿਤੇ ਹੇਨ ।
ਵਿਅੰਗ” ਢਿਡ ਘਟਾਓ –ਪਰੋਮੋਸ਼ਨ ਪਾਓ” ਵਿਚ ਥਾਂਣੇਦਾਰ ਦੀ ਪਰੋਮੋਸ਼ਨ ਲਈ ਢਿਡ ਘਟਾਉਣ ਦਾ ਮਸਲਾ ਹਾਸਰਸੀ ਸ਼ੈਲੀ ਵਿਚ ਹੈ ।ਥਾਂਣੇਦਾਰ ਜਿੰਮ ਤੇ ਜਾ ਕੇ ਵੀ ਕਸਰਤ ਕਰਦੇ ਡਿਗ ਪੈਦੇ ਹਨ । ਦੌੜ ਲਾਉਣੀ ਵੀ ਔਖੀ ਹੈ । ਉਪਰੋਂ ਸਰਕਾਰ ਦੇ ਹੁਕਮ। ਘਰ ਵਾਲੀ ਟਿਕਣ ਨ੍ਹੀ ਦਿੰਦੀ ।ਅਖੇ ਪਰੋਮੋਸ਼ਨ ਜ਼ਰਟੂਰ ਲੈਣੀ ਏਂ । “ਸਤਵੀ ਰੁਤ ਦੇ ਸ਼ਾਂਹ ਸਵਾਰ “ਵਿਚ ਦੇਸ਼ ਦੀਆਂ ਚੋਣਾ ਬਾਰੇ ਲੇਖਕ ਤਿਖਾ ਵਿਅੰਗ ਕਰਦਾ ਹੈ। ਰਾਜਨੀਤੀ ਸਤਰੰਜ ਦੀ ਖੇਡ ਬਣ ਕੇ ਰਹਿ ਗਈ ਹੈ । ਮੁਫਤ ਦੀਆ ਨੀਤੀਆਂ ਨੇ ਖਜਾਨੇ ਖਾਲੀ ਕਰ ਦਿਤੇ ਹਨ । ਲੀਡਰ ਲੋਕ ਇਕ ਦੂਸਰੇ ਤੋਂ ਵਧ ਕੇ ਮੁਫਤ ਦੇ ਹੋਕੇ ਦਿੰਦੇ ਹਨ । ਵਿਕਾਸ ਦੀਆਂ ਟਾਹਰਾਂ ਵਜਦੀਆਂ ਹਨ । ਸੇਵਾ ਦੇ ਨਾਮ ਤੇ ਲੋਕ ਭਰਮਾਊ ਨਾਅਰੇ ਲਾਏ ਜਾਂਦੇ ਹਨ । ਵਕਤੀ ਕਿਸਮ ਦੀ ਚਾਲੂ ਜਿਹੀ ਦਿਲਕਸ਼ ਭਾਸ਼ਾਂ ਵਰਤੀ ਜਾਂਦੀ ਹੈ । ਘਰ ਘਰ ਨੌਕਰੀ ਦੇ ਵਾਅਦੇ ਕੀਤੇ ਜਾਂਦੇ ਹਨ । ਮੁਫਤ ਬਿਜਲੀ ,ਪਾਣੀ, ਬੱਸ ਸਫਰ ਤੇ ਹੋਰ ਕਈ ਕੁਝ ਦੇਣ ਦਾ ਲਾਲਚ ਦੇ ਵੋਟਾਂ ਬਟੋਰਣ ਦਾ ਧੰਦਾ ਬਣਾ ਦਿਤਾ ਗਿਆ ਹੈ । ਵਿਅੰਗ ਵਿਚ ਲੇਖਕ ਅਖੀਰ ਵਿਚ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ।
ਹਰੇਕ ਵਿਅੰਗ ਦੇ ਅਖੀਰ ਵਿਚ ਲੇਖਕ ਨੇ ਦੁੰਮ ਛੱਲਾ ਲਿਖਿਆ ਹੈ ਜਿਸ ਵਿਚ ਹਾਸੇ ਦਾ ਛੱਟਾ ਦਿਤਾ ਹੈ । ਦੁੰਮ ਛੱਲੇ ਬਹੁਤ ਦਿਲਚਸਪ ਹਨ । ਇਕ ਦੁੰਮ ਛੱਲੇ ਵਿਚ ਪਤਰਕਾਰ ਤੇ ਇਤਿਹਾਸਕਾਰ ਖੁਸ਼ਵੰਤ ਸਿੰਘ ਦਾ ਹਾਸਰਸੀ ਜ਼ਿਕਰ ਹੈ । ਜਾਨਵਰਾਂ ਤੇ ਵੀ ਇਹ ਟੋਟਕੇ ਹਨ । ਵਿਅੰਗ “ਜੋ ਲੈ ਗਿਆ ਸੋ ਲੈ ਗਿਆ” ਵਿਚ ਪੂੰਜੀਵਾਦ ਦੇ ਇਸ ਸਿਸਟਮ ਤੇ ਤਿੱਖੇ ਸ਼ਬਦ ਹਨ । ਲੋਕ ਮੁਫਤ ਦੇ ਲਾਲਚ ਵਿਚ ਇਕ ਨਾਲ ਇਕ ਫਰੀ ਦੇ ਚਕਰ ਵਿਚ ਖ਼ੱਲ ਲੁਹਾ ਲੇਂਦੇ ਹਨ ਆਪਣੇ ਝੁਗਾ ਚੌੜ ਕਰਾ ਕਰ ਘਰ ਮੁੜਦੇ ਹਨ ।ਬੀਬੀਆਂ ਨੂੰ ਇਸ ਕੰਮ ਵਿਚ ਬਹੁਤ ਖੁਸ਼ੀ ਮਿਲਦੀ ਹੈ। ਬਜ਼ਾਰ ਦੀ ਚਕਾ ਚੌਂਧ ਵਿਚ ਬੀਬੀਆਂ ੳਮ ਫਸ ਜਾਂਦੀਆਂ ਹਨ ।ਪਤੀ ਵਿਚਾਰੇ ਕੀ ਕਰਨ। ਬੀਵੀ ਨੂੰ ਖੁਸ਼ ਵੀ ਤਾਂ ਰਖਣਾ ਹੈ । ਵਿਅੰਗ ਰਚਨਾਵਾ ਵਿਚ ਲੇਖਕ ਢੁਕਵੇਂ ਮੁਹਾਵਰੇ ,ਅਖਾਉਂਤਾ, ਦਿਲਚਸਪ ਭਾਸ਼ਾ ਦੀ ਸੁੱਚਜੀ ਵਰਤੋਂ ਕਰਦਾ ਹੈ । ਬਿਆਨੀਆ ਸ਼ੈਲੀ ਹੈ । ਪਰ ਪਾਤਰਾਂ ਦੇ ਸੰਵਾਦ ਵੀ ਪੜ੍ਹ ਕੇ ਹਾਸਾ ਪੈਦਾ ਹੁੰਦਾ ਹੈ । ਤੂੰ ਕਾਹਦਾ ਪਟਵਾਰੀ ਬਹੁਤ ਵਧੀਆ ਰਚਨਾ ਹੈ । ਚਾਚਾ ਘੁਣਤਰੀ ਲੇਖਕ ਦਾ ਸਟੀਕ ਪਾਤਰ ਹੈ । ਪ੍ਰਸਿਧ ਕਾਲਮਵਚੀਸ ਉਜਾਗਰ ਸਿਘ ਨੇ ਪੁਸਤਕ ਦੀ ਪ੍ਰਵੇਸ਼ਿਕਾ ਲਿਖੀ ਹੈ । ਰਚਨਾਵਾ ਦੇ ਵਿਅੰਗਮਈ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ । ਲੇਖਕ ਪ੍ਰਸ਼ਤਾਵਨਾ ਵਿਚ ਆਪਣੀ ਵਿਅੰਗ ਸ਼ੈਲੀ ਦ ਜ਼ਿਕਰ ਕੀਤਾ ਹੈ । ਤੇ ਪੰਜਾਬੀ ਵਿਚ ਨਿਕਲ ਰਹੇ ਵਿਅੰਗ ਮੈਗਜ਼ੀਨਾਂ ਦਾ ਵੇਰਵਾ ਦਿਤਾ ਹੈ । ਪੁਸਤਕ ਵਿਅੰਗ ਵਿਧਾਂ ਵਿਚ ਮਹੱਤਵਪੂਰਨ ਦਰਜਾ ਰਖਦੀ ਹੈ । ਪਾਠਕ ਪੜ੍ਹ ਕੇ ਵੇਖੇ ਇਕ ਵਾਰੀ ਤਾਂ ਹੱਸੇ ਬਗੈਰ ਨਹੀ ਰਹਿ ਸਕਦਾ । ਪੁਸਤਕ ਦਾ ਮੰਤਵ ਹਾਸ ਰਸ ਵਿਚੋਂ ਸਮਾਜ ਸੁਧਾਰ ਦੀ ਤਲਾਸ਼ ਕਰਨਾ ਹੈ । ਪੁਸਤਕ ਦਾ ਸਵਾਗਤ ਹੈ ।