ਦੋ ਗਲਪਕਾਰ ਬਿਲਕੁਲ ਨੇੜੇ-ਨੇੜੇ ਹੀ ਰਹਿੰਦੇ ਹੋਣ , ਇੱਕ ਅਚੇਤਾ ਹੀ ਲੱਗਦਾ ਹੈ ....!! ਪਰ ਇਹ ਸੱਚ ਹੈ । ਇਸ ਨੂੰ ਬੇਸ਼ੱਕ ਇੱਕ ਮੌਕਾ ਮੇਲ ਹੀ ਸਮਝ ਲਵੋ, ਪਰ ਇਹ ਗੱਲ ਹੈ ਸੱਚੀ । ਪਹਿਲਾਂ ਜਦੋਂ ਇਹ ਨਵੀਂ ਕਲੋਨੀ ਬਣ ਸੀ ਤਾਂ ਪਹਿਲਾਂ ਬਹੁਤ ਥੋੜ੍ਹੇ ਘਰ ਹੀ ਬਣੇ ਸਨ । ਫਿਰ ਹੌਲੀ-ਹੌਲੀ ਇਹ ਨਵੀਂ ਕਲੋਨੀ ਹੋਂਦ ਵਿੱਚ ਆ ਗਈ । ਇਹ ਵੀ ਇੱਕ ਮੌਕਾ ਮੇਲ ਹੀ ਕਿ ਮੇਰੇ ਘਰ ਦੀ ਹਵੇਲੀ ਤੇ ਲਾਲ ਸਿੰਘ ਦਸੂਹਾ ਹੋਰਾਂ ਦੀ ਹਵੇਲੀ ਦੀ ਕੰਧ ਸਾਂਝੀ ਏ । ਇਹ ਜਗ੍ਹਾ ਨੂੰ ਕਹਾਣੀਕਾਰ ਲਾਲ ਸਿੰਘ ਬਾੜੀ ਵੀ ਕਿਹਾ ਜਾਂਦਾ ਹੈ । ਇੱਥੇ ਹੀ ਇੱਕ ਕਮਰੇ ਵਿੱਚ ਸਾਹਿਤ ਸਭਾ ਦੀਆਂ ਮੀਟਿੰਗਾਂ ਵੀ ਹੋਇਆ ਕਰਦੀਆ ਸਨ ।
ਕਲਮਕਾਰ ਹੋਣ ਤੇ ਨਾਲ-ਨਾਲ ਲਾਲ ਸਿੰਘ ਹੋਰਾਂ ਨੂੰ ਆਪਣੀ ਬਾੜੀ ਵਿੱਚ ਸਬਜ਼ੀਆ ਬੀਜਣ ਦਾ ਵੀ ਸ਼ੌਕ ਸੀ । ਹਰ ਮੌਸਮ ਦੀ ਕੋਈ ਵੀ ਸਬਜ਼ੀ ਬਾੜੀ ਵਿੱਚੋਂ ਮਿਲ ਜਾਇਆ ਕਰਦੀ ਸੀ । ਨਾਲ ਹੀ ਉਨ੍ਹਾਂ ਦੇ ਫ਼ਲਾਂ ਵਾਲੇ ਕੁਝ ਬੂਟੇ ਲਾਏ ਹੋਏ ਹਨ। ਇਨ੍ਹਾਂ ਬੂਟਿਆਂ ਵਿੱਚ ਕਈ ਕਿਸਮ ਦੇ ਅੰਬ, ਅਮਰੂਦ , ਅੰਗੂਰ , ਅਲੀਚੀ , ਸੇਬ , ਅੰਜੀਰ, ਲੂਚਾ ਆਦਿ ਤੇ ਹੋਰ ਫ਼ਲਾਂ ਵਾਲੇ ਰੁੱਖ ਬਾੜੀ ਦੀ ਸ਼ਾਨ ਵਧਾਉਂਦੇ ਹਨ । ਸਾਢੇ ਕੁ ਚਾਰ ਫੁੱਟ ਉੱਚੀ ਚਾਰਦੀਵਾਰੀ ਤੋਂ ਜਦੋਂ ਵੀ ਮੇਰੀ ਨਜ਼ਰ ਦੂਸਰੇ ਪਾਸੇ ਪੈਣੀ ਤਾਂ ਲਾਲ ਸਿੰਘ ਹੋਰੀਂ ਕਿਆਰੀਆਂ ਵਿੱਚ ਬੀਜੀਆਂ ਸਬਜ਼ੀਆਂ ਦੀ ਗੋਡੀ ਕਰ ਰਹੇ ਹੋਣਾ ਜਾਂ ਮੋਟਰ ਚਲਾ ਕੇ ਬੂਟਿਆ ਨੂੰ ਪਾਣੀ ਲਗਾ ਰਹੋ ਹੋਣਾ ਜਾਂ ਫਿਰ ਸਰਦੀਆ ਦੇ ਮੌਸਮ ਵਿੱਚ ਧੁੱਪੇ ਮੰਜਾ ਡਾਹ ਕੇ ਨੇੜੇ ਪਈ ਕੁਰਸੀ ‘ਤੇ ਬੈਠ ਕੇ ਸਾਹਿਤ ਦੀ ਰਚਨਾ ਕਰਦੇ ਹੋਣਾ ਤੇ ਜਾਂ ਫਿਰ ਗਰਮੀ ਤੇ ਮੌਸਮ ਵਿੱਚ ਵੱਡੇ ਸੁਖਚੈਨ ਦੇ ਬੂਟੇ ਦੀ ਛਾਵੇਂ ਮੰਜੇ ‘ਤੇ ਬੈਠ ਕੇ ਅਖ਼ਬਾਰ ਪੜ੍ਹਦੇ ਹੋਣਾ ।
ਇਹ ਦ੍ਰਿਸ਼ ਵੇਖ ਕੇ ਮਨ ਨੂੰ ਇੱਕ ਵੱਖਰੀ ਤਰ੍ਹਾਂ ਦਾ ਸਕੂਨ ਮਿਲਣਾ । ਇਸ ਤਰ੍ਹਾਂ ਲੱਗਣਾ ਜਿਵੇਂ ਮੇਰੇ ਸਿਰ ਤੇ ਵੱਡੇ ਭਰਾ ਦਾ ਹੱਥ ਹੋਵੇ ਤੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਨਾ ਹੋਣ ਦਾ ਅਹਿਸਾਸ ਹੋਣਾ । ਕਈ ਵਾਰੀ ਉਨ੍ਹਾਂ ਨੇ ਮੌਸਮੀ ਸਬਜ਼ੀਆਂ ਜਾਂ ਫ਼ਲ ਲਿਫਾਫੇ ਵਿੱਚ ਪਾ ਕੇ ਮੈਨੂੰ ਵੀ ਦੇਣੇ ਤੇ ਮੇਰਾ ਮਨ ਇੱਕ ਵੱਖਰੀ ਖੁਸ਼ੀ ਦੇ ਜਜ਼ਬੇ ਨਾਲ ਸਰਸ਼ਾਰ ਹੋ ਜਾਣਾ ਤੇ ਅਸੀਂ ਕਾਫੀ ਦੇਰ ਕੰਧ ਦੇ ਆਰ-ਪਾਰ ਖੜ੍ਹੇ ਸਾਹਿਤਕ ਸਰਗਰਮੀਆਂ ਜਾਂ ਸਮਾਜਿਕ ਦੁੱਖ-ਸੁੱਖ ਫਰੋਲਦੇ ਹੋਏ ਤਾਜ਼ੇ ਦਮ ਹੋ ਕੇ ਵਾਪਿਸ ਆਪਣੇ-ਆਪਣੇ ਘਰ ਆ ਕੇ ਸਾਹਿਤ ਪੜ੍ਹਦੇ ਜਾਂ ਸਾਹਿਤ ਦੀ ਰਚਨਾ ਕਰਦੇ ।
ਪਰ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਏ ਕਿ ਖੁਸ਼ੀਆਂ ਖੇੜੇ ਵੰਡਦੀ ਲਾਲ ਸਿੰਘ ਦੀ ਬਾੜੀ ਅੱਜ ਉਦਾਸ ਹੈ। ਬਾੜੀ ਦੇ ਬੂਟੇ ਤੇ ਰੁੱਖਾਂ ਦੇ ਪੱਤੇ ਸਿਰ ਝੁਕਾਏ ਖੜ੍ਹੇ ਹਨ । ਇਸ ਤਰ੍ਹਾਂ ਲੱਗ ਰਿਹਾ ਏ ਜਿਵੇਂ ਉਹ ਵੀ ਆਪਣੇ ਮਾਲਕ ਦੀ ਕਮੀ ਮਹਿਸੂਸ ਕਰ ਰਹੇ ਹੋਣ ਪਰ ਸਿਆਣਿਆਂ ਨੇ ਕਿਹਾ ਏ ਮਰਨਾ ਸੱਚ ਤੇ ਜਿਊਣਾ ਝੂਠ । ਕਹਾਣੀਕਾਰ ਲਾਲ ਸਿੰਘ ਭਾਵੇਂ ਸਰੀਰਕ ਤੌਰ ਤੇ ਇਸ ਬਾੜੀ ਤੋਂ ਦੂਰ ਜਾ ਚੁੱਕੇ ਨੇ ਪਰ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਬਾੜੀ ਦਾ ਇਕੱਲਾ-ਇਕੱਲਾ ਬੂਟਾ ਮਹਿਸੂਸ ਕਰ ਰਿਹਾ ਏ । ਇਸ ਤਰ੍ਹਾਂ ਲੱਗ ਰਿਹਾ ਏ ਕਹਾਣੀਕਾਰ ਲਾਲ ਸਿੰਘ ਦੀ ਸਾਰੀ ਹੈਯਾਤੀ ਇੱਕ ਖੁਸ਼ਬੂ ਬਣ ਕੇ ਸਾਰੀ ਬਨਸਪਤੀ ਵਿੱਚ ਸਮਾਂ ਗਈ ਹੋਵੇ ਤੇ ਉਸ ਰੂਹਾਨੀ ਖੁਸ਼ਬੂ ਨਾਲ ਸਾਰੀ ਬਾੜੀ ਸੁਗੰਧਿਤ ਹੋ ਗਈ ਹੋਵੇ ।
“ਬੈਸਮਝੀਆ ” ਉਨ੍ਹਾਂ ਦੀ ਸਵੈ ਜੀਵਨੀ ਪੁਸਤਕ ਹੈ । ਇਸ ਵਿੱਚ ਲੇਖਕ ਪ੍ਰਤੀਕਾਂ ਨਾਲ ਗੱਲ ਕਰਦਾ ਹੈ । ਜੀਵਨ ਦੇ 80ਵੇਂ ਵਿੱਚ ਧੁੱਪ ਵਿੱਚ ਬੈਠਾ ਆਪਣੇ ਪਿਛਲੇ ਬੀਤ ਗਏ ਜੀਵਨ ‘ਤੇ ਝਾਤੀਆਂ ਮਾਰਦਾ ਹੈ । ਘਰ ਦਾ ਵਿਹੜਾ ਉਸ ਦੇ ਆਲੇ –ਦੁਆਲੇ ਦਾ ਸੰਸਾਰ ਹੈ । ਪੌੜੀ ਉਸ ਦੇ ਜੀਵਨ ਦਾ ਪ੍ਰਤੀਕ ਹੈ । ਪੌੜੀ ਦੇ ਡੰਡੇ ਉਸਦੇ ਬੀਤੇ ਵਰ੍ਹਿਆਂ ਦੀ ਗਿਣਤੀ ਪੇਸ਼ ਕਰਦੇ ਨੇ । ਪੌੜੀ ਦੇ ਡੰਡਿਆਂ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਬਾਲ ਲੇਖਕ ਖੁਦ ਲੇਖਕ ਹੈ । ਲੇਖਕ ਇਸ ਸਵੈ ਜੀਵਨੀ ਵਿੱਚ ਤਿੰਨ ਤਰ੍ਹਾਂ ਦੀ ਯਾਤਰਾ ਦਾ ਬਿਰਤਾਂਤ ਪੇਸ਼ ਕਰਦਾ ਹੈ ।
ਉਸ ਦੀ ਪਹਿਲੀ ਯਾਤਰਾ ਜੀਵਨ ਯਾਤਰਾ ਹੈ । ਇਸ ਯਾਤਰਾ ਵਿੱਚ ਉਹ ਆਪਣੇ ਬਜ਼ੁਰਗਾਂ , ਆਪਣੇ ਬਚਪਨ , ਕਬੀਲਦਾਰੀਆਂ ਦੀਆਂ ਨਿੱਕੀਆਂ , ਮੋਟੀਆਂ ਮੁਸ਼ਕਿਲਾਂ ਆਪਣੀ ਪੜ੍ਹਾਈ , ਆਪਣੀ ਸ਼ਾਦੀ ਅਤੇ ਕੀਤੇ ਸੰਘਰਸ਼ ਦਾ ਬਿਆਨ ਕਰਦਾ ਹੈ । ਲੇਖਕ ਦੀ ਦੂਜੀ ਯਾਤਰਾ ਰੋਜ਼ਗਾਰ ਦੀ ਯਾਤਰਾ ਹੈ । ਇਸ ਯਾਤਰਾ ਵਿੱਚ ਉਹ ਆਪਣੀਆਂ ਨੌਕਰੀਆਂ, ਭਾਖੜਾ ਨੰਗਲ ਦੀ ਮੁਸ਼ੱਕਤ ਭਰੀ ਨੌਕਰੀ , ਹਾਂਡਾ ਬ੍ਰਦਰਸ਼ ਦੀ ਸਲੇਜ਼ਮੈਨੀ ਅਤੇ ਭਾਰਤ ਭ੍ਰਮਣ ਦੀਆਂ ਤਜ਼ਰਬੇਕਾਰੀਆਂ ਸਾਂਝੀਆਂ ਕਰਦਾ ਹੈ । ਇੱਥੇ ਹੀ ਉਹ ਅਧਿਆਪਨ ਕਿੱਤੇ ਵੱਲ ਮੁੜਨ ਦਾ ਬ੍ਰਿਤਾਂਤ ਵੀ ਪੇਸ਼ ਕਰਦਾ ਹੈ । ਤੀਸਰੀ ਯਾਤਰਾ ਕਹਾਣੀਕਾਰ ਲਾਲ ਸਿੰਘ ਦੀਆਂ ਸਾਹਿਤਕ ਪੈੜਾਂ ਦੀ ਨਿਸ਼ਾਨਦੇਹੀ ਕਰਦੀ ਹੈ । ਸਾਹਿਤ ਸਭਾਵਾਂ ਦੀਆਂ ਕਾਰਗੁਜ਼ਾਰੀਆਂ , ਅਲੋਚਕਾਂ ਦਾ ਵਤੀਰਾ ਅਤੇ ਪਾਠਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਦਾ ਜ਼ਿਕਰ ਮਿਲਦਾ ਹੈ । ਕੁੱਲ ਮਿਲਾ ਕੇ ਲਿਖਾਰੀ ਦਾ ਅਕਸ ਇੱਕ ਸੰਘਰਸ਼ਸ਼ੀਲ ਅਤੇ ਤਰਕਸ਼ੀਲ ਲੇਖਕ ਵਜੋਂ ਉੱਭਰਦਾ ਹੈ । ਲੇਖਕ ਦੀ ਕਲਮ ਸੱਚ ਮੁੱਚ ਵਧਾਈ ਦੀ ਪਾਤਰ ਹੈ ।
ਅਖੀਰ ਵਿੱਚ ਮੇਰਾ ਵਿਚਾਰ ਹੈ ਕਿ ਕਹਾਣੀਕਾਰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਜਿਹੜੀ ਸਾਹਿਤਕ ਸੋਚ ਤੇ ਨਿੱਗਰ ਵਿਚਾਰਧਾਰਾ ਸਾਡੇ ਲਈ ਛੱਡ ਗਏ ਨੇ , ਅਸੀਂ ਉਨ੍ਹਾਂ ਦੀ ਸੋਚ ਨੂੰ ਨਾ ਸਿਰਫ਼ ਬਚਾਈਏ ,ਸਗੋਂ ਹੋਰ ਅੱਗੇ ਲੈ ਕੇ ਜਾਈਏ । ਜਿਸ ਤਰ੍ਹਾਂ ਦਾ ਸਮਾਜ ਕਹਾਣੀਕਾਰ ਲਾਲ ਸਿੰਘ ਚਾਹੁੰਦੇ ਸਨ , ਉਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਲਈ ਆਪਣੀ ਕਲਮ ਦਾ ਧਰਮ ਨਿਭਾਉਂਦੇ ਹੋਏ ਆਪਣਾ ਯੋਗਦਾਨ ਪਾਈਏ । ਆਮੀਨ .............!!!!!!