ਨਸ਼ਿਆਂ ਦਾ ਕਰਦੇ ਤਿਆਗ ਬੰਦਿਆ!
ਆਪਣੇ ਬਣਾ ਲੈ ਸੁੱਤੇ ਭਾਗ ਬੰਦਿਆ!!
ਚੰਦਨ ਦੇ ਵਰਗੀ ਕਿਉਂ ਦੇਹੀ ਗਾਲਦੈਂ - -
ਕਰ ਲੈ ਤੂੰ ਇਸ ਦੀ ਸੰਭਾਲ ਬੰਦਿਆ - - -
ਨਸ਼ਿਆਂ ਦੇ ਵਿੱਚੋਂ ਦੱਸ ਕੀ ਖੱਟਿਆ।
ਆਪਣਾ ਹੀ ਵੀਰਨਾ ਤੂੰ ਝੁੱਗਾ ਪੱਟਿਆ।।
ਹੋਇਆ ਪਿਆ ਬੁਰਾ ਤੇਰਾ ਹਾਲ ਬੰਦਿਆ--
ਨਸ਼ਿਆਂ ਦੇ ਛੱਡਦੇ ਖਿਆਲ ਬੰਦਿਆ - -
ਕਰਜੇ ਦੀ ਪੰਡ ਭਾਰੀ ਹੋਈ ਜਾਂਦੀ ਹੈ!
ਘਰਵਾਲੀ ਕਰਮਾਂ ਨੂੰ ਰੋਈ ਜਾਂਦੀ ਹੈ!!
ਬੱਚਿਆਂ ਦਾ ਕਰੀਂ ਤੂੰ ਖਿਆਲ ਬੰਦਿਆ - -
ਕਰ ਲੈ ਤੂੰ ਇਨ੍ਹਾਂ ਦੀ ਸੰਭਾਲ ਬੰਦਿਆ - -
ਮਾਪਿਆਂ ਨੂੰ ਤੈਥੋਂ ਹਨ ਆਸਾਂ ਭਾਰੀਆਂ!
ਘਰਦੀਆਂ ਸਾਂਭ ਲੈ ਤੂੰ ਜ਼ਿੰਮੇਵਾਰੀਆਂ!!
ਬੁੱਢੇ ਮਾਪਿਆਂ ਦੀ ਬਣ ਜਾ ਤੂੰ ਢਾਲ ਬੰਦਿਆ-
ਇਨ੍ਹਾਂ ਨੂੰ ਸੰਭਾਲ ਕਰ ਖਿਆਲ ਬੰਦਿਆ - -
ਮਾਨਸ ਜਨਮ ਮਸਾਂ ਮਿਲੀ ਵਾਰੀ ਐ।
ਮਿਲਣਾ ਨਹੀਂ ਫਿਰ ਇਹੇ ਦੂਜੀ ਵਾਰੀ ਐ।।
ਸੰਤ ਦੱਸਦੇ ਨੇ ਖੋਲ ਇਹ ਹਵਾਲ ਬੰਦਿਆ--
ਸੁਣ ਗੁਰਬਾਣੀ ਸੱਚੇ ਦਿਲ ਨਾਲ ਬੰਦਿਆ - -
ਨਰਕ ਇਹ ਜ਼ਿੰਦਗੀ ਬਣਾਈ ਕਾਸਤੋਂ!
ਮਿੱਟੀ ਵਿੱਚ ਵੀਰਨਾ ਮਿਲਾਈ ਕਾਸਤੋਂ!!
ਹੱਲ ਇਹਦਾ ਕਰ ਲੈ ਕੋਈ ਭਾਲ ਬੰਦਿਆ--
ਨਸ਼ਿਆਂ ਦਾ ਛੱਡ ਤੂੰ ਖਿਆਲ ਬੰਦਿਆ - -
ਤੈਨੂੰ ਹੋਕੇ ਮਰ ਸੰਤ ਸਮਝਾਈ ਜਾਂਦੇ ਨੇ!
ਲੱਗੀ ਹੋਈ ਡਿਊਟੀ ਉਹ ਨਿਭਾਈ ਜਾਂਦੇ ਨੇ!!
ਸੁਣ ਸਤਸੰਗ ਜਿੰਮੇਵਾਰੀ ਨਾਲ ਬੰਦਿਆ - -
ਸਤਿਸੰਗ ਵਿੱਚੋਂ ਮੋਤੀ ਭਾਲ ਬੰਦਿਆ - -
ਨਸ਼ਿਆਂ ਚ ਪੈਸੇ ਸਾਰੇ ਲਾਈ ਜਾਨਾ ਏਂ ।
ਪਰਮਾਰਥ ਤੋਂ ਪੈਰ ਖਿਸਕਾਈ ਜਾਨਾ ਏਂ ।।
ਕੱਢੇਂ ਦਸਵਾਂ ਦਸੌਂਧ ਹੋਵੇਂ ਨਿਹਾਲ ਬੰਦਿਆ--
ਮੌਜਾਂ ਲੁੱਟ ਹਾੜ ਤੇ ਸਿਆਲ ਬੰਦਿਆ - -
ਗੁਰੂਆਂ ਦਾ ਕਹਿਣਾ ਹਿਰਦੇ ਵਸਾ ਲੈ ਤੂੰ!
ਸੁਣ ਗੁਰਬਾਣੀ ਅਮਲ ਕਮਾ ਲੈ ਤੂੰ!!
ਕਹੇ ਦੱਦਾਹੂਰ ਸੱਚੇ ਦਿਲ ਨਾਲ ਬੰਦਿਆ - -
ਰਹਿੰਦੀ ਜ਼ਿੰਦਗੀ ਦੀ ਕਰ ਤੂੰ ਸੰਭਾਲ ਬੰਦਿਆ - -