ਜਦੋਂ ਪਿੰਡ ਬਿਮਾਰੀ ਮੁਕਤ ਕੀਤਾ (ਪਿਛਲ ਝਾਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


2007 ਵਿੱਚ ਮੇਰੇ ਪਿੰਡ ਵਿੱਚ ਇੱਕ ਔਰਤ ਦੀ ਮੌਤ ਹੋ ਗਈ।ਪਰਿਵਾਰ ਉਸ ਦਾ ਇਲਾਜ ਲੁਧਿਆਣੇ ਦੇ ਕਿਸੇ ਹਸਪਤਾਲ ਤੋਂ ਕਰਵਾ ਰਿਹਾ ਸੀ ਪਤਾ ਚੱਲਿਆ ਕਿ ਇਸ ਔਰਤ ਦੀ ਮੌਤ ਦਾ ਕਾਰਨ ਇਸ ਦਾ ਲੀਵਰ ਖ਼ਰਾਬ ਹੋਣਾ ਸੀ।ਇਸ ਨੂੰ ਹੈਪੇਟਾਈਟਸ-ਸੀ ( ਕਾਲੇ ਪੀਲੀਏ ) ਦੀ ਬਿਮਾਰੀ ਸੀ। ਪਹਿਲੀ ਵਾਰ ਇਹ ਨਾਮ ਸੁਣਿਆ ਸੀ।ਇਸ ਤੋਂ ਬਾਅਦ ਇੱਕ-ਦੋ ਮੌਤਾਂ ਪਿੰਡ ਵਿੱਚ ਹੋਰ ਹੋ ਗਈਆਂ  ਜਿਸ ਦਾ ਕਾਰਨ ਵੀ ਇਹੀ ਦੱਸਿਆ ਗਿਆ। ਕਿਸੇ ਨੇ ਕੋਈ ਜ਼ਿਆਦਾ ਇਸ ਵੱਲ ਧਿਆਨ ਨਾ ਦਿੱਤਾ।2005 ਵਿੱਚ ਪਿੰਡ ਦਾ ਇੱਕ ਨੌਜਵਾਨ ਜਿਸ ਨੇ ਵਿਦੇਸ਼ ਜਾਣਾ ਸੀ, ਜਦੋਂ ਉਸ ਦਾ ਮੈਡੀਕਲ ਹੋਇਆ ਉਹ ਵੀ ਹੈਪੇਟਾਈਟਸ-ਸੀ ( ਕਾਲੇ ਪੀਲੀਏ ) ਦਾ ਮਰੀਜ਼ ਪਾਇਆ ਗਿਆ ਇਸ ਕਰਕੇ ਉਸ ਦੇ ਬਾਹਰ ਜਾਣ ਤੇ ਰੋਕ ਲੱਗ ਗਈ।
ਇਸ ਨਾਲ ਸਾਰੇ ਪਿੰਡ ਵਿੱਚ ਸਨਸਨੀ ਫੈਲ ਗਈ ਲੋਕਾਂ ਦੇ ਮਨਾਂ ਵਿੱਚ ਡਰ ਜਿਹਾ ਪੈਦਾ ਹੋ ਗਿਆ। ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਕੇ ਅਸੀਂ ਇਸ ਦੀਆਂ ਖ਼ਬਰਾਂ ਲਗਵਾਈਆਂ ਜਿਸ ਨਾਲ ਸਿਹਤ ਵਿਭਾਗ ਹਰਕਤ ਵਿੱਚ ਆਇਆ ਅਤੇ ਪਿੰਡ ਵਿੱਚ ਸਿਹਤ ਵਿਭਾਗ ਵੱਲੋਂ ਟੀਮਾਂ ਆਉਣੀਆ ਸ਼ੁਰੂ ਹੋ ਗਈਆਂ,  ਜਿਸ ਨਾਲ ਹੋਰ ਕਾਫੀ ਪੀੜਤ ਲੋਕ ਸਾਹਮਣੇ ਆਏ।ਇਸ ਬਿਮਾਰੀ ਦਾ ਇਲਾਜ ਉਸ ਸਮੇਂ ਕਾਫੀ ਮਹਿੰਗਾ ਸੀ, ਜਿਸ ਕਰਕੇ ਸਾਰੇ ਪਿੰਡ ਵਿੱਚੋਂ ਦੋ ਤਿੰਨ ਕੁ ਜਣੇ ਸਨ, ਜਿਹਨਾਂ  ਨੇ ਆਪਣਾ ਇਲਾਜ ਸ਼ੁਰੂ ਕਰਵਾਇਆ।
ਅਖ਼ਬਾਰਾਂ ਵਿੱਚ ਖ਼ਬਰਾਂ ਲੱਗਣ ਕਰਕੇ ਗੱਲ ਵਿਧਾਨ ਸਭਾ ਤੱਕ ਪਹੁੰਚ ਗਈ। ਉਸ ਸਮੇਂ ਦੀ ਹੈਲਥ ਮਨਿਸਟਰ ਜੀ ਨੇ ਵਿਧਾਨ ਸਭਾ ਵਿੱਚ ਇਹ ਬਿਆਨ ਦਿੱਤਾ ਕਿ ਕੋਈ ਬਹੁਤੀ ਚਿੰਤਾ ਦੀ ਗੱਲ ਨਹੀਂ ਇੱਕ ਦੋ ਮਰੀਜ਼ ਹਨ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ, ਪਰ ਇਸ ਦੇ ਨਾਲ ਨਾਲ ਸਾਨੂੰ ਇੱਕ ਹੋਰ ਪ੍ਰੇਸ਼ਾਨੀ ਆ ਗਈ ਵੀ ਪਿੰਡ ਦੇ ਲੋਕ ਸਾਡੇ ਵਿਰੋਧ ਵਿੱਚ ਆ ਗਏ ਬਈ ਤੁਸੀਂ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾ ਕੇ ਪਿੰਡ ਦੀ ਬਦਨਾਮੀ ਕਰ ਰਹੇ ਹੋ, ਕਿਸੇ ਨੇ ਆਪਣੇ ਪਿੰਡ ਨਾ ਰਿਸ਼ਤਾ ਕਰਨਾ ਨਾ ਰਿਸ਼ਤਾ ਲੈਣਾ। ਇਸ ਕਰਕੇ ਇਹ ਸਭ ਬੰਦ ਕਰੋ।ਸਰਪੰਚ ਸਾਹਿਬ ਵੀ ਸਾਥ ਛੱਡ ਗਏ,ਇਸ ਲਈ ਮੌਤਾਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਸਾਲ ਵਿੱਚ ਇੱਕ ਦੋ ਮੌਤਾਂ ਹੋ ਜਾਂਦੀਆਂ।ਸਿਰਫ਼ ਪਛਤਾਵੇ ਤੋਂ ਬਿਨਾਂ ਕੁੱਝ ਨਹੀਂ ਕਰ ਰਹੇ ਸੀ, ਸਿਹਤ ਵਿਭਾਗ ਨੇ ਵੀ ਇਸ ਪਾਸੇ ਬਹੁਤਾ ਧਿਆਨ ਨਾ ਦਿੱਤਾ ਜਿੰਨਾ ਕੁ ਚਿਰ ਰੋਲਾ ਪੈਂਦਾ ਰਿਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ ਵਿੱਚ ਸੀ ਪਰ ਬਾਅਦ ਵਿੱਚ ਕੁੱਝ ਨਾ ਹੋਇਆ।ਪਰ ਅੰਦਰ ਦਰਦ ਬਹੁਤ ਹੋ ਰਿਹਾ ਸੀ ਬਈ ਇਹ ਸਭ ਸਹੀ ਨਹੀਂ ਹੋ ਰਿਹਾ।ਕਿਉਂਕਿ ਸਿਆਣਿਆ ਕਿਹਾ” ਬਿਮਾਰੀ ਨੂੰ ਲੁਕਾਉਣਾ ਨਹੀਂ ਚਾਹੀਦਾ, ਸਗੋਂ ਦੱਸਣਾ ਚਾਹੀਦਾ, ਕੀ ਪਤਾ ਕਿੱਥੋਂ ਇਲਾਜ ਮਿਲ ਜਾਵੇ”,  ਪਰ ਜ਼ਿਆਦਾਤਰ ਲੋਕ ਹੁਣ ਇਸ ਬਿਮਾਰੀ ਤੋਂ ਜਾਣੂ ਹੋ ਚੁੱਕੇ ਸਨ , ਸਾਵਧਾਨੀ ਵੀ ਵਰਤਣ ਲੱਗ ਗਏ ਸਨ ਪਰ ਪੂਰੀ ਤਰ੍ਹਾਂ ਇਲਾਜ ਨਹੀਂ ਕਰਵਾ ਪਾ ਰਹੇ ਸਨ ਕਿਉਂਕਿ ਇਸ ਦਾ ਇਲਾਜ ਬਹੁਤ ਮਹਿੰਗਾ ਸੀ।
2013 ਵਿੱਚ ਸਰਪੰਚੀ ਦੀ ਚੋਣ ਆ ਗਈ ਮੈਂ ਆਪਣੀ ਪਤਨੀ ਨੁੰ ਚੋਣ ਲੜਨ ਲਈ ਮਨਾਇਆ।ਮੈਂ ਸਰਕਾਰੀ ਨੌਕਰੀ ਉੱਤੇ ਹੋਣ ਕਰਕੇ ਚੋਣ ਨਹੀਂ ਲੜ ਸਕਦਾ ਸੀ। ਇਸ ਪੰਚਾਇਤ ਲਈ ਇੱਕ ਗੱਲ ਇਹ ਦਿਮਾਗ ਵਿੱਚ ਰੱਖੀ ਬਈ ਚੰਗੀ ਸੋਚ ਵਾਲੇ ਬੰਦੇ ਚੋਣ ਲੜਨ ਅਤੇ ਜਿੱਤਣ, ਤਾਂ ਜੋ ਕੁੱਝ ਕੀਤਾ ਜਾ ਸਕੇ।ਹੋਇਆ ਵੀ ਇਸੇ ਤਰ੍ਹਾਂ ਬਹੁਤ ਜੱਦੋ ਜਹਿਦ ਕਰਨੀ ਪਈ ਇਹ ਚੌਣ ਜਿੱਤਣ ਲਈ ਵਿਰੋਧੀਆਂ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ, ਪਰ ਸਾਰੇ ਨੌਜਵਾਨ ਅਤੇ ਚੰਗੀ ਸੋਚ ਰੱਖਣ ਵਾਲੇ ਚੁਣੇ ਗਏ।
ਅਸੀਂ ਪਿੰਡ ਵਿੱਚ ਇੱਕ ਪ੍ਰਾਈਵੇਟ ਲੈਬ  ਤੋਂ ਕੈਂਪ ਲਗਵਾਇਆ ਜਿਸ ਨੇ ਅਲੀਜਾ ਟੈਸਟ ( ਡੀਟੀ ਵਾਲਾ ਟੈਸਟ ) ਕਰਵਾਏ ਜਿਸ ਵਿੱਚ 200 ਟੈਸਟ ਹੋਏ ਜਿਸ ਵਿੱਚ 170 ਵਿਅਕਤੀ ਪੌਜਿਟਿਵ ਪਾਏ ਗਏ, ਪਰ ਇਸ ਵਿੱਚ ਇੱਕ ਵਧੀਆ ਗੱਲ ਇਹ ਨਿਕਲ ਕੇ ਸਾਹਮਣੇ ਆਈ ਬਈ ਬੱਚੇ ਤਾਂ ਬਿਲਕੁੱਲ ਹੀ ਨੈਗੇਟਿਵ ਸਨ ਅਤੇ ਨੌਜਵਾਨ ਵੀ ਜ਼ਿਆਦਾ ਨੈਗੇਟਿਵ ਸਨ।  ਇਸ ਕਰਕੇ ਅਸੀਂ ਦੁਬਾਰਾ ਫਿਰ ਖ਼ਬਰਾਂ ਲਵਾਉਣੀਆਂ ਸ਼ੁਰੂ ਕੀਤੀਆਂ,  ਜਿਸ ਦਾ ਅਸਰ ਇਹ ਹੋਇਆ ਕਿ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਸਾਡੇ ਮਾਲੇਰਕੋਟਲਾ ਦੇ ਐੱਸ.ਡੀ.ਐੱਮ.ਸ਼੍ਰੀ ਅਮਿਤ ਬੈਂਬੀ ਜੀ ਸਾਡੇ ਪਿੰਡ ਪਹੁੰਚ ਗਏ।
ਸ਼ੁਰੂ ਸ਼ੁਰੂ ਵਿੱਚ ਇਸ ਦੇ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਸੀ। ਕਦੇ ਪਤਾ ਚਲਦਾ ਕਿ ਦੂਸ਼ਿਤ ਪਾਣੀ ਇਸ ਦਾ ਕਾਰਨ ਹੈ। ਪਿੰਡ ਦਾ ਪਾਣੀ ਵੀ ਚੈੱਕ ਕਰਵਾ ਲਿਆ, ਪਿੰਡ ਵਿੱਚ ਲੋਕਾਂ ਫਿਲਟਰ ਵੀ ਲਵਾ ਲਏ ਪਰ ਸਮੱਸਿਆ ਜਿਉਂ ਦੀ ਤਿੳਂ ਬਣੀ ਹੋਈ ਸੀ। ਦੁਬਾਰਾ  ਸਿਹਤ ਵਿਭਾਗ  ਹਰਕਤ ਵਿੱਚ ਆਇਆ ਤੇ ਦੱਸਿਆ ਕਿ  ਤੁਹਾਡੇ ਕੋਈ ਆਰ.ਐੱਮ.ਪੀ. ਡਾਕਟਰਾਂ ਤੋਂ ਇੰਜੈਕਸ਼ਨ ਲੱਗਣ ਕਾਰਨ ਇਹ ਬਿਮਾਰੀ ਇੱਕ ਦੂਜੇ ਤੋਂ ਅੱਗੇ ਵੱਧ ਰਹੀ ਹੈ।ਇਸ ਨਾਲ ਲੋਕਾਂ ਨੇ ਹੁਣ ਆਰ.ਐੱਮ.ਪੀ. ਡਾਕਟਰਾਂ ਕੋਲ ਵੀ ਜਾਣਾ ਘਟਾ ਦਿੱਤਾ। ਜੇਕਰ ਜਾਂਦੇ ਵੀ ਸੀ ਤਾਂ ਇੰਜ਼ੈਕਸ਼ਨ ਲਵਾਉਣ ਤੋਂ ਪ੍ਰਹੇਜ਼ ਕਰਨ ਲੱਗ ਪਏ।
ਐੱਸ.ਡੀ.ਐੱਮ. ਜੀ  ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ ਅਜੇ ਵੀ ਲੋਕ ਡਰਦੇ ਟੈਸਟ ਨਹੀਂ ਕਰਵਾ ਰਹੇ ਅਤੇ ਕਈ ਅਜੇ ਵੀ ਸਮਾਜਿਕ ਵਰਤਾਰੇ ਕਰਕੇ ਸਾਹਮਣੇ ਨਹੀਂ ਆ ਰਹੇ। ਉਹਨਾਂ ਨੇ ਇੱਕ ਗੱਲ ਪੁੱਛੀ  “ ਕਿ  ਇਸ ਹੱਲ ਕੀ ਹੈ ? ਉਹਨਾਂ ਨਾਲ ਆਈ ਸਿਹਤ ਵਿਭਾਗ ਦੀ ਟੀਮ ਅਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਇਸ ਵਿੱਚ ਹਰ ਕਿਸੇ ਨੂੰ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ ਕਿਉਕਿ ਹੁਣ ਅਸੀਂ ਵੀ ਇਸ ਉੱਪਰ ਕਾਫ਼ੀ ਕੰਮ ਕਰ ਚੁੱਕੇ ਸੀ ਪਰ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਬਿਮਾਰੀ ਮੌਤ ਦਾ ਕਾਰਨ ਬਣਦੀ ਹੈ।ਇਸ ਲਈ ਇਸਦੀ ਵਾਇਰਸ ਲੋਡ  ਰਿਪੋਰਟ ਹੋਣੀ ਜ਼ਰੂਰੀ ਹੈ। ਉਹ ਹੀ ਤੈਅ ਕਰਦੀ ਹੈ ਕਿ ਵਿਅਕਤੀ ਨੂੰ ਇਲਾਜ ਦੀ ਜ਼ਰੂਰਤ ਹੈ ਜਾਂ ਨਹੀਂ ਪਰ ਇਹ ਟੈਸਟ ਕਾਫ਼ੀ ਮਹਿੰਗਾ ਹੋਣ ਕਰਕੇ ਹਰ ਕੋਈ ਨਹੀਂ ਕਰਵਾ ਸਕਦਾ ਇਹ ਹੁੰਦਾ ਵੀ ਪ੍ਰਾਈਵੇਟ ਲੈਬ ਵਿੱਚ ਹੀ ਹੈ।
ਉਹਨਾਂ ਸਾਨੂੰ ਆਪਣੇ ਦਫ਼ਤਰ ਬੁਲਾ ਲਿਆ।ਉਸ ਸਮੇਂ ਮਾਲੇਰਕੋਟਲਾ ਦੇ ਨਾਮੀ ਡਾਕਟਰ ਸ. ਗਰਵਿੰਦਰ ਸਿੰਘ ਜੀ ਨਾਲ ਸਾਡੀ ਮੁਲਾਕਾਤ ਕਰਵਾ ਦਿੱਤੀ । ਡਾਕਟਰ ਸਾਹਿਬ ਨੇ ਸਾਰੇ ਪਿੰਡ ਦੀਆਂ ਵਾਇਰਸ ਲੋਡ ਰਿਪੋਰਟਾਂ ਕਰਵਾਉਣ ਦੀ ਜ਼ੁੰਮੇਵਾਰੀ ਚੁੱਕ ਲਈ ।ਅਸੀਂ ਹਰ ਰੋਜ਼ ਚਾਰ ਵਿਅਕਤੀ ਡਾਕਟਰ ਸਾਹਿਬ ਕੋਲ ਭੇਜ ਦਿੰਦੇ ਅਤੇ ਇਸ ਤਰ੍ਹਾਂ ਲਗਭਗ ਸਾਰੇ ਪਿੰਡ ਦੀਆਂ ਰਿਪੋਰਟਾਂ ਹੋ ਗਈਆ।ਜਿਸ ਨਾਲ ਸਾਨੂੰ ਪਤਾ ਚੱਲ ਗਿਆ ਕਿ ਕਿੰਨੇ ਕੁ ਵਿਅਕਤੀਆਂ ਨੂੰ ਇਲਾਜ ਦੀ ਜ਼ਰੂਰਤ ਹੈ । ਇਸ ਦੌਰਾਨ ਸਾਡੇ ਕੋਲ ਬਹੁਤ ਸਾਰੇ ਐੱਨ.ਜੀ.ਓ. ਅਤੇ ਸਮਾਜ ਸੇਵੀ ਲੋਕਾਂ ਨੇ ਸਾਡੇ ਨਾਲ ਸੰਪਰਕ ਕਰ ਲਏ। ਜਿਸ ਨਾਲ ਸਾਨੂੰ ਮੱਦਦ ਦੇ ਨਾਲ ਨਾਲ ਹੌਸਲਾ ਵੀ ਹੋ ਗਿਆ ਬਈ  ਹੁਣ ਗੱਲ ਕੋਈ ਕੰਢੇ ਵਾਟੇ ਲੱਗ ਜਾਵੇਗੀ।
ਇੱਕ ਦਿਨ ਸਾਡੇ ਕੋਲ ਦਿਆਨੰਦ ਮੈਡੀਕਲ ਹਸਪਤਾਲ ਲੁਧਿਆਣਾ ਤੋਂ ਇੱਕ ਟੀਮ ਪਹੁੰਚ ਗਈ ।ਉਹਨਾਂ ਨੇ ਸਾਡੀ ਮੁਲਾਕਾਤ ਡਾ. ਅਜੀਤ ਸੂਦ ਜੀ ਨਾਲ ਕਰਵਾ ਦਿੱਤੀ। ਪਿੰਡ ਦੀ ਆਰਥਿਕ ਹਾਲਤ ਤੋਂ ਡਾਕਟਰ ਸਾਹਿਬ ਨੂੰ ਜਾਣੂੰ ਕਰਵਾਇਆ ਉਹਨਾਂ ਨੇ ਪਿੰਡ ਨੂੰ ਇਸ ਬਿਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਇਲਾਜ ਅੱਧੇ ਪੈਸਿਆਂ ਵਿੱਚ ਕਰਨ ਦਾ ਸਾਨੂੰ ਭਰੋਸਾ ਦਿੱਤਾ ਅਤੇ ਸਾਰੇ ਟੈਸਟ ਮੁਫ਼ਤ ਕਰਨ ਅਤੇ ਉਹ ਖੁਦ ਪਿੰਡ ਵਿੱਚ ਕੈਂਪ ਲਾਉਣ ਲਈ ਆਏ।
ਹੁਣ ਲੋਕਾਂ ਨੇ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ।ਇਸ ਦੇ ਨਾਲ ਨਾਲ ਸਿਹਤ ਵਿਭਾਗ ਅਤੇ ਹੋਰ ਸੰਸਥਾਵਾਂ ਵੱਲੋਂ ਇਸ ਸਬੰਧੀ ਜਾਗਰੂਕਤਾ ਮੁਹਿੰਮਾਂ ਸ਼ੁਰੂ ਹੋ ਗਈਆ। ਕੋਈ ਨਾ  ਕੋਈ ਟੀਮ ਪਿੰਡ ਆਈ ਹੀ ਰਹਿੰਦੀ ਕਦੇ ਕੋਈ ਪੱਤਰਕਾਰ , ਕਦੇ ਕੋਈ ਚੈਨਲ ਵਾਲੇ।ਇਸ ਤਰ੍ਹਾਂ ਸਾਡੀਆ ਉਮੀਦਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ, ਹੁਣ ਜਿਹੜੇ ਲੋਕ ਵਿਰੋਧ ਕਰਦੇ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਸ ਬਿਮਾਰੀ ਤੋਂ ਨਿਜ਼ਾਤ ਪਾਉਣੀ ਜ਼ਰੂਰੀ ਹੈ।
ਇਸੇ ਦੌਰਾਨ ਅਸੀਂ ਹਲਕਾ ਵਿਧਾਇਕ ਅਤੇ ਬਾਦਲ ਸਰਕਾਰ ਤੱਕ ਪਹੁੰਚ ਕੀਤੀ ਕਿ ਇਹ ਬਿਮਾਰੀ ਕੋਈ ਇਕੱਲੇ ਸਾਡੇ ਪਿੰਡ ਦੀ ਸਮੱਸਿਆ ਨਹੀਂ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡ ਪੀੜਤ ਹਨ। ਕੁੱਝ ਸਮਂੇ ਪਿੱਛੋ ਇਸ ਬਿਮਾਰੀ ਦੀ  ਦਵਾਈ ਸਰਕਾਰ ਨੇ ਗੋਲੀਆਂ ਦੇ ਰੂਪ ਵਿੱਚ ਮੁਫ਼ਤ ਸ਼ੁਰੂ ਕਰ ਦਿੱਤੀ ਜਿਸ ਨਾਲ ਹੁਣ ਹਰ ਕੋਈ ਟੈਸਟ ਅਤੇ ਇਲਾਜ ਲਈ ਤਿਆਰ ਹੋ ਰਿਹਾ ਸੀ। ਇਸ ਤਰ੍ਹਾਂ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਇੰਤਜ਼ਾਰ ਤਾਂ ਕਰਨਾ ਪਿਆ ਪਰ ਹਾਰ ਨਹੀਂ ਮੰਨੀ।ਕਈ ਸਾਲ ਬੀਤ ਗਏ ਕਦੇ ਕੋਈ ਦੁਬਾਰਾ  ਕੇਸ ਸਾਹਮਣੇ ਨਹੀਂ ਆਇਅ।ਲੋਕ ਵੀ ਸਾਵਧਾਨ ਹੋ ਗਏ। ਲੋਕਾਂ ਨੇ ਆਰ.ਐੱਮ.ਪੀ. ਡਾਕਟਰਾਂ ਤੋਂ ਇੰਜੈਕਸ਼ਨ ਲਵਾਉਣੇ ਬੰਦ ਕਰ ਦਿੱਤੇ ਅਤੇ ਬਹੁਤ ਸਾਰੀਆ ਕੀਮਤੀ ਜਾਨਾਂ ਦਾ ਬਚਾਅ  ਹੋ ਗਿਆ, ਪਤਾ ਨੀ ਹੋਰ ਕਿੰਨੇ ਕੁ ਲੋਕਾਂ ਨੂੰ ਇਸ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈੇਣਾ ਸੀ।ਸਾਡਾ ਸਰਪੰਚ ਬਣਨਾ ਇੱਕ ਤਰ੍ਹਾਂ ਸਫ਼ਲ ਹੋ ਗਿਆ।
ਜੇਕਰ ਪਿੰਡਾਂ ਵਿੱਚ ਚੰਗੀਆਂ ਪੰਚਾਇਤਾਂ ਚੁਣੀਆਂ ਜਾਣ ਅਤੇ ਸੇਵਾ ਭਾਵਨਾ  ਵਾਲੇ ਪੜ੍ਹੇ ਲਿਖੇ ਨੋਜਵਾਨਾਂ  ਨੂੰ ਅੱਗੇ ਕੀਤਾ ਜਾਵੇ,  ਤਾਂ ਪਿੰਡਾਂ ਦਾ ਬਹੁਤ ਭਲਾ ਹੋ  ਸਕਦਾ ਹੈ।ਅਸੀਂ ਨਿਰ-ਵਿਰੋਧ ਪਿੰਡ ਵਿੱਚ ਕੰਮ ਕੀਤਾ ਕਿਸੇ ਨਾਲ ਕੋਈ ਰੰਜ਼ਿਸਬਾਜ਼ੀ ਨਹੀਂ ਰੱਖੀ। ਸਭ ਦਾ ਕੰਮ ਕੀਤਾ ਗਿਆ।ਜੋ ਕੰਮ ਪਿਛਲੇ 20-25 ਸਾਲਾਂ ਤੋਂ  ਅਧੂਰੇ ਪਏ ਸਨ ਉਹ ਸਭ ਹੋਏ।ਕਿਉਂਕਿ ਸਭ ਦੇ ਅੰਦਰ ਇਹੀ ਸੋਚ ਸੀ ਕਿ ਇਹ ਸਮਾਂ ਦੁਬਾਰਾ ਦੁਬਾਰਾ ਨਹੀਂ ਮਿਲਦਾ।