ਪੁਸਤਕ ------ਇਹ ਕਿਹੋ ਜਿਹੇ ਅਹਿਸਾਸ ਨੇ
ਲੇਖਕ ---------ਸ਼ੈਲੀ ਸਰੋਏ
ਪ੍ਰਕਾਸ਼ਕ -----ਸਪਤਰਿਸੀ ਪਬਲੀਕੇਸ਼ਨ ਚੰਡੀਗੜ੍ਹ
ਪੰਨੇ --------135 ਮੱਲ ----220 ਰੁਪਏ
ਸ਼ੈਲੀ ਸਰੋਏ ਨਵਾਂ ਸ਼ਾਂਇਰ ਹੈ । ਉਸਦੀ ਇਹ ਪਹਿਲੀ ਕਿਤਾਬ ਛਪੀ ਹੈ । ਛੋਟੀਆਂ ਵਡੀਆਂ 116 ਕਾਵਿ ਰਚਨਾਵਾਂ ਹਨ। ਕਹਾਣੀਕਾਰ ਜਸਵੀਰ ਰਾਣਾ ਨੇ ਸ਼ਾਂਇਰ ਦੀ ਕਾਵਿ ਸੰਵੇਦਨਾ ਬਾਰੇ ਪ੍ਰਭਾਵਸ਼ਾਂਲੀ ਸ਼ਬਦ ਲਿਖੇ ਹਨ । ਸ਼ੈਲੀ ਦਾ ਆਪਣਾ ਨਾਂਅ ਵੀ ਕਾਵਿ ਸ਼ੈਲੀ ਨੂੰ ਰੂਪਮਾਨ ਕਰਦਾ ਹੈ । ।ਬਹੁਤ ਘਟ ਸ਼ਬਦਾਂ ਵਿਚ ਸ਼ਾਂਇਰ ਆਪਣੇ ਖਿਆਲਾਂ ਨੂੰ ਕਾਵਿ ਰੂਪ ਦਿੰਦਾ ਹੈ । ਜਸਵੀਰ ਰਾਣਾ ਨੇ ਸ਼ੇਲੀ ਸਰੋਏ ਨੂੰ ਨਿਕੀ ਕਵਿਤਾ ਦਾ ਵਡਾ ਕਵੀ ਕਿਹਾ ਹੈ ਕਿਉਂ ਕਿ ਪੁਸਤਕ ਪੜ੍ਹਨ ਤੇ ਪਤਾ ਲਗਦਾ ਹੈ ਕਿ ਉਹ ਅਹਿਸਾਸਾਂ ਦਾ ਸ਼ਾਇਰ ਹੈ । ਸੂਖਮ ਅਹਿਸਾਸ ਉਸਦੀ ਸ਼ਾਂਇਰਾਨਾ ਪੂੰਜੀ ਹਨ । ਪ੍ਰੋ ਜਸਪਾਲ ਘਈ ਨੇ ਵੀ ਸਿਰਜਨਾਤਮਕ ਅਮਲਾਂ ਦਾ ਅਨੁਭਵੀ ਕਵੀ ਕਿਹਾ ਹੈ । ਸ਼ਾਂਇਰ ਸੰਵੇਦਨਸ਼ੀਲ ਹੈ । ਉਹ ਸੁਚੇਤ ਪਧਰ ਤੇ ਕਵਿਤਾ ਨਹੀਂ ਲਿਖਦਾ ਸਗੋਂ ਕਵਿਤਾ ਅਚੇਤ ਉਸ ਕੋਲੋਂ ਲਿਖੀ ਜਾਂਦੀ ਹੈ । ਪ੍ਰੋ ਘਈ ਦਾ ਕਹਿਣਾ ਹੈ ਕਿ ਸ਼ਾਂਇਰ ਆਪਣ ਰਾਹ ਆਪ ਬਨਾਉਂਦਾ ਹੈ । ਬਣੇ ਰਾਹਾਂ ਤੇ ਨਹੀ ਤੁਰਦਾ । ਸ਼ਾਂਇਰ ਦਾ ਸਵੈ ਕਥਨ ਹੈ –ਮੇਰੀ ਕੋਸ਼ਿਸ਼ ਹੈ ਕਿ ਅਹਿਸਾਸਾਂ ਨੂੰ ਵਰਕੇ ਤੇ ਇਸ ਤਰਾ ਝਰੀਟ ਦਿਆਂ ਕਿ ਵਰਕਾ ਫਟ ਜਾਏ ਪਰ ਝਰੀਟ ਸਦਾ ਉਕਰੀ ਰਹੇ ।
ਪੁਸਤਕ ਵਿਚ ਖੁਲੀਆਂ ਕਵਿਤਾਵਾਂ ਹਨ । ਕਈ ਵਾਰ ਕਵਿਤਾ ਦੇ ਪਿਛੇ ਦਾ ਅਨੁਭਵ ਪਾਠਕ ਨੂੰ ਸਮਝਣਾ ਪੇਂਦਾ ਹੈ । ਪਹਿਲੀ ਕਵਿਤਾ ਹੈ “ਕਿਤਾਬ “–ਹਾਂ ਮੈਂ ਇਕ ਕਿਤਾਬ ਹਾਂ /ਤੂੰ ਮੈਨੂੰ ਦੇਖ ਤਾਂ ਸਹੀ /ਮੈਨੂੰ ਖੋਲ੍ਹ ਤਾਂ ਸਹੀ /ਮੈਨੂੰ ਪੜ੍ਹ ਤਾਂ ਸਹੀ। ਕਿਤਾਬ ਬੋਲਦੀ ਹੈ ।ਆਪਣੇ ਵਲਵਲੇ ਪੇਸ਼ ਕਰਦੀ ਹੈ । ਸੌਂਕਣ ਵਿਚ ਤਕਦੀਰ ਤੇ ਤਦਬੀਰ ਦਾ ਸੰਵਾਦ ਹੈ। ਵਧੇਰੇ ਕਵਿਤਾਵਾਂ ਵਿਚ ਤਿੱਖੀ ਸੋਚ ਹੈ ।ਸੰਵਾਦ ਹੈ । ਸੰਵਾਦ ਵਿਚ ਸ਼ਾਇਰ ਖੁਦ ਵੀ ਸ਼ਾਂਮਲ ਹੈ। ਕਵਿਤਾ ਰੱਬਾ ਵਿਚ ਕਵੀ ਰੱਬ ਨੂੰ ਸਬੋਧਿਤ ਹੈ –ਜੇ ਤੂੰ ਮਿੱਟੀ ਹੁੰਦਾ /ਤਾਂ ਤੈਨੂੰ ਗੁਨ੍ਹ ਕੇ /ਚੱਕ ਤੇ ਚਾੜ੍ਹ /ਆਪਣੀ ਮਰਜ਼ੀ ਦਾ ਬੁੱਤ ਬਨਾਉਂਦਾ ।(ਪੰਨਾ 46 ) ਇਸ ਕਵਿਤਾ ਦਾ ਅੰਦਰੂਨੀ ਭਾਵ ਖੁਦ ਦਾ ਮਿੱਟੀ ਹੋਣਾ ਹੈ । ਕਵੀ ਕਰਤਾ ਦੀ ਸਿਰਜਨਾਤਮਕ ਸ਼ਕਤੀ ਨੂੰ ਮੰਨਦਾ ਹੈ ---ਪਰ ਮੈਂ ਤਾਂ ਆਪ ਮਿੱਟੀ ਹਾਂ /ਤੂੰ ਮੈਨੂੰ ਮਿਟੀ ‘ਚ ਮਿਲਾ ਸਕਦੈਂ ਮੈਂ ਨਹੀ । ਇਸ ਤਰਾ ਦੇ ਸੂਖਮ ਖਿਆਲ ਹਰੇਕ ਕਾਵਿ ਰਚਨਾ ਵਿਚ ਹਨ । ਪੁਸਤਕ ਸਿਰਲੇਖ ਵਾਲੀ ਕਵਿਤਾ (ਪੰਨਾ 105 ) ਵਿਚ ਕਵੀ ਆਮ ਖਾਸ ਦੇ ਰੂਪ ਵਿਚ ਅਹਿਸਾਸਾਂ ਦੀ ਸੂਖਮ ਵੰਡ ਕਰਦਾ ਹੈ ।
ਸੰਗ੍ਰਹਿ ਦੀਆਂ ਕਵਿਤਾਂਵਾਂ ਬਿਰਧ ਆਸਰਮ ,ਗਿਰਗਿਟ ,ਮੌਨ ,ਸ਼ੈਦਾਈ, ਤੇਰੀ ਨੀਅਤ, ਪਾਠਕ੍ਰਮ ,ਗੁਰੂ ਰਾਹ ,ਨਸੀਬ, ਜਿੱਤ ਹਾਰ , ਦੀਵਾ ,ਗੁਲਦਸਤਾ ,ਧਰਨਾ ,ਸੂਖਮਤਾ ਭਰਪੂਰ ਕਾਵਿ ਰਚਨਾਵਾਂ ਹਨ । ਪਲੇਠੀ ਪੁਸਤਕ ਦਾ ਸਵਾਗਤ ਹੈ ।