ਕਵੀਆਂ ਨੇ ਰਚਨਾਵਾਂ ਰਾਹੀਂ ਬੰਨ੍ਹਿਆਂ ਰੰਗ (ਖ਼ਬਰਸਾਰ)


ਲੁਧਿਆਣਾ  --  ਪੰਜਾਬੀ ਭਵਨ ਡਾ.ਪਰਮਿੰਦਰ ਸਿੰਘ ਹਾਲ ਵਿਖੇ ਡਾ.ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ 'ਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਦੀਆਂ ਦੋ ਕਿਤਾਬਾਂ ਬਲਦੇਵ ਸਿੰਘ ਬੱਧਨ ਦੀ ਕਾਵਿ- ਚੇਤਨਾ ਅਤੇ ਸਤਸੰਗਤਿ ਮਿਲਿ ਰਹੀਐ ਮਾਧਉ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਸੰਸਥਾ ਦੀ ਪ੍ਰਧਾਨ ਡਾ. ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਵੱਲੋਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਆਲੋਚਨਾਤਮਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨਾਂ ਇਹ ਵੀ ਕਿਹਾ ਕਿ ਡਾਕਟਰ ਬਲਦੇਵ ਸਿੰਘ ਬੱਧਨ ਜੀ ਵੀ ਇੱਕ ਬਹੁ-ਵਿਧਾਵੀ ਮਹਾਨ ਲੇਖਕ ਹਨ ਜਿਨ੍ਹਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਕੇ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਬਹੁਤ ਹੀ ਵਧੀਆ ਕਿਤਾਬ ਲਿਖੀ ਹੈ। ਇਸ ਮੌਕੇ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਬੱਧਨ ਦੀਆਂ ਲਿਖਤਾਂ ਪੰਜਾਬੀ ਦੇ ਆਧੁਨਿਕ ਸਾਹਿਤ ਦਾ ਵਡਮੁੱਲਾ ਸਰਮਾਇਆ ਹਨ। ਪੰਜਾਬੀ ਸਾਹਿਤਕਾਰੀ ਵਿੱਚ ਡਾਕਟਰ ਬੱਧਨ ਵੱਲੋਂ ਪਾਏ ਗਏ ਯੋਗਦਾਨ ਨੂੰ ਦੇਖਦੇ ਹੋਏ ਉਨਾਂ ਨੂੰ ਪੰਜਾਬੀ ਸਾਹਿਤ ਜਗਤ ਦੇ ਮੋਢੀ ਵਿਦਵਾਨ -ਚਿੰਤਕਾਂ ਵਿੱਚ ਸ਼ੁਮਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਆਪਣੀ ਦੂਸਰੀ ਪੁਸਤਕ ਸਤਸੰਗਤਿ ਮਿਲਿ ਰਹੀਐ ਮਾਧਉ ਬਾਰੇ ਦੱਸਿਆ ਕਿ ਹਥਲੀ ਪੁਸਤਕ ਵਿੱਚ ਗੁਰੂ ਰਵਿਦਾਸ ਜੀ ਦੇ ਬਾਰੇ ਹੁਣ ਤੱਕ ਹੋਈ ਖੋਜ ਅਨੁਸਾਰ ਜਿਉਂਦਾ ਜਾਗਦਾ ਇਤਿਹਾਸ ਲਿਖਣ ਦੀ ਉਨ੍ਹਾਂ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਚਿੰਤਨਸ਼ੀਲ ਸਾਹਿਤਧਾਰਾ ਦੀ ਡਾਇਰੈਕਟਰ ਮਨਦੀਪ ਕੌਰ ਭੰਮਰਾ, ਹਰਦੇਵ ਸਿੰਘ ਕਲਸੀ, ਕੇ ਸਾਧੂ ਸਿੰਘ ਅਤੇ ਦਰਸ਼ਨ ਸਿੰਘ ਬੋਪਾਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੰਸਥਾ ਵੱਲੋਂ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਕੁੱਝ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬਸੂਰਤ ਹਾਜ਼ਰੀ ਲਗਵਾਈ। 


ਮੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਵੱਲੋਂ ਕੀਤਾ ਗਿਆ। ਇਸ ਮੌਕੇ ਸੰਪੂਰਨ ਸਿੰਘ ਸਨਮ, ਇੰਦਰਜੀਤ ਕੌਰ ਲੋਟੇ, ਡਾਕਟਰ ਜਸਪਾਲ ਸਿੰਘ, ਗੁਰਕੇਵਲ ਸਿੰਘ, ਪ੍ਰੀਤਮ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ, ਨੇਤਰ ਸਿੰਘ ਨੇਤਰ, ਸਤਵਿੰਦਰ ਸਿੰਘ ਗੁੱਗ ਥਰੀਕੇ, ਹਰਵਿੰਦਰ ਥਰੀਕੇ, ਬੁੱਧ ਸਿੰਘ ਨੀਲੋਂ, ਜਗਤਾਰ ਸਿੰਘ ਹਿੱਸੇਵਾਲ, ਬਲਜਿੰਦਰ ਕੌਰ,ਧਰਮਿੰਦਰ ਸਿੰਘ ਮੁਲਾਂਪੁਰੀ, ਸਿਮਰਨ ਧੁੱਗਾ, ਸੁਰਜੀਤ ਸਿੰਘ ਜੀਤ, ਜਸਪ੍ਰੀਤ ਕੌਰ ਗੁਰਨਾ, ਜੋਤੀ ਬਜਾਜ, ਅਮਨਦੀਪ ਕੌਰ ਮਲਿਕਾ, ਇੰਦਰਜੀਤਪਾਲ ਕੌਰ, ਗੁਰਦੀਪ ਸਿੰਘ ਮੰਡ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਲੇਖਕ 'ਤੇ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।