ਵਿਸ਼ਵ ਪੁਸਤਕ ਦਿਵਸ ’ਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਵੱਲੋਂ ਲਾਇਬ੍ਰੇਰੀ ਨੂੰ ਕਿਤਾਬਾਂ ਕੀਤੀਆਂ ਭੇਟ
(ਖ਼ਬਰਸਾਰ)
ਅੰਮ੍ਰਿਤਸਰ -- ਹਰ ਸਾਲ 23 ਅਪਰੈਲ ਨੂੰ ਵਿਸ਼ਵ ਭਰ ਵਿੱਚ ਮਨਾਏ ਜਾਂਦੇ ਵਿਸ਼ਵ ਪੁਸਤਕ ਦਿਵਸ ਮੌਕੇ ਬਹੁਪੱਖੀ ਸ਼ਖ਼ਸੀਅਤ ਅਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਵੱਲੋਂ ਆਪਣੀਆਂ ਕਿਤਾਬਾਂ ਦਾ ਇੱਕ ਸੈੱਟ ਟਾਊਨ ਹਾਲ ਸਥਿਤ ਪੰਡਿਤ ਮੋਤੀ ਲਾਲ ਨਹਿਰੂ ਮਿਊਂਸੀਪਲ ਲਾਇਬ੍ਰੇਰੀ ਨੂੰ ਭੇਟ ਕੀਤਾ ਗਿਆ। ਇਸ ਮੌਕੇ ਸ੍ਰ. ਪੱਟੀ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ, ਕਿਤਾਬਾਂ ਸਾਡੀਆਂ ਮਾਰਗ ਦਰਸ਼ਕ ਹੁੰਦੀਆਂ ਹਨ। ਕਿਤਾਬਾਂ ਨਾਲ ਦੋਸਤੀ ਅਸਲ ਵਿੱਚ ਆਪਣੀ ਜ਼ਿੰਦਗੀ ਨਾਲ ਦੋਸਤੀ ਹੁੰਦੀ ਹੈ ਇਹ ਦੋਸਤੀ ਹਮੇਸ਼ਾ ਸਾਡਾ ਮਾਰਗ-ਦਰਸ਼ਨ ਕਰਦੀ ਹੈ। ਕਿਤਾਬਾਂ ਨਾਲ ਪੜ੍ਹ ਕੇ ਸਾਡੀ ਸੋਚ, ਸਮਝ ਅਤੇ ਨਜ਼ਰੀਆ ਵਿਸ਼ਾਲ ਹੁੰਦਾ ਹੈ। ਵੰਨ-ਸੁਵੰਨੇ ਲੇਖਕਾਂ, ਖੋਜੀਆਂ, ਵਿਦਵਾਨਾਂ ਦੀਆਂ ਲਿਖਤਾਂ ਪੜ੍ਹ ਕੇ ਅਸੀਂ ਉਹਨਾਂ ਦੇ ਅਨੁਭਵਾਂ ਤੋਂ ਬਹੁਤ ਕੁੱਝ ਸਿੱਖ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਮੰਤਰ ਪ੍ਰਾਪਤ ਕਰ ਸਕਦੇ ਹਾਂ।
ਇਸ ਮੌਕੇ ਲਾਇਬ੍ਰੇਰੀ ਇੰਚਾਰਜ ਸ੍ਰੀ ਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਲਾਇਬ੍ਰੇਰੀ 1920 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਲਾਇਬ੍ਰੇਰੀ ਵਿੱਚ 19 ਹਜ਼ਾਰ ਤੋਂ ਵੱਧ ਦੁਰਲਭ ਅਤੇ ਪੁਰਾਣੀਆਂ ਕਿਤਾਬਾਂ ਮੌਜੂਦ ਹਨ। ਜਿਨ੍ਹਾਂ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਇੱਥੇ ਰੋਜ਼ਾਨਾ ਅੰਗ੍ਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੇ ਕੁੱਲ 25 ਅਖ਼ਬਾਰ ਪਹੁੰਚਦੇ ਹਨ। ਕੋਈ ਵੀ ਪਾਠਕ ਬਿਨਾਂ ਕਿਸੇ ਅਦਾਇਗੀ ਤੋਂ ਆ ਕੇ ਇੱਥੇ ਖੋਜ ਕਾਰਜ ਜਾਂ ਗਿਆਨ ਦੇ ਵਾਧੇ ਲਈ ਇਹਨਾਂ ਕਿਤਾਬਾਂ ਦੀ ਵਰਤੋਂ ਕਰ ਸਕਦਾ ਹੈ। ਜੇਕਰ ਕੋਈ ਕਿਤਾਬ ਨੂੰ ਜਾਰੀ ਕਰਵਾਉਣਾ ਚਾਹੁੰਦਾ ਹੈ ਤਾਂ ਕੇਵਲ 120/- ਰੁਪਏ ਸਾਲਾਨਾ ਅਦਾਇਗੀ ਕਰਕੇ ਇਸ ਲਾਇਬ੍ਰੇਰੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਸ੍ਰ. ਇਕਵਾਕ ਸਿੰਘ ਪੱਟੀ ਨੇ ਲਾਇਬ੍ਰੇਰੀ ਪ੍ਰਬੰਧਕਾਂ ਦਾ ਧੰਨਵਾਦ ਕਰਦਿਆ ਕਿਹਾ, ‘ਸਾਨੂੰ ਅਜਿਹੇ ਪ੍ਰਬਧੰਕਾਂ ਦਾ ਰਿਣੀ ਹੋਣਾ ਚਾਹੀਦਾ ਹੈ, ਜੋ ਸਾਡੇ ਖੋਜ ਕਾਰਜਾਂ ਵਿੱਚ ਨਿਰਵਿਘਨ ਸਹਾਇਤਾ ਲਈ ਲਾਇਬ੍ਰੇਰੀ ਵਿੱਚ ਮੌਜੂਦ ਰਹਿੰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਲਿਖਤ ਨਾਵਲ, ਸ਼ਾਇਰੀ, ਸੰਗੀਤ ਅਤੇ ਵਾਰਤਕ ਦੀਆਂ ਕਿਤਾਬਾਂ ਅੱਜ ਲਾਇਬ੍ਰੇਰੀ ਵਿੱਚ ਦਿੱਤੀਆਂ ਗਈਆਂ ਹਨ ਤਾਂ ਕਿ ਵਿਦਿਆਰਥੀ ਅਤੇ ਪਾਠਕ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ।