ਨਵੀਂ ਪੀੜ੍ਹੀ ਦੀਆਂ ਕੁੜੀਆਂ ਲਈ ਰਾਹ-ਦਸੇਰਾ ਹੈ ਨਾਵਲ ‘ਮੈਂ ਮੁੜ ਆਵਾਂਗੀ’ (ਪੁਸਤਕ ਪੜਚੋਲ )

ਧਰਮਪਾਲ ਸਾਹਿਲ (ਡਾ.)   

Email: dpsahil_panchvati@yahoo.com
Cell: +91 98761 56964
Address: ਪੰਚਵਟੀ,ਏਕਤਾ ਇਨਕਲੇਵ-2,ਬੂਲਾਂਬਾੜੀ,
ਹੁਸ਼ਿਆਰਪੁਰ India 146001
ਧਰਮਪਾਲ ਸਾਹਿਲ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



  ਮੈਂ ਮੁੜ ਆਵਾਂਗੀ
ਲੇਖਕ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਮਾਝਾ ਵਰਲਡਵਾਈਡ, ਅੰਮ੍ਰਿਤਸਰ
ਪੰਨੇ : 184
ਮੁੱਲ : 349/- ਰੁਪਏ


ਬਹੁ-ਵਿਧਾਵੀ ਲੇਖਕ ਇਕਵਾਕ ਸਿੰਘ ਪੱਟੀ ਵਾਰਤਕ, ਕਹਾਣੀ, ਸ਼ਾਇਰੀ, ਲਘੂ-ਕਥਾ ਅਤੇ ਸੰਗੀਤਕ ਵਿਸ਼ਿਆਂ ਉੱਤੇ ਮੌਲਿਕ ਅਤੇ ਸੰਪਾਦਤ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕਿਆ ਹੈ।

ਇਕਵਾਕ ਸਿੰਘ ਲਿਖਣ ਦੇ ਨਾਲ-ਨਾਲ ਪੰਜਾਬੀ ਦੀਆਂ ਮਿਆਰੀ, ਪੜ੍ਹਨ ਅਤੇ ਸਾਂਭਣਯੋਗ ਪੁਸਤਕਾਂ ਦਾ ਸੋਸ਼ਲ ਮੀਡੀਆ ‘ਤੇ ਮਾਝਾ ਵਰਲਡਵਾਈਡ ਯੂ-ਟਿਊਬ ਚੈਨਲ ਰਾਹੀਂ ਪ੍ਰਚਾਰ-ਪ੍ਰਸਾਰ ਕਰਨ ਦਾ ਵੀ ਮਹੱਤਵਪੂਰਨ ਕਾਰਜ ਕਰ ਰਿਹਾ ਹੈ। ਆਪ ਲਿਖਣਾ ਅਤੇ ਹੋਰਨਾਂ ਦੀਆਂ ਲਿਖਤਾਂ ਨੂੰ ਪ੍ਰਚਾਰਣਾ ਇਕਵਾਕ ਸਿੰਘ ਦੇ ਹਿੱਸੇ ਆਇਆ ਹੈ।

‘ਬੇ-ਮੰਜ਼ਿਲਾ ਸਫ਼ਰ’ ਮਗਰੋਂ ਹੁਣ ‘ਮੈਂ ਮੁੜ ਆਵਾਂਗੀ’ ਨਾਵਲ ਰਾਹੀਂ ਮੁੜ ਆਪਣੀ ਲੇਖਣ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ‘ਮੈਂ ਮੁੜ ਆਵਾਂਗੀ’ ਨਾਵਲ ਪੰਜ ਸਹੇਲੀਆਂ ਦੀ ਕਹਾਣੀ ਹੈ। ਜਿਨ੍ਹਾਂ ਵਿੱਚੋਂ ਰਜਵੰਤ ਕੌਰ ਉਰਫ਼ ਰਾਜੀ ਨਾਵਲ ਦੀ ਨਾਇਕਾ ਹੈ। ਜੋ ਸਕੂਲ ਸਮੇਂ ਵੀ ਅਤੇ ਬਾਅਦ ਵਿੱਚ ਵੀ ਵਕੀਲ ਬਣ ਕੇ ਆਪਣੀਆਂ ਚਾਰ ਸਹੇਲੀਆਂ ਨੂੰ ਲੀਡ ਕਰਦੀ ਹੈ। ਰਾਜੀ ਪੁਸਤਕਾਂ ਰਾਹੀਂ ਗਿਆਨ ਹਾਸਲ ਕਰਕੇ, ਆਪਣੇ ਜੀਜੇ ਜਗਬੀਰ ਦੀ ਮੱਦਦ ਅਤੇ ਹੱਲਾਸ਼ੇਰੀ ਨਾਲ ਆਪਣਾ ਟੀਚਾ ਪ੍ਰਾਪਤ ਕਰਦੀ ਹੈ। ਉਹ ਆਪਣੀਆਂ ਸਹੇਲੀਆਂ ਕੁਲਵੀਰ, ਸ਼ਾਖਸੀ, ਮੰਨਤ, ਜਸਵੀਰ ਲਈ ਮਾਰਗ ਦਰਸ਼ਕ ਤੇ ਚਿੰਤਾ ਹਰਨੀ ਬਣਦੀ ਹੈ।

ਨਾਵਲ ਵਿੱਚ ਕਿਸ਼ੋਰ ਅਵਸਥਾ ਵਿੱਚੋਂ ਲੰਘਦੀਆਂ ਪੰਜਾ ਸਹੇਲੀਆਂ ਦਾ ਮਨੋ-ਵਿਗਿਆਨ ਉਹਨਾਂ ਦੀ ਬੋਲ-ਚਾਲ, ਵਿਵਹਾਰ, ਸੋਚ ਅਤੇ ਕਾਰਜ-ਪ੍ਰਣਾਲੀ ਬਹੁਤ ਵਧੀਆ ਢੰਗ ਨਾਲ ਉੱਭਰ ਕੇ ਆਉਂਦੀ ਹੈ।

ਉਹਨਾਂ ਦਾ ਪਰਿਵਾਰਕ ਅਤੇ ਸਕੂਲੀ ਮਾਹੌਲ, ਉਸ ਉੱਪਰ ਦੀ ਉਡਾਣ, ਪਿੱਤਰ ਸੱਤਾਤਮਕ ਮਰਦ-ਪ੍ਰਧਾਨ ਸਮਾਜ ਦਾ ਲੜਕੀਆਂ ’ਤੇ ਕਬਜ਼ਾ, ਲੇਕਿਨ ਇਸ ਸ਼ਿਕੰਜੇ ਚੋਂ ਬਾਹਰ ਨਿਕਲਣ ਲਈ ਛਟਪਟਾਉਂਦੀਆਂ ਲੜਕੀਆਂ, ਤੇਜੀ ਨਾਲ ਬਦਲ ਰਹੀ ਮਾਨਸਿਕਤਾ, ਦਾਜ ਦੀ ਸਮੱਸਿਆ, ਪੇਂਡੂ ਰਹਿਤਲ ਬਹਿਤਲ, ਉਹਨਾਂ ਦੇ ਕਿਰਦਾਰ ਵਿਹਾਰ ’ਚ ਬਦਲਾਅ, ਰਵਾਇਤੀ ਅਤੇ ਪਰਿਵਰਤਨਸ਼ੀਲ ਪਰੰਪਰਾਵਾਂ ਆਦਿ ਨੂੰ ਲੇਖਕ ਨੇ ਬੜੇ ਹੀ ਸਹਿਜ ਢੰਗ ਨਾਲ ਬਿਨਾਂ ਕਿਧਰੇ ਉਲਾਰ ਹੋਇਆਂ, ਸੁਧਾਰਵਾਦੀ ਅਤੇ ਅਦਰਸ਼ਵਾਦੀ ਦ੍ਰਿਸ਼ਟੀਕੋਣ ਵੀ ਅਪਣਾ ਕੇ ਪੇਸ਼ ਕੀਤਾ ਹੈ।

ਪ੍ਰਮੁੱਖ ਪਾਤਰ ਰਾਜੀ ਦੀ ਉਸਾਰੀ ਉਸਦੇ ਵਕੀਲ ਬਣਨ ਤੱਕ ਬਾਖ਼ੂਬੀ ਕੀਤੀ ਗਈ ਹੈ। ਉਸਦੀ ਮਾਂ ਸਤਵੰਤ ਕੌਰ ਅਤੇ ਪਿਤਾ ਹਰਬੰਸ ਸਿੰਘ ਜਿਹੇ ਪਾਤਰ ਆਮ ਘਰਾਂ ’ਚ ਮਿਲ ਜਾਂਦੇ ਹਨ। ਵਿਚੋਲਿਆਂ ਦਾ ਝੂਠ ਫੜੇ ਜਾਣਾ, ਅਮਰੀਕ ਜਿਹੇ ਨਸ਼ੇੜੀ ਅਵਾਰਾ ਅਤੇ ਆਪ-ਹੁਦਰੇ ਲਾਡਲਿਆਂ ਨੂੰ ਸਿੱਧੇ ਕਰਕੇ ਸੁਧਾਰਨ ਲਈ ਨੇਕ ਘਰਾਂ ਦੀਆਂ ਨੇਕ ਅਤੇ ਸਾਊ ਕੁੜੀਆਂ ਦਾ ਸਾਕ ਲਿਆ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾਉਣ ਦੀ ਸਮਾਜਕ ਕੁਰੀਤੀ ਨੂੰ ਵੀ ਲੇਖਕ ਨੇ ਉਘੜਿਆ ਹੈ, ਪਰ ਉਹ ਸਿਆਣਪ ਨਾਲ ਰਾਜੀ ਨੂੰ ਉਨ੍ਹਾਂ ਦੇ ਚੁੰਗਲ ਤੋਂ ਬਚਾ ਲੈ ਜਾਂਦਾ ਹੈ। ਰਾਜੀ ਵੱਲੋਂ ਅਮਰੀਕ ਦੇ ਮਾਰਿਆ ਥੱਪੜ ਅਤੇ ਬਸੰਤ ਕੌਰ ਜਿਹੀਆਂ ਸਵਾਰਥੀ ਅਤੇ ਚਾਲਾਕ ਮਾਵਾਂ ਨੂੰ ਸਬਕ ਸਿਖਾਉਣਾ ਦਰਅਸਲ ਇਸ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਹੈ, ਜਿਹੜੇ ਅਜਿਹੀ ਸੋਚ ਅਤੇ ਗ਼ਲਤ ਪ੍ਰਥਾਵਾ ਲਈ ਜ਼ਿੰਮੇਵਾਰ ਹਨ।

ਨਾਵਲ ਦਾ ਇਹ ਸੰਦੇਸ਼ ਬਹੁਤ ਸਕਾਰਾਤਮਕ ਅਤੇ ਮਹੱਤਵਪੂਰਨ ਹੈ ਕਿ ਬੇਟੀਆਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਿਕ ਪੜ੍ਹਾਉ ਅਤੇ ਆਤਮ-ਨਿਰਭਰ ਹੋਣ ’ਤੇ ਹੀ ਉਨ੍ਹਾਂ ਦੇ ਵਿਆਹ ਬਾਰੇ ਸੋਚਣਾ ਚਾਹੀਦਾ ਹੈ। ਰਾਜੀ ਦੇ ਵਕੀਲ ਬਣਨ ਮਗਰੋਂ ਉਸ ਦੀ ਸਾਖ਼ਸ਼ੀ ਵਰਗੀ ਸਹੇਲੀ ਦੇ ਵਿਵਾਹਕ ਵਿਵਾਦ ਨੂੰ ਕੌਂਸਲਿੰਗ ਰਾਹੀਂ ਸੁਲਝਾਉਣਾ ਅਤੇ ਬਿਹਤਰ ਵਿਵਾਹਕ ਜ਼ਿੰਦਗੀ ਲਈ ਸੁਝਾਉ ਅਤੇ ਨੁਕਤੇ ਬੇਸ਼ਕ ਰਵਾਇਤੀ ਹਨ, ਲੇਕਿਨ ਇਹਨਾਂ ਦੀ ਲੋੜ ਵੀ ਹੈ ਅਤੇ ਇਨ੍ਹਾਂ ਬਗ਼ੈਰ ਗ਼ੁਜ਼ਾਰਾ ਨਹੀਂ ਹੈ।

ਨਾਵਲ ਦੀ ਭਾਸ਼ਾ ਸਰਲ, ਸਹਿਜ, ਸਭਿਅਕ ਅਤੇ ਸਪੱਸ਼ਟ ਹੈ। ਪਾਤਰਾਂ ਦੇ ਸੰਵਾਦਾਂ ਦੇ ਅਨੁਕੂਲ ਹੈ। ਪਾਤਰ ਕਿਧਰੇ ਵੀ ਉਲਾਰ ਨਹੀਂ ਹੁੰਦੇ। ਬੜੇ ਸਹਿਜ ਸੁਭਾਅ ਵਿਚਰਦੇ ਹਨ। ਕੁਝ ਵਾਕ ਸਰਲ ਪਰ ਡੂੰਘੇ ਅਰਥਾਂ ਵਾਲੇ ਹਨ ਜਿਵੇ:

  • ਕੁੜੀਆਂ ਦੇ ਦਰਦ ਇਕੋ ਜਿਹੇ ਹੁੰਦੇ ਹਨ। (ਪੰਨਾ 13)
  • ਜੇ ਉਹ ਕਾਰ ਦੇਣ ਜੋਗ ਹੋਣ ਤਾਂ ਮੌਕਾ ਮੇਲ ’ਤੇ ਸ਼ਰੀਕੇ ਦੀ ਨੱਕ ਭੱਜ ਜਾਊ। (ਪੰਨਾ 19)
  • ਵੇਖੋ ਜੀ! ਮੈਂ ਬੜਾ ਜ਼ੋਰ ਲਾਇਆ, ਵੱਡਿਆਂ ਘਰਾਂ ਦੇ ਰਿਸ਼ਤੇ ਇਉਂ ਨਹੀਂ ਹੋ ਜਾਂਦੇ। (ਪੰਨਾ 19)
  • ਇਹ ਨਾ-ਇਨਸਾਫ਼ੀ ਹੈ, ਸਭ ਕੁਝ ਤੈਅ ਹੋਣ ਦੇ ਬਾਵਜੂਦ ਕੁੱਝ ਨਾ ਕੁੱਝ ਮੰਗੀ ਜਾਣਾ। (ਪੰਨਾ 20)
  • ਬੁੱਢੀਆਂ ਤਾਂ ਪਰਦਾ ਰੱਖਦੇ-ਰੱਖਦੇ ਕੋਈ ਪਰਦਾ ਨਹੀਂ ਰਹਿਣ ਦਿੰਦੀਆਂ। (ਪੰਨਾ 24)
  • ਰੱਜੇ-ਪੁੱਜੇ ਪਰਵਾਰਾਂ ਵਿੱਚ ਇਹ ਭੁੱਖ ਹੋਵੇ ਤਾਂ ਧੀਆਂ ਸੁਖੀ ਨਹੀਂ ਵੱਸ ਸਕਦੀਆਂ। (ਪੰਨਾ 25)
  • ਔਰਤ ਤਾਂ ਬੱਸ ਸਾਰੀ ਜ਼ਿੰਦਗੀ ਇੱਕ ਪੱਥਰ ਵਾਂਗ ਰਹੇ, ਜੋ ਸਹਿ ਸਭ ਕੁਝ ਸਕਦਾ ਹੈ, ਪਰ ਕਹਿ ਕੁਝ ਨਹੀਂ ਸਕਦਾ। (ਪੰਨਾ 31)
  • ਨਜ਼ਰ ਖ਼ਰਾਬ ਹੋਵੇ ਤਾਂ ਅੱਖਾਂ ਦਾ ਇਲਾਜ ਕਰਵਾਉਣ ਦੀ ਲੋੜ ਹੁੰਦੀ ਹੈ, ਪਰ ਨਜ਼ਰੀਆ ਖ਼ਰਾਬ ਹੋਵੇ ਤਾਂ ਦਿਮਾਗ਼ ਦੇ ਇਲਾਜ ਦੀ ਲੋੜ ਹੁੰਦੀ ਹੈ। (ਪੰਨਾ 31)
  • ਨਾ ਪੁੱਤ ਕਾਹਲ ਨਾ ਕਰੀਂ, ਇੱਕ ਵਾਰ ਇਹ ਰਿਸ਼ਤਾ ਹੋ ਜੇ, ਫਿਰ ਲਿਆਵਾਂਗੇ ਇਸ ਨੂੰ ਦਾੜ੍ਹ ਦੇ ਥੱਲੇ, ਬਸੰਤ ਕੌਰ ਨੇ ਚਿਤਾਵਨੀ ਦਿੱਤੀ। (ਪੰਨਾ 129) ਆਦਿ।

ਨਾਵਲ ਵਿੱਚ ਅਜਿਹੇ ਕਈ ਵਾਕ ਹਨ, ਜਿਹੜੇ ਵਾਰਤਾਲਾਪ ਨੂੰ ਚੁਸਤ ਅਤੇ ਅਰਥ-ਭਰਪੂਰ ਬਣਾਉਂਦੇ ਹਨ। ਨਾਲ ਹੀ ਅਰਥ-ਸੰਚਾਰ ਨੂੰ ਗਤੀ ਵੀ ਦਿੰਦੇ ਹਨ। ਕੁੱਲ ਮਿਲਾ ਕੇ ਨਾਵਲ ‘ਮੈਂ ਮੁੜ ਆਵਾਂਗੀ’ ਅੱਜ ਦੀਆਂ ਲੜਕੀਆਂ ਨੂੰ ਸਹੀ ਸਮੇਂ ’ਤੇ ਸਹੀ ਫ਼ੈਸਲੇ ਲੈਣ ਅਤੇ ਸਹੀ ਲੋਕਾਂ ਦੀ ਪਛਾਣ ਕਰਦਿਆਂ ਸਹੀ ਢੰਗ ਨਾਲ ਜ਼ਿੰਦਗੀ ਜਿਊਣ ਦਾ ਮਾਰਗ-ਦਰਸ਼ਨ ਕਰਦਾ ਹੈ। ਅਜੋਕੀ ਨੌਜਵਾਨ ਪੀੜ੍ਹੀ ਅਤੇ ਉਹਨਾਂ ਦੇ ਮਾਪਿਆਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ